“ਪੰਜਾਬੀ ਭਾਸ਼ਾ ਨੂੰ ਬਾਹਰੋਂ ਅਜੇ ਕੋਈ ਖ਼ਤਰਾ ਨਹੀਂ ਭਾਸਦਾ। ਹਾਂ, ਇਹ ਜ਼ਰੂਰ ਹੈ ਕਿ ਪੰਜਾਬ ...”
(8 ਜੂਨ 2025)
ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ’ਤੇ ਸਨਸਨੀਖੇਜ਼ ਢੰਗ ਨਾਲ ਇਹ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬੀ ਭਾਸ਼ਾ ਬਹੁਤ ਜਲਦੀ ਖ਼ਤਮ ਹੋ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਭਾਸ਼ਾ ਦੀ ਅਜਿਹੀ ਤਸਵੀਰ ਬਾਰੇ ਪੜ੍ਹ-ਸੁਣ ਕੇ ਸੱਚਮੁੱਚ ਹੀ ਚਿੰਤਾ ਹੋ ਜਾਂਦੀ ਹੈ। ਇਸ ਲਈ ਇਹ ਸੱਚਮੁੱਚ ਹੀ ਵਿਚਾਰਨਯੋਗ ਗੰਭੀਰ ਮਸਲਾ ਹੈ।
ਲਗਭਗ ਸੋਲਾਂ ਕੁ ਸਾਲ ਪਹਿਲਾਂ 2008 ਈ. ਵਿੱਚ ਯੂਨੈਸਕੋ ਦੀ ਇੱਕ ਰਿਪੋਰਟ ਵਿੱਚ ਇਹ ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਦੁਨੀਆਂ ਦੀਆਂ ਕੁਝ ਭਾਸ਼ਾਵਾਂ ਹੌਲੀ-ਹੌਲੀ ਮਰਨ ਵੱਲ ਵਧ ਰਹੀਆਂ ਹਨ, ਜਦੋਂ ਕਿ ਕੁਝ ਕੁ ਭਾਸ਼ਾਵਾਂ ਕੁਝ ਸਾਲਾਂ ਵਿੱਚ ਹੀ ਮਰ ਮੁੱਕ ਜਾਣਗੀਆਂ, ਖ਼ਤਮ ਹੋ ਜਾਣਗੀਆਂ, ਅਲੋਪ ਹੋ ਜਾਣਗੀਆਂ। ਉਦੋਂ ਤੋਂ ਹੀ ਸਾਰੇ ਪਾਸੇ ਇਹ ਰੌਲਾ ਪੈ ਗਿਆ ਕਿ ਪੰਜਾਬੀ ਭਾਸ਼ਾ ਵੀ ਉਨ੍ਹਾਂ ਭਾਸ਼ਾਵਾਂ ਵਿੱਚ ਸ਼ਾਮਲ ਹੈ, ਜਿਹੜੀਆਂ ਭਾਸ਼ਾਵਾਂ ਨੇ ਖ਼ਤਮ ਹੋ ਜਾਣਾ ਹੈ। ਪ੍ਰੰਤੂ ਸਾਨੂੰ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਯੂਨੈਸਕੋ ਵੱਲੋਂ ਅਜਿਹੀ ਕੋਈ ਸੂਚੀ ਤਿਆਰ ਨਹੀਂ ਕੀਤੀ ਗਈ, ਜਿਸ ਵਿੱਚ ਪੰਜਾਬੀ ਭਾਸ਼ਾ ਦੇ ਖ਼ਤਮ ਹੋ ਜਾਣ ਦੀ ਗੱਲ ਕੀਤੀ ਗਈ ਹੋਵੇ। ਹਾਂ, ਉਨ੍ਹਾਂ ਨੇ ਕੁਝ ਅਧਾਰ ਜ਼ਰੂਰ ਦਿੱਤੇ ਹਨ ਕਿ ਕਿਹੜੀ ਭਾਸ਼ਾ ਨੂੰ ਖ਼ਤਰਾ ਹੋ ਸਕਦਾ ਹੈ।
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਭਾਸ਼ਾ ਦੇ ਮਰ ਜਾਂ ਖ਼ਤਮ ਹੋ ਜਾਣ ਦਾ ਖ਼ਤਰਾ ਹੁੰਦਾ ਹੈ, ਜਿਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਖ਼ਤਰਨਾਕ ਹੱਦ ਤਕ ਲਗਾਤਾਰ ਘਟ ਰਹੀ ਹੋਵੇ। ਅਜੋਕੇ ਸਮੇਂ ਪੰਜਾਬੀ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਪੰਦਰਾਂ ਕਰੋੜ ਤੋਂ ਉੱਪਰ ਹੈ। ਸਾਢੇ ਤਿੰਨ ਕਰੋੜ ਲੋਕ ਭਾਰਤੀ ਪੰਜਾਬ ਵਿੱਚ, ਗਿਆਰਾਂ ਕਰੋੜ ਲੋਕ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਵਸਦੇ ਹਨ। ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਕੀਨੀਆ, ਥਾਈਲੈਂਡ ਆਦਿ ਬਹੁਤ ਸਾਰੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੋਕ ਵੀ ਪੰਜਾਬੀ ਭਾਸ਼ਾ ਬੋਲਦੇ ਹਨ। ਦੂਜੀ ਗੱਲ ਇਹ ਹੈ ਕਿ ਹਰੇਕ ਭਾਸ਼ਾ ਦਾ ਵਾਹਣ ਲਿੱਪੀ ਹੁੰਦੀ ਹੈ। ਪੰਜਾਬੀ ਭਾਸ਼ਾ ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ। ਲਹਿੰਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਲਿਖਣ ਲਈ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਅੰਗਰੇਜ਼ਾਂ ਨੇ ਪੰਜਾਬ ਉੱਤੇ 1849 ਈ. ਵਿੱਚ ਕਬਜ਼ਾ ਕੀਤਾ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਰੋਮਨ ਲਿੱਪੀ ਵਿੱਚ ਲਿਖ ਕੇ ਸਫ਼ਲ ਤਜਰਬੇ ਕੀਤੇ ਸਨ। ਕੁਝ ਲੋਕ ਪੰਜਾਬੀ ਭਾਸ਼ਾ ਨੂੰ ਦੇਵਨਾਗਰੀ ਲਿੱਪੀ ਵਿੱਚ ਵੀ ਲਿਖਣ ਦੀ ਸਿਫਾਰਸ਼ ਕਰਦੇ ਹਨ।
ਤੀਜੀ ਗੱਲ ਇਹ ਹੈ ਕਿ ਪੰਜਾਬੀ ਕੋਈ ਨਵੀਂ ਭਾਸ਼ਾ ਨਹੀਂ ਹੈ। ਜੇਕਰ ਅੰਗਰੇਜ਼ੀ ਭਾਸ਼ਾ ਦਾ ਅਰੰਭ ਚੌਦ੍ਹਵੀਂ ਸਦੀ ਵਿੱਚ ਚੌਸਰ ਨਾਂ ਦੇ ਕਵੀ ਤੋਂ ਹੁੰਦਾ ਹੈ ਤਾਂ ਪੰਜਾਬੀ ਭਾਸ਼ਾ ਨੂੰ ਅੱਠਵੀਂ-ਨੌਂਵੀਂ ਸਦੀ ਵਿੱਚ ਗੋਰਖ ਨਾਥ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਬਾਰ੍ਹਵੀਂ ਸਦੀ ਵਿੱਚ ਤਾਂ ਪੰਜਾਬੀ ਭਾਸ਼ਾ ਦੇ ਸਿਰਮੌਰ ਕਵੀ ਸ਼ੇਖ਼ ਫ਼ਰੀਦ ਜੀ ਨੇ ਆਪਣੇ ਸਲੋਕਾਂ ਅਤੇ ਸ਼ਬਦਾਂ ਰਾਹੀਂ ਬੁਲੰਦੀਆਂ ਉੱਤੇ ਪਹੁੰਚਾ ਦਿੱਤਾ ਸੀ।
ਪੰਜਾਬੀ ਭਾਸ਼ਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਵਾਰਿਸ ਦੀ ਹੀਰ, ਸੂਫ਼ੀਆਂ ਦੀ ਸ਼ਾਇਰੀ, ਚੰਡੀ ਦੀ ਵਾਰ, ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਆਦਿ ਸ਼ਾਹਕਾਰ ਅਤੇ ਕਲਾਸੀਕਲ ਰਚਨਾਵਾਂ ਵੀ ਉਪਲਬਧ ਹਨ। ਹੁਣ ਤਾਂ ਚੜ੍ਹਦੇ ਪੰਜਾਬ ਵਿੱਚ ਇਹ ਰਾਜ ਭਾਸ਼ਾ ਦਾ ਦਰਜਾ ਵੀ ਗ੍ਰਹਿਣ ਕਰ ਚੁੱਕੀ ਹੈ। ਪੰਜਾਬੀ ਭਾਸ਼ਾ ਵਿੱਦਿਆ ਦਾ ਮਾਧਿਅਮ ਵੀ ਹੈ। ਹੁਣ ਤਾਂ ਮਾਣਯੋਗ ਚੀਫ ਜਸਟਿਸ ਆਫ ਇੰਡੀਆ ਨੇ ਇਹ ਵੀ ਹੁਕਮ ਕਰ ਦਿੱਤਾ ਹੈ ਕਿ ਭਾਰਤ ਦੇਸ਼ ਵਿੱਚ ਹਰੇਕ ਰਾਜ ਦੇ ਵਸਨੀਕਾਂ ਨੂੰ ਉਨ੍ਹਾਂ ਦੀ ਆਪਣੀ ਮਾਤ ਭਾਸ਼ਾ ਵਿੱਚ ਹੀ ਇਨਸਾਫ਼ ਦਿੱਤਾ ਜਾਵੇ।
ਇਸ ਪ੍ਰਕਾਰ ਪੰਜਾਬੀ ਭਾਸ਼ਾ ਨੂੰ ਬਾਹਰੋਂ ਅਜੇ ਕੋਈ ਖ਼ਤਰਾ ਨਹੀਂ ਭਾਸਦਾ। ਹਾਂ, ਇਹ ਜ਼ਰੂਰ ਹੈ ਕਿ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਅੰਦਰ ਇੱਕ ਹੀਣ ਭਾਵਨਾ ਘਰ ਕਰ ਰਹੀ ਹੈ। ਸ਼ਹਿਰੀ ਮਾਪੇ ਘਰਾਂ ਵਿੱਚ ਪੰਜਾਬੀ ਬੋਲਣ ਦੀ ਥਾਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵੱਲ ਝੁਕਾਅ ਰੱਖਣ ਲੱਗ ਪਏ ਹਨ। ਇਸਦਾ ਵੱਡਾ ਕਾਰਨ ਰੁਜ਼ਗਾਰ ਪ੍ਰਾਪਤੀ ਹੈ। ਰੁਜ਼ਗਾਰ ਦੇ ਸੰਦਰਭ ਵਿੱਚ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਦੀਆਂ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਨੇ ਆਪਣੀ ਸਹੂਲਤ ਲਈ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦਿੱਤੀ ਹੋਈ ਹੈ। ਇਸੇ ਲਈ ਪੰਜਾਬ ਰਹਿੰਦੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਥਾਂ ਅੰਗਰੇਜ਼ੀ ਸਿਖਾਉਣ ਲੱਗੇ ਹਨ। ਜੇਕਰ ਜੜ੍ਹ ਸੁੱਕ ਗਈ ਤਾਂ ਪੱਤਿਆਂ, ਟਾਹਣੀਆਂ, ਤਣਿਆਂ ਉੱਤੇ ਪਾਣੀ ਤ੍ਰੌਂਕਣ ਦਾ ਕੋਈ ਲਾਭ ਨਹੀਂ ਹੋਣਾ। ਇਹੋ ਇੱਕੋ ਇੱਕ ਹਕੀਕੀ ਖ਼ਤਰਾ ਹੈ, ਜਿਸ ਪ੍ਰਤੀ ਸਮਾਂ ਰਹਿੰਦਿਆਂ ਸੁਚੇਤ ਹੋਣ ਦੀ ਬੜੀ ਲੋੜ ਹੈ। ਹਾਂ, ਪੰਜਾਬ ਵਿੱਚ ਚੱਲਦੇ ਤਥਾਕਥਿਤ ਕੌਨਵੈਂਟ ਸਕੂਲ, ਪਬਲਿਕ ਸਕੂਲ, ਪ੍ਰਾਈਵੇਟ ਸਕੂਲ ਪੰਜਾਬੀ ਭਾਸ਼ਾ ਨੂੰ ਬਹੁਤ ਢਾਹ ਲਾ ਰਹੇ ਹਨ। ਇੱਥੋਂ ਤਕ ਕਿ ਜੇਕਰ ਸਕੂਲ ਦੇ ਵਿਦਿਆਰਥੀ ਸਕੂਲ ਸਮੇਂ ਪੰਜਾਬੀ ਭਾਸ਼ਾ ਬੋਲਦੇ ਹਨ ਤਾਂ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਜੁਰਮਾਨਾ ਵੀ ਲਾਇਆ ਜਾਂਦਾ ਹੈ। ਇਨ੍ਹਾਂ ਤਥਾਕਥਿਤ ਅੰਗਰੇਜ਼ੀ ਸਕੂਲਾਂ ਦੇ ਇਸ ਮਾੜੇ ਰਵੱਈਏ ਨੂੰ ਪੰਜਾਬੀ ਦੇ ਇੱਕ ਸੰਵੇਦਨਸ਼ੀਲ ਕਵੀ ਡਾ. ਸੁਰਜੀਤ ਪਾਤਰ ਜੀ ਨੇ ਆਪਣੀ ਇੱਕ ਕਵਿਤਾ ਵਿੱਚ ਇੰਝ ਦਰਜ ਕੀਤਾ ਹੈ-
ਚੀਂ ਚੀਂ ਕਰਦੀਆਂ ਚਿੜੀਆਂ ਦਾ,
ਕੱਲ ਕੱਲ ਕਰਦੀਆਂ ਨਦੀਆਂ ਦਾ,
ਸਾਂ ਸਾਂ ਕਰਦੇ ਬਿਰਖਾਂ ਦਾ,
ਆਪਣਾ ਹੀ ਤਰਾਨਾ ਹੁੰਦਾ ਹੈ।
ਮੈਂ ਸੁਣਿਆ ਹੈ ਇਸ ਧਰਤੀ ’ਤੇ,
ਇੱਕ ਅਜਿਹਾ ਦੇਸ਼ ਵੀ ਹੈ,
ਜਿੱਥੇ ਬੱਚਿਆਂ ਨੂੰ,
ਆਪਣੀ ਹੀ ਮਾਂ ਬੋਲੀ ਬੋਲਣ ’ਤੇ
ਜੁਰਮਾਨਾ ਹੁੰਦਾ ਹੈ।
ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਕਿਸੇ ਵੇਲੇ ਪੰਜਾਬ ਦੀ ਧਰਤੀ ਨੂੰ ਪੰਜ ਦਰਿਆਵਾਂ ਦਾ ਪਾਣੀ ਸਿੰਜਦਾ ਸੀ। ਉਨ੍ਹਾਂ ਪੰਜਾਂ ਦਰਿਆਵਾਂ ਦੀ ਥਾਂ ਹੁਣ ਕੇਵਲ ਢਾਈ ਦਰਿਆ ਹੀ ਇੱਧਰ ਰਹਿ ਗਏ ਹਨ। ਪ੍ਰੰਤੂ ਗੁਰਮਤਿ ਕਾਵਿਧਾਰਾ, ਸੂਫ਼ੀ ਕਾਵਿਧਾਰਾ, ਬੀਰ ਕਾਵਿਧਾਰਾ, ਕਿੱਸਾ ਕਾਵਿਧਾਰਾ ਅਤੇ ਲੋਕ ਸਾਹਿਤ ਦੀ ਕਾਵਿਧਾਰਾ ਦੇ ਪੰਜ ਦਰਿਆ ਜਦੋਂ ਤਕ ਪੰਜਾਬ ਵਿੱਚ ਵਹਿੰਦੇ ਰਹਿਣਗੇ, ਤਦ ਤਕ ਪੰਜਾਬ, ਪੰਜਾਬੀ ਭਾਸ਼ਾ, ਪੰਜਾਬੀਅਤ ਨੂੰ ਕੋਈ ਖ਼ਤਰਾ ਨਹੀਂ ਹੈ। ਪੰਜਾਬੀ ਭਾਸ਼ਾ ਦੇ ਖ਼ਤਮ ਹੋ ਜਾਣ ਦੀਆਂ ਚਿੰਤਾਵਾਂ ਨਿਰਮੂਲ ਹਨ। ਅੰਤ ਵਿੱਚ ਮਸ਼ਹੂਰ ਪਾਕਿਸਤਾਨੀ ਸ਼ਾਇਰ ਉਸਤਾਦ ਦਾਮਨ ਦੀਆਂ ਇਹ ਸਤਰਾਂ ਬੜੀਆਂ ਸਾਰਥਕ ਜਾਪਦੀਆਂ ਹਨ-
ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ,
ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ।
ਇਹਦਾ ਪੁੱਤ ਹਾਂ, ਇਹਦੇ ਤੋਂ ਦੁੱਧ ਮੰਗਨਾ,
ਮੇਰੀ ਭੁੱਖ, ਇਹਦੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)