“ਸਾਡਾ ਜੀਵਨ ਵੀ ਇੱਕ ਨਾਟਕ ਹੀ ਤਾਂ ਹੈ, ਥੋੜ੍ਹਾ ਲੰਮਾ ਹੀ ਸਹੀ। ਇੰਜ ਲਗਦਾ ਹੈ ਜਿਵੇਂ ...”
(25 ਮਈ 2026)
ਸਾਡੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਕਿਸੇ ਇਸ ਤਰ੍ਹਾਂ ਦੀ ਸ਼ਖਸੀਅਤ ਦਾ ਜ਼ਿਕਰ ਆਉਂਦਾ ਹੈ, ਜਾਂ ਫਿਰ ਉਸ ਨਾਲ ਵਾਹ ਪੈਂਦਾ ਹੈ, ਜਿਸ ਨੂੰ ਅਸੀਂ ਆਪਣੀ ‘ਇਨਸਾਨੀਅਤ ਅਤੇ ਇਨਸਾਫ’ ਦੀ ਐਨਕ ਲਾ ਕੇ ਕਹਿ ਦਿੰਦੇ ਹਾਂ, “ਇਹ ਕਮਲਾ ਆ… ਇਹ ਤਾਂ ਸਿੱਧਾ ਜਿਹਾ ਈ ਆ।” ਹਾਲਾਂ ਕਿ ਅਸੀਂ ਸਾਰੇ ਅੱਧੇ-ਅਧੂਰੇ ਹੀ ਹਾਂ, ਪੂਰਾ ਕੋਈ ਵੀ ਨਹੀਂ। ਕੋਈ ਨਾ ਕੋਈ ਘਾਟ ਜ਼ਰੂਰ ਹੁੰਦੀ ਹੈ ਭਾਵੇਂ ਹਰ ਇੱਕ ਆਪਣੇ ਆਪ ਨੂੰ ਸੰਪੂਰਨ ਹੀ ਸਮਝਦਾ ਹੈ।
ਇਨਸਾਨ ਨੂੰ ਆਪਣੇ ਆਪ ਨੂੰ ਉੱਚਾ-ਸੁੱਚਾ ਜਾਂ ਉੱਤਮ ਕਹਾਉਣ ਦੀ ਕਸ਼ਮਕਸ਼ ਹਰ ਵਕਤ ਸਤਾਉਂਦੀ ਰਹਿੰਦੀ ਹੈ। ਕਈ ਵਾਰੀ ਕੁਦਰਤੀ ਹੀ ਰੱਬ ਦੇ ਰੰਗ ਵਿੱਚ ਜਾਂ ਫਿਰ ਦਿਮਾਗੀ ਵਧਣ ਫੁੱਲਣ ਦੀ ਪ੍ਰਕਿਰਿਆ ਦੀ ਕਮੀ ਕਰਕੇ ਕੋਈ ਇਹੋ ਜਿਹਾ ਪ੍ਰਤੀਤ ਹੁੰਦਾ ਹੈ ਜਿਸ ਨੂੰ ‘ਸਿਆਣੇ ਲੋਕ ‘ਸਿੱਧਿਆਂ’ ਦੀ ਸ਼੍ਰੇਣੀ ਵਿੱਚ ਪਾ ਦਿੰਦੇ ਹਨ। ਉਸ ਨੂੰ ਘਟੀਆ ਜਾਂ ਨਾ-ਸਮਝ ਮੰਨ ਕੇ ਉਸਦੀ ਕਿਸੇ ਗੱਲਬਾਤ ਜਾਂ ਵਿਚਾਰ ਵੱਲ ਧਿਆਨ ਹੀ ਨਹੀਂ ਦਿੰਦੇ। ਬਹੁਤੀ ਵਾਰੀ ਇਹੋ ਜਿਹੇ ਲੋਕ ਦੂਸਰੇ ਲੋਕਾਂ ਜਾਂ ਫਿਰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਦੁਰ-ਵਿਹਾਰ ਵੀ ਹੰਢਾਉਂਦੇ ਹਨ। ਬਹੁਤ ਸਾਰੇ ਤਾਂ ਇਹ ਸਿੱਧੇ ਲੋਕ ਆਟਿਜ਼ਮ ਕਰਕੇ ਹੀ ਹੁੰਦੇ ਹਨ। ਆਟਿਜ਼ਮ ਦੀਆਂ ਵੀ ਕਈ ਕਿਸਮਾਂ ਅਤੇ ਪਰਤਾਂ ਹੁੰਦੀਆਂ ਹਨ। ਸਮਾਜ ਵਿੱਚ ਤਬਦੀਲੀ ਆਉਣ ਕਰਕੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਕੁਝ ਚੰਗੀ ਹੋ ਰਹੀ ਹੈ ਤੇ ਹੋਰ ਵੀ ਜ਼ਿਆਦਾ ਚੰਗੀ ਹੋ ਸਕਦੀ ਹੈ। ਪੁਰਾਣੇ ਸਮੇਂ ਵਿੱਚ ਅਕਸਰ ਇਨ੍ਹਾਂ ਦੀ ਦਸ਼ਾ ਦੁਰਦਸ਼ਾ ਵਿੱਚ ਬਦਲ ਜਾਂਦੀ ਸੀ। ਮੈਂ ਉਨ੍ਹਾਂ ਕਮਲਿਆਂ ਜਾਂ ਸਿੱਧਿਆਂ ਦੀ ਗੱਲ ਨਹੀਂ ਕਰਦਾ ਜੋ ਲੋਕਾਂ ਦੇ ਭਾਂਡੇ-ਬਰਤਨ ਆਪਣੇ ਘਰ ਨੂੰ ਚੁੱਕ ਲਿਆਉਂਦੇ ਹਨ। ਇਹ ਕਮਲੇ ਨਹੀਂ ਹੁੰਦੇ ਕਿਉਂਕਿ ਭਾਂਡੇ ਲਿਆਉਂਦੇ ਹਨ, ਛੱਡ ਕੇ ਨਹੀਂ ਆਉਂਦੇ, ਮਤਲਬ ਕਿ ਭਾਂਡਿਆ ਦਾ ਵਹਾ ਇੱਕ ਪਾਸੜ ਹੀ ਹੁੰਦਾ ਹੈ।
ਪੂਰਾ ਨਾਂ ਸ਼ਾਇਦ ਉਸਦਾ ਤਾਰਾ ਸਿੰਘ ਸੀ ਪਰ ਸਾਰੇ ਉਹਨੂੰ “ਤਾਰੂ” ਜਾਂ “ਜਗ ਸਿਉਂ ਦਾ ਤਾਰੂ” ਹੀ ਕਹਿੰਦੇ ਸੀ। ਜ਼ਮਾਨੇ ਦੀਆਂ ਨਜ਼ਰਾਂ ਵਿੱਚ ਸਿੱਧਾ ਜਾਂ, ਕਮਲਾ ਜਾਂ ਮਸਤ ਬੰਦਾ ਹੋਣ ਕਰਕੇ ਉਸਦੇ ਘਰ ਵਾਲਿਆਂ ਅਤੇ ਲੋਕਾਂ ਨੇ ਉਹਦਾ ਨਾਂਅ ਵੀ ਖਾ ਲਿਆ ਇੱਕ ਪਾਸਿਓਂ। ਪਿੰਡ ਦੀ ਲਹਿੰਦੀ ਪੱਤੀ ਦੇ ਜਗਤ ਸਿੰਘ ਅਤੇ ਕਰਤਾਰੀ ਦੀ ਤੀਸਰੀ ਔਲਾਦ ਸੀ ਤਾਰੂ। ਪੰਜ ਭੈਣ ਭਰਾਵਾਂ ਦੀ ਕਤਾਰ ਦੇ ਐਨ ਵਿਚਕਾਰ। ਭਰਵਾਂ ਜਵਾਨ, ਕੱਦ ਕਰੀਬ ਛੇ ਫੁੱਟ ਉੱਚਾ, ਸੋਹਣੇ ਨੈਣ-ਨਕਸ਼, ਸਿਰੋਂ ਮੋਨਾ ਅਤੇ ਦਾਹੜੀ ਹਮੇਸ਼ਾ ਕਤਰੀ ਹੋਈ ਹੁੰਦੀ ਸੀ। ਜ਼ਿਆਦਾ ਕਰਕੇ ਖੱਦਰ ਜਾਂ ਤੱਪੜ ਵਰਗੇ ਮੋਟੇ ਕੱਪੜੇ ਦਾ ਕੁੜਤਾ ਤੇ ਲੰਮਾ ਜਿਹਾ ਕਛਹਿਰਾ ਜਾਂ ਪਜਾਮਾ ਹੀ ਪਾਉਂਦਾ। ਗਰਮੀ ਜਾਂ ਸਿਆਲ ਦਾ ਕੋਈ ਫਰਕ ਨਹੀਂ ਸੀ।
ਇਹ ਅਕਸਰ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਇਹੋ ਜਿਹੇ ਸਿੱਧੇ ਅਤੇ ਭੋਲੇ ਲੋਕ ਆਪਣੇ ਹੀ ਟੱਬਰ ਦੇ ਕਹਿਰ ਦਾ ਸ਼ਿਕਾਰ ਸਭ ਤੋਂ ਪਹਿਲਾਂ ਹੁੰਦੇ ਹਨ। ਤਾਰੂ ਵੀ ਕੁਝ ਇਸ ਤਰ੍ਹਾਂ ਦਾ ਹੀ ਜੀਵਨ ਜੀਅ ਰਿਹਾ ਸੀ। ਤਾਰੂ ਦਾ ਬਾਪ ਜਗ ਸਿੰਘ ਇੱਕ ਪੁਰਾਣਾ ਅਤੇ ਅੜਬ ਸੁਭਾਅ ਦਾ ਫੌਜੀ ਸੀ। ਉਸਨੇ ਆਪਣੇ ਦੋ ਪੁੱਤਰ ਨਿੰਬਾ ਅਤੇ ਕੁੰਦੀ ਫੌਜ ਵਿੱਚ ਭਰਤੀ ਕਰਾ ਦਿੱਤੇ ਸਨ। ਤਾਰੂ ਦਾ ਤੀਸਰਾ ਭਰਾ, ਰੋਡਾ, ਜੋ ਸ਼ਕਲ ਜਾਂ ਦੇਖਣ ਵਿੱਚ ਤਾਰੂ ਨਾਲੋਂ ਜ਼ਿਆਦਾ ਵੱਖਰਾ ਨਹੀਂ ਸੀ, ਪਰ ਦਿਮਾਗੀ ਤੌਰ ’ਤੇ ਤਾਰੂ ਨਾਲੋਂ ਕਾਫੀ ਚੁਸਤ-ਚਲਾਕ ਸੀ। ਇਨ੍ਹਾਂ ਦਾ ਖੂਹ-ਖੇਤ ਪਿੰਡ ਤੋਂ ਕਾਫੀ ਹਟਵਾਂ, ਬੇਈਂ ਦੇ ਕਿਨਾਰੇ, ਨੀਵੀਂ ਜਿਹੀ ਜਗ੍ਹਾ ਉੱਪਰ ਸੀ।
ਤਾਰੂ ਦੇ ਟੱਬਰ ਦਾ ਘਰ ਤਾਂ ਪਿੰਡ ਵਿੱਚ ਹੀ ਸੀ, ਪਰ ਜ਼ਿਆਦਾ ਟਾਈਮ ਸਾਰਾ ਟੱਬਰ ਅਤੇ ਖਾਸ ਕਰਕੇ ਤਾਰੂ ਖੂਹ ਉੱਪਰ ਹੀ ਬਿਤਾਉਂਦਾ ਸੀ। ਤਾਰੂ ਸਿਰਫ ਆਪਣੇ ਲਈ ਬੀੜੀਆਂ ਦਾ ਬੰਡਲ ਲੈਣ ਹੀ ਪਿੰਡ ਦੀ ਹੱਟੀ ਨੂੰ ਜਾਂਦਾ ਅਤੇ ਅਕਸਰ ਉਨ੍ਹੀਂ ਪੈਰੀਂ ਵਾਪਸ ਆ ਜਾਂਦਾ।
ਕੰਮ ਕਰਨ ਨੂੰ ਤਾਰੂ ਤਕੜਾ ਸੀ। ਜਗ ਸਿਉਂ ਇਸ ਤੋਂ ਪਸ਼ੂਆਂ ਵਾਂਗ ਹੀ ਕੰਮ ਕਰਾਉਂਦਾ ਸੀ। ਖਾਣ ਨੂੰ ਬੇਹੀਆਂ ਜਾਂ ਬਚੀਆਂ-ਖੁਚੀਆਂ ਰੋਟੀਆਂ ਹੀ ਦਿੰਦਾ। ਸੱਜਰੀ ਰੋਟੀ ਤਾਰੂ ਨੂੰ ਉਦੋਂ ਹੀ ਮਿਲਦੀ ਜਦੋਂ ਕਿਤੇ ਬੇਹੀਆਂ ਦਾ ‘ਸਟਾਕ’ ਖਤਮ ਹੋਇਆ ਹੋਵੇ। ਜੁੱਤੀ, ਹੋ ਸਕਦਾ ਇਹਨੂੰ ਸੁਗਾਤ ਹੀ ਲਗਦੀ ਹੋਵੇ, ਜੋ ਕਦੇ ਮਿਲੀ ਹੀ ਨਹੀਂ ਸੀ। ਜੁੱਤੀ ਨਾ ਮਿਲਣ ਕਰਕੇ ਹਰ ਵੇਲੇ, ਹਰ ਮੌਸਮ, ਤਾਰੂ ਨੰਗੇ ਪੈਰੀਂ ਹੀ ਤੁਰਿਆ ਫਿਰਦਾ ਰਹਿੰਦਾ। ਤਾਰੂ ਦੇ ਪੈਰਾਂ ਦੀਆਂ ਤਲੀਆਂ ਬਲਦਾਂ ਦੇ ਕੰਨ੍ਹਿਆਂ ਵਾਂਗ ਹੋ ਗਈਆਂ ਸਨ। ਸਿਆਲ ਨੂੰ ਪੈਰਾਂ ਹੇਠਾਂ ਵੱਡੀਆਂ-ਵੱਡੀਆਂ ਬਿਆਈਆਂ ਪਾਟ ਕੇ ਸੁੱਕੀਆਂ ਹੁੰਦੀਆਂ ਸਨ। ਸਿਰ ਅਤੇ ਦਾੜ੍ਹੀ ਦੇ ਵਾਲ ਪਿੰਡ ਦਾ ਦੇਵੂ ਨਾਈ ਉਘੜ-ਦੁਘੜ ਜਿਹੇ ਮੁੰਨ ਦਿੰਦਾ ਸੀ।
ਤਾਰੂ ਨਹਾਉਂਦਾ ਵੀ ਘੱਟ-ਵੱਧ ਹੀ ਸੀ। ਉਸ ਤੋਂ ਦੱਬ ਕੇ ਕੰਮ ਲਿਆ ਜਾਂਦਾ ਸੀ। ਪਸ਼ੂਆਂ ਨੂੰ ਸੰਭਾਲਣਾ ਜਾਂ ਖੇਤੀ, ਜਾਂ ਫਿਰ ਰੋਡੇ ਨੇ ਸ਼ਰਾਬ ਕੱਢਣ ਦੀ ਭੱਠੀ ਲਾਉਣੀ ਹੁੰਦੀ ਤਾਂ ਔਖਾ ਕੰਮ ਤਾਰੂ ਸੌਖਾ ਕਰ ਦਿੰਦਾ ਸੀ। ਸਾਰਾ ਦਿਨ ਬੇਈਂ ਕਿਨਾਰੇ ਮੱਝਾਂ ਚਾਰਦਾ ਰਹਿੰਦਾ, ਉੱਥੇ ਹੀ ਦਰਖਤਾਂ ਦੀ ਛਾਵੇਂ ਦੁਪਹਿਰਾ ਕੱਟ ਕੇ, ਸ਼ਾਮ ਨੂੰ ਹੱਕ ਕੇ ਪਸ਼ੂਆਂ ਨੂੰ ਖੂਹ ਤੇ ਲੈ ਆਉਂਦਾ। ਮੱਝਾਂ ਦੁੱਧ ਤਾਂ ਦਿੰਦੀਆਂ ਸੀ, ਦੁੱਧ ਚੋਇਆ ਵੀ ਜਾਂਦਾ, ਪਰ ਤਾਰੂ ਨੂੰ ਨਹੀਂ ਮਿਲਦਾ ਸੀ। ਤਾਰੂ ਆਪਣੇ ਵੱਡੇ ਭਰਾ ਰੋਡੇ ਦੀ ਸ਼ਰਾਬ ਦੀ ਭੱਠੀ ’ਤੇ ਮਦਦ ਤਾਂ ਕਰਦਾ ਸੀ, ਪਰ ਆਪ ਸ਼ਰਾਬ ਪੀਂਦਾ ਨਹੀਂ ਸੀ। ਬੀੜੀਆਂ ਜ਼ਰੂਰ ਪੀਂਦਾ ਸੀ, ਜਿਸ ਕਰਕੇ ਜਗ ਸਿਉਂ ਉਸਨੂੰ ਗਾਲ੍ਹਾਂ ਕੱਢਦਾ ਰਹਿੰਦਾ। ਤਾਰੂ ਦੀ ਸਿਹਤ ਦੀ ਖਰਾਬੀ ਦਾ ਫਿਕਰ ਕਰਕੇ ਨਹੀਂ, ਬਲਕਿ ਇਸ ਲਈ ਕੇ ਤਾਰੂ ਨੂੰ ਬੀੜੀਆਂ ਦਾ ਬੰਡਲ ਖਰੀਦਣ ਲਈ ਪੈਸੇ ਦੇਣੇ ਪੈਂਦੇ ਸੀ।
ਤਾਰੂ ਖੂਹ ਤੋਂ ਪਿੰਡ ਨੂੰ ਜਾਂਦੇ ਲੰਮੇ ਪਹੇ ਦੀ ਬਜਾਏ ਖੇਤਾਂ ਦੀਆਂ ਡੰਡੀਆਂ ਉੱਪਰ ਦੀ ਸ਼ੌਰਟ-ਕੱਟ ਮਾਰਦਾ। ਕਦੇ ਕਦੇ ਮਿਲ ਪੈਂਦਾ ਤਾਂ ਆਪਣੀਆਂ ਸਧਾਰਨ ਅਤੇ ਸਿੱਧੀਆਂ ਜਿਹੀਆਂ ਗੱਲਾਂ ਵੀ ਸੁਣਾ ਜਾਂਦਾ। ਜੇ ਕੁਝ ਖਾਣ ਨੂੰ ਦੇ ਦਿੰਦੇ ਤਾਂ ਖਾ ਲੈਂਦਾ, ਜਾਂਦਾ ਜਾਂਦਾ ਆਪਣੇ ਬਾਪ ਜਗ ਸਿਉਂ ਨੂੰ ਬੁਰਾ ਭਲਾ ਵੀ ਬੋਲ ਜਾਂਦਾ। ਬੀੜੀ ਦਾ ਸੂਟਾ ਖਿੱਚ ਕੇ ਧੂੰਆਂ ਨਾਸਾਂ ਰਾਹੀਂ ਬਾਹਰ ਕੱਢਦਾ ਤਾਂ ਅਸੀਂ ਹੈਰਾਨ ਹੋਏ ਉਹਦੇ ਮੂੰਹ ਵੱਲ ਦੇਖਦੇ ਰਹਿੰਦੇ। ਉਹ ਖੀਂ ਖੀਂ ਖੀਂ ਜਿਹਾ ਕਰਕੇ ਖਚਰੀ ਹਾਸੀ ਹੱਸਦਾ ਰਹਿੰਦਾ ਸਾਨੂੰ ਹੈਰਾਨ ਹੋਇਆਂ ਨੂੰ ਦੇਖ। ਅਸੀਂ ਉਹਨੂੰ ਕਮਲਾ ਸਮਝਦੇ ਤੇ ਉਹ ਸਾਨੂੰ। ਚਿਰ ਬਾਅਦ ਨਹਾਉਣ ਕਾਰਨ ਉਹਦੇ ਜੂੰਆਂ ਵੀ ਪੈ ਜਾਂਦੀਆਂ ਸਨ।
ਤਾਰੂ ਦੀ ਜ਼ਿੰਦਗੀ ਘਰ ਦਾ ਕੰਮ ਕਰਨਾ, ਪਸ਼ੂ ਚਾਰਨੇ, ਬੀੜੀਆਂ ਪੀਣੀਆਂ, ਜਾਂ ਆਪਣੇ ਟੱਬਰ ਤੋਂ ਗਾਲ੍ਹਾਂ ਖਾਣ ਤਕ ਹੀ ਸੀਮਿਤ ਸੀ। ਵੱਡੇ ਭਰਾ ਰੋਡੇ ਦਾ ਵਿਆਹ ਹੋ ਗਿਆ ਤੇ ਉਹ ਆਪਣੇ ਸਹੁਰਿਆਂ ਨਾਲ ਹੀ ਕਲਕੱਤੇ ਚਲਾ ਗਿਆ, ਜਿੱਥੇ ਉਹਨਾਂ ਦਾ ਟਰੱਕਾਂ ਦਾ ਕੰਮ-ਕਾਰ ਸੀ। ਇਸ ਤੋਂ ਬਾਅਦ ਜਗ ਸਿਉਂ ਤਾਰੂ ਨੂੰ ਹੋਰ ਵੀ ਟੰਗ ਕੇ ਰੱਖਣ ਲੱਗ ਪਿਆ। ਰੋਟੀ ਪਾਣੀ ਵੀ ਘਟਾ ਦਿੱਤਾ। ਤਾਰੂ ਦੀ ਮਾਤਾ ਕਰਤਾਰੀ ਦੇ ਚੱਲ ਵਸਣ ਤੋਂ ਬਾਅਦ ਤਾਂ ਰੋਟੀ ਦਾ ਹੋਰ ਵੀ ਔਖਾ ਹੋ ਗਿਆ। ਜਗ ਸਿਉਂ ਆਪਣੇ ਲਈ ਆਪ ਰੋਟੀ ਬਣਾ ਲੈਂਦਾ ਜਾਂ ਆਪਣੇ ਵੱਡੇ ਮੁੰਡੇ ਨਿੰਬੇ ਦੇ ਘਰ ਖਾ ਆਉਂਦਾ। ਜੇ ਕੋਈ ਬਚੀ-ਖੁਚੀ ਹੁੰਦੀ ਤਾਂ ਤਾਰੂ ਨੂੰ ਮਿਲ ਜਾਂਦੀ, ਨਹੀਂ ਤਾਂ ਭੁੱਖਾ ਹੀ ਪੈ ਜਾਂਦਾ। ਜਦੋਂ ਪੈਸੇ ਵੀ ਮਿਲਣੇ ਬੰਦ ਹੋ ਗਏ ਤਾਂ ਬੀੜੀਆਂ ਲੈਣ ਲਈ ਤਾਰੂ ਪਿੰਡ ਦੀਆਂ ਮਟੀਆਂ ’ਤੇ ਚੜ੍ਹਾਏ ਪੈਸੇ ਚੋਰੀ ਕਰਨ ਲੱਗ ਪਿਆ।
ਤਰਾਰ ਦੀ ਸਿਹਤ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਜਦੋਂ ਜਵਾਨੀ ਵਾਲੀ ਕੰਮ ਕਰਨ ਦੀ ਤਾਕਤ ਵੀ ਚਲੀ ਗਈ ਤਾਂ ਤਾਰੂ ਪਹਿਲਾਂ ਨਾਲੋਂ ਵੀ ਬੋਝ ਲੱਗਣ ਲੱਗ ਪਿਆ। ਜਿੱਥੋਂ ਵੀ ਕੁਝ ਮਿਲਣਾ, ਖਾ ਲੈਣਾ ਤੇ ਬੀੜੀਆਂ ਲਈ ਪੈਸੇ ਮੰਗਣ ਵੀ ਲੱਗ ਪਿਆ। ਇੱਕ ਵਾਰੀ ਮੇਰੇ ਕੋਲੋਂ ਪੈਸੇ ਮੰਗਣ ਲੱਗਾ। ਮੈਂ ਇੱਕ ਇੱਕ ਰੁਪਏ ਦੇ ਦੋ ਨੋਟ ਉਹਦੇ ਮੋਹਰੇ ਕਰ ਦਿੱਤੇ। ਉਹਨੇ ਇੱਕ ਰੱਖ ਲਿਆ ਤੇ ਇੱਕ ਮੋੜ ਦਿੱਤਾ। ਕਹਿੰਦਾ, ਇਹਦਾ ਇੱਕ ਦਾ ਬੰਡਲ ਆ ਜਾਣਾ ਆ। ਤਾਰੂ ਸਿੱਧਾ ਅਤੇ ਮਸਤ ਤਾਂ ਪਹਿਲਾਂ ਹੀ ਸੀ, ਪਰ ਰੋਟੀ ਵੀ ਨਾ ਮਿਲਣ ਕਰਕੇ ਹੋਰ ਵੀ ਜ਼ਿਆਦਾ ਮਾਨਸਿਕ ਕਮਜ਼ੋਰ ਹੋ ਗਿਆ। ਚੁਸਤ ਚਲਾਕ ਦੁਨੀਆਂ ਵਿੱਚ ਤਾਰੂ ਦਾ ਵਿਚਰਨਾ ਹੋਰ ਵੀ ਔਖਾ ਹੋ ਗਿਆ। ਤਾਰੂ ਅਕਸਰ ਕਹਿ ਦਿੰਦਾ ਕੇ ਸਾਡੇ ਬੁੜ੍ਹੇ ਨੇ ਕੀੜੇ ਪੈ ਕੇ ਮਰਨਾ ਆ। ਮੈਂ ਅੰਤ ਨਾ ਤਾਰੂ ਦਾ ਅਤੇ ਨਾ ਹੀ ਜਗ ਸਿਉਂ ਦਾ ਦੇਖਿਆ, ਕਿਉਂਕਿ ਮੈਂ ਆਪ ਪਰਦੇਸੀ ਹੋ ਗਿਆ।
ਤਾਰੂ ਕਦੇ ਕਦਾਈਂ ਥੋੜ੍ਹਾ ਬਹੁਤ ਕੰਮ ਦੂਸਰਿਆਂ ਨਾਲ ਵੀ ਕਰਵਾ ਦਿੰਦਾ ਸੀ, ਪਰ ਉਦੋਂ ਹੀ ਜਦੋਂ ਉਸ ਨੂੰ ਬੀੜੀਆਂ ਦੇ ਬੰਡਲ ਜਾਂ ਕੁਝ ਖਾਣ ਪੀਣ ਜਾਂ ਮਿਲਣ ਦੀ ਆਸ ਹੁੰਦੀ। ਇੱਕ ਦਿਨ ਮੇਰੇ ਚਾਚੇ ਨੇ ਲਾਗਲੇ ਪਿੰਡ ਤੋਂ ਗੁੜ ਕੱਢਣ ਵਾਲਾ ਨਵਾਂ ਕੜਾਹਾ ਲੈ ਕੇ ਆਉਣਾ ਸੀ। ਉਹਨੇ ਰੇਹੜੀ (ਗੱਡਾ) ਜੋੜ ਕੇ ਤਾਰੂ ਨੂੰ ਵੀ ਨਾਲ ਹੀ ਲੈ ਲਿਆ। ਤਾਰੂ ਨੂੰ ਅਸੀਂ ਕਈ ਵਾਰਾਂ ਪਹਿਲਾਂ ਵੀ ਚਾਚੇ ਕੋਲ ਦੇਖਦੇ ਰਹਿੰਦੇ ਹੁੰਦੇ ਸੀ। ਸੁਭਾਅ ਰਲਦੇ ਸੀ, ਇਕੱਠੇ ਬੀੜੀਆਂ ਪੀਣ ਕਾਰਨ। ਚਾਚਾ ਲੁਕ ਕੇ ਅਤੇ ਤਾਰੂ ਸ਼ਰੇਆਮ ਹੀ ਸੂਟੇ ਖਿੱਚਦਾ ਰਹਿੰਦਾ ਸੀ। ਕਈ ਵਾਰੀ ਚਾਚਾ ਤਾਰੂ ਨੂੰ ਪੈਸੇ ਦੇ ਕੇ ਬੀੜੀਆਂ ਮੰਗਵਾ ਲੈਂਦਾ। ਵਿੱਚੋਂ ਬੀੜੀਆਂ ਜਾਂ ਫਿਰ ਬੰਡਲ ਹੀ ਉਹਨੂੰ ਵੀ ਦੇ ਦਿੰਦਾ ਸੀ। ਤਾਰੂ, ਪੁੰਨ ਨਾਲ ਫਲੀਆਂ ਵਾਂਗ ਹੱਟੀ ਨੂੰ ਦੌੜ ਜਾਂਦਾ। ਉਸ ਦਿਨ ਦੋਨੋਂ ਜਣਿਆਂ ਨੂੰ ਗੱਡੇ ਉੱਤੇ ਜਾਂਦੇ ਦੇਖ ਝੂਟੇ ਲੈਣ ਲਈ ਮੈਂ ਵੀ ਛਾਲ ਮਾਰ ਨਾਲ ਬੈਠ ਗਿਆ।
ਕਾਰਖਾਨੇ ਤੋਂ ਕੜਾਹਾ ਗੱਡੇ ਉੱਪਰ ਲੱਦ ਕੇ ਪਿੰਡ ਵੱਲ ਨੂੰ ਮੁੜ ਪਏ। ਰਾਹ ਵਿੱਚ ਪੈਂਦੀ ਬੇਈਂ ਲੰਘਣ ਤੋਂ ਬਿਲਕੁਲ ਪਹਿਲਾਂ ਹੀ ਸੱਜੇ ਹੱਥ ਪਿੱਪਲ ਅਤੇ ਨਲਕੇ ਵਾਲੇ ਥੜ੍ਹੇ ਕੋਲ ਗੱਡਾ ਰੋਕ ਕੇ ਚਾਚੇ ਨੇ ਬਲਦਾਂ ਦੇ ਰੱਸੇ ਤਾਰੂ ਨੂੰ ਫੜਾ ਦਿੱਤੇ ਅਤੇ ਆਪ ਪਿਸ਼ਾਬ ਕਰਨ ਲਈ ਥੱਲੇ ਉੱਤਰ ਗਿਆ। ਤਾਰੂ ਦੇ ਹੱਥਾਂ ਵਿੱਚ ਗੱਡੇ ਦਾ ਕੰਟਰੋਲ ਅਤੇ ਬਿਲਕੁਲ ਨਜ਼ਦੀਕ ਹੀ ਪੈਂਦੀ ਬੇਈਂ ਦਾ ਟੁੱਟਿਆ ਜਿਹਾ ਪੁਲ ਦੇਖ ਮੈਂ ਡਰ ਗਿਆ। ਪਜਾਮੇ ਵਿੱਚ ਹੀ ਮੇਰਾ ਪਿਸ਼ਾਬ ਨਿਕਲਣ ਨੂੰ ਕਾਹਲਾ ਹੋ ਗਿਆ। ਸੋਚਿਆ, ਅੱਜ ਨਹੀਂ ਬਚਦੇ, ਬੇਈਂ ਵਿੱਚ ਗਏ ਹੀ ਗਏ, ਇਕੱਲੇ ਜਾਂ ਫਿਰ ਗੱਡੇ ਅਤੇ ਤਾਰੂ ਸਮੇਤ। ਮੈਨੂੰ ਤਾਰੂ ਦੇ ਹੱਥ ਵਿੱਚ ਬਲਦਾਂ ਦਾ ਰੱਸਾ ਇੰਜ ਲੱਗਾ ਜਿਵੇਂ ਕਿਸੇ ਨਾਦਾਨ ਹੱਥ ਜਹਾਜ਼ ਦਾ ਸਟੇਅਰਿੰਗ ਹੋਵੇ। ਅੱਜ ਤਾਂ ਖੈਰ ਨਹੀਂ, ਇਸ ਹੀ ਡਰ ਕਰਕੇ ਮੈਂ ਗੱਡੇ ਦੀ ਆਖਰੀ ਮੋਹੜੀ ਫੜਕੇ ਐਨ ਸਿਰੇ ਉੱਤੇ ਚਲਾ ਗਿਆ ਤਾਂ ਜੋ ਐਮਰਜੈਂਸੀ ਵਿੱਚ ਛਾਲ ਮਾਰਨ ਨੂੰ ਜ਼ਿਆਦਾ ਦੇਰ ਨਾ ਲੱਗੇ।
ਮੇਰੇ ਮਨ ਦਾ ਡਰ ਸੱਚ ਹੋਣ ਨੂੰ ਜ਼ਿਆਦਾ ਦੇਰ ਨਾ ਲੱਗੀ ਜਦੋਂ ਸੜਕ’ ਤੇ ਪਿੱਛਿਓਂ ਆ ਰਹੀ ਅਤੇ ਸਾਡੇ ਪਿੰਡ ਨੂੰ ਜਾਂਦੀ ਬੱਸ ਨੇ ਕੰਨ-ਪਾੜਨਾ ਹਾਰਨ ਵਜਾਹ ਦਿੱਤਾ। ਪਿਸ਼ਾਬ ਕਰ ਰਹੇ ਚਾਚੇ ਨੇ ਪੂਰੇ ਜ਼ੋਰ ਨਾਲ ਤਾਰੂ ਨੂੰ ਅਵਾਜ਼ ਮਾਰੀ, “ਉਏ ਕਮਲਿਆ ਬੌਲਦਾਂ ਦੇ ਰੱਸੇ ਖਿੱਚ ਕੇ ਰੱਖੀਂ! ਇਹ ਬੱਸ ਤੋਂ ਡਰਦੇ ਆ!”
ਬੱਸ ਹੋਰ ਲਾਗੇ ਆ ਗਈ। ਤਾਰੂ ਨੇ ਗੱਡੇ ਉੱਤੇ ਖੜ੍ਹੇ ਹੋ, ਪਿੱਛੇ ਨੂੰ ਲਿਫ ਕੇ ਆਪਣਾ ਭਾਰ ਵੀ ਬਲਦਾਂ ਦੇ ਰੱਸਿਆਂ ਉੱਪਰ ਪਾ ਕੇ, ਪੂਰਾ ਜ਼ੋਰ ਲਾ ਕੇ ਰੱਸੇ ਇਵੇਂ ਖਿੱਚ ਲਏ ਜਿਵੇਂ ਗੱਡੇ ਦੀ ਬਰੇਕ ਖਿੱਚੀ ਹੋਵੇ। ਇਹ ਕੁਝ ਕਰਦਿਆਂ ਹੱਥ ਵਿੱਚ ਖਿੱਚਿਆ ਹੋਇਆ ਬਲਦਾਂ ਦਾ ਰੱਸਾ ਟੁੱਟ ਗਿਆ। ਤਾਰੂ ਧੜੰਮ ਕਰਦਾ ਪਿੱਠ ਭਾਰ ਗੱਡੇ ਉੱਪਰ ਹੀ ਡਿਗ ਪਿਆ।
ਛੇ-ਫੁੱਟੇ ਤਾਰੂ ਦਾ ਸਿਰ ਗੱਡੇ ਦੇ ਪਿਛਲੇ ਪਾਸੇ ਅਤੇ ਪੈਰ ਬਲਦਾਂ ਦੀਆਂ ਪੂਛਾਂ ਨੂੰ ਜਾ ਲੱਗੇ, ਜਿਸ ਕਰਕੇ ਬਲਦ ਹੋਰ ਵੀ ਡਰ ਗਏ। ਹਾਲਾਤ ਬੇਕਾਬੂ ਹੁੰਦੇ ਦੇਖ ਕੇ ਮੈਂ ਗੱਡੇ ਤੋਂ ਛਾਲ ਮਾਰਕੇ ਉੱਤਰ ਗਿਆ। ਡਰੇ ਹੋਏ ਬਲਦ, ਤਾਰੂ ਸਮੇਤ ਗੱਡਾ ਥੜ੍ਹੇ ਉੱਪਰ ਲੈ ਚੜ੍ਹੇ ਤੇ ਗੱਡਾ ਨਲਕੇ ਦਾ ਹੈਂਡਲ ਤੋੜ ਕੇ ਨਲਕੇ ਵਿੱਚ ਹੀ ਫਸ ਗਿਆ। ਡਰਦੇ ਹੋਏ ਬਲਦ ਗੱਡੇ, ਕੜਾਹੇ, ਅਤੇ ਤਾਰੂ ਸਮੇਤ ਟੱਪਦੇ ਰਹੇ ਪਰ ਗੱਡਾ ਨਲਕੇ ਵਿੱਚ ਫਸਿਆ ਹੋਣ ਕਰਕੇ ਬੇਈਂ ਵਿੱਚ ਨਹੀਂ ਡਿਗਿਆ। ਤਾਰੂ ਉੱਪਰ-ਥੱਲੇ ਨੂੰ ਹਿੱਲ ਰਹੇ ਗੱਡੇ ਉੱਪਰ ਉੱਠ ਖੜ੍ਹਾ ਹੋਣ ਜਾਂ ਬੈਠਣ ਦੀ ਨਾਕਾਮ ਕੋਸ਼ਿਸ਼ ਰਿਹਾ ਸੀ। ਇਹ ਸਭ ਕੁਝ ਇੱਕ-ਦੋ ਮਿਨਟ ਵਿੱਚ ਹੀ ਹੋ ਗਿਆ ਅਤੇ ਤਦ ਤਕ ਬੱਸ ਬੇਈਂ ਦਾ ਪੁਲ ਪਾਰ ਕਰ ਚੁੱਕੀ ਸੀ।
ਇਹ ਸਭ ਅੱਖੀਂ ਦੇਖ ਚਾਚਾ ਆਪਣੇ ਤੇੜ ਲਾਈ ਹੋਈ ਚਾਦਰ ਨੂੰ ਫੜੀ ਗੱਡੇ ਵੱਲ ਨੂੰ ਤੇਜ਼ੀ ਨਾਲ ਦੌੜਿਆ। ਬਲਦਾਂ ਨੂੰ ਗੱਡੇ ਦੇ ਜੂਲੇ ਦੀ ਅਰਲੀ ਕੱਢ ਕੇ ਪਰੇ ਕਰ ਕੇ, ਫਿਰ ਖਿੱਚ ਧੂਹ ਕੇ ਨਲਕੇ ਵਿੱਚ ਫਸਿਆ ਗੱਡਾ ਥੜ੍ਹੇ ਦੇ ਉੱਪਰੋਂ ਲਾਹਿਆ। ਬਲਦਾਂ ਨੂੰ ਦੁਬਾਰਾ ਜੋੜ, ਮੋਹਰੇ ਤੋਂ ਰੱਸੇ ਫੜ ਕੇ ਬੇਈਂ ਦਾ ਪੁਲ ਪਾਰ ਕਰਾਇਆ। ਪਿੰਡ ਨੂੰ ਜਾਂਦੇ ਰਸਤੇ ਵਿੱਚ ਪੈਂਦੇ ਸ਼ਰੇ (ਚੋਅ) ਕੋਲ ਜਾ ਕੇ ਤਾਰੂ ਨੇ ਬੰਡਲ ਵਿੱਚੋਂ ਬੀੜੀ ਕੱਢੀ, ਤੀਲੀ ਘਸਾਈ ਅਤੇ ਲੰਮੇ-ਲੰਮੇ ਸੂਹਟੇ ਖਿੱਚਕੇ ਨਾਸਾਂ ਵਿੱਚੋਂ ਧੂੰਆਂ ਕੱਢਿਆ ਤੇ ਮਸਤੀ ਵਿੱਚ ਮੁਸਕਰਾਉਣ ਲੱਗ ਪਿਆ। ਤਾਰੂ ਨੂੰ ਦੇਖ ਕੇ ਚਾਚੇ ਦਾ ਦਿਲ ਵੀ ਬੀੜੀ ਦੇ ਸੂਟੇ ਖਿੱਚਣ ਨੂੰ ਕਰ ਰਿਹਾ ਸੀ, ਪਰ ਉਹ ਤਾਂ ਚੋਰੀ ਪੀਂਦਾ ਸੀ, ਸ਼ਰੇਆਮ ਤਾਰੂ ਵਾਂਗ ਨਹੀਂ!
ਮੇਰਾ ਛੋਟਾ ਚਾਚਾ, ਤਾਰੂ ਨੂੰ ਮਾਸਟਰ ਤਾਰਾ ਸਿੰਘ ਕਹਿੰਦਾ ਹੁੰਦਾ ਸੀ। ਤਾਰੂ ਆਪਣੇ ਨਾਂਅ ਨੂੰ ਮਾਸਟਰ ਤਾਰਾ ਸਿੰਘ ਸੁਣ ਕੇ ਬਹੁਤ ਖੁਸ਼ ਹੁੰਦਾ ਸੀ, ਜਿਸ ਤਰ੍ਹਾਂ ਕੋਈ ਇੱਜ਼ਤ ਜਾਂ ਉਪਾਧੀ ਮਿਲ ਗਈ ਹੋਵੇ। ਇਹ ਨਾਮ ਸੁਣ ਕੇ ਮਸਤ ਹੋਇਆ ਤਾਰੂ ਮਸਤ ਜਿਹੀ ਹਾਸੀ ਹੱਸਦਾ ਅਤੇ ਬੀੜੀ ਦਾ ਸੂਟਾ ਹੋਰ ਜ਼ੋਰ ਨਾਲ ਖਿੱਚ ਕੇ, ਹਵਾ ਵਿੱਚ ਆਲੇ-ਦੁਆਲੇ, ਥੱਲੇ-ਉੱਪਰ ਮੂੰਹ ਨੂੰ ਘੁਮਾ ਅਤੇ ਅਸਮਾਨ ਵੱਲ ਧੂੰਏਂ ਦੇ ਬੱਦਲ਼ ਜਿਹੇ ਬਣਾਉਂਦਾ। ‘ਮਾਸਟਰ ਤਾਰਾ ਸਿੰਘ’ ਵਾਰੇ ਉਸ ਟਾਈਮ ਮੈਨੂੰ ਕੋਈ ਜਾਣਕਾਰੀ ਨਹੀਂ ਸੀ।
ਇਹ ਤਾਂ ਸੀ “ਤਾਰੂ” ਸਾਡੇ ਪਿੰਡ ਦਾ… ਇੱਕ ਭੋਲਾ, ਮਸਤ, ਕਮਲਾ, ਸਿੱਧਾ, ਜਾਂ ਜੋ ਫਿਰ ਕੋਈ ਵੀ ਨਾਮ ਦੇ ਦਿਉ। ਪਰ ਦੋਸਤੋ, ਪਤਾ ਨਹੀਂ ਕਿੰਨੇ ਕੁ ਤਾਰੂ, ਕਿੰਨੇ ਕੁ ਹੋਰ ਨਾਂਵਾਂ ਨਾਲ, ਕਿੰਨੇ ਕੁ ਪਿੰਡਾਂ, ਕਿੰਨੇ ਕੁ ਸ਼ਹਿਰਾਂ ਅਤੇ ਇਸ ਦੁਨੀਆ ਵਿੱਚ ਇਹੋ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਹਨ ਜਾਂ ਬਤੀਤ ਕਰ ਕੇ ਚਲੇ ਗਏ ਹਨ।
ਸਾਡਾ ਜੀਵਨ ਵੀ ਇੱਕ ਨਾਟਕ ਹੀ ਤਾਂ ਹੈ, ਥੋੜ੍ਹਾ ਲੰਮਾ ਹੀ ਸਹੀ। ਇੰਜ ਲਗਦਾ ਹੈ ਜਿਵੇਂ ਸਭ ਪਾਤਰ ਆਪਣਾ-ਆਪਣਾ ਕਿਰਦਾਰ ਨਿਭਾ ਰਹੇ ਹਾਂ, ਬਹੁਤ ਸਾਰੇ ਨਿਭਾ ਗਏ ਅਤੇ ਬਹੁਤ ਸਾਰੇ ਅਗਾਂਹ ਨਿਭਾਉਂਦੇ ਰਹਿਣਗੇ। ਸੱਚ ਇਹ ਵੀ ਹੈ ਕਿ ਅਸੀਂ ਸਭ ਅਧੂਰੇ ਹੀ ਹਾਂ, ਕੋਈ ਅੱਧਾ, ਤੇ ਕੋਈ ਪੌਣਾ; ਕੋਈ ਚੁਸਤ ਅਤੇ ਕੋਈ ਸੁਸਤ, ਕੋਈ ਸਿੱਧਾ ਅਤੇ ਕੋਈ ਚਲਾਕ, ਪਰ ਹਾਂ ਅਸੀਂ ਸਭ ਇਨਸਾਨ ਹੀ! ਸਭ ਨਾਲ ਯਾਦਾਂ ਜੁੜੀਆਂ ਹੋਈਆਂ ਹਨ।
ਅਸਲੀ ਜ਼ਿੰਦਗੀ ਦੇ ਇਹ ਅਸਲੀ ਪਾਤਰ ਭੁਲਾਉਣੇ ਮੁਸ਼ਕਿਲ ਹਨ। ਚੁਸਤ-ਚਲਾਕਾਂ ਨੂੰ ਅਕਸਰ ਜ਼ਿਆਦਾ ਯਾਦ ਕਰ ਲਿਆ ਜਾਂਦਾ ਹੈ। ਹਮਾਤੜ ਫਿਰ ਵੀ ਰਹਿ ਜਾਂਦੇ ਹਨ, ਜੋ ਇਸ ਦੁਨੀਆਂ ਵਿੱਚ ਆਏ ਜਾਂ ਨਾ ਆਏ। ਪਰ ਦੋਸਤੋ ਇਹ ਤਾਰੂ ਵੀ ਤਾਂ ਆਪਣਾ ਹੀ ਸੀ ਅਤੇ ਇਨਸਾਨਾਂ ਦੀ ਭੀੜ ਵਿੱਚ ਗੁਆਚੇ ‘ਸਾਰੇ ਤਾਰੂ’ ਵੀ ਆਪਣੇ ਹੀ ਹਨ। ਹੋ ਸਕੇ ਤਾਂ ਇਨ੍ਹਾਂ ਨੂੰ ਵੀ ਇਨਸਾਨ ਸਮਝੀਏ ਅਤੇ ਇਨ੍ਹਾਂ ਨਾਲ ਵੀ ਇਨਸਾਨਾਂ ਵਾਲਾ ਇਨਸਾਫ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































