“ਮਾਸੀ ਨੂੰ ਅੱਧ ਵਿੱਚੋਂ ਟੋਕਦਿਆਂ ਅਤੇ ਥੋੜ੍ਹਾ ਨਿਰਾਸ ਜਿਹਾ ਹੋਇਆ ਮਾਸੜ ਬੋਲਿਆ ...”
(7 ਅਪਰੈਲ 2026)
ਭਾਵੇਂ ਹਰੇਕ ਮਨੁੱਖ ਨੂੰ ‘ਤੀਸਰਾ ਨੇਤਰ’ ਨਸੀਬ ਨਹੀਂ ਹੁੰਦਾ, ਪਰ ਫਿਰ ਵੀ ਜੀਵਨ ਜਿਊਂਦਿਆਂ ਅਸੀਂ ਆਪਣੇ ਆਲੇ-ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਤੋਂ ਥੋੜ੍ਹਾ ਬਹੁਤ ਤਾਂ ਜ਼ਰੂਰ ਪ੍ਰਭਾਵਿਤ ਹੁੰਦੇ ਹਾਂ। ਕੁਝ ਪ੍ਰਭਾਵ ਸਮੇਂ ਦੀ ਧੂੜ ਵਿੱਚ ਗੁਆਚ ਜਾਂਦੇ ਹਨ ਅਤੇ ਕੁਝ ਕੁ ਯਾਦਾਂ ਦੇ ਪ੍ਰਛਾਵੇਂ ਬਣ ਕੇ ਸਾਡੇ ਸਾਥ ਸਾਥ ਚਲਦੇ ਰਹਿੰਦੇ ਹਨ। ਕਈ ਵਾਰੀ ਤਾਂ ਸਧਾਰਨ ਜਿਹੀਆਂ ਸਥਿਤੀਆਂ ਵੀ ਅਸਧਾਰਨ ਸਬਕ ਸਿਖਾ ਜਾਂਦੀਆਂ ਹਨ। ਦਹਾਕਿਆਂ ਪਹਿਲਾਂ ਮਾਸੀ-ਮਾਸੜ ਸਾਨੂੰ ਇੰਡੀਆ ਤੋਂ ਕੈਲੇਫੋਰਨੀਆ ਮਿਲਣ ਵਾਸਤੇ ਆਏ। ਅਸੀਂ ਖੁਦ ਅਜੇ ਆਪਣੇ ਪਰਵਾਸ ਦਾ ਸੰਘਰਸ਼ ਸ਼ੁਰੂ ਹੀ ਕੀਤਾ ਸੀ। ਉਨ੍ਹਾਂ ਨੇ ਆਪਣੇ ਕਿਸੇ ਕਰੀਬੀ ਰਿਸ਼ਤੇਦਾਰ ਨੂੰ ਮਿਲਣ ਜਾਣ ਦੀ ਇੱਛਾ ਜ਼ਾਹਰ ਕੀਤੀ, ਜੋ ਢਾਈ ਤਿੰਨ ਕੁ ਘੰਟੇ ਦੀ ਵਿੱਥ ’ਤੇ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਸਨ। ਇਹ ਮੋਬਾਇਲ ਫ਼ੋਨ ਅਤੇ ਸਮਾਰਟ ਫ਼ੋਨ ਦੇ ਜ਼ਮਾਨੇ ਤੋਂ ਚਿਰ ਪਹਿਲਾਂ ਦੀਆਂ ਗੱਲਾਂ ਨੇ। ਘਰ ਵਾਲੇ ਫ਼ੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਦੇ ਘਰ ਦਾ ਥਾਂ ਟਿਕਾਣਾ ਅਸੀਂ ਪੁੱਛ ਕੇ ਲਿਖ ਲਿਆ।
ਮਿਲਣ ਜਾਣ ਤੋਂ ਪਹਿਲਾਂ ਹੀ ਮਾਸੜ ਜੀ ਨੇ ਆਪਣੇ ਰਿਸ਼ਤੇਦਾਰਾਂ ਦੁਆਰਾ ਦਿੱਤੀ ‘ਉੱਡਦੀ-ਉੱਡਦੀ’ ਜਾਣਕਾਰੀ ਇਕੱਠੀ ਕਰਕੇ ਸਾਡੇ ਅੱਗੇ ਉਨ੍ਹਾਂ ਦੀਆਂ ਸਿਫਤਾਂ ਦੇ ਹਵਾਈ ਪੁਲ ਬੰਨ੍ਹ ਦਿੱਤੇ। ਉਨ੍ਹਾਂ ਦੀਆਂ ਗੱਲਾਂ-ਬਾਤਾਂ ਵਿੱਚੋਂ ਇਹ ਰਿਸ਼ਤੇਦਾਰ ਬੜੇ ਸਰਦੇ-ਪੁੱਜਦੇ, ਖੁੱਲ੍ਹੇ-ਡੁੱਲ੍ਹੇ ਦਿਲ ਵਾਲੇ, ਮੋਹਖੋਰੇ ਅਤੇ ਮਿਲਣਸਾਰ ਸੱਜਣ ਜਾਪੇ। ਮਾਸੀ-ਮਾਸੜ ਸਾਨੂੰ ਉਨ੍ਹਾਂ ਪਾਸ ਇੱਕ ਦਿਨ ਵਾਸਤੇ ਠਹਿਰਨ ਲਈ ਜ਼ੋਰ ਵੀ ਪਾਉਣ ਲੱਗੇ ਤਾਂ ਕਿ ‘ਆਪਣਿਆਂ’ ਨਾਲ ਵਾਕਫ਼ੀਅਤ ਹੋ ਜਾਵੇ। ਆਖਣ ਲੱਗੇ, “ਕੀ ਪਤਾ ਹੁੰਦਾ ਪਰਦੇਸ ਵਿੱਚ ਕਦ ਕਿਸੇ ‘ਭਲੇ ਬੰਦੇ’ ਦੀ ਜ਼ਰੂਰਤ ਪੈ ਜਾਵੇ?”
ਇਹ ਦੁਨੀਆਂ ਆਸਾਂ ਅਤੇ ਉਮੀਦਾਂ ਦੇ ਸਹਾਰੇ ਚਲਦੀ ਹੈ ਅਤੇ ਅਸੀਂ ਵੀ ਇਸ ਦੁਨੀਆਂ ਦਾ ਹਿੱਸਾ ਹੀ ਹਾਂ। ਪ੍ਰੋਗਰਾਮ ਬਣਾਉਂਦਿਆਂ ਅਸੀਂ ਸੋਚਿਆ ਕਿ ਮਾਸੀ-ਮਾਸੜ ਨੂੰ ਉਨ੍ਹਾਂ ਕੋਲ ਛੱਡ ਕੇ ਦੂਸਰੇ ਦਿਨ ਸਵੇਰੇ ਸਵੇਰੇ ਵਾਪਸ ਘਰ ਪਰਤ ਆਵਾਂਗੇ।
ਵੱਡੇ ਸ਼ਹਿਰ ਦੇ ਖ਼ੂਬਸੂਰਤ ਇਲਾਕੇ ਵਿੱਚ ਵੱਡੇ ਘਰ ਦੇ ਅੰਦਰ ਬੈਠਿਆਂ ਅਤੇ ਠੰਢਾ-ਗਰਮ ਵਗੈਰਾ ਪੀਂਦਿਆਂ ਹੀ ਮਾਸੀ-ਮਾਸੜ ਦੇ ਰਿਸ਼ਤੇਦਾਰ ਜੋੜੇ ਨੇ ਆਪਣੀ ਨਿੱਗਰ ਭੂਮਿਕਾ ਅਤੇ ਠੁੱਕ ਬੰਨ੍ਹਣ ਲਈ ਆਪਣੇ ਲੰਮੇ-ਚੌੜੇ ਕਾਰੋਬਾਰਾਂ ਦੇ ਵੱਡੇ-ਵੱਡੇ ਚਿੱਠੇ ਮਿੰਟੋ-ਮਿੰਟੀ ਫਰੋਲ ਦਿੱਤੇ। ਭਾਵੇਂ ਇਹ ਸੱਚ ਹੈ ਕਿ ਪਦਾਰਥਾਂ ਤੋਂ ਬਗੈਰ ਜ਼ਿੰਦਗੀ ਦੀ ਗੱਡੀ ਨਹੀਂ ਰਿੜ੍ਹਦੀ ਪਰ ਫਿਰ ਵੀ ਸਾਰੀ ਇੱਕ ਪਾਸੜ ਜਿਹੀ ਗੱਲਬਾਤ ਵਿੱਚ ਅੰਦਰੂਨੀ ਖਾਲੀਪਣ ਨਾਲ ਖੜਕਦੇ ਰਿਸ਼ਤੇਦਾਰਾਂ ਦੀ ਦੌਲਤ ਅਤੇ ਪਦਾਰਥਾਂ ਨੇ ਸਭ ਤੋਂ ਵੱਧ ਖੌਰੂ ਪਾਇਆ। ਪਰਵਾਸ ਦੀ ਜ਼ਿੰਦਗੀ ਦੇ ਸ਼ੁਰੂਆਤੀ ਸੰਘਰਸ਼ੀ ਪਲਾਂ ਵਿੱਚੋਂ ਲੰਘਦਿਆਂ ‘ਪਦਾਰਥੀ ਵਾ-ਵਰੋਲਿਆਂ’ ਨੇ ਸਾਡੇ ਵਰਗੇ ਹਮਾਤੜਾਂ ਦੇ ਮੱਥਿਆਂ ’ਤੇ ਤਰੇਲੀਆਂ ਲਿਆ ਦਿੱਤੀਆਂ…! ਚੰਗੀਆਂ ਭਲੀਆਂ ਸ਼ਾਮਾਂ ਖੁਸ਼ਕ ਅਤੇ ਲੰਮੀਆਂ ਹੋਣੀਆਂ ਸ਼ੁਰੂ ਹੋ ਗਈਆਂ।
ਅਧੂਰੀ ਰਹਿ ਗਈ ਜਾਣ-ਪਛਾਣ ਅਤੇ ਪ੍ਰਾਹੁਣਚਾਰੀ ਦੇ ਰੰਗ ਨੂੰ ਗੂੜ੍ਹਾ ਕਰਦਿਆਂ ਅਤੇ ਸਾਨੂੰ ਮੀਆਂ-ਬੀਵੀ ਨੂੰ ਸੰਬੋਧਿਤ ਹੁੰਦਿਆਂ ਮੇਜ਼ਬਾਨ ਜੋੜੀ ਬੋਲੀ, “ਲੱਗਦਾ ਹੈ ਕਿ ਤੁਸੀਂ ਤਾਂ ਇਨ੍ਹਾਂ ਨੂੰ ਛੱਡ ਕੇ ਮੁੜ ਹੀ ਜਾਣਾ ਹੋਣਾ?”
ਬਿਨਾਂ ਜਵਾਬ ਉਡੀਕਦਿਆਂ ਰਿਸ਼ਤੇਦਾਰਨੀ ਗੱਲ ਨੂੰ ਹੋਰ ਅੱਗੇ ਤੋਰਦੀ ਹੋਈ ਬੋਲੀ, “ਚਲੋ ਇਹ ਵੀ ਚੰਗਾ ਹੀ ਹੋਇਆ ਕਿ ਤੁਸੀਂ ਇਨ੍ਹਾਂ ਨੂੰ ਮਿਲਾਉਣ ਆਪ ਹੀ ਲੈ ਆਏ! ਸਾਡੇ ਪਾਸ ਕਿਸੇ ਨੂੰ ਛੱਡਣ ਜਾਂ ਲਿਆਉਣ ਦਾ ‘ਟੈਮ’ ਹੀ ਕਿੱਥੋਂ ਹੈ?”
ਕਿਰਕਿਰੀਆਂ, ਬੇਸੁਆਦ ਅਤੇ ਰੁੱਖੀਆਂ ਜਿਹੀਆਂ ਗੱਲਾਂ-ਗੱਪਾਂ ਦੇ ਵਾਵਰੋਲਿਆਂ ਸੰਗ ਘੁੰਮਦਿਆਂ ਹੋਇਆਂ ਵੀ ਮਾਸੀ ਸਾਡੇ ਕੰਨਾਂ ਕੋਲ ਮੂੰਹ ਕਰਦਿਆਂ ਬੋਲੀ, “ਤੁਸੀਂ ਇੰਜ ਕਰਿਓ… ਕਿ ਸਵੇਰੇ-ਸਾਝਰੇ ਹੀ ਇੱਥੋਂ ਨਿਕਲ ਜਾਇਓ!”
ਮਾਸੀ ਨੂੰ ਅੱਧ ਵਿੱਚੋਂ ਟੋਕਦਿਆਂ ਅਤੇ ਥੋੜ੍ਹਾ ਨਿਰਾਸ ਜਿਹਾ ਹੋਇਆ ਮਾਸੜ ਬੋਲਿਆ, “ਨਹੀਂ... ਨਹੀਂ… ਮਿਲ ਲਿਆ ਬਥੇਰਾ! ... ਤੁਸੀਂ ਵਾਪਸ ਮੁੜ ਜਾਓ, ਹੁਣੇ ਈ ... ਇੱਥੇ ਰਾਤ ਨਹੀਂ ਰਹਿਣਾ…।”
ਰਿਸ਼ਤੇਦਾਰਾਂ ਪਾਸ ਰਹਿਣ ਜਾਂ ਵਾਪਸ ਜਾਣ ਦੇ ਭੰਬਲਭੂਸੇ ਦੌਰਾਨ ਹੀ ਰੋਟੀ-ਪਾਣੀ ਵੀ ਡਾਇਨਿੰਗ ਟੇਬਲ ’ਤੇ ਪਹੁੰਚ ਗਿਆ। ਅਜੇ ਖਾਣਾ ਸ਼ੁਰੂ ਹੀ ਕੀਤਾ ਸੀ ਕਿ ਮੇਜ਼ਬਾਨ ਰਿਸ਼ਤੇਦਾਰਨੀ ਸਾਡੇ ‘ਚੌਹਾਂ’ ਵੱਲ ਗਹੁ ਨਾਲ ਦੇਖ ਕੇ ਅਤੇ ਮਨ ਵਿੱਚ ਗਿਣਤੀਆਂ ਮਿਣਤੀਆਂ ਕਰਦੀ ਫਿਰ ਬੋਲ ਪਈ, …
“ਜੇਕਰ ਸਾਨੂੰ ਪਤਾ ਹੁੰਦਾ ਕਿ ਤੁਸੀਂ ‘ਐਨਿਆਂ ਜਣਿਆਂ’ ਨੇ ਇਕੱਠੇ ਹੋ ਕੇ ਆਉਣਾ ਹੈ ਤਾਂ ਅਸੀਂ ਪੇਪਰ ਦੀਆਂ ਪਲੇਟਾਂ-ਗਲਾਸ ਹੀ ਲੈ ਆਉਂਦੇ… ਤੇ ਭਾਂਡੇ ਧੋਣ ਦਾ ਯਭ ਹੀ ਨਾ ਰਹਿੰਦਾ!”
ਗੱਲਾਂ ਤਾਂ ਸ਼ਾਇਦ ਸਧਾਰਨ ਜਿਹੀਆਂ ਹੀ ਸਨ, ਪਰ ਪਦਾਰਥੀ ਅਮੀਰੀ ਦੇ ਖੋਲ ਥੱਲਿਓਂ ਉਨ੍ਹਾਂ ਦੀ ਰੂਹ ਦੀ ਕੰਗਾਲੀ ਨੂੰ ਦੇਖ, ਜਾਣ ਅਤੇ ਮਾਣ ਕੇ ਸਾਡੇ ਮੂੰਹ ਵਿੱਚ ਪਾਈ ਹੋਈ ਰੋਟੀ ਦੀ ਬੁਰਕੀ ਵੀ ਫੁੱਲਣ ਲੱਗ ਪਈ। ਮਨ ਉੱਥੋਂ ਦੌੜਨ ਨੂੰ ਕਾਹਲ਼ਾ ਪੈਣ ਲੱਗ ਪਿਆ। ਚੁੱਪ ਮਨ ਨਾ ਚਾਹੁੰਦਿਆਂ ਹੋਇਆਂ ਵੀ ਬੁੜਬੜਾਉਣ ਲੱਗਾ…
ਦੂਰੋਂ
ਜੋ ਜਾਪਦੇ ਸਨ
ਛੂਹਣ ਅਸਮਾਨਾਂ ਨੂੰ
ਕੋਲ ਜਾ ਕੇ ਦੇਖਿਆ ਤਾਂ
ਸਿੰਬਲ ਦੇ ਰੁੱਖ ਵਰਗੇ ਈ ਨਿਕਲੇ!
ਸ਼ਰਮਿੰਦਗੀ ਨਾਲ ਜਲਦੀ-ਜਲਦੀ ਦੋ ਚਾਰ ਵੱਡੀਆਂ-ਵੱਡੀਆਂ ਬੁਰਕੀਆਂ ਅੰਦਰ ਸੁੱਟ ਅਸੀਂ ਉਨ੍ਹਾਂ ਦੇ ਘਰ ਦੇ ਬਾਹਰਲੇ ਬੂਹੇ ਤੋਂ ਬਾਹਰ ਨਿਕਲ ਕੇ ਲੰਮਾ ਅਤੇ ਸੌਖਾ ਸਾਹ ਲਿਆ। ਛੋਟੇ ਦਿਲ ਵਾਲੇ ਸੱਜਣਾਂ ਦੇ ਵੱਡੇ ਘਰ ਵਿੱਚੋਂ ਬਾਹਰ ਨਿਕਲਦਿਆਂ ਇੰਜ ਮਹਿਸੂਸ ਹੋਇਆ ਜਿਵੇਂ ਪਿੰਡੇ ਲੂੰਹਦੀ ਧੁੱਪ ਵਿੱਚ ਸੀਤ ਹਵਾ ਦਾ ਬੁੱਲਾ ਸਾਡਾ ਹਾਲ-ਚਾਲ ਜਾਣਨ ਲਈ ਆ ਪਹੁੰਚਾ ਹੋਵੇ!
‘ਮਾਸੜ ਦੇ ਕਰੀਬ’ ਪਰ ‘ਦਿਲ ਦੇ ਗ਼ਰੀਬ’ ਰਿਸ਼ਤੇਦਾਰਾਂ ਕੋਲ “ਰਾਤ ਠਹਿਰਨ” ਵਾਸਤੇ ਨਾਲ ਲਿਆਂਦੇ ਸਮਾਨ ਵਾਲੇ ਬੈਗ ਨੂੰ ਕੱਢਣ ਦੀ ਨੌਬਤ ਹੀ ਨਾ ਪਈ।
ਖ਼ੁਦ ਨੂੰ ਵੱਡੇ
ਕਰਦਿਆਂ ਕਰਦਿਆਂ
ਕਦੇ-ਕਦੇ ਕੁਛ ਲੋਕ
ਦਿਲ ਦੇ
ਐਨੇ ਕੰਗਾਲ ਹੋ ਜਾਂਦੇ ਨੇ
ਕਿ
ਨਾ ਉਹ ਮੁਹੱਬਤਾਂ
ਵੰਡਣ ਜੋਗੇ ਰਹਿੰਦੇ ਹਨ
ਤੇ ਨਾ ਹੀ ਆਪਣੀ ਝੋਲ਼ੀ ਪੁਆਉਣ ਜੋਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































