KulwinderBathDr7ਭਾਈ ਜੀ ਦੇ ਘਬਰਾਏ ਹੋਏ ਚਿਹਰੇ ਤੋਂ ਪਾਲੀ ਅਤੇ ਉਸਦੀ ਮੰਡਲੀ ਨੂੰ ਅੰਦਾਜ਼ਾ ਹੋ ਗਿਆ ਕਿ ...
(8 ਨਵੰਬਰ 2025)

 

ਇਸ ਵਾਰ ਆਪਣੇ ਪਿੰਡ ਦੀ ਫੇਰੀ ਦੌਰਾਨ, ਸਾਡੇ ਵੱਡੇ ਬਾਠ ਪਰਿਵਾਰ ਦੇ ਚਾਰ ਬਾਬਿਆਂ ਦੀ ਨਿੱਘੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਪਾਠ ਦੀ ਸਮਾਪਤੀ ਉਪਰੰਤ ਮੈਨੂੰ ਬਾਹਰ ਨਿਕਲਦਿਆਂ ਦੇਖ ‘ਕੰਨਾਂ ਤਕ ਹੱਸਦਾ’ ਪਾਲੀ ਸਿੱਧਾ ਈ ਮੇਰੇ ਵੱਲ ਦੌੜ ਆਇਆ। ਬਿਨਾਂ ਕਿਸੇ ਦੁਆ ਸਲਾਮ ਦੇ ਇੱਕੋ ਸਾਹੇ ਬੋਲਿਆ, “ਦੇਖ ਬਈ, ਮੈਂ ਤੇਰੇ ਵੱਡੇ ਭਾਈ (ਕੈਨੇਡੀਅਨ ਕਜ਼ਨ) ਨੂੰ ‘ਜੋਰ ਪਾ ਕੇ’ ਉਸ ਖਿਡੌਣੇ ਵੇਚਣ ਵਾਲੇ ਨੂੰ ਬਿਨਾਂ ਕੋਈ ਖਿਡੌਣਾ ਵੇਚਿਆਂ ਈ ‘ਪੂਰਾ ਇੱਕ ਹਜ਼ਾਰ ਰੁਪਈਆ’ ਦੁਆ ਦਿੱਤਾ ਹੈ। ਹੁਣ ਤੂੰ ਐਦਾਂ ਕਰ… ਕਿ ਫਟਾਫਟ ਮੈਨੂੰ ਪੈਸੇ ਦੇ ਦੇ।”

ਥੋੜ੍ਹਾ ਹੈਰਾਨ ਜਿਹਾ ਹੁੰਦਿਆਂ ਅਤੇ ਉਹਦੇ ਮੂੰਹ ਵੱਲ ਝਾਕਦਿਆਂ ਮੈਂ ਕਿਹਾ, “ਹੈਂਅ! ਫਿਰ ਤੂੰ ਵੀ ਪੈਸੇ ਬੜੇ ਭਾਈ ਕੋਲੋਂ ਈ ਲੈ ਲੈਂਦਾ!”

ਉਹ ਥੋੜ੍ਹਾ ਜਿਹਾ ਮੇਰੇ ਨਜ਼ਦੀਕ ਹੁੰਦਿਆਂ ਬੜੇ ਰੋਹਬ ਵਾਲੇ ਲਹਿਜੇ ਵਿੱਚ ਬੋਲਿਆ, “ਮੈਂ ਉਹਤੋਂ ਕਾਹਤੋਂ ਲਵਾਂ? ਮੈਂ ਤਾਂ ਤੈਥੋਂ ਲੈਣੇ ਆ!”

ਕੋਲ ਹੀ ਖੜ੍ਹਾ ਮੇਰਾ ਇੱਕ ਜਾਣੂ ਬੋਲਿਆ, “ਇਹਤੋਂ ਈ ਕਿਉਂ ਲੈਣੇ ਆ ਬਈ?”

ਇਹ ਸੁਣ ਕੇ ਪਾਲੀ ਉਹਨੂੰ ਸੂਈ ਹੋਈ ਕੁੱਤੀ ਵਾਂਗ ਟੁੱਟ ਕੇ ਪੈਂਦਿਆਂ ਬੋਲਿਆ, “ਚੁੱਪ ਕਰ ਉਏ… ਆਪਣਾ ਕੰਮ ਕਰ! ਐਵੇਂ ਬਾਹਲਾ ਵਿੱਚ ਨਹੀਂ ਬੋਲੀਦਾ।”

ਕੁਛ ਚਿਰ ਪਹਿਲਾਂ ਮੈਂ ਕਿਸੇ ਪੇਂਡੂ ਕੋਲੋਂ ਸੁਣਿਆ ਸੀ ਕਿ ਪਾਲੀ ਟਿਕ ਕੇ ਕੋਈ ਕੰਮ-ਧੰਦਾ ਨਹੀਂ ਕਰਦਾ ਅਤੇ ਕੁਛ ‘ਖਾ-ਪੀ’ ਵੀ ਲੈਂਦਾ ਹੈ। ਇਸ ਲਈ ਮੈਂ ਪੁੱਛਿਆ, “ਪੈਸੇ ਕਾਹਦੇ ਲਈ ਚਾਹੀਦੇ ਆ? ਜੇਕਰ ਸ਼ਰਾਬ-ਸ਼ਰੂਬ ਪੀਣੀ ਹੈ, ਫਿਰ ਤਾਂ ਬਿਲਕੁਲ ਹੀ ਨਹੀਂ... ”

ਇੰਨਾ ਸੁਣ ਕੇ ਉਹ ਕੁਝ ਉਤੇਜਿਤ ਹੁੰਦਿਆਂ ਅਤੇ ਉੱਚੀ ਸੁਰ ਵਿੱਚ ਬੋਲਿਆ, “ਮੈਂ ਨਹੀਂ ਕੁਛ ਵੀ ‘ਖਾਂਦਾ-ਪੀਂਦਾ’। ਦੇਖ, ਮੇਰੀ ਗੱਲ ਧਿਆਨ ਨਾਲ ਸੁਣ। ਆਪਾਂ ਸਾਰੇ ਈ ਗੁਰਦੁਆਰੇ ਖੜ੍ਹੇ ਆਂ, ... ਮੈਂ ਝੂਠ ਨੀ ਬੋਲਦਾ!”

ਪਾਲੀ ਨੇ ਕੁਛ ‘ਪੀਣ’ ਦੇ ਨਾਲ ਹੀ ‘ਖਾਣ’ ਦਾ ਵੀ ਹਿਸਾਬ-ਕਿਤਾਬ ਸਾਫ ਕਰ ਦਿੱਤਾ। ਫਿਰ ਕੋਲ ਹੀ ਖੜ੍ਹੇ ਬੰਦੇ ਵੱਲ ਇਸ਼ਾਰਾ ਕਰਕੇ ਕਹਿੰਦਾ, “ਮੇਰੇ ਖਾਣ-ਪੀਣ ਬਾਰੇ ਤੂੰ ਭਾਵੇਂ ਇਹਨੂੰ ਪੁੱਛ ਲੈ!”

ਉਸਦੇ ਨਾਲ ਵਾਲਾ ਬੋਲਿਆ, “ਬਈ ‘ਖਾਣ’ ਦਾ ਪਤਾ ਨਹੀਂ ਪਰ ਇਹ ‘ਪੀਂਦਾ’ ਕੁਛ ਨਹੀਂ।”

ਪਾਲੀ ਉਹਦੇ ਵੱਲ ਔਹਰਾ ਜਿਹਾ ਝਾਕਿਆ, ਕਿਉਂਕਿ ਉਸਨੇ ਬਾਹਲਾ ਢੁਕਵਾਂ ਜਵਾਬ ਨਹੀਂ ਦਿੱਤਾ ਸੀ, ਜਿਸਦੀ ਪਾਲੀ ਨੂੰ ਉਮੀਦ ਸੀ। ‘ਗੁਰਦੁਆਰੇ ਦੀ ਹਜ਼ੂਰੀ’ ਅਤੇ ‘ਖਵਾਜੇ ਦੇ ਗਵਾਹ ਡੱਡੂ’ ਬੰਦੇ ਦੀ ਗਵਾਹੀ ਪੁਆ ਕੇ ਉਹ ਮੈਨੂੰ ਭਾਵਨਾਤਮਕ ਤੌਰ ’ਤੇ ਬਲੈਕਮੇਲ ਕਰਨਾ ਚਾਹੁੰਦਾ ਸੀ। ਗੱਲ ਨੂੰ ਲੱਸੀ ਵਾਂਗ ਹੀ ਲੰਬੀ ਹੁੰਦੀ ਦੇਖ ਅਤੇ ਉਸ ਤੋਂ ਖਹਿੜਾ ਛਡਾਉਣ ਲਈ ਮੈਂ ਜੇਬ ਵਿੱਚ ਹੱਥ ਪਾ ਕੇ ਅਜੇ ਪੈਸੇ ਕੱਢੇ ਹੀ ਸਨ ਕਿ ਪਾਲੀ  ਮੇਰੇ ਹੱਥੋਂ ਸਾਰੇ ਪੈਸੇ ਝਰੀਟ ਕੇ ਬੋਲਿਆ, “ਬੱਸ ਐਨੇ ਕੁ ਈ ਚਾਹੀਦੇ ਆ!”

ਮੂੰਹ ਦੇ ਗੂੜ੍ਹੇ ਕਾਲੇ-ਬੁੱਟਾਂ ਵਿੱਚ ਦੀ ਹੱਸਦੇ ਚਿੱਟੇ-ਦੰਦਾਂ ਦੀਆਂ ਦੰਦੀਆਂ ਦਿਖਾਉਂਦਾ ਪਾਲੀ ਮੇਰੇ ਦੇਖਦਿਆਂ ਦੇਖਦਿਆਂ ਹੀ ਸਾਇਕਲ ਨੂੰ ਸਟੈਂਡ ਤੋਂ ਲਾਹ, ਕਾਠੀ ’ਤੇ ਬਹਿ, ਪੈਡਲ ਮਾਰਦਾ-ਮਾਰਦਾ ਔਹ ਦਾ ਔਹ ਗਿਆ। ਪੈਸੇ ਕਿੰਨੇ ਸਨ ਜਾਂ ਕਿੰਨੇ ਨਹੀਂ ਸਨ, ਇਹ ਮੇਰੀ ਸੋਚਣੀ ਦਾ ਹਿੱਸਾ ਵੀ ਨਹੀਂ ਸੀ। ਜੀਵਨ ਦੀਆਂ ਅੱਧੀਆਂ ਨਾਲੋਂ ਜ਼ਿਆਦਾ ਰੁੱਤਾਂ ਮਾਣ ਚੁੱਕੇ ਪਾਲੀ ਨੂੰ ਪਿੱਛਿਓਂ ਉਡਦੇ ਜਾਂਦੇ ਨੂੰ ਦੇਖ ਮੈਨੂੰ ਉਸਦੀ ‘ਅੱਲ੍ਹੜ ਉਮਰ ਦੀ ਉਡਾਰੀ’ ਦੀਆਂ ਯਾਦਾਂ ਨੇ ਆ ਜੱਫਾ ਪਾਇਆ...

ਪਾਲੀ ਦਾ ਬਾਪ ਕਿਸੇ ਜ਼ਮਾਨੇ ਵਿੱਚ ਪਿੰਡ ਅਤੇ ਲਾਗਲੇ ਪਿੰਡਾਂ ਦਾ ਮੰਨਿਆ ਪ੍ਰਮੰਨਿਆ ‘ਡਾਕਟਰ’ ਸੀ। ਐੱਮ.ਬੀ.ਬੀ.ਐੱਸ. ਨਹੀਂ ਸੀ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਜਾਂ ਕਹਿ ਲਉ ਵੈਦ ਦਾ ਦੂਸਰਾ ਰੂਪ ਸੀ। ਉਸਦਾ ‘ਡਾਕਟਰੀ ਦਾ ਧੰਦਾ’ ਬਹੁਤ ਵਧੀਆ ਚਲਦਾ ਸੀ। ਉਹ ਪਿੰਡਾਂ ਦੇ ਹਮਾਤੜਾਂ ਨੂੰ ਸ਼ਹਿਰਾਂ-ਕਸਬਿਆਂ ਦੇ ਚੱਕਰਾਂ, ਟੈਸਟਾਂ ਦੇ ਚੱਕਰਾਂ ਅਤੇ ਵਾਧੂ ਦੇ ਖ਼ਰਚਿਆਂ ਦੇ ਚੱਕਰਾਂ ਤੋਂ ਬਚਾ ਲੈਂਦਾ ਸੀ। ਦਿਨ ਵੇਲੇ ਦਵਾ-ਦਾਰੂ ਦੇ ਦਿੰਦਾ ਸੀ, ਪਰ ਘੁਸਮੁਸੇ ਤੋਂ ਬਾਅਦ ਦੀ ਬਿਮਾਰੀ ਦੇ ਇਲਾਜ ਲਈ ਮਰੀਜ਼ ਨੂੰ ਸਵੇਰ ਤਕ ਉਡੀਕਣਾ ਪੈਂਦਾ ਸੀ। ਉਹ ਅਕਸਰ ਕਹਿ ਦਿੰਦਾ, “ਮੈਨੂੰ ਰਾਤ ਨੂੰ ਸਰਿੰਜ ਦੀ ਸੂਈ ਨਹੀਂ ਦਿਸਦੀ!” ਉਹ ਆਪਣੇ ਮਨ ਵਿੱਚ ਪਾਲੀ ਨੂੰ ‘ਵੱਡਾ ਡਾਕਟਰ’ ਬਣਾਉਣਾ ਦਾ ਸੁਪਨਾ ਪਾਲ਼ ਚੁੱਕਾ ਸੀ, ਜੋ ਕਦੇ ਪੂਰਾ ਨਾ ਹੋ ਸਕਿਆ…।

ਪਾਲੀ ਸਾਡੇ ਤੋਂ ਕੁਝ ਵਰ੍ਹੇ ਵੱਡਾ ਸੀ, ਪਰ ਖੇਡਣ, ਗੁਰਦੁਆਰੇ ਜਾਣ ਜਾਂ ਫਿਰ ਇੱਲਤਾਂ ਕਰਨ ਦਾ ਗਰੁੱਪ ਸਾਡਾ ਇੱਕੋ ਹੀ ਸੀ। ਸਾਡੇ ਵਰਗਿਆਂ ਕੋਲ ਪੈਸੇ ਨਾ ਹੁੰਦੇ, ਪਰ ਪਾਲੀ ਦੀ ਪੈਂਟ-ਪਜਾਮੇ ਦੀ ਜੇਬ ਵਿੱਚ ਪੈਸੇ ਹੁੰਦੇ ਸਨ। ਨੋਟ ਤਾਂ ਨਹੀਂ ਸਨ ਹੁੰਦੇ ਪਰ ਭਾਨ ਅਕਸਰ ਖੜਕਦੀ ਰਹਿੰਦੀ ਸੀ। ਆਪਣੇ ਬਾਪ ਦੀ ਕਮਾਈ ਵਿੱਚੋਂ ਉਹ ਸਾਨੂੰ ਚੂਸਣ ਅਤੇ ਖਾਣ ਵਾਲੀਆਂ ਖੱਟੀਆਂ-ਮਿੱਠੀਆਂ ਗੋਲੀਆਂ ਗੋਲ਼ੀਆਂ ਜਾਂ ਮਰੂੰਡਾ ਅਤੇ ਭੁਜੀਆ ਵਗੈਰਾ ਲੈ ਦਿੰਦਾ ਸੀ। ਉਹਦੇ ਨਾਲ ਸਾਡੀ ਦੋਸਤੀ ਦਾ ਖ਼ਾਸ ਕਾਰਨ ਇਹ ਵੀ ਸੀ।

ਇੱਕ ਦਿਨ ਕਿਤਿਉਂ “ਪੀਲੂ” ਦੀਆਂ ਕਹੀਆਂ ਸਤਰਾਂ ਵਾਲਾ ਕਿੱਸਾ ‘ਪਾਲੀ’ ਦੇ ਹੱਥ ਲੱਗ ਗਿਆ। ਉਸਨੇ ਪੜ੍ਹ ਕੇ ਕੁਝ ਕਵਿਤਾਵਾਂ, ਗੀਤ ਜ਼ੁਬਾਨੀ ਯਾਦ ਕਰ ਲਏ ਜੋ ਉਹ ਅਕਸਰ ਸਾਨੂੰ ਉੱਚੀ ਅਵਾਜ਼ ਵਿੱਚ ਗਾ ਕੇ ਸੁਣਾਉਂਦਾ ਵੀ ਰਹਿੰਦਾ। ਮਿਰਜ਼ਾ-ਸਾਹਿਬਾਂ ਦਾ ਗੀਤ ਉਸਦਾ ਮਨ-ਭਾਉਂਦਾ ਗੀਤ ਸੀ। ਇੱਕ ਮਾੜੇ ਗਾਇਕ ਵਾਂਗ ਪਾਲੀ ਆਪਣੇ ‘ਸਰੋਤਿਆਂ ਦਾ ਦਾਇਰਾ’ ਵਧਾਉਣ ਨੂੰ ਤਰਸਦਾ ਅਤੇ ਲੋਚਦਾ ਰਹਿੰਦਾ ਸੀ। ਪਿੰਡ ਦੀ ਲਹਿੰਦੀ ਪੱਤੀ ਦੇ ਗੁਰਦੁਆਰੇ ਦਾ ਦੁਆਰ ਦਿਨ ਵੇਲੇ ਅਕਸਰ ਖੁੱਲ੍ਹਾ ਈ ਰਹਿੰਦਾ ਸੀ। ਗੁਰਦੁਆਰੇ ਦੇ ਬਾਹਰ ਵੱਡੇ ਬੋਹੜ ਹੇਠਾਂ ਜਾਂ ਲਾਗੇ ਹੀ ਅਸੀਂ ਅਕਸਰ ਖੇਡਦੇ ਰਹਿੰਦੇ ਸੀ।

ਸਿਆਲੂ ਰੁੱਤੇ ਇੱਕ ਦਿਨ ਸਕੂਲ ਦੀ ਛੁੱਟੀ ਤੋਂ ਬਾਅਦ ਪਾਲੀ ਆਪਣੇ ਦੋਸਤਾਂ ਦਾ ਟੋਲਾ ਲੈ ਕੇ ਪਿੰਡ ਦੇ ਗੁਰਦੁਆਰੇ ਪਹੁੰਚ ਗਿਆ। ਗੁਰਦੁਆਰੇ ਦਾ ਭਾਈ ਜਾਂ ਕੋਈ ਹੋਰ ਸਿਆਣਾ ਬੰਦਾ ਉੱਥੇ ਹੈ ਨਹੀਂ ਸੀ। ਬਹੁਤੇ ਨਿਆਣੇ ਤਾਂ ਪੈਰੋਂ ਨੰਗੇ ਹੀ ਸਨ ਅਤੇ ਬਾਕੀ ਆਪਣੇ ਪੈਰੀਂ ਪਾਈਆਂ ਚੱਪਲਾਂ ਲਾਹ ਕੇ, ਅੰਦਰ ਜਾ ਮੱਥਾ ਟੇਕ ਕੇ ਲਾਈਨ ਬਣਾ ਕੇ ਬੈਠ ਗਏ। ਪਾਲੀ ਨੇ ਚੁਸਤੀ ਨਾਲ ਮਾਈਕ ਨੂੰ ਚਾਲੂ ਕੀਤਾ। ਇੱਕ ਅੱਧੀ ਵਾਰੀ ‘ਮੈਕ ਟੈਸਟਿੰਗ… ਮੈਕ ਟੈਸਟਿੰਗ…’ ਬੋਲਦਿਆਂ ਉਸਨੇ ਸਿੱਧੇ ਹੀ ਆਪਣੀਆਂ ਮਨ ਭਾਉਂਦੀਆਂ ਅਤੇ ਰਟੀਆਂ ਹੋਈਆਂ ਲਾਈਨਾਂ ਨੂੰ ਸੰਘ ਪਾੜਵੀਂ ਆਵਾਜ਼ ਨਾਲ ਫੁੱਲ ਵੌਲਿਉਮ ਸਪੀਕਰ ਵਿੱਚ ਹੇਕ ਲਾ ਕੇ ਗਾਉਣਾ ਸ਼ੁਰੂ ਕਰ ਦਿੱਤਾ।

ਉਅ… ਉਅਅ… ਉਅਅਅ…


ਚੜ੍ਹਦੇ ਮਿਰਜ਼ੇ ਖਾਨ ਨੂੰ,


ਮੱਤਾਂ ਦੇਵੇ ਮਾਂ।


ਬੁਰੇ ਸਿਆਲਾਂ ਦੇ ਮਾਮਲੇ,
ਬੁਰੀ ਸਿਆਲਾਂ ਦੀ ਰਾਹ।
ਬੁਰੀਆਂ ਸਿਆਲਾਂ ਦੀਆਂ ਔਰਤਾਂ,
ਲੈਂਦੀਆਂ ਜਾਦੂ ਪਾ।
ਕੱਢ ਕਲੇਜੇ ਖਾਂਦੀਆਂ,
ਮੇਰੇ ਝਾਟੇ ਤੇਲ ਨਾ ਪਾ।
ਦੀ ਖ਼ਾਤਿਰ ਚੱਲਿਆਂ,
ਆਵੇਂ ਜਾਨ ਗੰਵਾ।
ਖੇ ਮੇਰੇ ਲੱਗ ਜਾ,
ਅੱਗੇ ਪੈਰ ਨਾ ਪਾ।...

ਉਹਦੇ ਮੋਹਰੇ ਲਾਈਨ ਵਿੱਚ ਬੈਠੀ ਜੁਆਕਾਂ ਦੀ ਮੰਡਲੀ ਮਸਤੀ ਵਿੱਚ ਸਿਰ ਹਿਲਾਉਂਦੀ ਤਾਂ ਪਾਲੀ ਮਨ ਹੀ ਮਨ ਬੜਾ ਖੁਸ਼ ਹੁੰਦਾ। ਉਹਦੇ ਚਿੱਟੇ-ਦੰਦ ਕਾਲੇ-ਬੁੱਟਾਂ ਵਿੱਚੋਂ ਅਸਮਾਨੀ ਬਿਜਲੀ ਵਾਂਗ ਲਿਸ਼ਕਾਰੇ ਮਾਰਦੇਲੰਮੀ ਪੂਛ ਵਾਲੇ ਲਾਊਡ ਸਪੀਕਰ ਦੀ ਆਵਾਜ਼ ਪਿੰਡ ਦੀਆਂ ਫਿਜ਼ਾਵਾਂ ਨੂੰ ਚੀਰਦੀ ਗੁਆਂਢੀ ਪਿੰਡਾਂ ਦੀ ਜੂਹ ਵੀ ਪਾਰ ਕਰ ਗਈ।

ਪਿੰਡ ਵਿਚਲੇ ਆਪਣੇ ਘਰ ਨੂੰ ਆਇਆ ਹੋਇਆ ਗੁਰਦੁਆਰੇ ਦਾ ਭਾਈ ਭਾਵੇਂ ਰੋਟੀ ਖਾਂਦਿਆਂ ਵਿੱਚ-ਵਿਚਾਲੇ ਹੀ ਛੱਡ ਕੇ ਗੁਰਦੁਆਰੇ ਵੱਲ ਨੂੰ ਭੱਜਿਆ ਆਇਆ ਪਰ ਉਸਦੇ ਪਹੁੰਚਣ ਤੱਕ ਪਾਲੀ ਨੇ ਸਾਰਾ ਗਾਣਾ ਲਗਭਗ ਗਾ ਹੀ ਲਿਆ ਸੀ। ਭਾਈ ਜੀ ਦੇ ਘਬਰਾਏ ਹੋਏ ਚਿਹਰੇ ਤੋਂ ਪਾਲੀ ਅਤੇ ਉਸਦੀ ਮੰਡਲੀ ਨੂੰ ਅੰਦਾਜ਼ਾ ਹੋ ਗਿਆ ਕਿ ਜਾਣੇ-ਅਣਜਾਣੇ ਵਿੱਚ ਕੁਛ ਨਾ ਕੁਛ ਗਲਤ ਹੋ ਗਿਆ ਹੈ। ਪਰ ਕਿਸੇ ਨੂੰ ਵੀ ਇਹ ਸਮਝ ਨਾ ਲੱਗੀ ਕਿ ਗਲਤ ਹੋਇਆ ਕੀ ਹੈ?

ਗੁਰਦੁਆਰੇ ਵਿੱਚੋਂ ਬਾਹਰ ਨਿਕਲਦਿਆਂ ਹੋਇਆਂ ਜਦੋਂ ਭਾਈ ਆਪਣੀ ਜੁੱਤੀ ਲਾਹ ਕੇ ਪਾਲੀ ਦੇ ਮਗਰ ਦੌੜਿਆ ਤਾਂ ਪਾਲੀ ਆਪਣੀਆਂ ਚੱਪਲਾਂ ਤੋਂ ਬਗ਼ੈਰ ਹੀ ਸਹੇ ਵਾਂਗ ਛੜੱਪੇ ਮਾਰਦਾ ਪਿੰਡ ਵਿੱਚ ਨੂੰ ਦੌੜ ਗਿਆ। ਝੁੰਡ ਦੇ ਦੂਸਰੇ ਨਿਆਣਿਆਂ ਨੂੰ ਫੜਨ ਲਈ ਭਾਈ ਜੀ ਆਪਣੀਆਂ ਲੱਤਾਂ ਅਤੇ ਬਾਹਾਂ ਖੋਲ੍ਹ ਰਾਹ ਰੋਕ ਕੇ ਖੜ੍ਹਾ ਹੋ ਗਿਆ। ਸਭ ਸ਼ਰਾਰਤੀ ਨਿਆਣੇ ਉਹਦੇ ਨਾਲ ਖਹਿੰਦਿਆਂ ਦੌੜ ਗਏ!

ਗੁਰਦੁਆਰੇ ਦੇ ਸਪੀਕਰ ਵਿੱਚੋਂ ਗਾਣਾ ਸੁਣ ਕੇ ਪਿੰਡ ਦੇ ਦੋ-ਚਾਰ ਬੰਦੇ ਹੋਰ ਗੁਰਦੁਆਰੇ ਪਹੁੰਚ ਗਏ। ਭਾਈ ਜੀ ਨੂੰ ਪੁੱਛਣ ਲੱਗੇ, “ਆਹ ਗਾਣਾ ਕੌਣ ਗਾਉਂਦਾ ਸੀ? ਜਿਹੜਾ ਵੀ ਸੀ, ਪਰ ਅਵਾਜ਼ ਬੜੀ ਵਧੀਆ ਸੀ!”

ਉਸ ਕੱਚੀ ਉਮਰੇ ਅਸੀਂ ਖ਼ੁਦ ‘ਸੋਚਾਂ’ ਵਿੱਚ ਪੈ ਗਏ ਕਿ ਕੀ ਗ਼ਲਤ ਹੋ ਗਿਆ ਹੋਵੇਗਾ ਜਿਸ ਨਾਲ ਭਾਈ ਜੀ ਨੂੰ ਇੰਨਾ ਗੁੱਸਾ ਆ ਗਿਆ? ਪਾਲੀ ਨੇ ‘ਸਿਰਫ’ ‘ਮਿਰਜ਼ਾ-ਸਾਹਿਬਾਂ’ ਦਾ ਗਾਣਾ ਹੀ ਤਾਂ ਗਾਇਆ ਸੀਭਾਈ ਖੁਦ ਤਾਂ ਇੱਥੇ ਰੋਜ਼ ਹੀ ਗਾਣੇ ਗਾਉਂਦਾ ਹੈ!!

ਸਾਨੂੰ ਪਾਲੀ ਦੇ ਗਾਏ ਗਾਣੇ ਅਤੇ ਭਾਈ ਦੇ ਗੁਰਬਾਣੀ ਸ਼ਬਦਾਂ ਵਿੱਚ ਬਹੁਤਾ ਅੰਤਰ ਹੀ ਨਾ ਲੱਗਾ! ਅੱਜ ਵਾਹੋ-ਦਾਹੀ ਸਾਇਕਲ ਦੁੜਾਉਂਦਾ ਪਾਲੀ ਮੈਨੂੰ ਦਹਾਕਿਆਂ ਪਹਿਲਾਂ ਬਗੈਰ ਚੱਪਲਾਂ ਦੇ ਦੌੜਿਆ ਜਾਂਦਾ ਬਚਪਨ ਦਾ “ਪੀਲੂ” ਵਾਲਾ “ਪਾਲੀ” ਹੀ ਜਾਪਿਆ।

*   *   *

ਮਾਸੜ ਜੀ, ਇੰਜ ਨਹੀਂ ਕਰੀਦਾ!

ਅੱਧੀ ਕੁ ਦਰਜਨ ਮਾਸੜਾਂ ਵਿੱਚੋਂ ਮੇਰਾ ਇੱਕ ਮਾਸੜ ‘ਖਾਣ-ਪੀਣ’ ਦਾ ਬਹੁਤ ਸ਼ੌਕੀਨ ਸੀ। ਦਿਲ ਦਾ ਮਾੜਾ ਨਹੀਂ ਸੀ, ਸਿਰਫ ਖਾਣ ਨਾਲੋਂ ਪੀਣ ਦਾ ਜ਼ਿਆਦਾ ਸ਼ੌਕੀਨ। ਮੈਂ ਆਪਣੇ ਨਾਨਕੇ ਪਿੰਡ ਗਿਆ ਹੋਇਆ ਸਾਂ ਤੇ ਅਚਾਨਕ ਉਹ ਵੀ ਉੱਥੇ ਆ ਗਿਆ। ਘਰ ਦੇ ਜਵਾਈ/ਫੁੱਫੜ ਦੀ ਸਹੁਰੇ ਘਰ ਤੋਂ ਜ਼ਿਆਦਾ ਸੇਵਾ ਕਿੱਥੇ ਹੁੰਦੀ ਹੈ? ਦਿਨ ਢਲਦੇ ਹੀ ਦੇਸੀ ਦਾਰੂ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਸ਼ਰਾਬ ਨਾਲ ਢਿੱਡ ਭਰ ਕੇ ਡੁੱਲ੍ਹਣ ਲੱਗ ਪਿਆ ਤਾਂ ਮਾਸੜ ਨੇ ਉਸ ਵਿੱਚ ਖਾਣਾ ਸੁੱਟਣਾ ਸ਼ੁਰੂ ਕਰ ਦਿੱਤਾ। ਅਖੀਰ ਵਿੱਚ ਉਸਨੇ ‘ਗੰਨੇ ਦੇ ਰਸ ਵਾਲੇ ਚੌਲਾਂ’ ਦਾ ਪਤੀਲਾ ਅੰਦਰ ਸੁੱਟ ਕੇ ਢਿੱਡ ਨੂੰ ਧੁਰ ਮੂੰਹ ਤਕ ਤੁੰਨ ਲਿਆਉੱਪਰੋਥਲੀ ਦੀਆਂ ‘ਵੱਡੀ ਗਰਾਰੀ’ ਨਾਲ ਖਾਧੀਆਂ ਚੀਜ਼ਾਂ ਨੇ ਮਾਸੜ ਜੀ ਨੂੰ ਢਾਹ ਲਿਆ।

ਉਸ ਤੋਂ ‘ਪ੍ਰੌਹੁਣਿਆਂ ਵਾਲੇ ਸਜੇ ਹੋਏ ਪਲੰਘ’ ਤਕ ਪਹੁੰਚਿਆ ਹੀ ਨਾ ਗਿਆ, ਲਾਗੇ ਹੀ ਡਿੱਠੇ ਹੋਏ ਚੌੜੇ ‘ਡਬਲ ਬੈੱਡ’ ਨੂੰ ਪਲੰਘ ਸਮਝ ਕੇ ਉੱਥੇ ਹੀ ਢੇਰੀ ਹੋ ਗਿਆ। ਰਾਤ ਨੂੰ ਛਿੜੇ ਹੁੱਥੂ (ਉੱਥੂ) ਅਤੇ ਖੰਘ ਕਾਰਨ ਉਹ ਚੰਗੀ ਤਰ੍ਹਾਂ ਸੌਂ ਵੀ ਨਾ ਸਕਿਆ। ਸਾਰੀ ਰਾਤ ‘ਖਾਅਅ-ਥੂਹਹ’ ਕਰਦਿਆਂ ‘ਡਬਲ ਬੈੱਡ’ ਦਾ ਇੱਕ ਬੈੱਡ (ਪਾਸਾ) ਖ਼ਾਲੀ ਸਮਝਦਿਆਂ ਥੁੱਕ-ਥੁੱਕ ਕੇ ਭਰ ਦਿੱਤਾ। ਸੁਰਤ ਆਉਂਦਿਆਂ ਹੀ, ਸਵੇਰ ਦੇ ਸੂਰਜ ਚੜ੍ਹਨ ਦੀ ਲਾਲੀ ਤੋਂ ਪਹਿਲਾਂ ਹੀ ਮਾਸੜ ਜੀ ਆਪਣੇ ਸਹੁਰੇ ਘਰੋਂ ਖਿਸਕ ਗਿਆ।

ਬੀਤੇ ਕੱਲ੍ਹ ਦੀ ਜ਼ਿੰਦਗੀ ਦੇ ਹੁਸੀਨ ਪਲ ਅੱਜ ਖ਼ੂਬਸੂਰਤ ਯਾਦਾਂ ਦੇ ਜ਼ਖ਼ੀਰੇ ਨੂੰ ਚਾਰ ਚੰਨ ਲਾ ਰਹੇ ਹਨ।

ਢਲਦੇ ਪ੍ਰਛਾਵੇਂ
ਹੋਈ ਖੁਦ ਤੋਂ ਵੀ ਲੰਮੇ ਜਾਣ
ਚੜ੍ਹਿਆ ਜੋ ਦਿਨ
ਉਹਨੇ ਢਲਣਾ ਹੈ ਸੱਜਣਾ।
ਭਰਮ ਭੁਲੇਖਾ
ਜੇ ਹੈ ਉਮਰਾਂ ਲੰਮੇਰੀਆਂ ਦਾ
ਪਲ-ਪਲ ਦਾ ਪਲ ਬੱਸ ਪੱਲੇ ਤੇਰੇ ਸੱਜਣਾ।
ਹੱਸ ਲੈ, ਖੇਡ ਲੈ ਤੇ ਮੌਜਾਂ ਵੀ ਤੂੰ ਮਾਣ ਲੈ
ਪਲ ਨੇ ਹੀ ਪਲ ਵਿੱਚ ਛੱਡ ਜਾਣਾ ਸੱਜਣਾ।

ਇਹੀ ਜ਼ਿੰਦਗੀ ਹੈ, ਖੁਸ਼ ਰਹੋ ਸੱਜਣੋ!...

ਜ਼ਿੰਦਗੀ ਜ਼ਿੰਦਾਬਾਦ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author