“ਅੱਜ ਮੇਰੇ ਪਿਆਰੇ ਪਾਪਾ ਨੂੰ ਸਾਡੇ ਕੋਲੋਂ ਵਿੱਛੜਿਆਂ ਭਾਵੇਂ ਅਠਾਰਾਂ ਸਾਲ ਤੋਂ ਵੱਧ ਸਮਾਂ ...”
(15 ਜੂਨ 2025)
ਇਹ ਕੁਦਰਤ ਦਾ ਵਿਧੀ ਵਿਧਾਨ ਹੈ ਕਿ ਹਰੇਕ ਨਵੇਂ ਜੀਵ ਦੀ ਸਿਰਜਣਾ ਨਰ ਅਤੇ ਮਦੀਨ ਦੇ ਸੱਤ ਅਤੇ ਰਸ ਦੇ ਸੰਯੋਗ ਨਾਲ ਹੀ ਸੰਭਵ ਹੈ। ਬਕੌਲ ਪੰਜਾਬੀ ਸ਼ਾਇਰ-
“ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ ਬਿੰਦੂ ਹਾਂ, ਮੈਂ ਕੀ ਹਾਂ?
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ, ਕਥਨ ਮੇਰੇ ਗੁਨਾਹ ਬਣਦੇ।”
ਸਾਡੇ ਸਮਾਜ ਦੇ ਵੱਡੇ ਵਡੇਰਿਆਂ ਅਤੇ ਸੂਝਵਾਨ ਪਤਵੰਤਿਆਂ ਨੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਕਾਮ-ਇੱਛਾ ਦੀ ਪੂਰਤੀ ਲਈ, ਉਨ੍ਹਾਂ ਦੀ ਊਰਜਾ ਨੂੰ ਸਹੀ ਸੇਧ ਦੇਣ ਲਈ ਅਤੇ ਸੋਹਣੇ ਸੱਭਿਅਕ ਸਮਾਜ ਦੀ ਸਿਰਜਣਾ ਕਰਨ ਲਈ ਵਿਆਹ ਪ੍ਰਬੰਧ ਦੀ ਰੀਤ ਚਲਾਈ, ਜਿਸਦੀ ਬਦੌਲਤ ਇਹ ਸਾਰਾ ਸਮਾਜਿਕ ਪ੍ਰਬੰਧ ਸੁਚੱਜੇ, ਉਸਾਰੂ ਅਤੇ ਸਿਹਤਮੰਦ ਢੰਗ ਨਾਲ ਉੱਸਰ ਸਕਿਆ ਹੈ। ਹਰੇਕ ਬੱਚਾ ਮਾਂ ਦੇ ਗਰਭ ਵਿੱਚੋਂ ਜਨਮ ਲੈਣ ਉਪਰੰਤ ਆਪਣੀ ਮਾਂ ਦੀ ਗੋਦ ਵਿੱਚ ਹੀ ਸਭ ਤੋਂ ਪਹਿਲਾਂ ਅੱਖਾਂ ਖੋਲ੍ਹਦਾ ਹੈ। ਪ੍ਰੰਤੂ ਉਹ ਆਪਣਾ ਪਹਿਲਾ ਕਦਮ ਪਿਉ ਦੀ ਉਂਗਲ ਫੜ ਕੇ ਚੱਲਣਾ ਸਿੱਖਦਾ ਹੈ। ਮਾਂ ਜੇਕਰ ਆਪਣੇ ਬੱਚੇ ਨੂੰ ਅੰਮ੍ਰਿਤ ਰੂਪੀ ਦੁੱਧ ਚੁੰਘਾਉਂਦੀ ਹੈ, ਬਹੁਤ ਹੀ ਸੁਚੱਜੇ ਢੰਗ ਨਾਲ ਉਸ ਦੀ ਸਾਫ਼ ਸਫ਼ਾਈ ਕਰਦੀ ਹੈ, ਉਸ ਨੂੰ ਲੋਰੀਆਂ ਦੇ ਕੇ ਆਪਣੇ ਵਿਰਸੇ ਨਾਲ ਜੋੜਦੀ ਹੈ, ਬੱਚੇ ਲਈ ਸਾਫ਼ ਸੁਥਰੇ ਪੌਸ਼ਟਿਕ ਭੋਜਨ ਦਾ ਪ੍ਰਬੰਧ ਕਰਦੀ ਹੈ, ਉਸ ਨੂੰ ਚੰਗੇ ਸੰਸਕਾਰ ਦਿੰਦੀ ਹੈ ਤਾਂ ਪਿਉ ਉਸ ਨੂੰ ਸਵੈ-ਵਿਸ਼ਵਾਸੀ, ਸਵੈ-ਨਿਰਭਰ ਹੋਣ ਅਤੇ ਇਮਾਨਦਾਰੀ ਨਾਲ ਕਾਮਯਾਬੀ ਦੇ ਮਾਰਗ ਉੱਤੇ ਰਵਾਂ-ਰਵੀਂ ਚੱਲਣਾ ਸਿਖਾਉਂਦਾ ਹੈ। ਜਿੱਥੇ ਮਾਂ ਦਾ ਸੁਭਾਅ ਬਹੁਤ ਨਿੱਘਾ, ਪਿਆਰਾ ਅਤੇ ਮੋਹ ਭਰਿਆ ਹੁੰਦਾ ਹੈ, ਉੱਥੇ ਪਿਉ ਨੂੰ ਆਮ ਤੌਰ ’ਤੇ ਬਹੁਤ ਸਖ਼ਤ ਸੁਭਾਅ ਵਾਲਾ ਮੰਨਿਆ ਜਾਂਦਾ ਹੈ। ਇਸਦਾ ਇੱਕੋ ਇੱਕ ਕਾਰਨ ਇਹ ਹੁੰਦਾ ਹੈ ਕਿ ਉਹ ਆਪਣੇ ਪੁੱਤਰ, ਧੀ ਨੂੰ ਕਾਮਯਾਬੀ ਦੀਆਂ ਸਿਖਰਲੀਆਂ ਬੁਲੰਦੀਆਂ ਉੱਤੇ ਵੇਖਣਾ ਚਾਹੁੰਦਾ ਹੈ। ਪ੍ਰੰਤੂ ਉਸਦੇ ਸਖ਼ਤ ਸੁਭਾਅ ਦੇ ਪਿੱਛੇ ਵੀ ਉਸਦੇ ਧੀ ਪੁੱਤ ਲਈ ਮੋਹ, ਮੁਹੱਬਤ, ਪਿਆਰ ਅਤੇ ਆਪਣੇਪਨ ਦਾ ਅਹਿਸਾਸ ਹਮੇਸ਼ਾ ਟਿਕਿਆ ਹੁੰਦਾ ਹੈ।
ਪਰਿਵਾਰ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਫੈਮਲੀ (Family) ਕਿਹਾ ਜਾਂਦਾ ਹੈ। ਫੈਮਲੀ ਵਿੱਚ ਫਾਦਰ (Father) ਅਤੇ ਮਦਰ (Mother) ਦੇ ਪਹਿਲੇ-ਪਹਿਲੇ ਅੱਖਰ ਐੱਫ ਅਤੇ ਐੱਮ ਆਉਂਦੇ ਹਨ। ਇਸ ਲਈ ਫ਼ਾਦਰ ਅਤੇ ਮਦਰ ਦੇ ਸੰਯੋਗ ਨਾਲ ਬੱਚਿਆਂ ਦਾ ਜਨਮ ਹੁੰਦਾ ਹੈ। ਇਸ ਪ੍ਰਕਾਰ ਹੀ ਫੈਮਲੀ ਸੰਪੂਰਨ ਹੁੰਦੀ ਹੈ।
ਅਮਰੀਕਾ ਦੀ ਸੋਨੇਰਾ ਡੋਡ ਬਹੁਤ ਛੋਟੀ ਉਮਰ ਦੀ ਸੀ, ਜਦੋਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਪ੍ਰੰਤੂ ਉਸਦੇ ਪਿਤਾ ਵਿਲੀਅਮ ਸਮਰਾਟ ਨੇ ਉਸ ਨੂੰ ਮਾਂ ਅਤੇ ਪਿਤਾ ਦਾ ਸੰਪੂਰਨ ਪਿਆਰ ਦਿੱਤਾ। ਉਸ ਨੇ ਆਪਣੀ ਧੀ ਨੂੰ ਮਾਂ ਦੀ ਕਮੀ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤੀ। ਇੱਕ ਦਿਨ ਅਚਾਨਕ ਸੋਨੇਰਾ ਦੇ ਮਨ ਵਿੱਚ ਆਇਆ ਕਿ ਜਿਸ ਪ੍ਰਕਾਰ ਉਸਦੇ ਪਿਆਰੇ ਪਾਪਾ ਨੇ ਉਸ ਦਾ ਪਾਲਣ ਪੋਸਣ ਕਰਨ ਲਈ ਇੰਨਾ ਵੱਡਾ ਤਿਆਗ ਕੀਤਾ ਹੈ, ਉਸ ਨੂੰ ਆਪਣੇ ਪਾਪਾ ਲਈ ਵੀ ਕੁਝ ਵਿਸ਼ੇਸ਼ ਕਰਨਾ ਚਾਹੀਦਾ ਹੈ। ਇਸ ਲਈ ਸੰਸਾਰ ਪੱਧਰ ਉੱਤੇ ਇੱਕ ਦਿਨ ਪਿਤਾ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਣਾ ਉਸਦੇ ਮਨ ਦਾ ਹੀ ਫੁਰਨਾ ਸੀ। ਉਸ ਨੇ ਆਪਣੇ ਤੌਰ ’ਤੇ ਪਹਿਲੀ ਵਾਰੀ ਉੱਨੀ ਜੂਨ 1910 ਈ. ਨੂੰ ਪਿਤਾ ਦਿਵਸ ਮਨਾਇਆ।
ਵਰਜੀਨੀਆ ਦੇ ਮੋਨੋਗਾਹ ਦੀ ਇੱਕ ਖਾਨ ਵਿੱਚ ਹੋਈ ਮੰਦਭਾਗੀ ਦੁਰਘਟਨਾ ਵਿੱਚ 350 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ 210 ਵਿਅਕਤੀ ਇੱਕ ਜਾਂ ਇੱਕ ਤੋਂ ਵੱਧ ਬੱਚਿਆਂ ਦੇ ਪਿਤਾ ਸਨ। ਇਸ ਲਈ ਉਨ੍ਹਾਂ 210 (ਪਿਤਾ) ਵਿਅਕਤੀਆਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸ਼੍ਰੀਮਤੀ ਗਰੇਸ ਗੋਲਡਨ ਕਲੇਟਨ ਨੇ ਇਸ ਦਿਨ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ। 1966 ਈ. ਵਿੱਚ ਅਮਰੀਕਾ ਦੇ ਰਾਸ਼ਟਰਪਤੀ ਲਿੰਡਨ ਜੌਹਨਸਨ ਨੇ ਜੂਨ ਮਹੀਨੇ ਦੇ ਹਰੇਕ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ। ਹੁਣ ਪੂਰੇ ਵਿਸ਼ਵ ਵਿੱਚ ਪਿਤਾ ਸੰਸਾਰ ਦਿਵਸ (World Father`s Day) ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਪਿਤਾ ਦਿਵਸ ਦੇ ਮੌਕੇ ਉੱਤੇ ਪੁੱਤਰ ਆਪਣੇ ਪਿਤਾ ਨੂੰ ਵਧੀਆ ਗਿਫ਼ਟ ਭੇਂਟ ਕਰਦੇ ਹਨ। ਬਹੁਤ ਸਾਰੇ ਪੁੱਤਰ ਆਪਣੇ ਪਿਤਾ ਨੂੰ ਲਾਲ ਗ਼ੁਲਾਬ ਦਾ ਫ਼ੁੱਲ ਭੇਂਟ ਕਰਦੇ ਹਨ। ਪ੍ਰੰਤੂ ਜਿਨ੍ਹਾਂ ਦੇ ਪਿਤਾ ਇਸ ਸੰਸਾਰ ਤੋਂ ਚਲੇ ਗਏ ਹਨ, ਉਨ੍ਹਾਂ ਦੇ ਪੁੱਤਰਾਂ ਵੱਲੋਂ ਪਿਤਾ ਦੀ ਯਾਦਗਾਰ ਉੱਤੇ ਚਿੱਟੇ ਗ਼ੁਲਾਬ ਦੇ ਫ਼ੁੱਲ ਭੇਂਟ ਕੀਤੇ ਜਾਂਦੇ ਹਨ।
ਮੈਂ ਇਹ ਗੱਲ ਬੜੇ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਨ ਵਿੱਚ ਬੜਾ ਫ਼ਖਰ, ਮਾਣ ਅਤੇ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਮੈਂ ਅੱਜ ਤਕ ਸਮਾਜ ਵਿੱਚ ਜੋ ਕੁਝ ਵੀ ਬਣ ਸਕਿਆ ਹਾਂ, ਮੈਂ ਜੋ ਵੀ ਰੁਤਬਾ ਹਾਸਲ ਕਰ ਸਕਿਆ ਹਾਂ, ਮੈਂ ਆਪਣੀ ਕਲਮ ਨਾਲ ਜੋ ਕੁਝ ਵੀ ਲਿਖ ਸਕਿਆ ਹਾਂ, ਆਪਣੀ ਜ਼ੁਬਾਨ ਨਾਲ ਆਪਣੇ ਅਧਿਆਪਕਾਂ, ਵਿਦਿਆਰਥੀਆਂ, ਸਹਿਕਰਮੀਆਂ, ਆਪਣੇ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਆਪਣੇ ਗੁਆਂਢੀਆਂ ਤੋਂ ਜੋ ਵੀ ਆਦਰ ਮਾਣ ਸਤਿਕਾਰ ਪਿਆਰ ਮੁਹੱਬਤ ਹਾਸਲ ਕਰ ਸਕਿਆ ਹਾਂ, ਉਸ ਵਿੱਚ ਮੇਰੀ ਪਿਆਰੀ ਅੰਮੀ ਮਾਤਾ ਮਹਿੰਦਰ ਕੌਰ ਅਤੇ ਪਿਆਰੇ ਪਾਪਾ ਸ. ਅਜੀਤ ਸਿੰਘ ਜੀ ਦੀ ਸਖ਼ਤ ਮਿਹਨਤ, ਸਿਰੜ, ਸਿਦਕ, ਸਹਿਜ, ਸੁਹਜ, ਤਿਆਗ ਅਤੇ ਸੇਵਾ ਦਾ ਬਹੁਤ ਵੱਡਾ ਯੋਗਦਾਨ ਹੈ।
ਜਿੱਥੇ ਮੇਰੇ ਖਾਣ ਪੀਣ, ਪਹਿਨਣ ਪੱਚਰਣ ਦਾ ਪੂਰਾ ਧਿਆਨ ਮੇਰੇ ਬੀਜੀ ਰੱਖਦੇ ਸਨ, ਉੱਥੇ ਮੇਰੇ ਪਿਆਰੇ ਪਾਪਾ ਜੀ ਮੇਰੀ ਪੜ੍ਹਨ ਦੀ ਲੰਮੀ ਬੈਠਕ ਬਣਾਉਣ ਲਈ ਰਾਤ-ਰਾਤ ਭਰ ਮੇਰੇ ਕੋਲ ਬੈਠਦੇ ਸਨ। ਜੇਕਰ ਸਿਆਲਾਂ ਦੀਆਂ ਯਖ਼ ਠੰਢੀਆਂ ਰਾਤਾਂ ਵਿੱਚ ਮੈਨੂੰ ਕਦੇ ਬਹੁਤ ਜ਼ਿਆਦਾ ਨੀਂਦ ਆਉਣੀ ਤਾਂ ਪਾਪਾ ਆਖਦੇ ਸਨ, “ਪਿਆਰੇ ਪੁੱਤਰ, ਉੱਠ ਕੇ ਠੰਢੇ ਪਾਣੀ ਨਾਲ ਮੂੰਹ ਧੋ ਆਉ। ਨੀਂਦ ਦੂਰ ਨੱਸ ਜਾਏਗੀ।” ਇਹ ਅਕਸਰ ਹੁੰਦਾ ਸੀ ਕਿ ਮੈਂ ਰਾਤੀਂ ਅੱਠ ਵਜੇ ਪੜ੍ਹਨਾ ਸ਼ੁਰੂ ਕਰਦਾ ਸਾਂ। ਮੈਨੂੰ ਪੜ੍ਹਦੇ-ਪੜ੍ਹਦੇ ਨੂੰ ਸਵੇਰ ਦੇ ਚਾਰ ਵੱਜ ਜਾਂਦੇ ਸਨ। ਉਸ ਸਮੇਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਰਸ ਭਿੰਨੀ ਧੁਨੀ ਮੇਰੇ ਕੰਨਾਂ ਵਿੱਚ ਪੈਂਦੀ ਸੀ। ਉਸ ਸਮੇਂ ਆਪਣੇ ਬੀਜੀ ਵੱਲੋਂ ਕੀਤੇ ਗਏ ਗਰਮ ਦੁੱਧ ਦੀ ਗੜਵੀ ਪੀ ਕੇ ਮੈਂ ਆਪ ਤਾਂ ਸੌਂ ਜਾਂਦਾ ਸਾਂ ਪ੍ਰੰਤੂ ਪਾਪਾ ਜੀ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੇ ਜਾਂਦੇ ਸਨ। ਘਰ ਆ ਕੇ ਉਹ ਨਾਸ਼ਤਾ ਕਰ ਕੇ ਆਪਣੇ ਸਾਇਕਲ ਉੱਤੇ ਆਪਣੀ ਡਿਊਟੀ ਲਈ ਚਲੇ ਜਾਂਦੇ ਸਨ। ਇਸ ਪ੍ਰਕਾਰ ਮੇਰੇ ਪਾਪਾ ਜੀ ਦਾ ਮੇਰੀ ਪੜ੍ਹਾਈ ਲਈ ਹਰ ਰੋਜ਼ ਆਪਣੀ ਪਿਆਰੀ ਨੀਂਦ ਦਾ ਤਿਆਗ ਕਰਨਾ ਮੇਰੇ ਲਈ ਬਹੁਤ ਵੱਡੀ ਕੁਰਬਾਨੀ ਸੀ।
ਇਸ ਪ੍ਰਕਾਰ ਮੈਂ ਸਮਝਦਾਂ ਕਿ ਜੇਕਰ ਮੇਰਾ ਪੰਜਾਬੀ ਵਿਸ਼ੇ ਵਿੱਚ ਕੁਝ ਤਕੜਾ ਅਧਾਰ ਬਣ ਸਕਿਆ ਹੈ ਤਾਂ ਉਹ ਮੇਰੇ ਪਾਪਾ ਜੀ ਦਾ ਮੇਰੇ ਨਾਲ ਸਾਰੀ-ਸਾਰੀ ਰਾਤ ਜਾਗਣ ਦਾ ਹੀ ਪ੍ਰਤੀਫਲ ਹੈ। ਅੱਜ ਮੇਰੇ ਪਿਆਰੇ ਪਾਪਾ ਨੂੰ ਸਾਡੇ ਕੋਲੋਂ ਵਿੱਛੜਿਆਂ ਭਾਵੇਂ ਅਠਾਰਾਂ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪ੍ਰੰਤੂ ਉਨ੍ਹਾਂ ਦੇ ਜਾਣ ਤੋਂ ਬਾਅਦ ਮੈਨੂੰ ਜਦੋਂ ਵੀ ਜੀਵਨ ਵਿੱਚ ਕਿਸੇ ਔਕੜ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉਨ੍ਹਾਂ ਦੀ ਦਿੱਤੀ ਸਿੱਖਿਆ, ਹੱਲਾਸ਼ੇਰੀ ਮੇਰਾ ਰਾਹ ਰੁਸ਼ਨਾਉਂਦੀ ਰਹਿੰਦੀ ਹੈ ਅਤੇ ਮੈਂ ਸਹਿਜਤਾ ਨਾਲ ਹੀ ਫ਼ਤਹਿ ਦੇ ਰਾਹ ਉੱਤੇ ਚੱਲ ਪੈਂਦਾ ਹਾਂ।
ਮੈਂ ਆਪਣੇ ਪਾਪਾ ਨੂੰ ਜ਼ਿੰਦਗੀ ਵਿੱਚ ਕਦੇ ਵੀ ਬਿਮਾਰ ਹੋਇਆ ਨਹੀਂ ਦੇਖਿਆ। ਹਾਂ, ਉਹ ਆਪਣੇ ਜੀਵਨ ਦੇ ਅੰਤਿਮ ਚਾਲੀ ਦਿਨ ਜ਼ਰੂਰ ਬਿਮਾਰੀ ਨਾਲ ਜੂਝਦੇ ਰਹੇ। ਇਹ ਉਹੀ ਚਾਲੀ ਦਿਨ ਸਨ, ਜਦੋਂ ਪਾਪਾ ਜੀ ਦੀ ਕਿਡਨੀ, ਗੁਰਦੇ ਅਤੇ ਹੋਰ ਕਈ ਅੰਗਾਂ ਨੇ ਕੰਮ ਕਰਨਾ ਘੱਟ ਕਰ ਦਿੱਤਾ ਸੀ। ਪਾਪਾ ਜੀ ਹਸਪਤਾਲ ਵਿੱਚ ਦਾਖ਼ਲ ਸਨ। ਸਵੇਰ ਵੇਲੇ ਮੈਂ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਬ੍ਰਸ਼ ਕਰਵਾਉਂਦਾ ਸਾਂ। ਉਨ੍ਹਾਂ ਦੇ ਮੂੰਹ ਵਿੱਚ ਉਂਗਲ ਪਾ ਕੇ ਦੰਦਾਂ ਅਤੇ ਮਸੂੜਿਆਂ ਦੀ ਮਾਲਿਸ਼ ਕਰ ਦਿੰਦਾ ਸਾਂ। ਉਨ੍ਹਾਂ ਦਾ ਚਿਹਰਾ ਧੋ ਦਿੰਦਾ ਸਾਂ। ਉਨ੍ਹਾਂ ਨੂੰ ਕੋਸੇ ਪਾਣੀ ਦਾ ਇੱਕ ਮੱਗ ਪਿਲਾ ਦਿੰਦਾ ਸਾਂ। ਚਾਹ ਨਾਲ ਬਿਸਕੁਟ ਖੁਆ ਦਿੰਦਾ ਸਾਂ। ਹੌਲੀ-ਹੌਲੀ ਉਨ੍ਹਾਂ ਨੂੰ ਨਾਸ਼ਤਾ ਕਰਵਾ ਦਿੰਦਾ ਸਾਂ। ਇਹ ਸਾਰੀ ਕਿਰਿਆ ਬਹੁਤ ਹੀ ਸਹਿਜ ਅਤੇ ਸੁਚੱਜੇ ਢੰਗ ਨਾਲ ਚਲਦੀ ਰਹਿੰਦੀ ਸੀ।
ਪਾਪਾ ਜੀ ਨੂੰ ਜਦੋਂ ਵੀ ਪਿਸ਼ਾਬ ਕਰਨ ਦੀ ਹਾਜਤ ਹੁੰਦੀ ਸੀ, ਉਨ੍ਹਾਂ ਨੂੰ ਪਤਾ ਨਹੀਂ ਸੀ ਲਗਦਾ। ਇਸ ਲਈ ਪਿਸ਼ਾਬ ਕਛਹਿਰੇ ਵਿੱਚ ਹੀ ਨਿਕਲ ਜਾਂਦਾ ਸੀ। ਮੈਂ ਤੁਰੰਤ ਉਨ੍ਹਾਂ ਦਾ ਕਛਹਿਰਾ ਉਤਾਰ ਕੇ ਗਿੱਲੇ ਤੌਲੀਏ ਨਾਲ ਉਨ੍ਹਾਂ ਦੀ ਸਾਫ਼-ਸਫ਼ਾਈ ਕਰ ਦਿੰਦਾ ਸਾਂ। ਉਨ੍ਹਾਂ ਨੂੰ ਧੋਇਆ ਹੋਇਆ ਸਾਫ਼ ਕਛਹਿਰਾ ਪਹਿਨਾ ਦਿੰਦਾ ਸਾਂ। ਮੈਨੂੰ ਇਸ ਤਰ੍ਹਾਂ ਪਾਪਾ ਦੀ ਦੇਖਭਾਲ ਅਤੇ ਸਾਂਭ ਸੰਭਾਲ ਕਰਦਿਆਂ ਦੇਖ ਕੇ ਹਸਪਤਾਲ ਦੇ ਡਾਕਟਰ ਨੇ ਮੈਨੂੰ ਕਿਹਾ ਸੀ, “ਪ੍ਰਿੰ. ਇਕਬਾਲ ਸਿੰਘ, ਮੈਂ ਆਪਣੇ ਜੀਵਨ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਦੀ ਸੁਚੱਜੇ ਢੰਗ ਨਾਲ ਸਾਂਭ-ਸੰਭਾਲ ਹੁੰਦੀ ਵੇਖੀ ਹੈ ਪ੍ਰੰਤੂ ਜਿਸ ਪ੍ਰਕਾਰ ਤੁਸੀਂ ਪੂਰੇ ਸਿਦਕ ਨਾਲ ਆਪਣੇ ਪਾਪਾ ਦੀ ਸੇਵਾ ਕਰ ਰਹੇ ਹੋ, ਇਹ ਪਹਿਲੀ ਵਾਰੀ ਦੇਖਿਆ ਹੈ।”
ਤਦ ਮੈਂ ਉਸ ਪਿਆਰੀ ਰੂਹ ਵਾਲੇ ਡਾ. ਨੂੰ ਆਖਿਆ ਸੀ, “ਡਾਕਟਰ ਸਾਹਿਬ, ਮੈਂ ਤਾਂ ਆਪਣੇ ਪਾਪਾ ਦੀ ਲਗਭਗ ਤਿੰਨ ਕੁ ਹਫ਼ਤਿਆਂ ਤੋਂ ਹੀ ਇਸ ਪ੍ਰਕਾਰ ਸੇਵਾ ਕਰ ਰਿਹਾ ਹਾਂ, ਪ੍ਰੰਤੂ ਮੈਂ ਤੁਹਾਨੂੰ ਸਹੀ ਗਿਣਤੀ ਕਰਕੇ ਦੱਸ ਨਹੀਂ ਸਕਦਾ ਕਿ ਮੇਰੇ ਪਾਪਾ ਨੇ ਮੈਨੂੰ ਪੈਰਾਂ ’ਤੇ ਖੜ੍ਹਾ ਕਰਨ ਲਈ, ਮੇਰਾ ਭਵਿੱਖ ਉੱਜਲ ਕਰਨ ਲਈ ਆਪਣੀਆਂ ਕਿੰਨੀਆਂ ਰਾਤਾਂ ਦੀ ਨੀਂਦ ਮੇਰੇ ਤੋਂ ਕੁਰਬਾਨ ਕੀਤੀ ਹੈ। ਮੇਰੇ ਲੇਖੇ ਲਾਈ ਹੈ।” ਬੇਸ਼ਕ ਮੈਨੂੰ ਨਹੀਂ ਪਤਾ ਕਿ ਡਾਕਟਰ ਸਾਹਿਬ ਮੇਰੀ ਗੱਲ ਦਾ ਪੂਰਾ ਅਰਥ ਸਮਝ ਸਕੇ ਜਾਂ ਨਹੀਂ ਪ੍ਰੰਤੂ ਉਸ ਸਮੇਂ ਮੇਰਾ ਤਨ ਮਨ ਆਪਣੇ ਪਾਪਾ ਵੱਲੋਂ ਕੀਤੇ ਤਿਆਗ ਅੱਗੇ ਨਤਮਸਤਕ ਹੋ ਰਿਹਾ ਸੀ।
ਅੱਜ ਦੇ ਪਦਾਰਥਵਾਦੀ ਯੁਗ ਵਿੱਚ ਅਸੀਂ ਇਹ ਜਾਣਦੇ ਹਾਂ ਕਿ ਅੱਜ ਦੇ ਬਹੁਤੇ ਧੀਆਂ ਪੁੱਤਰ ਇੰਨੇ ਸਵਾਰਥੀ, ਮਤਲਬਪ੍ਰਸਤ, ਅਹਿਸਾਨ ਫ਼ਰਾਮੋਸ਼, ਅਕ੍ਰਿਤਘਣ, ਸੰਵੇਦਨਹੀਣ ਹੋ ਚੁੱਕੇ ਹਨ ਕਿ ਉਹ ਆਪਣੇ ਮਾਂ ਪਿਉ ਨੂੰ ਰੁਲਣ ਲਈ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹਨ। ਅਜਿਹਾ ਕਰਦਿਆਂ ਉਹ ਇਹ ਗੱਲ ਬਿਲਕੁਲ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਮਾਂ-ਪਿਉ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦਾ ਆਪਣੀ ਸਮਰੱਥਾ ਤੋਂ ਵਧ ਕੇ ਪਾਲਣ ਪੋਸਣ ਕੀਤਾ ਹੈ। ਉਨ੍ਹਾਂ ਨੂੰ ਪੜ੍ਹਾਇਆ ਲਿਖਾਇਆ ਹੈ। ਉਨ੍ਹਾਂ ਨੂੰ ਪੈਰਾਂ ਉੱਤੇ ਖਲਣ ਜੋਗੇ ਕਰਨ ਲਈ ਆਪਣੇ ਜੀਵਨ ਦੀ ਸਾਰੀ ਪੂੰਜੀ, ਜਾਇਦਾਦ ਉਨ੍ਹਾਂ ਤੋਂ ਨਿਛਾਵਰ ਕਰ ਦਿੱਤੀ ਹੈ।
ਜਦੋਂ ਧੀ/ਪੁੱਤਰ ਆਪਣੇ ਬਚਪਨ ਵਿੱਚ ਸੀ, ਉਨ੍ਹਾਂ ਨੂੰ ਮਾਂ-ਪਿਉ ਦੇ ਸਹਾਰੇ ਦੀ ਲੋੜ ਸੀ, ਤਦ ਉਹ ਉਨ੍ਹਾਂ ਨੂੰ ਹੱਥੀਂ ਛਾਵਾਂ ਕਰਦੇ ਰਹੇ ਹਨ। ਹੁਣ ਜਦੋਂ ਮਾਂ-ਪਿਉ ਬੁਢਾਪੇ ਵਿੱਚ ਆ ਗਏ ਹਨ, ਤਦ ਉਨ੍ਹਾਂ ਦੀ ਵੀ ਉਸੇ ਢੰਗ ਨਾਲ ਸਾਂਭ-ਸੰਭਾਲ ਕਰਨ ਦੀ ਲੋੜ ਹੈ, ਜਿਵੇਂ ਛੋਟੇ ਬੱਚਿਆਂ ਦੀ ਦੇਖਭਾਲ ਕੀਤੀ ਜਾਂਦੀ ਹੈ। ਅਜੇ ਵੀ ਵੇਲਾ ਹੈ ਕਿ ਜਿਹੜੇ ਪੁੱਤਰਾਂ ਨੇ ਆਪਣੇ ਮਾਂ-ਪਿਉ ਨੂੰ ਘਰੋਂ ਕੱਢਿਆ ਹੋਇਆ ਹੈ, ਕਿਸੇ ਬਿਰਧ ਆਸ਼ਰਮ ਵਿੱਚ ਸੁੱਟਿਆ ਹੋਇਆ ਹੈ, ਜਾਂ ਉਹ ਆਪਣੀ ਵਿਆਹੀ ਵਰੀ ਧੀ ਜੁਆਈ ਕੋਲ ਰਹਿਣ ਲਈ ਮਜਬੂਰ ਕੀਤੇ ਗਏ ਹਨ, ਤਾਂ ਸਮਾਂ ਰਹਿੰਦਿਆਂ ਉਨ੍ਹਾਂ ਨੂੰ ਇੱਜ਼ਤ, ਪਿਆਰ, ਮਾਣ, ਸਤਿਕਾਰ ਸਹਿਤ ਉਨ੍ਹਾਂ ਦੇ ਆਪਣੇ ਘਰ, ਪੋਤੇ-ਪੋਤੀਆਂ ਕੋਲ ਲੈ ਆਉਣ। ਨਹੀਂ ਤਾਂ ਜਦੋਂ ਸਮਾਂ ਲੰਘ ਗਿਆ ਤਾਂ ਕੁਝ ਵੀ ਪੱਲੇ ਨਹੀਂ ਪੈਣਾ। ਇੱਥੇ ਪੰਜਾਬੀ ਦੇ ਮਹਾਨ ਸ਼ਾਇਰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਡਾ. ਸੁਰਜੀਤ ਪਾਤਰ ਦੀਆਂ ਲਿਖੀਆਂ ਸਤਰਾਂ ਬੜੀਆਂ ਢੁਕਵੀਆਂ ਅਤੇ ਸਾਰਥਕ ਜਾਪਦੀਆਂ ਹਨ-
“ਮਾਤਾ ਪਿਤਾ ਨੂੰ ਸੀਨੇ ਲਾ ਕੇ ਠੰਢ ਪਾਉਣ ਦਾ,
ਜਿਸ ਦਿਨ ਆਇਆ ਚੇਤਾ।
ਉਸ ਦਿਨ ਤਕ ਉਹ ਬਣ ਚੁੱਕੇ ਸਨ,
ਅਗਨੀ, ਪੌਣ, ਪਾਣੀ ਤੇ ਰੇਤਾ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)