“ਤੁਹਾਨੂੰ ਦੱਸਿਆ ਤਾਂ ਹੈ ਪਿੱਕ-ਅਪ ਟਰੱਕ ਖਰਾਬ ਹੋ ਗਿਆ ਰਾਹ ਵਿੱਚ … ”
(27 ਅਕਤੂਬਰ 2026)
ਗਿਣਤੀਆਂ-ਮਿਣਤੀਆਂ --- ਅਵਤਾਰ ਗਿੱਲ
ਅੰਕਾਂ ਦਾ ਜ਼ਿਕਰ ਅਤੇ ਵਰਤੋਂ ਸਾਡੇ ਜੀਵਨ ਹਰ ਸਮੇਂ ਅਤੇ ਹਰ ਖੇਤਰ ਵਿੱਚ ਹੁੰਦੀ ਹੈ। ਸਾਡੀ ਆਪਸੀ ਗੱਲਬਾਤ ਅਤੇ ਮਹਾਵਰਿਆਂ ਵਿੱਚ ਵੀ ਅੰਕ ਆਪਣੀ ਹਾਜ਼ਰੀ ਗੱਜ-ਵੱਜ ਕੇ ਲਵਾਉਂਦੇ ਹਨ। ਇੱਕ ਇਕੱਲਾ, ਦੋ ਗਿਆਰਾਂ, ਉੰਨੀ ਇੱਕੀ ਦਾ ਫਰਕ, ਇੱਕੀ ਦੇ ਇਕੱਤੀ ਕਰਕੇ ਮੋੜਨਾ, ਸੋਲਾਂ ਆਨੇ ਸੱਚ ...
ਹੁਣ ਗੱਲ ਛੇ ਅਤੇ ਤਿੰਨ ਦੀ ਕਰ ਲਈਏ। ਜੇ ਛੇ ਵਿੱਚ ਤਿੰਨ ਜਮ੍ਹਾਂ ਕਰ ਦੇਈਏ ਤਾਂ ਨੌਂ ਬਣ ਜਾਂਦੇ ਹਨ, ਜੇ ਛੇ ਦੇ ਵਿੱਚ ਨਹੀਂ, ਨਾਲ ਤਿੰਨ ਜੋੜ ਦੇਈਏ ਤਾਂ 63 ਬਣ ਜਾਂਦੇ ਹਨ। ਜੇ ਅਗਾਂਹ 63 ਵਿੱਚ 63 ਹੋਰ ਜੋੜ ਦੇਈਏ ਤਾਂ 126 ਬਣ ਜਾਂਦੇ ਹਨ। ਪਰ ਫਿਰ ਵੀ ਉਹ ਗੱਲ ਨਹੀਂ ਬਣਦੀ ਜਿਹੜੀ 1963 ਵਿੱਚ 63 ਜੋੜਿਆਂ ਬਣਦੀ ਹੈ। ਦੇਖੋ:
1963 + 63 = 2026. ਅੱਜ 27 ਅਕਤੂਬਰ 2026 ਹੈ। ਅੱਜ ਤੋਂ 63 ਵਰ੍ਹੇ ਪਹਿਲਾਂ, ਅਕਤੂਬਰ 27 1963 ਨੂੰ ਮੈਂ 17 ਸਾਲ ਦੀ ਉਮਰ ਵਿੱਚ ਇੰਗਲੈਂਡ ਪਹੁੰਚਿਆ ਸੀ। ਫਿਰ 1975 ਵਿੱਚ ਕੈਨੇਡਾ ਆ ਗਏ। ਦੇਖੋ:

27 ਅਕਤੂਬਰ 1963
ਇੰਜ ਨਹੀਂ ਕਰੀਦਾ...
ਸਮੇਂ ਦਾ ਹਾਣੀ ਬਣਦਿਆਂ ਸਮੇਂ ਦਾ ਪਾਬੰਦ ਹੋ ਕੇ ਚੱਲਣਾ ਇਨਸਾਨ ਦੇ ਜੀਵਨ ਦੀ ਖੂਬਸੂਰਤ ਨਿਸ਼ਾਨੀ ਹੁੰਦੀ ਹੈ। ਇਹ ਬਹੁਤ ਜ਼ਰੂਰੀ ਵੀ ਹੁੰਦਾ ਹੈ। ਪਰ ਬਹੁਤੀ ਵਾਰੀ ਬਹੁਤ ਵਿਅਕਤੀ ਸਮੇਂ ਦੇ ਪਾਬੰਦ ਹੋਣ, ਨਾ ਹੋਣ ਦੀ ਤਿਲ੍ਹਕਣ ਵਿੱਚ ਤਿਲ੍ਹਕਦੇ ਰਹਿੰਦੇ ਹਨ। ਫਿਰ ਇਸ ਤਿਲ੍ਹਕਣਬਾਜ਼ੀ ਵਿੱਚ ਕੁਝ ਲੋਕਾਂ ਦੀ ਕੱਚੀ ਆਦਤ ਪੱਕ ਵੀ ਜਾਂਦੀ ਹੈ। ਉਹ ਬੇਵਜ੍ਹਾ ਹੀ ਹਰੇਕ ਕੰਮ ਨੂੰ ਲੇਟ ਕਰਨਾ ਸ਼ੁਰੂ ਕਰ ਦਿੰਦੇ ਨੇ। ਹਰੇਕ ਕੰਮ ਨੂੰ ਅਖੀਰਲੇ ਮਿੰਟ ਤਕ ਲਟਕਾਉਂਦੇ ਰਹਿੰਦੇ ਹਨ। ਕਈ ਵਾਰੀ ਤਾਂ ‘ਖੁਦ’ ਵੱਲੋਂ ਹੀ ਤੈਅ ਕੀਤੇ ਹੋਏ ਸਮੇਂ ਤੋਂ ਲੇਟ ਪਹੁੰਚ ਕੇ ਬੜੇ ਅਰਾਮ ਅਤੇ ਸ਼ਾਨ ਨਾਲ ਦੂਸਰਿਆਂ ਦੇ ਸਮੇਂ ਦੀ ਧੱਜੀਆਂ ਉਡਾਉਂਦੇ ਹਨ।
ਗੱਲ ਖੁਦ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਪਰਵਾਸ ਦੇ ਮਾਹੌਲ ਵਿੱਚ ਵਿਚਰਦਿਆਂ ਸਾਡੀਆਂ (ਮੇਰੇ ਸਮੇਤ) ਕੁਝ ਕੁ ਆਦਤਾਂ ਬਦਲ ਤਾਂ ਗਈਆਂ ਹਨ ਪਰ ਸ਼ਾਇਦ ਪੂਰੇ ਤੌਰ ’ਤੇ ਨਹੀਂ। ਪ੍ਰਦੇਸ ਵਿੱਚ ਜਦੋਂ ਅਸਾਂ ਕੰਮਾਂ ਕਾਰਾਂ ’ਤੇ ਪਹੁੰਚਣਾ ਹੁੰਦਾ ਹੈ ਜਾਂ ਫਿਰ ਬੱਸ-ਗੱਡੀ ਜਾਂ ਜਹਾਜ਼ ਫੜਨਾ ਹੁੰਦਾ ਹੈ ਤਾਂ ਲਗਭਗ ਹਰ ਇੱਕ ਵਿਅਕਤੀ ਅਰਾਮ ਨਾਲ ਪੂਰੇ ਟਾਈਮ ਸਿਰ ਪਹੁੰਚ ਜਾਂਦਾ ਹੈ ਕਿਉਂਕ, ਉਸ ਨੂੰ ਟਾਈਮ ’ਤੇ ਨਾ ਪਹੁੰਚਣ ਦੇ ਨਤੀਜਿਆਂ ਦਾ ਪਹਿਲਾਂ ਹੀ ਪਤਾ ਹੁੰਦਾ ਹੈ। ਜਦੋਂ ਕਿਸੇ ਦੇਸੀ ਭੈਣ ਭਰਾ ਦੇ ਪ੍ਰੋਗਰਾਮ ’ਤੇ ਮਹਿਮਾਨ ਬਣ ਕੇ ਪਹੁੰਚਣਾ ਹੋਵੇ ਤਾਂ ਸਾਡੇ ਦੇਸੀਆਂ ਦੇ ਦੇਸੀਆਂ ਵਾਲੇ ਜੀਨ (genes) ਆਪਣਾ ਰੰਗ ਦਿਖਾਉਣ ਲੱਗ ਪੈਂਦੇ ਹਨ। ਹੋ ਸਕਦਾ ਹੈ ਕੁਝ ਸ਼ਖਸ ਇਸ ਲਾਪਰਵਾਹੀ ਨੂੰ ਆਪਣੀ ਸ਼ਾਨ ਵੀ ਸਮਝਦੇ ਹੋਣ, ਪਰ ਕਿਸੇ ਵਿਅਕਤੀ ਨਾਲ ਸਮਾਂ ਮੁਕੱਰਰ ਕਰਕੇ ਬੇਵਜ੍ਹਾ ਹੀ ਸਮੇਂ ਸਿਰ ਨਾ ਪਹੁੰਚਣਾ ਉਸਦੀ ਤੌਹੀਨ ਦੇ ਬਰਾਬਰ ਹੁੰਦਾ ਹੈ। ਅਸੀਂ ਨਾ ਆਪਣੇ ਅਤੇ ਨਾ ਹੀ ਦੂਸਰੇ ਦੇ ਸਮੇਂ ਦੀ ਕਦਰ ਕਰਦੇ ਹਾਂ ਅਤੇ ਇੰਜ ਕਰਨਾ ਸਾਨੂੰ ਬੁਰਾ ਵੀ ਨਹੀਂ ਲਗਦਾ।
ਦੋਸਤੋ, ਯਕੀਨਨ ਹੀ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਜ਼ਰੂਰ ਹੋਵੇਗੀ। ਮੇਰਾ ਵੀ ਘੱਟ ਤੋਂ ਘੱਟ ਇੱਕ ਦੋਸਤ ਤਾਂ ਪੱਕਾ ਹੀ ਹੈ ਜਿਹੜਾ ਸਵੇਰ ਦੇ ਨਾਸ਼ਤੇ ’ਤੇ ਪਹੁੰਚਣ ਦਾ ਵਾਅਦਾ ਕਰਦਾ ਹੈ ਤਾਂ ਅਸੀਂ ਦੁਪਹਿਰ ਦੇ ਖਾਣੇ ਦਾ ਬੰਦੋਬਸਤ ਕਰਦੇ ਹਾਂ। ਕਿਉਂਕਿ ਇੰਨਾ ਕੁ ਬੇਵਜ੍ਹਾ ਲੇਟ ਤਾਂ ਉਸਨੇ ਹੋਣਾ ਹੀ ਹੁੰਦਾ ਹੈ! ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਮੇਰੇ ਅਜ਼ੀਜ਼ ਦੋਸਤ ਪ੍ਰੋਫੈਸਰ ਗੁਰਬਖਸ਼ ਸਿੰਘ ਭੰਡਾਲ ਅਕਸਰ ਕਹਿ ਦਿੰਦੇ ਹਨ, “ਬੰਦੇ ਨੂੰ ਆਪਣੇ ਅਤੇ ਦੂਸਰੇ ਦੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਨਹੀਂ ਤਾਂ ਸਮਾਂ ਤੁਹਾਡੀ ਕਦਰ ਨਹੀਂ ਕਰਦਾ। ਜੇਕਰ ਮੈਂ ਕਲਾਸ ਵਿੱਚ ਇੱਕ ਮਿੰਟ ਵੀ ਲੇਟ ਪੜ੍ਹਾਉਣ ਜਾਵਾਂ ਤਾਂ ਇਸਦਾ ਮਤਲਬ ਹੈ ਕਿ ਸੱਠ ਵਿਦਿਆਰਥੀਆਂ ਦੀ ਕਲਾਸ ਦੇ ਸੱਠ ਮਿੰਟ, ਜਾਣੀ ਕਿ ਪੂਰਾ ਇੱਕ ਘੰਟਾ ਬਰਬਾਦ! ਮੈਂ ਕਿਉਂ ਵਿਦਿਆਰਥੀਆਂ ਦਾ ਸਮਾਂ ਬਰਬਾਦ ਕਰਾਂ?”
ਸਮੇਂ ਸਿਰ ਨਾ ਪਹੁੰਚਣ ਵਾਂਗ ਹੀ ਕਈ ਵਾਰੀ ਕਈ ਬੰਦੇ ਕਿਸੇ ਕੰਮਕਾਰ ਨੂੰ ਯੋਜਨਾਬੱਧ ਤਰੀਕੇ ਨਾਲ ਨਹੀਂ ਕਰਦੇ। ‘ਦੇਖੀ ਜਾਊ’ ਕਹਿ ਕੇ ਕੰਮ ਚਲਾ ਲੈਂਦੇ ਹਨ। ਕਿਸੇ ਵੀ ਕੰਮ ਨੂੰ ਸਿਰੇ ਚਾੜ੍ਹਨ ਲਈ ਪਹਿਲਾਂ ਯੋਜਨਾ ਬਣਾਉਣੀ ਪੈਂਦੀ ਹੈ ਅਤੇ ਬਣਾਉਣੀ ਚਾਹੀਦੀ ਵੀ ਹੈ। ਕਈ ਵਾਰੀ ਤਾਂ ਯੋਜਨਾਬੱਧ ਹੁੰਦਿਆਂ ਵੀ ਅੜਿੱਕੇ ਪੈ ਜਾਂਦੇ ਹਨ। ਸੱਚ ਹੀ! ਤੁਸੀਂ ਵੀ ਜ਼ਰੂਰ ਸੁਣਿਆ ਹੋਵੇਗਾ-ਕਿਵੇਂ ਸੋਝੀ ਵਾਲੇ ਲੋਕ ਪਲੈਨ ਏ, ਪਲੈਨ ਬੀ, ਬਣਾਉਂਦੇ ਨੇ। ਇਹ ਗੱਲ ਵੀ ਸਹੀ ਹੈ ਕਿ ਪੈ ਗਈਆਂ ਆਦਤਾਂ ਦਾ ਤਿਆਗ ਕਰਨਾ ਮਨੁੱਖ ਵਾਸਤੇ ਤਕੜਾ ਸੰਘਰਸ਼ ਹੈ। ਵਾਰਿਸ ਸ਼ਾਹ ਤਾਂ ਬਹੁਤ ਚਿਰ ਪਹਿਲਾਂ ਹੀ ਹੱਥ ਖੜ੍ਹੇ ਕਰ ਗਿਆ ਸੀ… ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ।
ਹੁਣ ਗੱਲ ਇੱਕ ਹਲਵਾਈ ਦੀ ਕਰਦੇ ਹਾਂ। ਗੱਲ ਸੱਚੀ ਹੈ ਅਤੇ ਹੈ ਹੀ ਬਹੁਤ ਸਮਾਂ ਪਹਿਲਾਂ ਦੀ ਨਹੀਂ। ਮੇਰੇ ਦੋਸਤ ਦੀ ਬੇਟੀ ਦਾ ਵਿਆਹ ਸੀ। ਵਿਆਹ ਵਿੱਚ ਹਲਵਾਈ ਦਾ ਅਹਿਮ ਰੋਲ ਹੁੰਦਾ ਹੈ। ਉਸਨੇ ਵਿਆਹ ਵਿੱਚ ਭਾਂਤ-ਭਾਂਤ ਦੇ ਪਕਵਾਨ ਬਣਾਉਣੇ ਹੁੰਦੇ ਨੇ। ਹੋਇਆ ਇੰਜ ਕਿ ਵਿਆਹ ਵਾਲੇ ਦਿਨ ਕਿਸੇ ਹਿੰਮਤੀ ਬੰਦੇ ਦੀ ਕੋਸ਼ਿਸ਼ ਸਦਕਾ ਬਰਾਤ ਬਿਲਕੁਲ ‘ਟਾਇਮ ਸਿਰ’ ਹੀ ਪਹੁੰਚ ਗਈ। ਇਹ ਦੇਖਦਿਆਂ ਹਲਵਾਈ ‘ਬਹੁਤ ਹੈਰਾਨ ਤੇ ਕੁਝ ਪਰੇਸ਼ਾਨ’ ਹੋ ਗਿਆ। ਸ਼ਾਇਦ ਉਸਨੇ ਇਹ ਸੋਚਿਆ ਹੀ ਨਹੀਂ ਸੀ ਕਿ ਪੰਜਾਬੀਆਂ ਦੀ ਬਰਾਤ ਕਦੇ ਟਾਈਮ ’ਤੇ ਪੁੱਜ ਸਕਦੀ ਹੈ! ਹੋਰ ਹੈਰਾਨੀ ਦੀ ਗੱਲ ਇਹ ਹੋਈ ਕਿ ਵਿਆਹ ਵਾਲਿਆਂ ਦੀ ਮੇਲਾ ਨੁਮਾ ਬਰਾਤ ਵਿੱਚ ਮੁੰਡੇ ਵਾਲਿਆਂ ਦੇ ‘ਸਿਰ ਹੀ ਸਿਰ’ ਦਿਖਾਈ ਦੇਣ। ਇੰਜ ਲੱਗਿਆ ਜਿਵੇਂ ਵਿਆਂਹਦੜ ਵਾਲੇ ਬਰਾਤ ਵਿੱਚ ਸਾਰਾ ਸ਼ਹਿਰ ਹੀ ਇਕੱਠਾ ਕਰ ਕੇ ਲੈ ਆਏ ਹੋਣ।
ਮਿਲਣੀ ਦੀ ਰਸਮ ਤੋਂ ਬਾਅਦ ਬੰਦੇ-ਬੁੜ੍ਹੀਆਂ ਦਾ ਹੜ੍ਹ ਲੰਗਰ ਹਾਲ ਵੱਲ ਆਉਂਦਿਆਂ ਦੇਖ ਕੇ ਹਲਵਾਈਆਂ ਦੇ ਸਰਦਾਰ ਅਤੇ ਉਹਦੇ ਲਾਂਗਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਖਲਬਲੀ ਵਿੱਚ ਉਨ੍ਹਾਂ ਨੇ ਕਾਹਲੇ ਪੈਂਦਿਆਂ ਗੈਸ ਵਾਲੀ ਭੱਠੀ ਦੀ ਲਾਟ ‘ਫੁੱਲ’ ਕਰ ਦਿੱਤੀ ਅਤੇ ਅੱਧ-ਪੱਕੇ ਪਕੌੜਿਆਂ ਦੇ ‘ਵੱਡੇ-ਵੱਡੇ’ ਪੂਰ ‘ਜਲਦੀ-ਜਲਦੀ’ ਕੱਢਣੇ ਸ਼ੁਰੂ ਕਰ ਦਿੱਤੇ। ਬਹੁਤੇ ਹਲਵਾਈ ਤਾਂ ਪਹਿਲਾਂ ਹੀ ‘ਅੱਧੇ-ਤਲੇ ਹੋਏ’ ਪਕੌੜੇ ਤਿਆਰ ਕਰਕੇ ਰੱਖ ਲੈਂਦੇ ਹਨ ਤਾਂ ਕਿ ਅਚਾਨਕ ਪਈ ਭੀੜ ਪੈਣ ’ਤੇ ਰਾੜ੍ਹਨ ਲਈ ਜ਼ਿਆਦਾ ਸਮਾਂ ਨਾ ਲੱਗੇ। ਪਰ ਇਸ ਹਲਵਾਈ ਦੀ ‘ਯੋਜਨਾ’ ਵਿੱਚ ਇਹ ਹਿੱਸਾ ਗਾਇਬ ਸੀ। ਖੈਰ, ਆਦਤ ਤੋਂ ਮਜਬੂਰ ਸਾਡੇ ਜੋ ਪੰਜਾਬੀ ‘ਚੰਗੀ ਭਲੀ ਸੁਆਦਲੀ’ ਚੀਜ਼ ਨੂੰ ਖਾ ਕੇ ਅਤੇ ਡਕਾਰ ਮਾਰਦਿਆਂ ਵੀ ਇਹ ਕਹਿ ਕੇ ਆਪ ਵੱਡੇ ਬਣ ਜਾਂਦੇ ਹਨ ਕਿ ‘ਸੁਆਦ ਜਿਹਾ ਨਹੀਂ ਆਇਆ’, ਉਹ ਇਹ ਅੱਧ-ਪੱਕੇ ਪਕੌੜਿਆਂ ਨੂੰ ਕਿਸ ਤਰ੍ਹਾਂ ਅਸਾਨੀ ਨਾਲ ਨਿਗਲ ਲੈਂਦੇ? ਝਟਪਟ ਹੀ ਬਰਾਤੀਆਂ ਵਿੱਚ ਘੁਸਰ-ਮੁਸਰ ਜਿਹੀ ਹੋਣ ਲੱਗ ਪਈ ਅਤੇ ਕਈ ਤਰ੍ਹਾਂ ਦੀਆਂ ਅਵਾਜ਼ਾਂ ਵਾਲੇ ਵਾਜੇ ਵੱਜਣ ਲੱਗ ਪਏ। ਕੋਈ ਆਖੇ, ਹਲਵਾਈ ਕਿਹੜਾ ਆ? ਆਹ ਕੋਈ ਪਕੌੜੇ ਆ? ਆਲੂ ਤਾਂ ਕੱਚੇ ਈ ਆ! ਗੋਭੀ ਵੀ ਨਿਰੀ ਕੱਚੀ! ਆਹ ਕੱਚੀ ਕਰਿਆਟੀ ਖਾ ਕੇ ਢਿੱਡ ਦੁਖਾਉਣਾ ਆ? ਉਡਦੀ-ਉਡਦੀ ਗੱਲ ਵਿਆਹ ਵਾਲੇ ਦੋਸਤ ਦੇ ਕੰਨੀਂ ਵੀ ਪੈ ਗਈ ਜਾਂ ਫਿਰ ਕਿਸੇ ਛੋਹਲੇ ਬੰਦੇ ਨੇ ਜਾਣ-ਬੁੱਝ ਕੇ ਉਹਦੇ ਕੰਨੀਂ ਪਾ ਦਿੱਤੀ। ਉਹ ਗਰਮੋ-ਗਰਮ ਹੋਇਆ ਹਲਵਾਈ ਨੂੰ ਧੌਣ ਤੋਂ ਫੜ ਕੇ ਢਾਹੁਣ ਨੂੰ ਹੀ ਫਿਰੇ। “ਨਾਲੇ ਰਾਹ ਵਿੱਚ ਹੱਗੇ, ਨਾਲੇ ਆਨੇ ਪਿਆ ਟੱਡੇ” ਵਾਂਗ ਹਲਵਾਈ ਬੋਲਿਆ, “ਚਲੋ ਜੀ... ਮੰਨ ਲੈਂਦੇ ਹਾਂ ਕਿ ਆਲੂ-ਗੋਭੀ ਵਾਲੇ ਪਕੌੜੇ ਮਾੜੇ-ਮੋਟੇ ਕੱਚੇ ਹੋਣ ਪਰ ਪਨੀਰ ਵਾਲੇ ਪਕੌੜੇ ਤਾਂ ਸਹੀ ਈ ਸਨ। ... ਹੋਰ ਐਨਾ ਕੁਛ ਉੱਥੇ ਪਿਆ ਹੋਇਆ ਸੀ… ਲੋਕੀਂ ਤਾਂ ਬੱਸ ਐਵੇਂ ਈ… ਨੁਕਸ ਲੱਭਣ ਲਈ ਬਹਾਨੇ ਲੱਭਦੇ ਰਹਿੰਦੇ ਨੇ! ... ਨਾਲੇ ਮੈਨੂੰ ਇਹ ਕੀ ਪਤਾ ਸੀ ਬਰਾਤ ਐਨ ਟੈਮ ’ਤੇ ਆਜੂਗੀ? ... ਹੋਰ ਤਾਂ ਹੋਰ, ਬਰਾਤ ਵਿੱਚ ਵੀ ਐਨੇ ਬੰਦਿਆਂ ਦੇ ਆਉਣ ਦਾ ਵੀ ਕੀ ਇਲਮ ਸੀ?”
ਹਲਵਾਈ ਨੂੰ ਲੰਮੀ-ਚੌੜੀ ਬਰਾਤ ਦਾ ‘ਟਾਇਮ ਸਿਰ ਪਹੁੰਚਣਾ’ ਅਣਹੋਣੀ ਜਾਪਿਆ ਅਤੇ ਉਸਨੇ ਇੱਧਰ ਉੱਧਰ ਹੱਥ ਮਾਰਦਿਆਂ ਆਪਣੀ ਅਧੂਰੀ ਯੋਜਨਾ ’ਤੇ ਪੂਰਾ ਪਰਦਾ ਪਾ ਲਿਆ! ਘਬਰਾਹਟ ਵਿੱਚ ਦੋਸਤ ਸਾਡੇ ਵੱਲ ਦੌੜਾ ਆਇਆ ਤੇ ਬੋਲਿਆ, “ਹੁਣ ਤੁਸੀਂ ਦੇਖਿਓ… ਕਿਤੇ ਰੋਟੀ ਵੇਲੇ ਵੀ ਇਹ ਹਲਵਾਈ ਇਹੀ ਗੰਦ ਨਾ ਪਾ ਦੇਵੇ! ਮੈਂ ਇਹਦੇ ਨਾਲ ਤਾਂ ਬਾਅਦ ਵਿੱਚ ਗੱਲ ਕਰਾਂਗਾ! ... ਬੇਇੱਜ਼ਤੀ ਕਰਾ ਦਿੱਤੀ ਸਾਲੇ ਨੇ!”
ਅਨੰਦ ਕਾਰਜ ਦੀ ਰਸਮ ਅੱਧ ਕੁ ਤਕ ਪਹੁੰਚੀ ਤਾਂ ਮੈਂ ਅਤੇ ਮੇਰਾ ਇੱਕ ਹੋਰ ਦੋਸਤ ਰੋਟੀ ਦਾ ਪ੍ਰਬੰਧ ਦੇਖਣ ਲਈ ਹਲਵਾਈ ਦੀ ਭੱਠੀ ਵੱਲ ਨੂੰ ਤੁਰ ਪਏ। ਕਿਚਨ ਵਿੱਚ ਪਹੁੰਚੇ ਤਾਂ ਦੇਖਿਆ ਕਿ ਹਲਵਾਈ ਦੇ ਚਿਹਰੇ ਦਾ ਰੰਗ ਫਿਰ ਉੱਡਿਆ ਪਿਆ ਸੀ। ਸਾਡੇ ਵੱਲ ਦੇਖਦਿਆਂ ਹੀ ਉਸਨੇ ਮੋਬਾਇਲ ਫੋਨ ਨੂੰ ਕੰਨ ਨਾਲ ਲਾ ਲਿਆ। ਦੋ ਕੁ ਮਿੰਟ ਦੀ ਗੱਲਬਾਤ ਸੁਣਦਿਆਂ ਸਾਨੂੰ ਭਾਂਪਿਆ ਕਿ ਸਭ ਕੁਛ ਅੱਛਾ ਨਹੀਂ ਹੈ। ਹੌਸਲਾ ਕਰਕੇ ਅਸੀਂ ਪੁੱਛ ਲਿਆ, “ਕਿੱਦਾਂ ਹਲਵਾਈ ਜੀ! ਸਭ ਤਿਆਰੀਆਂ ਠੀਕ ਈ ਚੱਲ ਰਹੀਆਂ ਹਨ?”
ਸਲਾਦ, ਚੌਲਾਂ, ਦਾਲਾਂ-ਸਬਜ਼ੀਆਂ ਅਤੇ ਗਜਰੇਲੇ ਵੱਲ ਨੂੰ ਵਾਰ ਹੱਥ ਕਰਦਿਆਂ ਹਲਵਾਈ ਬੋਲਿਆ, “ਆਹ ਬਾਕੀ ਸਭ ਕੁਛ ਤਾਂ ਤਿਆਰ ਈ ਆ… ਸਿਰਫ ਨਾਨ੍ਹ ਹੀ ਬਣਨ ਵਾਲੇ ਨੇ!”
ਕੁਛ ਫਿਕਰ ਜ਼ਾਹਰ ਕਰਦਿਆਂ ਅਸੀਂ ਕਿਹਾ, “ਜ਼ਰਾ ਜਲਦੀ ਕਰੋ, ਹਲਵਾਈ ਸਾਹਿਬ! … ਵਿਆਹ ਦੀ ਰਸਮ ਲਗਭਗ ਪੂਰੀ ਹੋ ਈ ਗਈ ਆ! ਕਿਤੇ ਓਹੀ ਗੱਲ ਫਿਰ ਨਾ ਹੋਵੇ!”
‘ਓਹੀ ਗੱਲ’ ਸੁਣ ਕੇ ਹਲਵਾਈ ਸਾਨੂੰ ‘ਹੌਸਲਾ’ ਦਿੰਦਿਆਂ ਬੋਲਿਆ, “ਕੋਈ ਗੱਲ ਨਹੀਂ ਜੀ… ਐਵੇਂ ਓਦਰੀ ਨਾ ਜਾਇਆ ਕਰੋ! ਅਜੇ ਆਖਰੀ ਦੋ ਲਾਵਾਂ ਨੂੰ ਪੂਰੇ ਹੁੰਦਿਆਂ… ਤੇ ਸ਼ਗਨ ਪਾਉਂਦਿਆਂ ਬਰਾਤੀਆਂ ਨੂੰ ਟੈਮ ਲੱਗ ਈ ਜਾਣਾ। ਵੈਸੇ, ਹੁਣ ਤਕ ਤਾਂ ਸਭ ਕੁਛ ਹੋ ਹੀ ਜਾਣਾ ਸੀ ਬੱਸ ਥੋੜ੍ਹੀ ਜਿਹੀ ਪ੍ਰਾਬਲਮ ਆ ਗਈ। ਸਾਡੇ ਮੁੰਡੇ ਦਾ ਪਿੱਕਾ (ਪਿੱਕ-ਅਪ ਟਰੱਕ) ਰਾਹ ਵਿੱਚ ਖਰਾਬ ਹੋ ਗਿਆ!”
“ਹੈਂਅ?” ਅਸੀਂ ਘਾਬਰ ਗਿਆਂ ਨੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਦਿਆਂ ਉਹਨੂੰ ਪੁੱਛਿਆ, “ਨਾਨ੍ਹ ਕਿੰਨੇ ਕੁ ਬਣਨ ਵਾਲੇ ਰਹਿੰਦੇ ਆ ਅਜੇ? ਕਿਸੇ ਹੋਰ ਮੁੰਡੇ ਨੂੰ ਨਾਲ ਲਾ ਕੇ ਨਾਨ੍ਹ ਬਣਾ ਲੈ… ਕਿਤੇ ਸਵੇਰ ਵਾਂਗ ਈ ਨਾ ਹੋਵੇ!”
ਅੱਗਿਉਂ ਹਲਵਾਈ ਬੋਲਿਆ, “ਇਹੀ ਤਾਂ ਜੀ ਮੈਂ ਤੁਹਾਨੂੰ ਦੱਸ ਰਿਹਾ ਹਾਂ… ਮੁੰਡੇ ਤਾਂ ਹੋਰ ਵੀ ਹੈਗੇ ਆ ਪਰ ਉਸ ਮੁੰਡੇ ਦਾ ਪਿੱਕ-ਅਪ ਟਰੱਕ ਰਾਹ ਵਿੱਚ ਖਰਾਬ ਹੋ ਗਿਆ!”
ਗੱਲ ਕਿਸੇ ਸਿਰੇ ਪੱਤਣ ਨਾ ਲਗਦੀ ਦੇਖ ਮੇਰਾ ਦੋਸਤ ਕੁਝ ਖਿਝ ਕੇ ਬੋਲਿਆ, “ਜੇ ਹੋਰ ਮੁੰਡੇ ਹੈਗੇ ਆ ਤਾਂ ਨਾਨ੍ਹ ਬਣਾ ਫਿਰ! ਖਰਾਬ ਹੋਏ ਪਿੱਕ-ਅਪ ਟਰੱਕ ਦਾ ਨਾਨ੍ਹ ਬਣਾਉਣ ਨਾਲ ਕੀ ਦੇਣਾ-ਲੈਣਾ?”
ਹਲਵਾਈ ਥੋੜ੍ਹਾ ਜਿਹਾ ਪਰੇ ਨੂੰ ਹੋ ਕੇ ਬੋਲਿਆ, “ਤੁਹਾਨੂੰ ਦੱਸਿਆ ਤਾਂ ਹੈ ਪਿੱਕ-ਅਪ ਟਰੱਕ ਖਰਾਬ ਹੋ ਗਿਆ ਰਾਹ ਵਿੱਚ … ਨਾਨ੍ਹ ਬਣਾਉਣ ਵਾਲਾ ਤੰਦੂਰ ਉਸ ਟਰੱਕ ਵਿੱਚ ਹੀ ਆਉਣਾ ਸੀ!”
ਅਸੀਂ ਮੱਥੇ ਹੱਥ ਮਾਰਦਿਆਂ ਸੋਚਣ ਲੱਗ ਪਏ ਕਿ ਕਦੋਂ ਤੰਦੂਰ ਆਊਗਾ? ਕਦੋਂ ਗਰਮ ਹੋਊਗਾ ਤੇ ਕਦੋਂ ਨਾਨ੍ਹ ਬਣਨਗੇ?
ਖੈਰ, ਸ਼ਗਨਾਂ ਦੀ ਲੰਮੀ ਰਸਮ ਖਤਮ ਹੋਣ ਤਕ ਹਲਵਾਈ ਦੀ ਟੀਮ ਨੇ ਹਿੰਮਤ ਮਾਰਦਿਆਂ ‘ਕੱਚੇ-ਭੁੰਨੇ’ ਜਿਹੇ ਨਾਨ੍ਹ ਬਣਾ ਲਏ ਅਤੇ ਬਰਾਤ ਨੂੰ ਪਰੋਸ ਦਿੱਤੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































