KulwinderBathDr7ਅਸੀਂ ਇਨਸਾਨ ਵੀ ਕਿਤੇ ਉੱਠਦਿਆਂ-ਬੈਠਦਿਆਂ, ਤੁਰਦਿਆਂ-ਫਿਰਦਿਆਂ ...
(19 ਜੂਨ 2026)


ਅੱਤ ਦੀ ਗਰੀਬੀ ਵਿੱਚ ਜੰਮਿਆ ਅਤੇ ਪਲਿਆ ‘ਕੇਸਰ ਰਾਮ ਉਰਫ ਕੇਸੂ’ ਇੱਕ ਨਿਮਰ
, ਮਿਠਬੋਲੜਾ, ਮਿਲਣਸਾਰ, ਮੁਹੱਬਤੀ, ਖੂਬਸੂਰਤ ਰੂਹ ਵਾਲੀ ਸ਼ਖਸੀਅਤ ਅਤੇ ਵਧੀਆ ਇਨਸਾਨ ਸੀ। ਮਾਂ ਪਿਉ ਦੁਆਰਾ ਰੱਖਿਆ ਲਾਡਲਾ ਅਤੇ ਪੂਰਾ ਨਾਮ ਤਾਂ ਕੇਸਰ ਰਾਮ ਹੀ ਸੀ, ਪਰ ਲੋਕਾਂ ਨੇ ਕੇਸਰ ਰਾਮ ਨੂੰ ਅਤੇ ਉਸਦੇ ਨਾਮ ਨੂੰ ਛਾਂਗ-ਛਾਂਗ ਅਤੇ ਛੱਟ-ਛੱਟ ਕੇ ‘ਕੇਸੂ’ ਬਣਾ ਦਿੱਤਾ।

ਵਾਰ ਵਾਰ ਛਾਂਗਣ, ਰੰਦਣ ਅਤੇ ਛੱਟਣ ਕਾਰਨ ਕੇਸਰ ਰਾਮ ਮਾਨਸਿਕ ਪੱਖੋਂ ਹੋਰ ਫੈਲਦਾ ਗਿਆ ਅਤੇ ਉਹਦਾ ਮਨ ਹੋਰ ਨਿੱਖਰਦਾ ਗਿਆ। ਕਹਿੰਦੇ ਹਨ ਕਿ ਸੋਨਾ ਤਪ-ਤਪ ਕੇ ਕੁੰਦਨ ਬਣ ਜਾਂਦਾ ਹੈ। ਪਦਾਰਥੀ ਯੁਗ ਵਿੱਚ ਆਰਥਿਕ ਪੱਖ ਤੋਂ ਤਾਂ ਭਾਵੇਂ ਉਹ ਬਹੁਤਾ ਨਾ ਵਧ ਫੁੱਲ ਸਕਿਆ ਪਰ ਬੌਧਿਕਤਾ ਅਤੇ ਰੂਹ ਦਰਵੇਸ਼ਾਂ ਵਰਗੀ ਹੋ ਗਈ। ਆਪਣੇ ਕੰਮਕਾਰ ਨਾਲ ਜੂਝਦਾ ਹੋਇਆ ਸੰਘਰਸ਼ ਭਰੀ ਜ਼ਿੰਦਗੀ ਨੂੰ ਚੁੱਪ ਚਾਪ ਲੀਹੇ ਪਾ ਕੇ ਖਿੱਚਦਾ-ਧੂੰਹਦਾ ਰਿਹਾ।

ਜ਼ਿੰਦਗੀ ਦੇ ਬਦਲਦੇ ਰੰਗਾਂ ਵਿੱਚੋਂ ਵੀ ਉਹਨੂੰ ਬਹੁਤੇ ਹਲਕੇ ਜਾਂ ਫਿੱਕੇ ਰੰਗ ਹੀ ਨਸੀਬ ਹੋਏ। ਭਾਵੇਂ ਰਿਸ਼ਤਿਆਂ ਦੇ ਤਾਣੇ ਬਾਣੇ ਦੀ ਦਲਦਲ ਅਤੇ ਆਲੇ ਦੁਆਲੇ ਦੇ ਊਤ ਲਾਣੇ ਵਿੱਚ ਉਸਦੀ ਅਕਲ ਵਾਰ-ਵਾਰ ਕੁੱਟ ਖਾਂਦੀ ਰਹੀ, ਫਿਰ ਵੀ ਅੱਜ ਦੇ ਹਲਕੇ ਰੰਗਾਂ ਦੀ ਉਸਨੇ ਕਦੀ ਸ਼ਿਕਾਇਤ ਨਾ ਕੀਤੀ। ਆਉਣ ਵਾਲੇ ਕੱਲ੍ਹ ਦੇ ਸੁੰਦਰ ਰੰਗਾਂ ਦੀ ਆਸ ਨਾ ਛੱਡੀ।

ਆਪਣੇ ਟੱਬਰ ਦਾ ਢਿੱਡ ਭਰਨ ਲਈ ਕੇਸੂ ਕਿਸੇ ਨਾਲ ਰਲ਼ ਕੇ ਸਮਾਨ ਦੀ ਢੋਆ ਢੁਆਈ ਵਾਸਤੇ ਘੋੜੇ ਵਾਲਾ ਰੇਹੜਾ ਚਲਾਉਣ ਲੱਗ ਪਿਆ। ਇੱਕ ਦਿਨ ਕਿਸੇ ਨੇ ਸਲਾਹ ਦੇ ਦਿੱਤੀ ਕਿ ਜੇ ਇਹੀ ਕੰਮ ਕਰਨਾ ਹੈ ਤਾਂ ਕਿਉਂ ਨਹੀਂ ਤੂੰ ਆਪਣਾ ਹੀ ਘੋੜਾ ਅਤੇ ਰੇਹੜਾ ਲੈ ਲੈਂਦਾ? ਉਸਨੇ ਆਪਣੇ ਮਾਲਕ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਾ, “ਤੈਨੂੰ ਤਾਂ ਪਤਾ ਈ ਆ ਕੇਸੂ ਰਾਮਾ… ਮੈਥੋਂ ਵੀ ਹੁਣ ਜ਼ਿਆਦਾ ਕੰਮ ਨਹੀਂ ਹੁੰਦਾ। ਹਾਂ, ਰੇਹੜਾ ਤਾਂ ਮੈਂ ਵੇਚ ਹੀ ਦੇਣਾ ਹੈ ਪਰ ਘੋੜਾ ਨਹੀਂ ਵੇਚਣਾ। ਘੋੜਾ ਭਾਵੇਂ ਹੁਣ ਮੇਰੇ ਵਾਂਗ ਬੁੱਢਾ ਹੋ ਗਿਆ ਹੈ, ਮੈਂ ਇਹਨੂੰ ਆਪਣੇ ਕੋਲ ਈ ਰੱਖਣਾ ਆ। ਬੜਾ ਲੇਖਾ ਦੇ ਦਿੱਤਾ ਇਹਨੇ।” ਉਸਨੇ ਕੇਸੂ ਨੂੰ ਅੱਗਿਉਂ ਆਪਣੀ ਸਲਾਹ ਦੇ ਮਾਰੀ, “ਤੂੰ ਐਂ ਕਰ, ਕੋਈ ਵਛੇਰਾ ਦੇਖ ਲੈ। ਤੇ ਜਦੋਂ ਉਹ ਤਕੜਾ ਹੋ ਗਿਆ ਤਾਂ ਰੇਹੜਾ ਮੈਂ ਤੈਨੂੰ ਵੇਚ ਦੇਵਾਂਗਾ।”

ਪਸ਼ੂਆਂ ਦੇ ਇੱਕ ‘ਚਾਲੂ ਦਲਾਲ’ ਨੇ ਕੇਸੂ ਨੂੰ ਦੱਸ ਪਾਈ ਕਿ ਕੋਈ ਵਛੇਰਾ ਤਾਂ ਨਹੀਂ, ਪਰ ਇੱਕ ਵਛੇਰੀ ਵਿਕਾਊ ਹੈਗੀ ਆ ਲਾਗਲੇ ਪਿੰਡ। ਜੇ ਤੂੰ ਲੈਣੀ ਆ ਤਾਂ ਗੱਲ ਕਰ!”

ਕੇਸੂ ਨੇ ਪੈਸੇ ਦੇ ਕੇ ਸੌਦਾ ਮਾਰ ਲਿਆ। ਉਸ ਨੂੰ ਦਲਾਲ ਦੀ ਠੱਗੀ ਦਾ ਉਦੋਂ ਪਤਾ ਲੱਗਾ ਜਦੋਂ ਵਛੇਰੀ ਵੱਡੀ ਹੋ ਕੇ ਘੋੜੀ ਦੀ ਜਗ੍ਹਾ ਖੋਤੀ ਨਿਕਲੀ। ਕੇਸੂ ਨੇ ਖੋਤੀ ਨੂੰ ਹੀ ਰੇਹੜੇ ਪਾ ਲਿਆ। ਉਹਦੇ ਆਪਣੇ, ਬਿਗਾਨੇ ਅਤੇ ਹੋਰ ਘੋੜੇ, ਘੋੜੀਆਂ ਵਾਲੇ ਅਕਸਰ ਉਹਦਾ ਅਤੇ ਉਹਦੀ ਖੋਤੀ ਦਾ ਮਜ਼ਾਕ ਉਡਾਇਆ ਕਰਦੇ।

ਉਹ ਸਿਰੜ ਨਾਲ ਆਪਣਾ ਕੰਮਕਾਰ ਕਰਦਾ ਰਿਹਾ। ਕਈ ਵਾਰੀ ਉਸ ਨੂੰ ਆਪਣੇ-ਪਰਾਏ ਸਭ ਇੱਕੋ ਜਿਹੇ ਹੀ ਲਗਦੇ। ਉਹਨੂੰ ਇੰਜ ਲੱਗਦਾ ਜਿਵੇਂ ਸਾਰੇ ਹੀ ਰਲਮਿਲ ਕੇ ਉਸ ਨੂੰ ਇੱਕ ਈ ਡੰਡੇ ਨਾਲ ਕੁੱਟਦੇ ਹੋਣ, ਕਦੇ ਸੱਜਿਉਂ ਅਤੇ ਕਦੇ ਖੱਬਿਓਂ। ਉਹ ਖੋਤੀ ਦੀ ਪੂਰੀ ਸੇਵਾ ਕਰਦਾ ਰਿਹਾ ਅਤੇ ਰੇਹੜਾ ਲੱਦ-ਲੱਦ ਕੇ ਸਮਾਨ ਢੋਂਦਾ ਰਿਹਾ। ਖੋਤੀ ਵੀ ਆਪਣੀ ਪੂਰੀ ਤਾਕਤ ਨਾਲ ਭਾਰੇ ਤੋਂ ਭਾਰੇ ਰੇਹੜੇ ਨੂੰ ਖਿੱਚਦੀ ਰਹਿੰਦੀ।

ਕੇਸੂ ਦੇ ਲਾਗਲੇ ਪਿੰਡ ਹਰੇਕ ਵਰ੍ਹੇ ਇੱਕ ਵੱਡਾ ਮੇਲਾ ਲੱਗਿਆ ਕਰਦਾ ਸੀ। ਉਸ ਵਕਤ ਮੇਲੇ ਵੀ ਮਨੋਰੰਜਨ ਦਾ ਚੰਗਾ ਸਾਧਨ ਹੁੰਦੇ ਸਨ। ਲੋਕ ਬੜੇ ਚਾਵਾਂ ਨਾਲ ਤਿਆਰ ਬਿਆਰ ਹੋ ਕੇ ਮੇਲਿਆਂ ਨੂੰ ਜਾਂਦੇ ਸਨ ਅਤੇ ਸਾਰਾ ਦਿਨ ਜ਼ਿੰਦਗੀ ਦੇ ਝਮੇਲੇ ਭੁੱਲ ਕੇ ਮਨੋਰੰਜਨ ਕਰਦੇ ਸਨ। ਮੇਲੇ ਨੂੰ ਹੋਰ ਦਿਲਚਸਪ ਬਣਾਉਣ ਲਈ ਪਿੰਡ ਵਾਲਿਆਂ ਨੇ ਪਿਛਲੇ ਕਈ ਸਾਲਾਂ ਤੋਂ ਛਿੰਝ, ਕਬੱਡੀ, ਕੁੱਤਾ-ਦੌੜ, ਬਲਦ-ਦੌੜ ਅਤੇ ਰੇਹੜਾ-ਦੌੜ ਵਗੈਰਾ ਲੋਕ ਖੇਡਾਂ ਨੂੰ ਵੀ ਸ਼ਾਮਲ ਕਰ ਲਿਆ ਸੀ। ਕੇਸੂ ਵੀ ਮੇਲੇ ਵਾਲੇ ਦਿਨ ਕੰਮ ਤੋਂ ਜਲਦੀ ਵਿਹਲਾ ਹੋ ਕੇ ਮੇਲੇ ਵਿੱਚ ਪਹੁੰਚ ਜਾਂਦਾ। ਮੇਲੇ ਅਤੇ ਟੂਰਨਾਮੈਂਟ ਦਾ ਅਨੰਦ ਮਾਣਦਾ। ਉਸ ਨੂੰ ਰੇਹੜਾ-ਦੌੜ ਬੜੀ ਵਧੀਆ ਲਗਦੀ ਅਤੇ ਦੌੜ ਵਿੱਚ ਜੇਤੂ ਘੋੜੇ ਅਤੇ ਰੇਹੜੇ ਨੂੰ ਦੇਖ ਮਨ ਹੀ ਮਨ ਸੋਚਦਾ ਅਤੇ ਲੋਚਦਾ ਕਿ ਕਾਸ਼, ਉਹਦੇ ਕੋਲ ਵੀ… ਜੇ ਚੰਗੀ ਘੋੜੀ ਹੁੰਦੀ।

ਕੇਸੂ ਮਿਹਨਤੀ ਬੰਦਾ ਸੀ ਅਤੇ ਆਪਣੀ ਖੋਤੀ ਨੂੰ ਵੀ ਚੰਗੀ ਖੁਰਾਕ ਪਾਉਂਦਾ ਰਿਹਾ ਤਾਂ ਕਿ ਕੰਮਕਾਰ ਚਲਦਾ ਰਹੇ। ਇਸ ਵਾਰ ਦੇ ਮੇਲੇ ਦੀ ਰੇਹੜਾ-ਦੌੜ ਵਿੱਚ ਕੇਸੂ ਵੀ ਆਪਣੀ ਸ਼ਿੰਗਾਰੀ ਹੋਈ ਖੋਤੀ ਅਤੇ ਰੇਹੜਾ ਲੈ ਆਇਆ। ਕੇਸੂ ਦੀ ਖੋਤੀ ਨੂੰ ਰੇਹੜਾ-ਦੌੜ ਦੀ ਲਾਈਨ ਵਿੱਚ ਲੱਗਿਆਂ ਦੇਖ ਕੇ ਜਾਣ ਪਛਾਣ ਵਾਲੇ ਅਤੇ ਕੁਝ ਕੁ ਤਮਾਸ਼ਬੀਨ ਹਾਸਾ ਮਜ਼ਾਕ ਕਰਨ ਲੱਗ ਪਏ।

ਪਿਛਲੇ ਕਈ ਸਾਲਾਂ ਦੀ ਦੌੜ ਦਾ ਜੇਤੂ, ਕਿਸ਼ਨਾ, ਕੇਸੂ ਵੱਲ ਇਸ਼ਾਰਾ ਕਰਦਿਆਂ ਬੋਲਿਆ, “ਜੇ ਰੇਸ ਵਿੱਚ ਆਉਣਾ ਈ ਸੀ ਤਾਂ ਚੱਜ ਦੀ ਘੋੜੀ ਤਾਂ ਲੈ ਲੈਂਦਾ। ਕਿਉਂ ਘੋੜੇ-ਘੋੜੀਆਂ ਦੀ ਬੇਇੱਜ਼ਤੀ ਕਰਾਉਣ ਡਿਹਾ ਆਂ। ਤੇਰੀ ਐਸ ਖੋਤੀ ਨੇ ਕੀ ਜਿੱਤਣਾ, ਤੂੰ ਤਾਂ ਬੱਸ ਜਮਾਂ ਈ ਕੇਸੂ ਦਾ ਕੇਸੂ ਈ ਰਿਹਾ।”

ਕੋਈ ਦੂਜਾ ਉੱਚੀ ਅਵਾਜ਼ ਵਿੱਚ ਬੋਲਿਆ, “ਉਏ ਕੜਿਆ ਕੇਸੂਆ… ਤੈਨੂੰ ਲਗਦਾ, ਤੇਰੀ ਆਹ ਖੋਤੀ ਜਿੱਤ ਜਾਊ? ... ਜਿੱਤਣਾ ਤਾਂ ਏਹਨੇ ਕੀ ਆ, ਐਵੇਂ ਧੂੜ ਵਿੱਚ ਟੱਟੂ ਦੁੜਾਉਣ ਲੈ ਆਇਆਂ ਤੂੰ... ਰਹਿਣ ਦੇ ਪਰੇ।”

ਇੱਕ ਹੋਰ ਬੋਲਿਆ, “ਇਹ ਧੁਰ ਪਹੁੰਚ ਵੀ ਜਾਊ? ... ਜੇ ਨਾ ਜਿੱਤੀ ਫਿਰ?”

ਮਜ਼ਾਕ ਦੀ ਹੱਦ ਪਾਰ ਹੁੰਦੀ ਦੇਖ ਕੇਸੂ ਖਿਝ ਕੇ ਬੋਲਿਆ, ““ਫੇਰ ਕੀ? ਜੇ ਨਾ ਵੀ ਜਿੱਤੀ, ਫੇਰ ਕੀ ਕਹਿਰ ਆ ਜਾਊ? ਜਿੱਤਣ-ਹਾਰਨ ਲਈ ਦੌੜਨਾ ਤਾਂ ਪਊਗਾ ਈ? ਹਾਰੇ ਹੋਏ ਨੂੰ ਘਰ ਨੂੰ ਤਾਂ ਇਹ ਮੁੜਨ ਦੇਣਗੇ ਈ ... ਜਾਂ ਇੱਥੇ ਈ ਰੱਖ ਲੈਣਗੇ? ... ਰੋਜ ਮਣਾਂ-ਮੂੰਹੀਂ ਭਾਰ ਢੋਂਦੀ ਆ! ਐਨੀ ਰਹੀਓ ਵੀ ਨਹੀਂ ਇਹ!”

ਕੋਲ ਹੀ ਖਲੋਤੀ ਖੋਤੀ ਨੇ ਵੀ ਹਵਾ ਵਿੱਚ ਮੂੰਹ ਸਿਰ ਘੁਮਾਉਂਦਿਆਂ ਤੇ ਫਰਰ-ਫਰਰ-ਕਰਦਿਆਂ ਸ਼ਾਇਦ ਰੇਸ ਦੌੜ ਕੇ ਆਪਣੀ ਤਾਕਤ ਦਿਖਾਉਣ ਦੀ ਹਾਮੀ ਭਰੀ।

ਤਮਾਸ਼ਬੀਨਾਂ ਦੀਆਂ ਨਜ਼ਰਾਂ ਕੇਸੂ ਦੀ ਖੋਤੀ ਵਾਲੇ ਰੇਹੜੇ ’ਤੇ ਟਿਕ ਗਈਆਂ। ਉਹ ਸੋਚ ਰਹੇ ਸਨ ਕਿ ਇਸਨੇ ਕੀ ਖੋਹਣ ਖੋਹ ਲੈਣਾ ਹੈ? ਪਹਿਲਾ ਨੰਬਰ ਲਊ, ਪਰ ਪਿੱਛਿਓਂ ਪਹਿਲਾ।

ਮੁਕਾਬਲਾ ਸ਼ੁਰੂ ਹੁੰਦਿਆਂ ਇੱਕ, ਦੋ, ਤਿੰਨ ਬੋਲਣ ਤੋਂ ਬਾਅਦ ਸੀਟੀ ਵੱਜਦਿਆਂ ਹੀ ਘੋੜੇ ਘੋੜੀਆਂ ਰੇਹੜੇ ਲੈ ਕੇ ਦੌੜ ਪਏ, ਆਪਣੀ ਆਪਣੀ ਲਾਈਨ ਵਿੱਚ। ਉੱਧਰ ਕੇਸੂ ਨੇ ਜਦੋਂ ਕੱਸ ਕੇ ਇੱਕ ‘ਛਾਂਟਾ’ ਖੋਤੀ ਦੀਆਂ ਟੰਗਾਂ ਵਿੱਚ ਮਾਰਿਆ ਤਾਂ ਖੋਤੀ ਨੇ ਪੂਰੇ ਜ਼ੋਰ ਅਤੇ ਜੋਸ਼ ਨਾਲ “ਖਾਲੀ ਰੇਹੜਾ” ਖਿੱਚਦਿਆਂ ਅਤੇ ਛਾਲਾਂ ਮਾਰਦਿਆਂ ਧੂੜਾਂ ਹੀ ਉੱਡਾ ਦਿੱਤੀਆਂ। ਖੋਤੀ ਨੂੰ ਇੰਜ ਲੱਗਾ ਜਿਵੇਂ ਉਹ ਸਿਰਫ ਖੁਦ ਹੀ ਬੇਪ੍ਰਵਾਹ ਦੌੜ ਰਹੀ ਹੋਵੇ। ਰੇਹੜਾ ਅਤੇ ਰੇਹੜੇ ਉੱਪਰ ਬੈਠਾ ਕੇਸੂ ਤਾਂ ਉਹਨੂੰ ਮਹਿਸੂਸ ਹੀ ਨਹੀਂ ਹੋਇਆ! ਰੋਜ਼ਾਨਾ ਦੇ ਖਿੱਚਣ-ਢੋਣ ਵਾਲਾ ਮਣਾਂ-ਮੂੰਹੀਂ, ਕੁਇੰਟਲਾਂ ਭਾਰ ਤਾਂ ਹੈ ਹੀ ਨਹੀਂ ਸੀ ਅੱਜ। ਦੇਖਦਿਆਂ ਹੀ ਦੇਖਦਿਆਂ ਸਭ ਘੋੜੇ ਰੇਹੜੇ ਕੇਸੂ ਦੀ ਖੋਤੀ ਦੁਆਰਾ ਉਡਾਈ ਧੂੜ ਵਿੱਚ ਗੁਆਚ ਜਿਹੇ ਗਏ। ਹਰ ਰੋਜ਼ ਮਣਾਂ-ਮੂੰਹੀਂ ਭਾਰ ਦੀਆਂ ਗਠੜੀਆਂ ਢੋਂਦੀ ਰਹੀ ਖੋਤੀ ਪਹਿਲੀ ਵਾਰ ਕੁਇੰਟਲਾਂ ਭਾਰ ਦੀਆਂ ਗਠੜੀਆਂ ਤੋਂ ਬਗੈਰ ਰੇਹੜੇ ਨੂੰ ਹਵਾ ਵਿੱਚ ਲੈ ਉੱਡੀ। ਹਲਾ-ਲਲਾ ਹੋ ਗਈ ਆਲੇ-ਦੁਆਲੇ! ਇੰਜ ਲੱਗਾ ਜਿਵੇਂ ਬਲਦਾਂ ਦੀ ਦੌੜ ਵਿੱਚ ਮੱਝ ਦੌੜ ਜਿੱਤ ਗਈ ਹੋਵੇ! ਨਾ ਖੋਤੀ ਨੂੰ, ਨਾ ਕੇਸੂ ਨੂੰ, ਨਾ ਹੀ ਦੂਸਰੇ ਤਮਾਸ਼ਬੀਨਾਂ ਨੂੰ ਯਕੀਨ ਆਵੇ ਕਿ ਕੁਝ ਪਲ ਪਹਿਲਾਂ ਜਿਸਦਾ ਮਜ਼ਾਕ ਉਡਾਇਆ ਜਾ ਰਿਹਾ ਸੀ, ਉਹੀ ਖੋਤੀ ਦੌੜ ਜਿੱਤ ਗਈ!

ਜਿੱਤ ਦੀ ਖੁਸ਼ੀ ਵਿੱਚ ਕੇਸੂ ਦੀਆਂ ਅੱਖਾਂ ਨਮ ਹੋ ਗਈਆਂ! ਕੇਸੂ ਦੀ ਖੋਤੀ ਨੂੰ ਵੀ ਹੁਣ ਤਕ ਆਪਣੀ “ਅਸਲੀ ਤਾਕਤ” ਦਾ ਅੰਦਾਜ਼ਾ ਹੀ ਨਹੀਂ ਸੀ। ਫੈਸਲਾ ਸਿਰਫ ਜਿੱਤਣ ਹਾਰਨ ਦਾ ਹੀ ਨਹੀਂ ਹੋਇਆ, ਬਲਕਿ ਆਤਮ-ਵਿਸ਼ਵਾਸ ਅਤੇ ਖੁਦ ਦੀ ਪੜਚੋਲ ਦਾ ਵੀ ਹੋਇਆ। ਖੋਤੀ ਦੀ ਕਾਬਲੀਅਤ ਮਣਾਂ ਭਾਰ ਦੀਆਂ ਗੰਢਾਂ ਵਿੱਚ ਛੁਪੀ ਰਹੀ।

ਅਰਸਤੂ ਦੇ ਕਹਿਣ ਅਨੁਸਾਰ, ਮਨੁੱਖ ਇੱਕ ‘ਸਮਾਜਕ ਜਾਨਵਰ/ਸਮਾਜਿਕ ਜੀਵ’ ਹੈ। ਇਹੀ ਮੰਨ ਕੇ ਚਲੋ ਰਤੀ ਭਰ ਲਈ ਆਪਣੀ ਜ਼ਿੰਦਗੀ ਨੂੰ ਕੇਸੂ ਦੀ ਖੋਤੀ ਦੇ ਸਮਾਨੰਤਰ ਰੱਖ ਕੇ ਦੇਖੀਏ। ਕੀ ਅਸੀਂ ਇਨਸਾਨ ਵੀ ਕਿਤੇ ਉੱਠਦਿਆਂ-ਬੈਠਦਿਆਂ, ਤੁਰਦਿਆਂ-ਫਿਰਦਿਆਂ ਅਤੇ ਸੌੰਦਿਆਂ-ਜਾਗਦਿਆਂ ਆਪਣੇ ਖੁਦ ਦੇ ਸਮੇਟੇ ਹੋਏ ਮਣਾਂ-ਮੂੰਹੀਂ ਦੁੱਖਾਂ, ਫਿਕਰਾਂ, ਹੰਕਾਰਾਂ, ਵਹਿਮਾਂ, ਘਮੰਡਾਂ, ਪਖੰਡਾਂ, ਵਿਕਾਰਾਂ ਵਗੈਰਾ ਦੀਆਂ ਭਾਰੀਆਂ ਪੰਡਾਂ ਤਾਂ ਨਹੀਂ ਚੁੱਕੀ ਫਿਰਦੇ?

ਕਦੇ ਇਹ ਭਾਰੀਆਂ ਪੰਡਾਂ ਨੂੰ ਲਾਹ-ਸੁੱਟ ਕੇ ਖੁਦ ਨੂੰ ਹੀ ਛਾਂਟਾ ਲਾ ਕੇ ਖੁਦ ਦੀ ਤਾਕਤ ਦੇਖੀ ਜਾਂ ਅਜ਼ਮਾਈ ਹੈ? ਕਦੇ ਸਵੈਪੜਚੋਲ ਕਰਨ ਦਾ ਮੌਕਾ ਮਿਲਿਆ ਜਾਂ ਹਿੰਮਤ ਕੀਤੀ? ਕਦੇ ਮਨ ਦਾ ਦੁਆਰ ਖੋਲ੍ਹਿਆ? ਅੰਦਰ ਝਾਕਿਆ?

ਮੈਨੂੰ ਤਾਂ ਇੰਜ ਵੀ ਲਗਦਾ ਰਹਿੰਦਾ…
ਜ਼ਿੰਦਗੀ ਦੇ ਟੇਢੇ-ਮੇਢੇ ਪੈਂਡਿਆਂ ਤੇ ਤੁਰਦਿਆਂ
ਨਿੱਕੇ-ਨਿੱਕੇ ਕਦਮਾਂ ਦੀ ਪੋਲੀ-ਪੋਲੀ ਹਲਚਲ।
ਸਿਰ ਉੱਤੇ ਫਿਕਰਾਂ ਦੀ ਪੰਡ ਲੱਦੀ ਫਿਰਦਾ ਮੈਂ
ਪੈਰਾਂ ਹੇਠ ਝੂਠ ਦਿਆਂ ਨਾਤਿਆਂ ਦੀ ਦਲਦਲ।
ਢਲਦੇ ਪ੍ਰਛਾਵੇਂ ਹੋਈ ਖੁਦ ਤੋਂ ਵੀ ਲੰਮੇ ਜਾਣ
ਚੜ੍ਹਿਆ ਜੋ ਦਿਨ ਉਹਨੇ ਢਲਣਾ ਹੈ ਸੱਜਣਾ।
ਭਰਮ ਭੁਲੇਖਾ ਜੇ ਹੈ ਉਮਰਾਂ ਲਮੇਰੀਆਂ ਦਾ
ਪਲ-ਪਲ ਦਾ ਪਲ ਬੱਸ ਪੱਲੇ ਤੇਰੇ ਸੱਜਣਾ।
ਹੱਸ ਲੈ, ਖੇਡ ਲੈ, ਤੇ ਮੌਜਾਂ ਵੀ ਤੂੰ ਮਾਣ ਲੈ
ਪਲ ਨੇ ਵੀ ਪਲ ਵਿੱਚ ਛੱਡ ਜਾਣਾ ਸੱਜਣਾ।

ਸਾਡੇ ਗੁਰੂ, ਸੰਤ, ਪੀਰ, ਫਕੀਰ, ਮਹਾਨ ਪੁਰਸ਼ ਤਾਂ ਜੀਵਨ ਜਾਚ ਦੇ ਗਏ। ਉਸ ਰਾਹੇ ਤੁਰਨਾ ਤਾਂ ਸਾਨੂੰ ਖੁਦ ਨੂੰ ਹੀ ਪੈਣਾ ਹੈ ਸੱਜਣੋ!

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥

ਦੋਸਤੋ, ਸੱਚ ਤਾਂ ਇਹੀ ਹੈ ਕਿ ਛੋਟੀਆਂ-ਵੱਡੀਆਂ, ਝੂਠੀਆਂ-ਸੱਚੀਆਂ, ਗਿੱਲੀਆਂ-ਸੁੱਕੀਆਂ, ਹਲਕੀਆਂ-ਭਾਰੀਆਂ ਦੁੱਖਾਂ-ਫਿਕਰਾਂ ਦੀਆਂ ਪੰਡਾਂ ਤਾਂ ਤੁਰਦੇ-ਫਿਰਦੇ, ਉੱਠਦੇ-ਬਹਿੰਦੇ, ਸੌਂਦੇ-ਜਾਗਦੇ ਅਸੀਂ ਸਾਰੇ ਆਪਣੇ ਨਾਲ ਈ ਘਸੀਟੀ ਫਿਰਦੇ ਹਾਂ …।

ਫਰੀਦਾ ਮੈਂ ਜਾਨਿਆ ਦੁਖੁ ਮੁਝ ਕੁ ਦੁਖੁ ਸਬਾਇਐ ਜਗਿ ॥
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥
ਇਨ੍ਹਾਂ ਪੰਡਾਂ ਦਾ ਕੀ ਕਰੀਏ… ਜਨਾਬ?
ਗੱਲ, ਛੋਟੀ ਲੱਗੇ ਜਾਂ ਵੱਡੀ
ਸੋਚਣੀ ਤਾਂ ਬਣਦੀ ਹੀ ਹੈ।
ਪੰਡ, ਹਲਕੀ ਲੱਗੇ ਜਾਂ ਭਾਰੀ
ਲਾਹੁਣੀ ਤਾਂ ਬਣਦੀ ਹੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author