“ਕਸਮ ਨਾਲ ... ਇਹ ਪਾਪ ਮੈਂ ਨਹੀਂ ਕਰਨਾ ... ਤੇ ਨਾ ਈ ਤੂੰ ਮੈਥੋਂ ਕਰਾਈਂ …”
(8 ਜੁਲਾਈ 2025)
ਸਮੇਂ ਨੇ ਤਾਂ ਬਦਲਣਾ ਹੈ, ਬਦਲ ਰਿਹਾ ਹੈ, ਅਤੇ ਇਸ ਬਦਲਾਓ ਨੂੰ ਕੋਈ ਨਹੀਂ ਰੋਕ ਸਕਿਆ। ਬਦਕਿਸਮਤੀ ਨਾਲ ਇਸ ਬਦਲਾਓ ਨਾਲ ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਵੀ ਤਕੜਾ ਖੋਰਾ ਲੱਗਾ ਹੈ ਅਤੇ ਇਹ ਤਿਲ੍ਹਕਦੀਆਂ-ਤਿਲ੍ਹਕਦੀਆਂ ਡਿਗ ਹੀ ਗਈਆਂ। ਸਮੇਂ ਦੇ ਨਾਲ ਹੀ ਮਨੁੱਖ ਦੇ ਖ਼ਰਚੇ ਵਧ ਗਏ ਜਾਂ ਫਿਰ ਆਪ ਵਧਾ ਲਏ ਗਏ, ਮਹਿੰਗਾਈ ਵੀ ਵਧ ਗਈ ਅਤੇ ਗੁਜ਼ਾਰੇ ਲਈ ਪੈਸੇ ਅਤੇ ਪਦਾਰਥਾਂ ਦੀ ਥੁੜ ਆਉਣ ਲੱਗੀ। ਇਸ ਕਾਰਨ ਮਨੁੱਖ ਦੀ ਇਮਾਨਦਾਰੀ ਵੀ ਬੇਈਮਾਨੀ ਵੱਲ ਨੂੰ ਖਿਸਕ ਤੁਰੀ। ਹੈਰਾਨੀ ਦੀ ਗੱਲ ਹੈ ਕਿ ਸਾਡੇ ਮਹਾਨ ਭਾਰਤ ਵਿੱਚ ਅਕਸਰ ਕੋਈ ਕੰਮਕਾਰ ਜਾਂ ਨੌਕਰੀ ਲੱਭਦਿਆਂ ਲੋਕ ਤਨਖਾਹ ਨਾਲੋਂ “ਉੱਪਰਲੀ ਕਮਾਈ”ਆਮਦਨੀ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਸਾਰੇ ਤਾਂ ਨਹੀਂ ਕਹਿ ਸਕਦੇ, ਪਰ ਜ਼ਿਆਦਾਤਰ।
‘ਜੀਤੀ’ ਦੇ ਟੱਬਰ ਦਾ ਖ਼ਾਨਦਾਨੀ ਧੰਦਾ ਦੋਧੀਆਂ ਦਾ ਸੀ। ਉਹਨਾਂ ਦੀ ਆਪਣੀ ਡੇਅਰੀ ਤਾਂ ਨਹੀਂ ਸੀ ਪਰ ਉਸਦੇ ਵੱਡੇ ਵਡੇਰੇ ਆਪਣੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ, ਡ੍ਰੰਮੀਆਂ ਵਿੱਚ ਪਾ, ਸਾਇਕਲ ’ਤੇ ਲੱਦ ਕੇ ਲਾਗਲੇ ਸ਼ਹਿਰ ਵਿੱਚ ਲਾਲਿਆਂ ਅਤੇ ਹਲਵਾਈਆਂ ਦੀ ਦੁਕਾਨਾਂ ’ਤੇ ਵੇਚ ਆਉਂਦੇ ਹੁੰਦੇ ਸਨ। ਇਮਾਨਦਾਰ ਬੰਦੇ ਅਤੇ ਉਨ੍ਹਾਂ ਨੂੰ ਦੁੱਧ ਵੇਚਣ ਵਾਲੇ ਪਿੰਡਾਂ ਦੇ ਭੋਲੇ ਭਾਲੇ ਜ਼ਿਮੀਂਦਾਰ ਵੀ ਉੰਨੇ ਹੀ ਇਮਾਨਦਾਰ ਅਤੇ ਰੱਬ ਤੋਂ ਡਰਨ ਵਾਲੇ ਸਨ। ਖ਼ਾਲਸ ਦੁੱਧ ਹੀ ਵੇਚਦੇ। ਸੰਘਾੜੇ ਦੇ ਆਟੇ ਦੀਆਂ ਅਤੇ ਹੋਰ ਖ਼ਤਰਨਾਕ ਮਿਲਾਵਟਾਂ ਦਾ ਕੀ ਸੋਚਣਾ, ਅਜੇ ਦੁੱਧ ਵਿੱਚ ਪਾਣੀ ਦੀ ਮਿਲਾਵਟ ਵੀ ਉਨ੍ਹਾਂ ਦੇ ਮਨਾਂ ਤੋਂ ਕੋਹਾਂ ਦੂਰ ਹੀ ਸੀ। ਕਦੇ ਕਿਸੇ ਨੇ ਮਿਲਾਵਟ ਬਾਰੇ ਸੋਚਿਆ ਵੀ ਨਹੀਂ ਸੀ। ਮੋਟੀ ਮਲਾਈ ਵਾਲਾ ਦੁੱਧ ਲੈ ਕੇ ਸ਼ਹਿਰ ਦੇ ਹਲਵਾਈ ਵੀ ਬੜੇ ਖੁਸ਼ ਹੁੰਦੇ ਸਨ। ਮਸ਼ੀਨਾਂ ਵਿੱਚ ਪਾ ਕੇ ਦੱਬ ਕੇ ਮੱਖਣ ਕੱਢਦੇ, ਦਹੀਂ ਬਣਾਉਂਦੇ, ਜਾਂ ਮਿਲਕ ਕੇਕ ਮਠਿਆਈਆਂ ਬਣਾਉਂਦੇ, ਜਿਹਨੂੰ ਖਾਂਦਿਆਂ ਗਾਹਕ ਉਂਗਲੀਆਂ ਚੱਟਦੇ ਰਹਿ ਜਾਂਦੇ। ਸਪਰੇਟਾ ਦੁੱਧ ਵੀ ਦੁੱਧ ਦੇ ਭਾਅ ਹੀ ਵੇਚੀ ਜਾਂਦੇ।
ਕਿਰਤੀ ਅਤੇ ਇਮਾਨਦਾਰ ਸੁਭਾਉ ਦੇ ਦਾਦੇ ਨੇ ਜੀਤੀ ਦੇ ਪਿਉ ਨੂੰ ਅਤੇ ਪਿਉ ਨੇ ਅਗਾਂਹ ਜੀਤੀ ਨੂੰ ਕਸਮ ਦੁਆਈ, “ਭਾਵੇਂ ਕੁਝ ਵੀ ਹੋ ਜਾਵੇ, ਦੁੱਧ ਵਿੱਚ ਪਾਣੀ ਕਦੇ ਵੀ ਨਹੀਂ ਪਾਉਣਾ।” ਪਿਓ ਦਾਦੇ ਦਾ ਗੁਜ਼ਾਰਾ ਤਾਂ ਬਹੁਤ ਵਧੀਆ ਚੱਲਦਾ ਰਿਹਾ ਸੀ, ਪਰ ਜੀਤੀ ਦੇ ਦੂਸਰੇ ਦੋਧੀਆਂ ਵੱਲ ਦੇਖ ਕੇ ‘ਪਰ’ ਨਿਕਲ ਆਏ ਸਨ। ਉਹ ਜਲਦੀ ਉੱਡਣਾ ਹੀ ਨਹੀਂ ਬਲਕਿ ਉਨ੍ਹਾਂ ਤੋਂ ਵੀ ਉੱਚੀਆਂ ਅੰਬਰੀਂ ਉਡਾਰੀਆਂ ਮਾਰਨੀਆਂ ਚਾਹੁੰਦਾ ਸੀ। ਦੁੱਧ ਢੋਣ ਨੂੰ ਸਾਇਕਲ ਦੀ ਜਗ੍ਹਾ ਮੋਟਰ ਸਾਇਕਲ ਅਤੇ ਛੋਟੀਆਂ ਡਰੰਮੀਆਂ ਦੀ ਥਾਂ ਵੱਡੇ ਡਰੰਮ ਲੈ ਲਏ। ਉਹਨੂੰ ਆਪਣੇ ਦਾਦੇ ਅਤੇ ਭਾਪੇ ਦੁਆਰਾ ਦਿੱਤੀ ਖ਼ਾਨਦਾਨੀ ਕਸਮ ਗਾਹੇ-ਬੇਗਾਹੇ ਤੰਗ ਕਰਦੀ ਰਹਿੰਦੀ।
ਪਿੰਡ ਵਿੱਚੋਂ ਹੋਰਨਾਂ ਤੋਂ ਇਲਾਵਾ ‘ਕਾਕੂ’ ਵੀ ਆਪਣੀਆਂ ਮੱਝਾਂ ਦਾ ਦੁੱਧ ਜੀਤੀ ਨੂੰ ਹੀ ਵੇਚਦਾ ਸੀ। ਮੱਝਾਂ ਨੂੰ ਚੋਣ ਅਤੇ ਪੱਠਾ-ਦੱਥਾ ਕਰਦਿਆਂ ਉਹ ਅਕਸਰ ਦੁੱਧ ਲੈ ਕੇ ਲੇਟ ਹੀ ਆਉਂਦਾ ਅਤੇ ਜੀਤੀ ਉਹਨੂੰ ਉਡੀਕਦਾ ਹੀ ਰਹਿੰਦਾ ਕਿ ਕਦੋਂ ਕਾਕੂ ਆਵੇ ਤਾਂ ਕਿ ਦੁੱਧ ਡਰੰਮਾਂ ਵਿੱਚ ਪਾ ਕੇ ਸ਼ਹਿਰ ਨੂੰ ਲੈ ਕੇ ਜਾਵੇ। ਰੋਜ਼ ਦੀ ਤਰ੍ਹਾਂ ਹੀ ਅੱਜ ਫਿਰ ਜੀਤੀ ਆਪਣੇ ਦੁੱਧ ਵਾਲੇ ਵੱਡੇ ਡਰੰਮ ਨੂੰ ਨਲਕੇ ਦੇ ਥੱਲੇ ਰੱਖ ਕੇ ਧੋ ਰਿਹਾ ਸੀ। ਕਾਕੂ ਦੇ ਦੇਖਦੇ ਹੀ ਦੇਖਦੇ ਉਹਨੇ ਨਲਕਾ ਗੇੜ ਕੇ ਡਰੰਮ ਦਾ ਤੀਜਾ ਕੁ ਹਿੱਸਾ ਪਾਣੀ ਨਾਲ ਭਰ ਲਿਆ ਅਤੇ ਗੱਲਾਂ ਗੱਲਾਂ ਵਿੱਚ ਕਾਕੂ ਨੂੰ ਪੁੱਛਣ ਲੱਗਾ, “ਆਹ ਤੇਰੀ ਕੈਨੀ ਵਿੱਚ ਦੁੱਧ ਕੱਲ੍ਹ ਜਿੰਨਾ ਹੀ ਆ?” ਕਾਕੂ ਦੇ ਹਾਂ ਵਿੱਚ ਸਿਰ ਮਾਰਨ ਤੇ ਉਸਨੇ ਅੱਜ ਦੁੱਧ ਨੂੰ ਆਪਣੇ ਕੱਪ ਨਾਲ ਮਿਣਨ ਦੀ ਖੇਚਲ ਵੀ ਨਾ ਕੀਤੀ। ਕਾਕੂ ਹੱਥੋਂ ਕੈਨੀ ਫੜ ਦੁੱਧ ਆਪਣੇ ਪਾਣੀ ਵਾਲੇ ਡਰੰਮ ਵਿੱਚ ਹੀ ਉਲੱਦ ਦਿੱਤਾ…। ਕਾਕੂ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਇਹ ਸੋਚ ਕੇ ਇਹ ਕੀ ਹੋਇਆ ਬਈ!! ਉਹਨੇ ਜੀਤੀ ਦੇ ਹੱਥੋਂ ਆਪਣੀ ਖਾਲੀ ਕੈਨੀ ਫੜਦਿਆਂ ਅਤੇ ਹੈਰਾਨੀ ਨਾਲ ਉਹਨੂੰ ਕਈ ਸਵਾਲ ਇਕੱਠੇ ਹੀ ਦਾਗ ਦਿੱਤੇ, “ਹੈਂਅ.. ਆਹ ਕੀ ਕੀਤਾ ਜੀਤੀ? ਤੂੰ ਦੁੱਧ ਵਿੱਚ ਪਾਣੀ ਪਾਉਂਨਾ ਆਂ? ... ਇਹ ਤਾਂ ਬੜੀ ਮਾੜੀ ਗੱਲ ਆ ... ਬੇਈਮਾਨੀ ਹੋਈ ਇਹ ਤਾਂ। ਮੈਂਨੂੰ ਸ਼ੱਕ ਤਾਂ ਪਹਿਲਾਂ ਹੀ ਸੀ ਪਰ ਹੁਣ ...।”
ਕਾਕੂ ਦੇ ਮੂੰਹੋਂ ‘ਬੇਈਮਾਨੀ’ ਤੇ ‘ਸ਼ੱਕ’ ਵਰਗੇ ਬੋਲ ਸੁਣ ਕੇ ਚੁਕੰਨਾ ਹੋਇਆ ਜੀਤੀ ਬੋਲਿਆ, “ਨਾ ਬਈ ਨਾ … ਇਹ ਕੰਮ ਨਹੀਂ ... ਚੁੱਪ ਕਰ ਕਾਕੂ ..ਮੇਰੇ ਵੀਰ! ਕੰਧਾਂ ਦੇ ਵੀ ਕੰਨ ਹੁੰਦੇ ਆ … ਐਵੇਂ ਕੋਈ ਸੁਣ ਲਊਗਾ।”
ਮੈਨੂੰ ਆਪਣੇ ਭਾਪੇ ਦੀ ਕਸਮ…! ਕਸਮ ਨਾਲ ... ਇਹ ਪਾਪ ਮੈਂ ਨਹੀਂ ਕਰਨਾ ... ਤੇ ਨਾ ਈ ਤੂੰ ਮੈਥੋਂ ਕਰਾਈਂ …।
ਉਹਨੇ ਪਾਪ ਦਾ ਹਊਆ ਕਾਕੂ ਵੱਲ ਨੂੰ ਉਲਾਰਦਿਆਂ ਕਿਹਾ, “… ਮੈਂ ਤਾਂ ਆਪਣੇ ਬਾਬੇ ਤੇ ਭਾਪੇ ਅੱਗੇ ਵੀ ਕਸਮ ਖਾਧੀ ਸੀ ਕਿ ਦੁੱਧ ਵਿੱਚ ਕਦੇ ਵੀ ਪਾਣੀ ਨਹੀਂ ਪਾਉਣਾ!!”
ਇਹ ਸਭ ਸੁਣ ਕੇ ਕਾਕੂ ਦਾ ਸਿਰ ਘੁੰਮਣ ਲੱਗ ਪਿਆ। ਉਹ ਆਪਣੀ ਦਾਹੜੀ ਨੂੰ ਖੁਰਕਦਿਆਂ ਹੋਇਆ ਸੋਚਾਂ ਵਿੱਚ ਪੈ ਗਿਆ ਕਿ ਇਹ ਦਿਨ ਆ ਕਿ ਰਾਤ? ਇੱਕ ਹੱਥ ਵਿੱਚ ਫੜੀ ਖਾਲੀ ਦੁੱਧ ਵਾਲੀ ਕੈਨੀ ਨੂੰ ਜ਼ਮੀਨ ਦੇ ਰੱਖਦਿਆਂ ਅਤੇ ਫਿਰ ਅੱਖਾਂ ਅਤੇ ਮੂੰਹ ਉੱਪਰ ਹੱਥ ਫੇਰਦਿਆਂ ਉਹ ਆਪਣੀ ਤਸੱਲੀ ਖਾਤਰ ਫਿਰ ਬੋਲਿਆ, “ਕੀ ਗੱਲ ਕਰਦਾਂ ਆਂ? ਮੈਂ ਕੋਈ ਕਮਲਾ ਆਂ? ਮੇਰੇ ਸਾਹਮਣੇ ਈ ਤਾਂ ਤੂੰ ਦੁੱਧ ਵਿੱਚ ਪਾਣੀ ਪਾਇਆ ਆ!! ... ਮੇਰੀਆਂ ਆਹ ਦੇ ਅੱਖਾਂ ਸਾਹਮਣੇ ਈ!!”
ਗੱਲ ਨੂੰ ਲੱਸੀ ਵਾਂਗ ਲੰਮੀ ਵਧਦੀ ਦੇਖ ਕੇ ਜੀਤੀ ਫਿਰ ਬੋਲਿਆ, “ਮੈਂ ਦੁੱਧ ਵਿੱਚ ਪਾਣੀ ਨਹੀਂ ਪਾਇਆ। ਇਹ ਤਾਂ ਐਵੇਂ ਤੈਨੂੰ ਵਹਿਮ ਹੀ ਆ … ਮੈਂ ਤਾਂ ਦੁੱਧ ਪਾਣੀ ਵਿੱਚ ਪਾਇਆ ਆ … ਮੈਨੂੰ ਮੇਰੇ ਭਾਪੇ ਦੀ ਸਹੁੰ! ਕਸਮ ਨਾਲ ਈ ... ਮੈਂ ਝੂਠੀ ਕਸਮ ਨਹੀਂ ਖਾਂਦਾ! ... ਤੂੰ ਮੇਰਾ ਯਕੀਨ ਕਰ।”
ਇਹ ਸੁਣ ਕੇ ਕਾਕੂ ਦਾ ਸਿਰ ਹੋਰ ਵੀ ਪੁੱਠਾ ਸਿੱਧਾ ਘੁੰਮਣ ਲੱਗ ਪਿਆ ਅਤੇ ਉਹ ਆਪਣੀਆਂ ਲੰਮੀਆਂ ਮੁੱਛਾਂ ਦੇ ਵਾਲ ਬੁੱਲ੍ਹਾਂ ਅਤੇ ਦੰਦਾਂ ਨਾਲ ਪੀਹੰਦਾਂ-ਪੀਹੰਦਾ ਉੱਥੋਂ ਤੁਰ ਪਿਆ। ਰਾਹ ਵਿੱਚ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਜਾਵੇ ਕਿ ਕੀ ਉਹਦੇ ਮਨ ਦਾ ਹਾਦਸਾ ਜੀਤੀ ਦੇ ਅੱਖਰਾਂ ਦੀ ‘ਅਦਲਾ ਬਦਲੀ’ ਦੀ ਚਲਾਕੀ ਕਾਰਨ ਟਲ਼ ਗਿਆ?
ਦੁੱਧ ਲੈ ਕੇ ਅਕਸਰ ਲੇਟ ਹੁੰਦਾ-ਹੁੰਦਾ ਕਾਕੂ ਇੱਕ ਦਿਨ ਰਹਿ ਹੀ ਗਿਆ। ਉਸ ਨੂੰ ਉਡੀਕ-ਉਡੀਕ ਕੇ ਜੀਤੀ ਆਪ ਹੀ ਉਹਦੇ ਖੂਹ ਤੋਂ ਦੁੱਧ ਲੈਣ ਚਲੇ ਗਿਆ। ‘ਮੋਟਰਸਾਈਕਲ ਦੀ ਅਵਾਜ਼ ਸੁਣ ਕੇ ਕਾਕੂ ਕਾਹਲੀ-ਕਾਹਲੀ ਦੁੱਧ ਵਾਲੀ ਕੈਨੀ ਖੂਹ ਨੂੰ ਜਾਂਦੇ ਪਹੇ ਉੱਪਰ ਹੀ ਲੈ ਆਇਆ। ਮੋਟਰ ਸਾਇਕਲ ਰੋਕ ਕੇ ਜੀਤੀ ਬੋਲਿਆ, “ਕੀ ਗੱਲ, ਅੱਜ ਤੂੰ ਆਇਆ ਨਹੀਂ ਕਾਕੂ? ਮੈਂ ਅੱਗੇ ਹੀ ਲੇਟ ਹੋਈ ਜਾਨਾ ਸ਼ਹਿਰ ਜਾਣ ਨੂੰ।”
ਕਾਕੂ ਕੁਝ ਨਾ ਬੋਲਿਆ ਪਰ ਉਹਨੇ ਦੁੱਧ ਨਾਲ ਨੱਕੋ ਨੱਕ ਭਰੀ ਤੇ ਡੁੱਲ੍ਹਦੀ ਹੋਈ ਕੈਨੀ ਜੀਤੀ ਵੱਲ ਨੂੰ ਕਰ ਦਿੱਤੀ। ਐਨ ਉੱਪਰ ਤੀਕਰ ਭਰੀ ਅਤੇ ਡੁੱਲ੍ਹਦੀ ਹੋਈ ਕੈਨੀ ਨੂੰ ਦੇਖ ਕੇ ਜੀਤੀ ਨੂੰ ਕੁਝ ਸ਼ੱਕ ਜਿਹਾ ਪੈ ਗਿਆ ਤੇ ਉਹ ਇਕਦਮ ਹੀ ਬੋਲਿਆ, “ਕੋਈ ਹੋਰ ਸੂਈਓ ਮੱਝ ਲੈ ਲਈ ਆ? ਦੁੱਧ ਤਾਂ ਦੁੱਗਣਾ ਆ ਅੱਗੇ ਨਾਲੋਂ!”
ਫਿਰ ਜੀਤੀ ਨੇ ਆਪਣਾ ਦੁੱਧ ਮਿਣਨ ਵਾਲਾ ਕੱਪ ਕੱਢਿਆ ਅਤੇ ਕਾਹਲੀ ਕਾਹਲੀ ਨਾਲ ਕਾਕੂ ਦੀ ਕੈਨੀ ਵਿੱਚੋਂ ਦੁੱਧ ਮਿਣ-ਮਿਣ ਕੇ ਆਪਣੇ ਵੱਡੇ ਡਰੰਮ ਵਿੱਚ ਸੁੱਟਣ ਲੱਗ ਪਿਆ। ਕੱਪ ਦੇ ਤੀਜੇ-ਚੌਥੇ ਕੁ ਗੇੜੇ ਕਾਕੂ ਦੀ ਕੈਨੀ ਵਿੱਚੋਂ ਹਰੇ ਰੰਗ ਦੇ ਡੱਡੂ ਨੇ ਜੀਤੀ ਦੇ ਮੂੰਹ ਉੱਪਰ ਛਲਾਂਗ ਮਾਰੀ। ਸੁੱਕੇ ਰੇਤਲੇ ਪਹੇ ਵਿੱਚ ਖੜ੍ਹਿਆਂ ਪਾਣੀ ਵਿੱਚ ਰਹਿਣ ਵਾਲੇ ਜਾਨਵਰ ਦਾ ਅਚਾਨਕ ਦੁੱਧ ਵਿੱਚੋਂ ਛੜੱਪਾ ਮਾਰਨਾ ਜੀਤੀ ਦੀ ਜਾਨ ਕੱਢ ਕੇ ਲੈ ਗਿਆ! ਡਰ ਦੇ ਮਾਰਿਆਂ ਜੀਤੀ ਦੇ ਹੱਥੋਂ ਦੁੱਧ ਮਿਣਨ ਵਾਲਾ ਕੱਪ ਹੀ ਡਿਗ ਪਿਆ। ਉਹ ਹੈਰਾਨ ਹੋਇਆ ਦੇਖੀ ਜਾਵੇ ਕਿ ਆਹ ਕੀ ਹੋਇਆ?
ਫਿਰ ਕੁਝ ਸੋਚ ਕੇ ਆਪ ਹੀ ਬੋਲਿਆ, “ਕਾਕੂ ਯਾਰ! ਤੂੰ ਤਾਂ ਮੇਰਾ ਵੀ ਸਿਰਾ ਨਿਕਲਿਆ। ਲਗਦਾ ਆ ਪਾਣੀ ਵਾਲੇ ਚਲ਼੍ਹੇ ਵਿੱਚ ਹੀ ਦੁੱਧ ਉਲੱਦ ਦਿੱਤਾ।”
ਕਾਕੂ ਬੋਲਿਆ, “ਨਾ ਜੀ ਨਾ ... ਮੈਂ ਆਪਣੇ ਭਾਪੇ ਸਾਹਮਣੇ ਕਸਮ ਖਾਧੀ ਸੀ ਕਿ ਕਦੇ ਵੀ ਦੱਧ ਵਿੱਚ ਪਾਣੀ ਨਹੀਂ ਪਾਵਾਂਗਾ।”
ਆਪਣੀ ਦਾਹੜੀ ਵਿੱਚੋਂ ਦੁੱਧ ਰੰਗੇ ਛਿੱਟੇ ਪੂੰਝਦਾ ਹੋਇਆ ਜੀਤੀ ਖਿਝ ਕੇ ਬੋਲਿਆ, “ਤੇ ਫੇਰ ਆਹ ਤੇਰਾ ਪਿਓ ... ਡੱਡੂ ਕਿੱਥੋਂ ਆ ਗਿਆ?”
ਅੱਗਿਉਂ ਕਾਕੂ ਬੋਲਿਆ, “ਪਤਾ ਨਹੀਂ … ਇਹ ਤਾਂ ਸਾਲੇ ਨਿਆਣਿਆਂ ਨੂੰ ਹੀ ਸਮਝ ਨਹੀਂ ਆਉਂਦੀ ... ਕੱਲ੍ਹ ਮੱਝਾਂ ਨੂੰ ਵੇਈਂ ’ਤੇ ਚਾਰਨ ਲੈ ਗਏ ਸੀ। ਉੱਥੋਂ ਮੱਝ ਨੇ ਕਿਤੇ ਡੱਡੂ ਮੂੰਹ ਵਿੱਚ ਪਾ-ਪੂ ਲਿਆ ਹੋਣਾ ਆ ਤੇ ਉਹ ਦੁੱਧ ਵਿੱਚ ਹੀ ਆ ਗਿਆ।”
ਜੀਤੀ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉਹਨੂੰ ਪਤਾ ਲੱਗ ਗਿਆ ਕਿ ਅੱਜ ਨਹਿਲੇ ’ਤੇ ਦਹਿਲਾ ਵੱਜ ਗਿਆ ਹੈ। ਉਹ ਕਾਕੂ ਨੂੰ ਕਹਿਣ ਲੱਗਾ, “ਬਈ ਗੱਲ ਐਦਾਂ ... ਤੇਰਾ ਦੁੱਧ ਖਰਾ ਹੁੰਦਾ ਸੀ, ਪਰ ਆਹ ਡੱਡੂਆਂ ਵਾਲਾ ਪੌਣ-ਧੋਣ ਮੈਂ ਨਹੀਂ ਖ਼ਰੀਦਣਾ। ਤੂੰ ਕੋਈ ਹੋਰ ਦੋਧੀ ਲੱਭ ਲੈ ਅੱਜ ਤੋਂ ਈ।”
ਅੱਜ ਕਾਕੂ ਦੀ ਇੱਕ ਮੱਝ ਛੜਾਂ ਮਾਰਦੀ-ਮਾਰਦੀ ਦੁੱਧ ਦੀ ਅੱਧੀ ਕੁ ਬਾਲਟੀ ਡੋਲ੍ਹ ਗਈ ਸੀ। ਦੋਧੀ ਨੂੰ ਜਾਂਦੀ ਕੈਨੀ ਪੂਰੀ ਕਰਨ ਲਈ ਕਾਕੂ ਨੇ ਮੋਟਰ ਦੇ ਚਲ਼੍ਹੇ ਵਿੱਚ ਕੈਨੀ ਡੋਬ ਕੇ ਬੇਹਿਸਾਬਾ ਪਾਣੀ ਵਰਤ ਲਿਆ ਤੇ ਹਰੇ ਰੰਗਾਂ ਡੱਡੂ ਵੀ ‘ਰੂੰਗੇ’ ਵਿੱਚ ਹੀ ਆ ਗਿਆ ਸੀ। ਜੀਤੀ ਵਾਂਗ ਹੇਰ-ਫੇਰ ਕਰਨਾ ਤਾਂ ਚਾਹਿਆ ਪਰ ਭੁੱਲ ਗਿਆ ਕਿ ਨਕਲ ਲਈ ਅਕਲ ਵੀ ਜ਼ਰੂਰੀ ਹੈ। ਉੱਧਰ ਜੀਤੀ ਨੂੰ ਲੱਗਾ ਕਿ ਜੇਕਰ ਕਾਕੂ ਨੇ ਪਹਿਲਾਂ ਹੀ ‘ਦੁੱਧ ਵਿੱਚ ਪਾਣੀ’ ਪਾ ਕੇ ਲਿਆਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਪਾਣੀ ਵਿੱਚ ਪਾਉਣ ਲਈ ਦੁੱਧ ਕਿੱਥੋਂ ਲਿਆਵੇਗਾ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)