“ਐਨ ਉਸੇ ਸਮੇਂ ਡਿਊਟੀ ’ਤੇ ਤਾਇਨਾਤ ਇੱਕ ਹੌਲਦਾਰ ਨੇ ਅੰਕਲ ਜੀ ਨੂੰ ਕਿਹਾ, “ਸਾਹਿਬ ...”
(14 ਮਾਰਚ 2025)
ਲਗਭਗ ਪੰਜ ਦਹਾਕੇ ਪਹਿਲਾਂ ਦੀ ਇਹ ਯਾਦ ਹੈ। ਮੈਂ ਉਦੋਂ ਸਰਕਾਰੀ ਹਾਈ ਸਕੂਲ, ਭਵਾਨੀਗੜ੍ਹ ਵਿੱਚ ਨੌਂਵੀਂ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਸਵੇਰੇ ਸਕੂਲ ਗਏ ਨੂੰ ਮੈਨੂੰ ਪਤਾ ਲੱਗਾ ਕਿ ਉਸ ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਮਾਲੇਰਕੋਟਲਾ ਆ ਰਹੇ ਹਨ। ਉਦੋਂ ਆਮ ਤੌਰ ’ਤੇ ਸਾਡੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਅਧਿਆਪਕ ਸਾਹਿਬਾਨ ਸ਼੍ਰੀਮਤੀ ਇੰਦਰਾ ਗਾਂਧੀ ਜੀ ’ਤੇ ਲੇਖ ਲਿਖਣ ਲਈ ਆਖ ਦਿੰਦੇ ਸਨ। ਅਸੀਂ ਚਾਰ ਮੁੰਡਿਆਂ ਨੇ, ਜਿਨ੍ਹਾਂ ਵਿੱਚ ਬਲਿੰਦਰ ਸਿੰਘ, ਰਾਮੇਸ਼ਵਰ ਦਾਸ, ਵਜ਼ੀਰ ਖ਼ਾਂ ਅਤੇ ਮੈਂ ਸ਼ਾਮਲ ਸੀ, ਪਹਿਲੀ ਵਾਰੀ ਆਪਣੀ ਪੜ੍ਹਾਈ ਨੂੰ ਛੱਡ ਮਾਲੇਰਕੋਟਲਾ ਜਾਣ ਨੂੰ ਤਰਜੀਹ ਦਿੱਤੀ।
ਟਰੱਕ ਯੂਨੀਅਨ ਭਵਾਨੀਗੜ੍ਹ ਕੋਲੋਂ ਬਿਨਾਂ ਕੋਈ ਕਿਰਾਇਆ ਲਿਆਂ ਬੱਸਾਂ ਭਰ-ਭਰ ਮਾਲੇਰਕੋਟਲਾ ਸ਼ਹਿਰ ਨੂੰ ਜਾ ਰਹੀਆਂ ਸਨ। ਅਸੀਂ ਚਾਰਾਂ ਦੋਸਤਾਂ ਨੇ ਵੀ ਚਾਂਈਂ-ਚਾਂਈਂ ਸੀਟਾਂ ਮੱਲ ਲਈਆਂ। ਅਸੀਂ ਚਾਰੋਂ ਗੱਲਾਂ ਕਰਦੇ, ਹੱਸਦੇ ਖੇਡਦੇ ਮਾਲੇਰਕੋਟਲਾ ਸ਼ਹਿਰ ਤੋਂ ਬਾਹਰਵਾਰ ਉਸ ਸਥਾਨ ’ਤੇ ਜਾ ਪੁੱਜੇ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਨ-ਸਧਾਰਨ ਨੂੰ ਸੰਬੋਧਨ ਕਰਨਾ ਸੀ। ਸ਼ਰਬਤ ਅਤੇ ਚਾਹ ਦੇ ਲੰਗਰ ਕਈ ਥਾਂਈਂ ਲੱਗੇ ਹੋਏ ਸਨ। ਪ੍ਰੰਤੂ ਪ੍ਰਸ਼ਾਦੇ ਪਾਣੀ ਦਾ ਲੰਗਰ ਕਿਤੇ ਵੀ ਨਹੀਂ ਸੀ। ਅਸੀਂ ਸ਼ਰਬਤ ਵੀ ਪੀਤਾ ਅਤੇ ਚਾਹ ਵੀ ਪੀਤੀ। ਫਿਰ ਅਸੀਂ ਬੜੀ ਰੀਝ ਅਤੇ ਨੀਝ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਵਿਚਾਰ ਸੁਣੇ। ਸਮਾਗਮ ਦੀ ਸਮਾਪਤੀ ’ਤੇ ਅਸੀਂ ਉੱਧਰ ਨੂੰ ਚੱਲ ਪਏ, ਜਿੱਧਰ ਸਾਨੂੰ ਸਾਡੀ ਬੱਸ ਨੇ ਉਤਾਰਿਆ ਸੀ।
ਇੱਕ ਤਾਂ ਅਸੀਂ ਚਾਰੋਂ ਉਮਰ ਦੇ ਉਸ ਪੜਾਅ ਤੇ ਸਾਂ, ਜਦੋਂ ਭੁੱਖ ਬਹੁਤੀ ਲਗਦੀ ਹੈ। ਦੂਜਾ ਸਵੇਰ ਤੋਂ ਤੁਰਦੇ ਰਹਿਣ ਕਾਰਨ ਸਵੇਰ ਦੀ ਖਾਧੀ ਰੋਟੀ ਝਟਪਟ ਹਜ਼ਮ ਹੋ ਗਈ ਸੀ। ਪ੍ਰੰਤੂ ਪੈਸੇ ਸਾਡੇ ਵਿੱਚੋਂ ਕਿਸੇ ਕੋਲ ਵੀ ਨਹੀਂ ਸਨ। ਸਾਨੂੰ ਇਹ ਤਾਂ ਪਤਾ ਸੀ ਕਿ ਬਲਿੰਦਰ ਦੇ ਪਿਤਾ ਜੀ ਪੁਲਿਸ ਵਿਭਾਗ ਵਿੱਚ ਇੰਸਪੈਕਟਰ ਹਨ। ਪ੍ਰੰਤੂ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਸਪੈਸ਼ਲ ਡਿਊਟੀ ਮਾਲੇਰਕੋਟਲਾ ਲੱਗੀ ਹੋਈ ਹੈ। ਜਿਉਂ ਹੀ ਬਲਿੰਦਰ ਨੇ ਸਾਨੂੰ ਦੱਸਿਆ ਕਿ ਉਸਦੇ ਪਾਪਾ ਜੀ ਦੀ ਡਿਊਟੀ ਉਨ੍ਹਾਂ ਪੁਲਿਸ ਮੁਲਾਜ਼ਮਾਂ ਲਈ ਭੋਜਨ ਦਾ ਪ੍ਰਬੰਧ ਕਰਨ ਲਈ ਇੱਥੇ ਲੱਗੀ ਹੋਈ ਹੈ, ਜਿਹੜੇ ਪ੍ਰਧਾਨ ਮੰਤਰੀ ਜੀ ਦੀ ਰੈਲੀ ਲਈ ਮਾਲੇਰਕੋਟਲਾ ਆਏ ਹੋਏ ਹਨ। ਤਾਂ ਸਾਡੀਆਂ ਅੱਖਾਂ ਵਿੱਚ ਇੱਕਦਮ ਚਮਕ ਆ ਗਈ। ਅਸੀਂ ਬਲਿੰਦਰ ਦੇ ਦੱਸੇ ਅਨੁਸਾਰ ਪੁਲਿਸ ਲਾਈਨ ਵੱਲ ਚੱਲ ਪਏ।
ਉੱਥੇ ਪਹੁੰਚ ਕੇ ਅਸੀਂ ਵੇਖਿਆ ਕਿ ਉਸਦੇ ਪਾਪਾ ਜੀ ਇੱਕ ਕੁਰਸੀ ’ਤੇ ਬੈਠੇ ਸਨ। ਪੁਲਿਸ ਦੇ ਬਹੁਤ ਸਾਰੇ ਜਵਾਨ ਭੋਜਨ ਛਕ ਰਹੇ ਸਨ। ਕੁਝ ਜਵਾਨ ਲਾਈਨ ਵਿੱਚ ਲੱਗੇ ਖੜ੍ਹੇ ਸਨ। ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਅਸੀਂ ਸਾਰਿਆਂ ਨੇ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਉਨ੍ਹਾਂ ਸਾਨੂੰ ਪ੍ਰਸ਼ਾਦਾ ਛਕਣ ਲਈ ਪੁੱਛਿਆ। ਅਸੀਂ ਤਾਂ ਗਏ ਹੀ ਰੋਟੀ ਖਾਣ ਲਈ ਸਾਂ। ਅਸੀਂ ਚਾਰਾਂ ਨੇ ਫਟਾਫਟ ਹੱਥ ਧੋਤੇ। ਥਾਲਾਂ ਵਿੱਚ ਰੋਟੀ ਸਬਜ਼ੀ ਦਾਲ ਸਲਾਦ ਪੁਆ ਕੇ ਇੱਕ ਪਾਸੇ ਬਹਿ ਕੇ ਰੱਜ ਕੇ ਰੋਟੀ ਖਾਧੀ। ਅਸੀਂ ਹੱਥ ਧੋ ਕੇ ਅੰਕਲ ਜੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਕੋਲ ਚਲੇ ਗਏ। ਐਨ ਉਸੇ ਸਮੇਂ ਡਿਊਟੀ ’ਤੇ ਤਾਇਨਾਤ ਇੱਕ ਹੌਲਦਾਰ ਨੇ ਅੰਕਲ ਜੀ ਨੂੰ ਕਿਹਾ, “ਸਾਹਿਬ, ਹੁਣ ਤੁਸੀਂ ਵੀ ਰੋਟੀ ਖਾ ਲਵੋ ਜੀ। ਕੇਵਲ ਅੱਠ ਦਸ ਜਵਾਨ ਹੀ ਰੋਟੀ ਖਾਣ ਤੋਂ ਪਿੱਛੇ ਰਹਿੰਦੇ ਹਨ।”
“ਕਰਮਜੀਤ ਸਿੰਘ, ਮੈਂ ਆਪਣੇ ਸਾਰੇ ਜਵਾਨਾਂ ਦੇ ਰੋਟੀ ਖਾਣ ਪਿੱਛੋਂ ਹੀ ਰੋਟੀ ਖਾਵਾਂਗਾ। ਇਹੋ ਮੇਰੀ ਡਿਊਟੀ ਹੈ, ਇਹੋ ਮੇਰਾ ਧਰਮ ਹੈ।..." ਅੰਕਲ ਜੀ ਦੇ ਇਹ ਬੋਲ ਅਸੀਂ ਆਪਣੇ ਕੰਨੀਂ ਸੁਣੇ। ਵਾਪਸੀ ਵੇਲੇ ਬੱਸ ਵਿੱਚ ਬੈਠਿਆਂ ਮੈਂ ਆਪਣੇ ਬੀਜੀ ਨੂੰ ਯਾਦ ਕੀਤਾ, ਜਿਹੜੇ ਹਮੇਸ਼ਾ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਰੋਟੀ ਖੁਆਉਣ ਉਪਰੰਤ ਹੀ ਰੋਟੀ ਖਾਂਦੇ ਸਨ। ਉਦੋਂ ਮੈਂ ਆਪਣੇ ਮਨ ਹੀ ਮਨ ਵਿੱਚ ਪੁਲਿਸ ਇੰਸਪੈਕਟਰ ਅਤੇ ਆਪਣੇ ਬੀਜੀ ਦੇ ਸੁਭਾਅ ਦੀ ਸਮਾਨਤਾ ਵੇਖ ਰਿਹਾ ਸਾਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (