““ਢਿੱਗੀ ਨਾ ਢਾਹੋ। ਸਖਤ ਮਿਹਨਤ ਕਰੋ। ਸਫਲਤਾ ਤੁਹਾਡੇ ਪੈਰ ਚੁੰਮੇਗੀ।” ਤੁਹਾਡੀ ...”
(7 ਸਤੰਬਰ 2026)
ਜੇਕਰ ਇਸ ਸਮੇਂ ਤੁਸੀਂ ਕਿਸ਼ੋਰ ਅਵਸਥਾ ਲੰਘ ਕੇ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖ ਚੁੱਕੇ ਹੋ ਤਾਂ ਤੁਹਾਡੇ ਜੀਵਨ ਦੇ ਅਗਲੇਰੇ ਛੇ ਸਾਲ ਤੁਹਾਡੇ ਭਵਿੱਖ ਨੂੰ ਸੁਨਹਿਰੀ, ਰੌਸ਼ਨ, ਉੱਜਲ ਅਤੇ ਖੁਸ਼ਹਾਲ ਬਣਾਉਣ ਲਈ ਕਾਰਗਰ ਸਿੱਧ ਹੋਣ ਵਾਲੇ ਹਨ। ਤੁਹਾਡੇ ਲਈ ਇਹੋ ਉਹ ਅਨਮੋਲ ਸਮਾਂ ਹੈ, ਜਿਸਦੀ ਸੁਚੱਜੀ ਵਰਤੋਂ ਕਰਕੇ ਤੁਸੀਂ ਕੋਈ ਆਰਟਿਸਟ, ਵਿਗਿਆਨੀ, ਸਾਇੰਸਦਾਨ, ਅਧਿਆਪਕ, ਪ੍ਰੋਫੈਸਰ, ਡਾਕਟਰ, ਇੰਜਨੀਅਰ ਜਾਂ ਸਮਾਜ ਸੇਵੀ, ਕੁਝ ਵੀ ਬਣ ਸਕਦੇ ਹੋ। ਪ੍ਰੰਤੂ ਕਿਸੇ ਵੀ ਖੇਤਰ ਵਿੱਚ ਟੀਸੀ ’ਤੇ ਪਹੁੰਚਣ ਲਈ ਤੁਹਾਨੂੰ ਆਪਣਾ ਸਾਰਾ ਧਿਆਨ, ਆਪਣੀ ਸਾਰੀ ਸਰੀਰਕ ਸ਼ਕਤੀ, ਮਾਨਸਿਕ ਅਤੇ ਬੌਧਿਕ ਸਮਰੱਥਾ ਨੂੰ ਕੇਵਲ ਇੱਕੋ ਬਿੰਦੂ ’ਤੇ ਕੇਂਦਰਿਤ ਕਰਨਾ ਹੋਵੇਗਾ। ਇਸ ਸਮੇਂ ਤੁਹਾਡੇ ਹੱਥ ਵਿੱਚ ਆਏ ਮੋਬਾਇਲ ਫ਼ੋਨ ਦੀ ਸੁਚੱਜੀ ਵਰਤੋਂ ਜਾਂ ਕੁਵਰਤੋਂ ਹੀ ਤੁਹਾਡੇ ਭਵਿੱਖ ਨੂੰ ਸੰਵਾਰੇਗੀ, ਜਾਂ ਤਬਾਹ ਕਰੇਗੀ। ਇਸੇ ਮੋਬਾਇਲ ਫ਼ੋਨ ਦੀ ਸੁਚੱਜੀ ਵਰਤੋਂ ਕਰਕੇ ਤੁਸੀਂ ਕਾਮਯਾਬ ਇਨਸਾਨਾਂ ਦੀਆਂ ਜੀਵਨੀਆਂ ਅਤੇ ਸਵੈਜੀਵਨੀਆਂ ਪੜ੍ਹ ਕੇ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਦੇ ਹੋ; ਅਧਿਆਪਕਾਂ ਵੱਲੋਂ ਮਿਲੀ ਅਸਾਈਨਮੈਂਟ ਤਿਆਰ ਕਰ ਸਕਦੇ ਹੋ; ਸੰਸਾਰ ਦੀ ਕਿਸੇ ਵੀ ਲਾਇਬਰੇਰੀ ਵਿੱਚ ਪਈ ਪੁਸਤਕ ਦੀ ਪੀ.ਡੀ.ਐੱਫ ਪੜ੍ਹ ਸਕਦੇ ਹੋ ਜਾਂ ਫਿਰ ਇਸੇ ਮੋਬਾਇਲ ਫ਼ੋਨ ’ਤੇ ਤੁਸੀਂ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟਵਿਟਰ, ਯੂ ਟਿਊਬ ਆਦਿ ਚਲਾ ਕੇ ਆਪਣਾ ਸਭ ਤੋਂ ਮਹਿੰਗਾ ਅਤੇ ਕੀਮਤੀ ਸਮਾਂ ਨਸ਼ਟ ਵੀ ਕਰ ਸਕਦੇ ਹੋ। ਪ੍ਰੰਤੂ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਬਹੁਰਾਸ਼ਟਰੀ ਕੰਪਨੀਆਂ ਦੇ ਮਾਲਕਾਂ, ਹੋਰ ਧਨ ਕੁਬੇਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਅਸ਼ਲੀਲ ਅਤੇ ਅਸੱਭਿਅਕ ਵੀਡੀਓਜ਼, ਰੀਲਾਂ, ਦੋਹਰੇ ਅਰਥਾਂ ਵਾਲੇ ਮਿਆਰ ਤੋਂ ਡਿਗੇ ਹੋਏ ਘਟੀਆ ਗੀਤ ਕਿਸ਼ੋਰਾਂ, ਨੌਜਵਾਨਾਂ, ਮੁਟਿਆਰਾਂ ਦੀ ਮਾਨਸਿਕਤਾ ਨੂੰ ਖੁੰਢਾ ਕਰਨ ਦੀ ਬੜੀ ਡੂੰਘੀ ਅਤੇ ਗਹਿਰੀ ਚਾਲ ਚੱਲੀ ਗਈ ਹੈ। ਇਸ ਤੋਂ ਤੁਹਾਨੂੰ ਪੂਰਾ ਸਾਵਧਾਨ ਅਤੇ ਸੁਚੇਤ ਰਹਿਣ ਦੀ ਲੋੜ ਹੈ।
ਪੰਜਾਬ ਦੀਆਂ ਮੁਟਿਆਰ ਕੁੜੀਓ ਅਤੇ ਨੌਜਵਾਨ ਦੋਸਤੋ! ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਹੋਏ ਰੂਸ ਦੇ ਇੱਕ ਮਹਾਨ ਲੇਖਕ ਰਸੂਲ ਹਮਜ਼ਾਤੋਵ ਨੇ ਆਪਣੀ ਰਚਨਾ ‘ਮੇਰਾ ਦਾਗਿਸਤਾਨ’ ਵਿੱਚ ਇੱਕ ਥਾਂ ਲਿਖਿਆ ਹੈ, “ਜੇ ਤੂੰ ਅੱਜ ਸਮੇਂ ਨੂੰ ਬਰਬਾਦ ਕਰੇਂਗਾ ਤਾਂ ਆਉਣ ਵਾਲੇ ਸਮੇਂ ਵਿੱਚ ਸਮਾਂ ਤੈਨੂੰ ਦੁੱਗਣੀ ਤਿੱਗਣੀ ਸ਼ਕਤੀ ਨਾਲ ਬਰਬਾਦ ਕਰੇਗਾ।” ਅਸੀਂ ਜਾਣਦੇ ਹਾਂ ਕਿ ਕੁਦਰਤ ਨੇ ਹਰ ਮਨੁੱਖ ਨੂੰ ਦਿਨ ਅਤੇ ਰਾਤ ਦੇ ਕੁੱਲ ਚੌਵੀ ਘੰਟੇ ਦਿੱਤੇ ਹਨ। ਜਿਹੜੇ ਨੌਜਵਾਨਾਂ ਅਤੇ ਮੁਟਿਆਰਾਂ ਨੇ ਇਨ੍ਹਾਂ ਚੌਵੀ ਘੰਟਿਆਂ ਦੀ ਸੁਚੱਜੀ ਵਿਉਂਤਬੰਦੀ ਕਰ ਲਈ, ਉਹ ਯਕੀਨਨ ਆਪਣੀ ਮੰਜ਼ਿਲ ’ਤੇ ਪਹੁੰਚ ਜਾਂਦੇ ਹਨ।
ਬੇਸ਼ਕ ਤੁਸੀਂ ਇੱਕ ਵਧੀਆ ਖਿਡਾਰੀ ਬਣਨਾ ਚਾਹੁੰਦੇ ਹੋ; ਤੁਸੀਂ ਮਹਾਨ ਸੰਗੀਤਕਾਰ ਬਣਨਾ ਚਾਹੁੰਦੇ ਹੋ; ਚਿੱਤਰਕਾਰ ਬਣਨਾ ਲੋਚਦੇ ਹੋ; ਪਰਮਾਤਮਾ ਦੀ ਭਗਤੀ ਕਰਨਾ ਚਾਹੁੰਦੇ ਹੋ; ਮੁਕਾਬਲੇ ਦੀ ਕਿਸੇ ਪਰੀਖਿਆ ਵਿੱਚ ਸਫਲਤਾ ਹਾਸਲ ਕਰਨੀ ਚਾਹੁੰਦੇ ਹੋ; ਆਪਣੀ ਸਿਹਤ ਵਧੀਆ ਬਣਾਉਣੀ ਚਾਹੁੰਦੇ ਹੋ; ਉਸ ਲਈ ਇੱਕੋ ਇੱਕ ਗੁਰਮੰਤਰ ਅਤੇ ਫਾਰਮੂਲਾ ਹੈ ਕਿ ਤੁਸੀਂ ਸਵੇਰੇ ਜਲਦੀ ਜਾਗ ਕੇ ਆਪਣੇ ਕਾਰਜ ਵਿੱਚ ਜੁੱਟ ਜਾਓ। ਲਾਜ਼ਮੀ ਤੌਰ ’ਤੇ ਤੁਹਾਡੀ ਜਿੱਤ ਹੋਵੇਗੀ।
ਇਹ ਵੀ ਇੱਕ ਸਚਾਈ ਹੈ ਕਿ ਕਿਸ਼ੋਰ ਅਵਸਥਾ ਵਿੱਚ ਪੈਰ ਧਰਨ ਨਾਲ ਹਰੇਕ ਪ੍ਰਾਣੀ ਦੀ ਵਿਰੋਧੀ ਲਿੰਗ ਵੱਲ ਖਿੱਚ ਵਧਦੀ ਹੈ। ਪ੍ਰੰਤੂ ਤੁਸੀਂ ਆਪਣੀ ਇਸ ਖਿੱਚ ਦੇ ਗੁਲਾਮ ਨਹੀਂ ਬਣਨਾ। ਸਗੋਂ ਇਸ ਨੂੰ ਆਪਣੀ ਤਾਕਤ ਬਣਾਉਣਾ ਹੈ। ਇਸ ਨੂੰ ਆਪਣੀ ਸ਼ਕਤੀ ਬਣਾਉਣਾ ਹੈ। ਵਿਰੋਧੀ ਲਿੰਗ ਦੇ ਆਪਣੇ ਦੋਸਤ ਜਾਂ ਸਹੇਲੀ ਨਾਲ ਸਰੀਰਕ ਸੰਬੰਧ ਬਣਾਉਣ ਦੀ ਥਾਂ ਉਸਦੀਆਂ ਚੰਗੀਆਂ ਆਦਤਾਂ ਨੂੰ, ਉਸਦੇ ਚੰਗੇ ਗੁਣਾਂ ਨੂੰ, ਉਸਦੇ ਅਨੁਸ਼ਾਸਨਬੱਧ ਜੀਵਨ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣ ਦੀ ਲੋੜ ਹੈ। ਇੱਥੇ ਇੱਕ ਗੱਲ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਛੇ ਸਾਲ ਦੀ ਸਖਤ ਮਿਹਨਤ ਉਪਰੰਤ ਜਦੋਂ ਤੁਸੀਂ ਆਪਣੇ ਟੀਚੇ ਨੂੰ ਹਾਸਲ ਕਰ ਲਵੋਗੇ, ਤਦ ਤੁਹਾਡਾ ਪਰਿਵਾਰ ਅਤੇ ਸਮਾਜ ਤੁਹਾਡੀ ਝੋਲੀ ਉਨ੍ਹਾਂ ਸਾਰੀਆਂ ਖੁਸ਼ੀਆਂ ਨਾਲ ਭਰ ਦੇਵੇਗਾ, ਜਿਹੜੀਆਂ ਖੁਸ਼ੀਆਂ ਲਈ ਤੁਸੀਂ ਬੜੀ ਸ਼ਿੱਦਤ ਨਾਲ ਤਾਂਘਦੇ ਰਹੇ ਸੀ।
ਜੇਕਰ ਤੁਸੀਂ ਹੁਣ ਤਕ ਆਪਣੀਆਂ ਕੀਤੀਆਂ ਗਲਤੀਆਂ ਕਾਰਨ ਆਪਣਾ ਕਾਫੀ ਸਮਾਂ, ਸਰੀਰਕ ਸ਼ਕਤੀ, ਸਿਹਤ, ਧਨ, ਦੌਲਤ ਆਦਿ ਗੁਆ ਚੁੱਕੇ ਹੋ, ਤਦ ਵੀ ਅਜੇ ਕੁਝ ਨਹੀਂ ਵਿਗੜਿਆ। ਪੰਜਾਬੀ ਦਾ ਅਖਾਣ ਹੈ, “ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਆਖਦੇ।” ਤੁਸੀਂ ਅੱਜ ਤੋਂ ਹੀ ਨਹੀਂ, ਸਗੋਂ ਇਸੇ ਪਲ ਤੋਂ ਹੀ ਦ੍ਰਿੜ੍ਹ ਸੰਕਲਪ ਕਰੋ; ਆਪਣੇ ਟੀਚੇ ’ਤੇ ਆਪਣਾ ਧਿਆਨ ਕੇਂਦਰਿਤ ਕਰੋ; ਸਖਤ ਮਿਹਨਤ, ਲਗਨ, ਦ੍ਰਿੜ੍ਹਤਾ ਨਾਲ ਆਪਣਾ ਕਾਰਜ ਕਰਨਾ ਅਰੰਭ ਕਰ ਦਿਉ; ਜਿੱਤ ਤੁਹਾਡੀ ਯਕੀਨੀ ਹੋਵੇਗੀ। ਅਠਾਰ੍ਹਵੀਂ ਸਦੀ ਵਿੱਚ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਿੱਸਾਕਾਰ ਅਤੇ ਸੂਫੀ ਸ਼ਾਇਰ ਹਾਸ਼ਮ ਸ਼ਾਹ ਹੋਏ ਹਨ। ਉਹ ਆਪਣੀ ਇੱਕ ਰਚਨਾ ਵਿੱਚ ਦਰਜ ਕਰਦੇ ਹਨ, “ਹਾਸ਼ਮ ਫਤਹਿ ਨਸੀਬ ਤਿਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ।”
ਨੌਜਵਾਨੋ ਅਤੇ ਮੁਟਿਆਰੋ! ਸੁਪਨੇ ਉਹ ਨਹੀਂ ਹੁੰਦੇ, ਜੋ ਅਸੀਂ ਸੁੱਤੇ ਪਿਆਂ ਲੈਂਦੇ ਹਾਂ; ਸਗੋਂ ਸੁਪਨੇ ਤਾਂ ਉਹ ਹੁੰਦੇ ਹਨ, ਜੋ ਸਾਨੂੰ ਸੌਣ ਨਾ ਦੇਣ। ਤੁਸੀਂ ਆਪਣੇ ਸੁਪਨਿਆਂ ਨੂੰ ਕਦੇ ਵੀ ਮਰਨ ਨਾ ਦਿਉ। ਪੰਜਾਬੀ ਦਾ ਇੱਕ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਆਪਣੀ ਇੱਕ ਕਵਿਤਾ ‘ਸਭ ਤੋਂ ਖਤਰਨਾਕ’ ਵਿੱਚ ਲਿਖਦਾ ਹੈ-
ਸਭ ਤੋਂ ਖਤਰਨਾਕ ਹੁੰਦਾ ਹੈ, ਮੁਰਦਾ ਸ਼ਾਂਤੀ ਨਾਲ ਭਰ ਜਾਣਾ।
ਨਾ ਹੋਣਾ ਤੜਫ ਦਾ, ਸਭ ਸਹਿਣ ਕਰ ਜਾਣਾ।
ਘਰਾਂ ਤੋਂ ਨਿਕਲਣਾ ਕੰਮ ’ਤੇ, ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ।
ਮੇਰੇ ਪਿਆਰੇ ਪੰਜਾਬ ਦੇ ਨੌਜਵਾਨੋਂ, ਮੁਟਿਆਰੋ! ਆਪਣੇ ਸੁਪਨਿਆਂ ਨੂੰ ਹਮੇਸ਼ਾ ਬਰਕਰਾਰ ਰੱਖੋ। ਉਨ੍ਹਾਂ ਨੂੰ ਪੂਰਿਆਂ ਕਰਨ ਲਈ ਸਿਰਤੋੜ ਮਿਹਨਤ ਕਰੋ। ਯਤਨ, ਜੱਦੋਜਹਿਦ ਲਗਾਤਾਰ ਕਰਦੇ ਰਹੋ। ਪੰਜਾਬੀ ਦੇ ਇੱਕ ਵਾਰਤਕ ਲਿਖਾਰੀ ਨੇ ਇੱਕ ਵਾਰੀ ਕਿਹਾ ਸੀ, “ਢਿੱਗੀ ਨਾ ਢਾਹੋ। ਸਖਤ ਮਿਹਨਤ ਕਰੋ। ਸਫਲਤਾ ਤੁਹਾਡੇ ਪੈਰ ਚੁੰਮੇਗੀ।” ਤੁਹਾਡੀ ਕਾਮਯਾਬੀ ’ਤੇ ਤੁਹਾਡੇ ਮਾਂ ਪਿਉ, ਭੈਣ ਭਰਾ, ਗੁਆਂਢੀ, ਦੋਸਤ, ਅਧਿਆਪਕ ਪੂਰਾ ਸਮਾਜ ਤੁਹਾਡੇ ’ਤੇ ਮਾਣ ਕਰੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































