“ਅੱਖਾਂ ਦੇ ਉੱਪਰ ਸੱਜੇ ਹੱਥ ਦੀ ਪੜਛੱਤੀ ਜਿਹੀ ਬਣਾ ਕੇ ਉਹ ਬੋਲਿਆ, “ਹਾਲ ਚਾਲ ਤਾਂ …”
(24 ਮਾਰਚ 2026)
ਪ੍ਰਸਿੱਧ ਸਾਹਿਤਕਾਰ ਰਸੂਲ ਹਮਜ਼ਾਤੋਵ (Rasool Hamzatov) ਦੀ ਸੰਸਾਰ ਪ੍ਰਸਿੱਧ ਵਾਰਤਕ “ਮੇਰਾ ਦਾਗ਼ਿਸਤਾਨ” ਨੂੰ ਬਹੁਤ ਪੰਜਾਬੀ ਸਾਹਿਤ ਪ੍ਰੇਮੀਆਂ ਨੇ ਪੜ੍ਹਿਆ ਹੋਵੇਗਾ। ਰੂਸੀ ਦੀ ਉਪ ਭਾਸ਼ਾ ਅਵਾਰ ਵਿੱਚ ਲਿਖੀ ਇਸ ਸਦਾਬਹਾਰ ਅਤੇ ਸ਼ਾਹਕਾਰ ਰਚਨਾ ਦਾ ਸੰਸਾਰ ਦੀਆਂ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ। ਇਸ ਕਿਤਾਬ ਵਿੱਚ ਰਸੂਲ ਹਮਜ਼ਾਤੋਵ ਨੇ ਦਾਗ਼ਿਸਤਾਨ ਦੇ ਇਲਾਕੇ, ਸੱਭਿਆਚਾਰ ਅਤੇ ਮਾਂ ਬੋਲੀ ਨੂੰ ਬਾਖ਼ੂਬੀ ਬਰੀਕੀ ਨਾਲ ਪੇਸ਼ ਕੀਤਾ ਹੈ। ਮਾਂ ਬੋਲੀ ਪ੍ਰਤੀ ਉਸਦਾ ਇਹ ਵੀ ਮੰਨਣਾ ਹੈ ਕਿ ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਇੱਕ ਬਦਅਸੀਸ ਦੇ ਸਮਾਨ ਹੁੰਦਾ ਹੈ।
ਭਾਵੇਂ ਕਿ ਦੇਸ਼-ਵਿਦੇਸ਼ ਦੀਆਂ ਹੋਰ ਬੋਲੀਆਂ ਦੀ ਜਾਣਕਾਰੀ ਹੋਣਾ ਮਾੜੀ ਗੱਲ ਨਹੀਂ ਹੈ, ਪਰ ਫਿਰ ਵੀ ਪੰਜਾਬੀ ਹੁੰਦਿਆਂ ਹੋਇਆਂ ਪੰਜਾਬੀ ਭਾਸ਼ਾ/ਬੋਲੀ ਦਾ ਪੰਜਾਬ ਦੇ ਹੀ ਘਰਾਂ ਵਿੱਚੋਂ ਅਤੇ ਸਕੂਲਾਂ ਵਿੱਚੋਂ ਪਤਨ ਹੋਣਾ ਜਾਂ ਪਤਨ ਕਰ ਦੇਣਾ ਫਿਕਰਮੰਦੀ ਦੀ ਗੱਲ ਹੈ। ਇੱਕ ਹੋਰ ਕੌੜਾ ਸੱਚ ਇਹ ਵੀ ਹੈ ਕਿ ਖ਼ੁਦ ਪੰਜਾਬੀ ਹੀ ਪੰਜਾਬ ਨੂੰ ਖ਼ਾਲੀ ਕਰਦੇ ਜਾ ਰਹੇ ਹਨ। ਇਨ੍ਹਾਂ ਪੰਜਾਬੀਆਂ ਵਿੱਚ ਖੁਦ ਮੈਂ ਵੀ ਸ਼ਾਮਲ ਹਾਂ ਅਤੇ ਕਈ ਦਹਾਕਿਆਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹਾਂ। ਜੇਕਰ ਆਪਾਂ ਮੁਢਲੀ ਸਿੱਖਿਆ ਦੀ ਹੀ ਗੱਲ ਕਰ ਲਈਏ ਤਾਂ ਪੰਜਾਬ ਦੇ ਪ੍ਰਾਈਵੇਟ ਇੰਗਲਿਸ਼ ਮਾਧਿਅਮ ਸਕੂਲਾਂ ਵਿੱਚ ਤਾਂ ਯਕੀਨਨ ਪੰਜਾਬੀ ਖਤਮ ਹੀ ਹੈ। ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਨਾ ਮੰਨਦਿਆਂ ਇਸ ਤਾਂ ਪਤਨ ਲਗਭਗ ਹੋ ਹੀ ਗਿਆ ਹੈ ਜਾਂ ਫਿਰ ਕਰ ਦਿੱਤਾ ਗਿਆ ਹੈ। ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਨੇ ਇਸ ਨੂੰ ਖਾ ਲਿਆ ਹੈ। ਪੰਜਾਬ ਦੇ ਸਰਕਾਰੀ ਜਾਂ ਪ੍ਰਾਈਵੇਟ ਉੱਚ ਅਦਾਰਿਆਂ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਹੀਣਤਾ ਨਾਲ ਲਿਆ ਜਾਂਦਾ। ਸਾਇੰਸ ਦੀ ਵਿੱਦਿਆ ਦਾ ਪੰਜਾਬੀ ਵਿੱਚ ਹੋਣਾ ਇੱਕ ਨਾ ਪੂਰੇ ਹੋਣ ਵਾਲੇ ਸੁਪਨੇ ਵਾਂਗ ਹੀ ਹੈ, ਹਾਲਾਂ ਕਿ ਦੁਨੀਆ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਬੱਚਿਆਂ ਨੂੰ ਮਾਤ ਭਾਸ਼ਾ ਵਿੱਚ ਮਿਲੀ ਮੁਢਲੀ ਸਿੱਖਿਆ ਕਿਸੇ ਵੀ ‘ਓਪਰੀ ਅਤੇ ਅਪਣਾਈ’ ਹੋਈ ਭਾਸ਼ਾ ਦੇ ਮੁਕਾਬਲੇ ਜ਼ਿਆਦਾ ਲਾਭਦਾਇਕ ਹੁੰਦੀ ਹੈ।
ਜੇਕਰ ਵਿੱਦਿਆ ਦੀ ਹੀ ਗੱਲ ਨੂੰ ਹੋਰ ਅੱਗੇ ਤੋਰੀਏ ਤਾਂ ਅੰਗਰੇਜ਼ੀ ਮਾਧਿਅਮ ਸਕੂਲਾਂ ਦਾ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਉਲਝਦੀ-ਉਲਝਦੀ ਤਾਣੀ ਹੋਰ ਉਲਝ ਗਈ ਹੈ। ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਤਾਣੀ ਨਾ ਸੁਲਝਣ ਵਰਗੀ ਹੀ ਬਣ ਗਈ ਹੈ। ਕੁਝ ਦਹਾਕੇ ਪਹਿਲਾਂ ਪਿੰਡਾਂ ਵਿੱਚ ਬਹੁਤਾਤ ਸੰਖਿਆ ਵਿੱਚ ਬੱਚੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਨ। ਅੱਜ ਹਾਲਾਤ ਬਿਲਕੁਲ ਪੁੱਠੇ ਪੈ ਗਏ ਹਨ। ਸਰਕਾਰੀ ਸਕੂਲਾਂ ਵਿੱਚ ਸਿਰਫ ਅਤੇ ਸਿਰਫ ਉਹੀ ਬੱਚੇ ਪੜ੍ਹਦੇ ਹਨ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਪ੍ਰਾਈਵੇਟ ਸਕੂਲ ਵਿੱਚ ਭੇਜਣ ਤੋਂ ਬਿਲਕੁਲ ਹੀ ਅਸਮਰੱਥ ਹਨ। ਲਾ ਪਾ ਕੇ ਹਰੇਕ ਮਾਂ-ਬਾਪ ਆਪਣੇ ਬੱਚੇ ਨੂੰ ਇੰਗਲਿਸ਼ ਮੀਡੀਅਮ ਸਕੂਲ ਵਿੱਚ ਭੇਜਣਾ ਚਾਹੁੰਦਾ ਹੈ। ਪਰ ਲਗਦਾ ਇੰਜ ਵੀ ਹੈ ਕਿ ਕੁਝ ਕੁ ਸਰਦੇ ਪੁੱਜਦੇ ਪਰਿਵਾਰਾਂ ਨੂੰ ਛੱਡ ਕੇ ਬਹੁਤੇ ਪਰਿਵਾਰਾਂ ਦਾ ਹਾਲ ਤਾਂ “ਲਾਹੌਰ ਦੇ ਸ਼ੁਕੀਨ… ਤੇ ਬੋਝੇ ਵਿੱਚ ਗਾਜਰਾਂ ਵਾਲਾ” ਹੀ ਹੈ। ਉਹ ਆਪਣਾ ‘ਨੱਕ ਉੱਚਾ’ ਰੱਖਣ ਲਈ ‘ਅੱਡੀਆਂ ਉੁੱਚੀਆਂ ਚੁੱਕ’ ਕੇ ਫਾਹੇ ਲੈਂਦੇ ਹਨ। ਮਹਿੰਗੀਆਂ ਪੜ੍ਹਾਈਆਂ ਦੇ ਖ਼ਰਚੇ ਉਨ੍ਹਾਂ ਦੇ ਗਲ ਦਾ ਫਾਹਾ ਬਣੀ ਜਾਂਦੇ ਹਨ। ਉਨ੍ਹਾਂ ਦੀ ਆਪਣੀ ਸਿਹਤ ਅਤੇ ਪਰਿਵਾਰ ਦੀ ਭਲਾਈ ’ਤੇ ਵੀ ਅਸਰ ਪਾਉਂਦੇ ਹਨ।
ਅਮਰੀਕਾ ਵਿੱਚ ਸਾਡੇ ਗੁਆਂਢ ਵਿੱਚ ਹੀ ਰਹਿੰਦੇ ਪਰਿਵਾਰ ਦੀ ਸੁਆਣੀ ਰਾਤ ਦਿਨ ‘ਮਸ਼ੀਨ’ ਵਾਂਗ ਕੰਮ ਕਰਦੀ ਹੈ। ‘ਦੋਹਰੀਆਂ’ ਸ਼ਿਫਟਾਂ ਉਸ ਨੂੰ ‘ਇਕਹਿਰੀਆਂ’ ਹੀ ਲਗਦੀਆਂ ਹਨ। ਆਪਣੇ ਅਮਰੀਕਾ ਵਿੱਚ ਪੜ੍ਹਦੇ ਬੱਚਿਆਂ ਅਤੇ ਘਰ ਦੇ ਖ਼ਰਚਿਆਂ ਨਾਲੋਂ ਜ਼ਿਆਦਾ ਉਸ ਨੂੰ ਪੰਜਾਬ ਵਿਚਲੇ ਨਜ਼ਦੀਕੀ ਰਿਸ਼ਤੇਦਾਰ ਦੇ ਬੱਚਿਆਂ ਦੇ ‘ਟੌਪ ਦੇ ਇੰਗਲਿਸ਼ ਸਕੂਲ’ ਦੀਆਂ ਫੀਸਾਂ ਅਤੇ ਰਹਿਣ ਸਹਿਣ ਦੇ ਖ਼ਰਚਿਆਂ ਨੇ ਮਧੋਲਿਆ ਹੀ ਨਹੀਂ ਬਲਕਿ ਢਾਹਿਆ ਹੋਇਆ ਹੈ। ਉਹਦੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਇਹੋ ਜਿਹੇ ਹਾਲਾਤ ਦੇ ਕੋਹਲੂ ਵਿੱਚ ਜਾਣੇ ਅਣਜਾਣੇ ਪੀੜ ਹੋ ਰਹੇ ਹਨ।
ਇਸ ਵਾਰ ਮੈਂ ਕੈਲੇਫੋਰਨੀਆ ਤੋਂ ਆਪਣੇ ਪਿੰਡ ਗਿਆ ਹੋਇਆ ਸੀ। ਘਰੋਂ ਬਾਹਰ ਫਿਰਨੀ ’ਤੇ ਜਾਂਦਿਆਂ ਦੇਖਿਆ ਕਿ ਇੱਕ ਬਜ਼ੁਰਗ (ਹਾਲਾਂ ਕਿ ਉਮਰ ਦੇ ਹਿਸਾਬ ਨਾਲ ਉਹ ਬਜ਼ੁਰਗ ਨਹੀਂ ਸੀ) ਦਿਖਾਈ ਦਿੰਦਾ ਬੰਦਾ ਢਲ਼ਦੇ ਸਿਆਲੂ ਸੂਰਜ ਵੱਲ ਮੂੰਹ ਕਰਕੇ ਬੈਠਾ ਸੀ।
ਮੈਂ ਕੋਲ ਜਾ ਖੜ੍ਹਾ ਹੋਇਆ ਤੇ ਕਿਹਾ, “ਸਤਿ ਸ੍ਰੀ ਅਕਾਲ ਜੀ! ਕੀ ਹਾਲ ਚਾਲ ਆ ਜੀ?”
ਅੱਖਾਂ ਦੇ ਉੱਪਰ ਸੱਜੇ ਹੱਥ ਦੀ ਪੜਛੱਤੀ ਜਿਹੀ ਬਣਾ ਕੇ ਉਹ ਬੋਲਿਆ, “ਹਾਲ ਚਾਲ ਤਾਂ … ਬੱਸ ਐਦਾਂ ਦਾ ਈ ਆ ਪਰ… ਮੈਂ ਤੈਨੂੰ ਪਛਾਣਿਆ ਨਹੀਂ। ... ਥੋੜ੍ਹਾ ਹੋਰ ਲਾਗੇ ਨੂੰ ਹੋਅ… ਮੈਨੂੰ ਦੂਰੋਂ ਕੁਛ ਝੌਲ਼ਾ-ਝੌਲ਼ਾ ਦੀਹਦਾ ਆ।”
ਕੋਲ ਤੋਂ ਵੀ ਹੋਰ ਕੋਲ ਹੁੰਦਿਆਂ ਮੈਂ ਆਪਣੇ ਬਾਰੇ ਦੱਸਦਿਆਂ ਅਤੇ ਗੱਲ ਨੂੰ ਅਗਾਂਹ ਤੋਰਦਿਆਂ ਕਿਹਾ, “ਲਗਦਾ ਆ… ਸਿਆਲੂ ਧੁੱਪ ਸੇਕਦੇ ਹੋ?”
ਅੱਗਿਉਂ ਉਹ ਬੋਲਿਆ, “ਧੁੱਪ ਤਾਂ ਕੀ ਸੇਕਣੀ ਆ... ਮੈਂ ਆਪਣੀ ਪੋਤੀ ਨੂੰ ਲੈਣ ਆਇਆ ਆਂ… ਗਰੇਜੀ (ਅੰਗਰੇਜ਼ੀ) ਸਕੂਲੋਂ ਆਉਣੇ ਵਾਲੀ ਆ… ਸਕੂਲ ਦੀ ਬੱਸ ਵਿੱਚ।”
ਗੱਲ ਨਿੱਬੜਦਿਆਂ ਹੀ ਪੀਲੇ ਰੰਗ ਦੀ ਬੱਸ ਨੇ ਹਾਰਨ ਵਜਾਉਂਦਿਆਂ ਮੋੜ ਕੱਟਿਆ ਤੇ ਉਹ ਸਾਇਕਲ ’ਤੇ ਚੜ੍ਹ ਕੇ ਪੈਡਲ ਮਾਰਦਾ ਵਾਹੋ-ਦਾਹੀ ਉੱਧਰ ਨੂੰ ਚਲਾ ਗਿਆ। ਮੋੜ ਉੱਪਰ ਨਿਆਣੇ ਲਾਹ ਰਹੀ ਬੱਸ ਦੇ ਕੋਲੋਂ ਜਾ ਕੇ ਉਹ ਫਿਰ ਵਾਪਸ ਮੁੜ ਆਇਆ। ਸਾਇਕਲ ਨੂੰ ਸੱਜੇ ਪੈਰ ਨਾਲ ਸਟੈਂਡ ’ਤੇ ਲਾਉਂਦਿਆਂ ਬੋਲਿਆ, “ਮੈਨੂੰ ਲੱਗਾ ਸੀ ਕਿ ਕੁੜੀ ਦੀ ਬੱਸ ਆ ਗਈ… ਪਰ ਇਹ ਤਾਂ ਦੂਜੇ ਗਰੇਜੀ (ਅੰਗਰੇਜ਼ੀ) ਸਕੂਲ ਦੀ ਈ ਬੱਸ ਨਿਕਲੀ। ... ਤੈਨੂੰ ਦੱਸਿਆ… ਮੈਨੂੰ ਦੂਰੋਂ ਕੁਛ ਝੌਲ਼ਾ-ਝੌਲਾ ਈ ਦੀਹਦਾ ਆ।”
ਫਿਰ ਗੱਲ ਨੂੰ ਹੋਰ ਅੱਗੇ ਤੋਰਦਿਆਂ ਉਹ ਬੋਲਿਆ, “ਅੱਖਾਂ ਦੇ ਡਾਕਟਰ ਨੂੰ ਦਿਖਾਲਿਆ ਸੀ… ਕਹਿੰਦਾ ਸੀ ਸਹੀ ਹੋ ਜੂ… ਸਾਫ ਵੀ ਦਿਸੂਗਾ… ਪਰ ਪੰਦਰਾਂ ਵੀਹ ਹਜਾਰ ਰੁਪਈਆ ਲੱਗਣਾ ਆ। ... ਹੁਣ ਤੈਨੂੰ ਤਾਂ ਪਤਾ ਈ ਆ… ਮੇਰਾ ਮੁੰਡਾ ਵੀ ਬਾਹਲਾ ਹੁੰਗਾਰਾ ਨਹੀਂ ਭਰਦਾ! ... ਪਰ ਉਹ ਵੀ ਕੀ ਕਰੇ? ਉਪਰੋਂ… ਆਹ ਗਰੇਜੀ ਸਕੂਲਾਂ ਦੀਆਂ ਫੀਸਾਂ! ... ਮੁੰਡਾ ਕਹਿੰਦਾ ਆ… ਚਲੋ ਮਾੜਾ ਮੋਟਾ ਝੌਲਾ ਈ ਸਹੀ… ਦਿਖਾਈ ਤਾਂ ਦਿੰਦਾ ਈ ਆ। ... ਕੁੜੀ ਨੂੰ ਗਰੇਜੀ ਪੜ੍ਹਾਉਣੀ ਜ਼ਰੂਰੀ ਆ… ਪੜ੍ਹ ਕੇ ‘ਐ-ਲੱਟ’ (IELTS) ਕਰ ਲਊ…।”
ਪੰਜਾਬ ਦੇ ਸਰਕਾਰੀ ਸਕੂਲ ਵਿੱਚ ਪੰਜਾਬੀ ‘ਅਜੇ’ ਪੜ੍ਹਾਈ ਜਾਂਦੀ ਹੈ ਪਰ ਉਹ ਸਕੂਲ ਸਰਕਾਰਾਂ ਦੀਆਂ ਬਦਨੀਤੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਬਗੈਰ ਖ਼ਾਲੀ ਅਤੇ ਬੰਦ ਹੋਈ ਜਾਂਦੇ ਹਨ। ਪ੍ਰਾਈਵੇਟ ਸਕੂਲ ਵਿਦਿਆਰਥੀਆਂ ਨਾਲ ਭਰ-ਭਰ ਕੇ ਡੁੱਲ੍ਹ ਰਹੇ ਹਨ। ਪਰ ਉੱਥੇ ਪੰਜਾਬੀ ਪੜ੍ਹਾਉਣ ਨੂੰ ਤਰਜੀਹ ਤਾਂ ਕੀ ਦੇਣੀ ਹੋਓ, ਬਲਕਿ ਉੱਥੇ ਤਾਂ ਵਿਦਿਆਰਥੀਆਂ ਦੇ ਪੰਜਾਬੀ ਬੋਲਣ ’ਤੇ ਜੁਰਮਾਨੇ ਵੀ ਹੋ ਜਾਂਦੇ ਹਨ। ਘਰਾਂ, ਦੁਕਾਨਾਂ, ਸ਼ਹਿਰਾਂ, ਹਸਪਤਾਲਾਂ, ਦਫਤਰਾਂ ਅਤੇ ਹੋਰ ਅਦਾਰਿਆਂ ਵਿੱਚ ਹੁਣ ਪੰਜਾਬੀ ਬੋਲੀ ਨਹੀਂ ਜਾਂਦੀ। ਪੰਜਾਬੀ ਖ਼ੁਦ ਹੀ ਪੰਜਾਬ ਨੂੰ ਛੱਡ ਕੇ ਬਾਹਰ ਦੌੜ ਰਹੇ ਹਨ, ਪੰਜਾਬ ਨੂੰ ਖ਼ਾਲੀ ਕਰ ਰਹੇ ਹਨ। ਗੈਰ ਪੰਜਾਬ ਜਿਨ੍ਹਾਂ ਦੀ ਮੂਲ ਭਾਸ਼ਾ ਪੰਜਾਬੀ ਨਹੀਂ ਹੈ, ਉਹ ਪੰਜਾਬ ਵੱਲ ਵਹੀਰਾਂ ਘੱਤ ਰਹੇ ਹਨ। ਸੋਚਣਾ ਬਣਦਾ ਹੈ ਕਿ ਫੇਰ ਪੰਜਾਬ ਵਿੱਚ ਪੰਜਾਬੀ ਭਾਸ਼ਾ ਕਿਵੇਂ ਬਚੇਗੀ? ਕੀ ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬੀ ਬੋਲੀ ਦੇ ਫਿਕਰ ਨੂੰ ਲੈ ਕੇ ਖੜਕਾਏ ਜਾ ਰਹੇ ਛਣਕਣਿਆਂ ਨਾਲ?
ਮਨ ਵਿੱਚ ਮੈਂ ਸੋਚਣ ਲੱਗਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਧੀਆ ਯੋਗਤਾ ਵਾਲੇ ਪੜ੍ਹੇ-ਲਿਖੇ ਅਧਿਆਪਕ ਹੁੰਦਿਆਂ ਵੀ ਲੋਕ ਔਖੇ ਹੋ-ਹੋ ਕੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਕਿਉਂ ਭੇਜੀ ਜਾਂਦੇ ਹਨ? ਕੌਣ ਹਨ ਪੰਜਾਬੀ ਦੇ ਰਖਵਾਲੇ?
ਐਵੇਂ ਹੀ ਮੈਂ ਪਿੰਡ ਦੇ ਸਰਕਾਰੀ ਸਕੂਲ ਦੇ ਕੁਝ ਅਧਿਆਪਕਾਂ ਨੂੰ ਪੁੱਛ ਲਿਆ, “ਬਈ ਸੱਜਣੋ, ਤੁਹਾਡੇ ਨਿਆਣੇ ਤਾਂ ਜ਼ਰੂਰ ਈ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੋਣੇ ਆ?”
ਇੱਕ ਵੀ ਸਿਰ ਹਾਂ ਵਿੱਚ ਨਹੀਂ ਹਿੱਲਿਆ ਤਾਂ ਤਾਣਾ ਹੋਰ ਵੀ ਗੁੰਝਲਦਾਰ ਨਿਕਲਿਆ। ਚਿੱਟੀ ਕਪਾਹ ਦੀਆਂ ਫੁੱਟੀਆਂ ਵਰਗੇ ਦਿਨ ਵਿੱਚ ਮੈਨੂੰ ਵੀ ਆਲਾ-ਦੁਆਲਾ ਕੁਛ ਝੌਲ਼ਾ-ਝੌਲ਼ਾ ਹੀ ਦਿਖਾਈ ਦਿੰਦਾ ਜਾਪਣ ਲੱਗਿਆ।
ਪੰਜਾਬੀਆਂ ਦੀ ਮਾਤ-ਭੂਮੀ ਅਤੇ ਮਾਤ-ਭਾਸ਼ਾ ਮਰ ਰਹੀ ਹੈ। ਕਿਸੇ ਹੋਰ ਨੂੰ ਦੋਸ਼ ਤਾਂ ਤਦ ਹੀ ਦੇਈਏ ਜੇਕਰ ਪੰਜਾਬੀ ਖ਼ੁਦ ਇਸਦੇ ਜ਼ਿੰਮੇਵਾਰ ਨਾ ਹੋਣ…
ਹਮੇ ਤੋਂ ਅਪਨੋ ਨੇ ਲੂਟਾ, ਗ਼ੈਰੋਂ ਮੇਂ ਕਹਾਂ ਦਮ ਥਾਂ।
ਹਮਾਰੀ ਕਿਸ਼ਤੀ ਵਹਾਂ ਡੂਬੀ, ਜਹਾਂ ਪਾਨੀ ਕਮ ਥਾਂ।
ਪੰਜਾਬ ਦੀਆਂ ਆਈਆਂ, ਗਈਆਂ ਅਤੇ ਫਿਰ ਆਈਆਂ ਸਰਕਾਰਾਂ, ਪੰਜਾਬੀ ਮਾਂ ਬੋਲੀ ਦੇ ‘ਸੇਵਾਦਾਰਾਂ ਅਤੇ ਰਖਵਾਲਿਆਂ’ ਦੇ ਹੁੰਦਿਆਂ-ਸੁੰਦਿਆਂ ਅਤੇ ਫੋਕੇ ਦਾਅਵਿਆਂ ਦੇ ਬਾਵਜੂਦ ਮਾਂ ਬੋਲੀ ਦਾ ਹਾਲ ਤਾਂ “ਤੀਹ ਪੁੱਤਰ ਤੇ ਚਾਲੀ ਪੋਤਰੇ, ਅਜੇ ਵੀ ਬਾਬਾ ਘਾਹ ਖੋਤਰੇ” ਵਾਲਾ ਹੀ ਹੈ। ਨਜ਼ਦੀਕ ਤੋਂ ਜਾਂ ਫਿਰ ਦੂਰੋਂ ਇਸ ‘ਝੌਲ਼ੇਪਨ’ ਵਿੱਚ ਪੰਜਾਬੀ ਮਾਂ-ਬੋਲੀ ਦਾ ਹਾਲ-ਚਾਲ ਅਤੇ ਆਉਂਦਾ ਕੱਲ੍ਹ ਚੰਗਾ ਨਹੀਂ ਦਿਸਦਾ। ਮਾਂਵਾਂ ਤੋਂ ਬਗੈਰ ਧੀਆਂ ਨੂੰ ਪੇਕਾ ਘਰ ਓਪਰਾ-ਓਪਰਾ ਲੱਗਣ ਲੱਗ ਜਾਂਦਾ ਹੈ। ਉਨ੍ਹਾਂ ਦਾ ਮਨ ਪੇਕੇ ਘਰ ਜਾਣ ਨੂੰ ਹੀ ਨਹੀਂ ਮੰਨਦਾ। ਠੀਕ ਇੰਜ ਹੀ ਮਾਂ ਬੋਲੀ ਤੋਂ ਸੱਖਣੀ ਮਾਤ-ਭੂਮੀ ਵਿੱਚ ਕਿਹੜੇ ਪੰਜਾਬੀ ਦਾ ਜਾਣ ਨੂੰ ਮਨ ਕਰੇਗਾ? ਪਰ ਫਿਰ ਵੀ ਸੰਸਾਰ ਦੇ ਹਰ ਕੋਨੇ ਵਿੱਚ ਵਸਦੇ ਹਰ ਹਿੰਮਤੀ ਪੰਜਾਬੀ ਨੂੰ ਆਪਣੀ ਮਾਂ ਬੋਲੀ ਨੂੰ ਜਿਊਂਦੇ ਜਾਗਦੇ ਰੱਖਣ ਲਈ ਘੱਟ ਤੋਂ ਘੱਟ ਆਪਣਾ ਖ਼ੁਦ ਦਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ, ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ। ਪੰਜਾਬੀ ਪੜ੍ਹ ਕੇ, ਪੰਜਾਬੀ ਬੋਲ ਕੇ, ਪੰਜਾਬੀ ਲਿਖ ਕੇ, ਸੁਣ ਕੇ, ਸੁਣਾ ਕੇ… ਅਤੇ ਆਪਣੇ ਖ਼ੁਦ ਦੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਕੇ।
ਮਾਂ ਦਾ ਰਿਸ਼ਤਾ
ਰਿਸ਼ਤਿਆਂ ਦੇ
ਤਾਣਿਆਂ-ਬਾਣਿਆਂ ਵਿੱਚੋਂ
ਮਾਂ ਦਾ ਰਿਸ਼ਤਾ ਬੇਹੱਦ ਪਿਆਰਾ, ਨਾਜ਼ਕ, ਕੋਮਲ
ਜਾਂ ਫਿਰ ਕਹਿ ਲਵੋ ਕਿ ਆਪਸੀ ਗੰਢ ਵਾਲਾ ਹੁੰਦਾ ਹੈ!
ਸ਼ਾਇਦ ਨਹੀਂ
ਯਕੀਨਨ ਹੀ ‘ਨਾੜੂ’ ਦੀ ਸਾਂਝ ਦਾ ਖੇਲ੍ਹ ਹੈ
ਗੁਰਬਾਣੀ ਨੇ ਧਰਤੀ ਨੂੰ ਮਾਂ ਨਾਲ ਗੰਢਿਆ ਹੈ
ਸਮਾਜ, ਸੱਭਿਆਚਾਰ ਅਤੇ ਕਲਚਰ ਨੇ ਬੋਲੀ ਨੂੰ!
ਪਰ ਨਾਸ਼ੁਕਰਾ ਬੰਦਾ
ਮਾਂ-ਭੂਮੀ ਤੇ ਮਾਂ-ਬੋਲੀ ਦੇ ਤਾਣਿਆਂ ਦੀਆਂ
ਤੰਦਾਂ ਨੂੰ ਲੂਹਣ-ਜਾਲਣ ਤੇ ਕੱਟਣ-ਵੱਢਣ ਲਈ
ਆਪਣਾ ਖੁਦ ਦਾ ਤਾਣਾਬਾਣਾ ਬੁਣਦਾ ਰਹਿੰਦਾ ਹੈ!
ਇਹ ਸਿਲਸਿਲਾ ਚਿਰਾਂ ਤੋਂ
ਚਲਦਾ ਆਇਆ ਹੈ
ਤੇ ਅੱਗੇ ਚੱਲੇਗਾ ਵੀ
ਸਿਰਫ ਵੇਗ ਹੀ ਵੱਧ-ਘੱਟ ਘੱਟ-ਵੱਧ ਹੁੰਦਾ ਰਿਹਾ
ਸੰਭਲੋ! ...ਅਜੋਕਾ ਸਮਾਂ ਵੱਧ ਤੋਂ ਵੀ ਵੱਧ ਵੇਗ ਵਾਲਾ ਹੈ!
ਜ਼ਰਾ ਸੰਭਲੋ!
ਮਾਤ-ਭੂਮੀ ਤੇ ਮਾਂ-ਬੋਲੀ ਦੇ ਵਾਰਸੋ
ਸੁਣਿਆ ਏ ਰਿਸ਼ਤੇ ਟੁੱਟਦੇ-ਟੁੱਟਦੇ ਟੁੱਟ ਜਾਂਦੇ ਨੇ
ਆਪਣੀ ਮਾਂ ਨੂੰ ਸੰਭਾਲੋ ਤੇ ਟੁੱਟਦੇ ਨਾੜੂਆਂ ਨੂੰ ਵੀ!
ਵਕਤ ਰਹਿੰਦਿਆਂ...
ਮਾਤ-ਭੂਮੀ ਨੂੰ ਸਾਂਭੋ… ਮਾਂ-ਬੋਲੀ ਨੂੰ ਵੀ ਸੰਭਾਲੋ
ਮਾਂ-ਭੂਮੀ ਨੂੰ ਭੁੱਲ ਜਾਵੋਗੇ ਤਾਂ ਐਵੇਂ ਹੀ ਰੁਲ ਜਾਵੋਗੇ
ਮਾਂ-ਬੋਲੀ ਨੂੰ ਭੁੱਲ ਜਾਵੋਗੇ ਤਾਂ ਐਵੇਂ ਹੀ ਰੁਲ ਜਾਵੋਗੇ!
**
ਜ਼ਿੰਦਗੀ ਜ਼ਿੰਦਾਬਾਦ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































