“ਕੀ ਕੁਦਰਤ ਖ਼ੁਦ ਹੀ ਇੰਨੀ ਕਹਿਰਵਾਨ ਹੋ ਗਈ ਹੈ ਕਿ ਉਹ ਧਰਤੀ ਉੱਤੇ ਵਸਦੇ ਮਨੁੱਖਾਂ ...”
(24 ਜੂਨ 2025)
ਜਿਉਂ ਹੀ ਜੇਠ ਹਾੜ੍ਹ ਦੇ ਮਹੀਨੇ ਚੜ੍ਹਦੇ ਹਨ, ਸਾਰਾ ਪੰਜਾਬ ਬਲਦੀ ਭੱਠੀ ਵਾਂਗ ਤਪਣ ਲਗਦਾ ਹੈ। ਚਾਰੇ ਪਾਸੇ ਲੋਕੀਂ ਤਰਾਹ-ਤਰਾਹ ਕਰਦੇ ਫਿਰਦੇ ਹਨ। ਹਰ ਕੋਈ ਹਾਏ ਗਰਮੀ, ਹਾਏ ਗਰਮੀ ਦੀ ਦੁਹਾਈ ਦਿੰਦਾ ਨਜ਼ਰੀਂ ਪੈਂਦਾ ਹੈ। ਬਿਜਲੀ ਦੀ ਖਪਤ ਵਧਣ ਨਾਲ ਲੰਮੇ-ਲੰਮੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਹਨ। ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਪ੍ਰਚਾਰ ਦੇ ਹੋਰ ਸਾਧਨਾਂ ਦੁਆਰਾ, ਡਾਕਟਰਾਂ ਦੀਆਂ ਟੀਮਾਂ ਵੱਲੋਂ, ਰਾਜਸੀ ਅਤੇ ਧਾਰਮਿਕ ਆਗੂਆਂ ਵੱਲੋਂ, ਸਮਾਜ ਦੇ ਹੋਰ ਪਤਵੰਤਿਆਂ ਵੱਲੋਂ ਜਨ-ਸਧਾਰਨ ਨੂੰ ਸਲਾਹਾਂ ਦਿੱਤੀਆਂ ਜਾਂਦੀਆਂ ਹਨ ਕਿ ਅਤਿ ਦੀ ਗਰਮੀ ਅਤੇ ਵਗਦੀਆਂ ਤੱਤੀਆਂ ਲੋਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਜਾਵੇ। ਕੇਵਲ ਬਹੁਤ ਜ਼ਰੂਰੀ ਲੋੜ ਵੇਲੇ ਹੀ ਘਰਾਂ ਤੋਂ ਬਾਹਰ ਨਿੱਕਲਿਆ ਜਾਵੇ। ਜੇਕਰ ਸੰਭਵ ਹੋਵੇ ਤਾਂ ਸਵੇਰੇ ਦਸ ਵਜੇ ਤੋਂ ਪਹਿਲਾਂ ਅਤੇ ਸ਼ਾਮੀਂ ਛੇ ਵਜੇ ਤੋਂ ਬਾਅਦ ਹੀ ਘਰਾਂ ਦੇ ਜ਼ਰੂਰੀ ਕੰਮ ਕਾਜ ਨਿਪਟਾਏ ਜਾਣ। ਛੋਟੇ ਬੱਚਿਆਂ ਅਤੇ ਵੱਡੇ ਬਜ਼ੁਰਗਾਂ ਨੂੰ ਖ਼ਾਸ ਇਹਤਿਹਾਤ ਰੱਖਣ ਲਈ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਸਾਨੂੰ ਸਾਰਿਆਂ ਨੂੰ ਵਰ੍ਹਦੀ ਅੱਗ ਅਤੇ ਅੱਗ ਵਰਸਾਉਂਦੀਆਂ ਤੱਤੀਆਂ ਹਵਾਵਾਂ ਤੋਂ ਬਚਣ ਦੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਹਨ।
ਪ੍ਰੰਤੂ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਕੀ ਕੁਦਰਤ ਖ਼ੁਦ ਹੀ ਇੰਨੀ ਕਹਿਰਵਾਨ ਹੋ ਗਈ ਹੈ ਕਿ ਉਹ ਧਰਤੀ ਉੱਤੇ ਵਸਦੇ ਮਨੁੱਖਾਂ, ਜੀਵ-ਜੰਤੂਆਂ, ਪਸ਼ੂ-ਪੰਛੀਆਂ ਅਤੇ ਪ੍ਰਕਿਰਤੀ ਨੂੰ ਸਾੜਨ ਦੇ ਰਾਹ ਤੁਰ ਪਈ ਹੈ? ਨਹੀਂ, ਅਜਿਹਾ ਹਰਗਿਜ਼ ਨਹੀਂ ਹੈ। ਇਹ ਤਾਂ ਕੁਦਰਤ ਦਾ ਸੁਭਾਅ ਹੀ ਨਹੀਂ ਹੈ ਕਿ ਉਹ ਕ੍ਰੋਪੀ ਧਾਰਨ ਕਰੇ। ਕੁਦਰਤ ਨੇ ਤਾਂ ਆਪਣੇ ਸਾਰੇ ਵਿਧੀ-ਵਿਧਾਨ ਨੂੰ ਸੋਹਣੇ ਅਤੇ ਮਿਆਰੀ ਨਿਯਮਾਂ ਵਿੱਚ ਬੰਨ੍ਹਿਆ ਹੋਇਆ ਹੈ। ਕੁਦਰਤ ਤਾਂ ਉਦੋਂ ਹੀ ਆਪਣਾ ਵਿਕਰਾਲ ਰੂਪ ਧਾਰਨ ਕਰਦੀ ਹੈ, ਜਦੋਂ ਧਰਤੀ ਉੱਤੇ ਵਸਦੇ ਮਨੁੱਖ ਆਪਣੀਆਂ ਲਾਲਸੀ ਪ੍ਰਵਿਰਤੀਆਂ ਕਾਰਨ ਕੇਵਲ ਲੈਣ ਦੀ ਹੀ ਆਸ ਰੱਖਦੇ ਹਨ। ਬਦਲੇ ਵਿੱਚ ਧਰਤੀ ਨੂੰ, ਵਾਤਾਵਰਣ ਨੂੰ, ਸਮਾਜ ਨੂੰ ਕੁਝ ਦੇਣ ਦੀ ਲੋੜ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੰਦੇ ਹਨ। ਸੱਚ ਤਾਂ ਇਹ ਹੈ ਕਿ ਸਮਾਜ ਵਿੱਚ ਰਹਿੰਦੇ ਮਨੁੱਖ ਇੰਨੇ ਬੇਕਿਰਕ, ਬੇਰਹਿਮ, ਅਸੰਵੇਦਨਸ਼ੀਲ ਹੋ ਗਏ ਹਨ ਕਿ ਹੁਣ ਉਹ ਕੇਵਲ ਲੈਣ ਦੀ ਲਾਲਚੀ ਪ੍ਰਵਿਰਤੀ ਦੇ ਧਾਰਨੀ ਬਣ ਬੈਠੇ ਹਨ। ਪੰਜਾਬ ਦੇ ਇੱਕ ਸੰਵੇਦਨਸ਼ੀਲ ਸ਼ਾਇਰ ਨੇ ਤਪਸ਼ ਨਾਲ ਬਲਦੇ ਪੰਜਾਬ ਦੀ ਸਥਿਤੀ ਆਪਣੇ ਸ਼ਬਦਾਂ ਰਾਹੀਂ ਬਿਆਨ ਕੀਤੀ ਹੈ,
ਧੁਖਦੇ ਬਿਰਖਾਂ ਬਲਦੇ ਖੇਤਾਂ, ਪੁੱਛਿਆ ਇੱਕ ਸਵਾਲ,
ਮਾਂ ਨੂੰ ਲਾਂਬੂ ਲਾ ਕੇ, ਕਿਹੜੇ ਸੁੱਖ ਦੀ ਕਰਦਾ ਹੈਂ ਭਾਲ।
ਲਿਖ ਤੂੰ ਗ਼ੀਤ ਤੇ ਗ਼ਜ਼ਲਾਂ, ਭਾਵੇਂ ਤੂੰ ਕਵਿਤਾਵਾਂ ਲਿਖ,
ਧੁੱਪ ਵਿੱਚ ਬਲਦੇ ਰੁੱਖਾਂ ਲਈ, ਠੰਢੀਆਂ ਕੁਝ ਹਵਾਵਾਂ ਲਿਖ।
ਚਾਰੇ ਪਾਸੇ ਗ਼ਲਬਾ ਅੱਜ ਕੱਲ੍ਹ, ਜ਼ਹਿਰਾਂ ਵੇਚਣ ਵਾਲੇ ਦਾ,
ਫਿਰਨ ਭਟਕਦੇ ਚਿੜੀ ਜਨੌਰ, ਇਨ੍ਹਾਂ ਲਈ ਕੁਝ ਛਾਂਵਾਂ ਲਿਖ।
ਧਰਤੀ ਉੱਤੇ ਅਮਰਵੇਲ ਵਾਂਗ ਵਧਦੀ ਤਪਸ਼ ਦਾ ਵਰਤਾਰਾ ਕੋਈ ਯਕਦਮ ਨਹੀਂ ਵਾਪਰਿਆ, ਸਗੋਂ ਪੰਜ ਦਰਿਆਵਾਂ ਦੀ ਹਰੀ ਭਰੀ ਪੰਜਾਬ ਦੀ ਇਸ ਸੋਹਣੀ ਸੁਨੱਖੀ ਅਤੇ ਪਿਆਰੀ ਧਰਤੀ ਨੂੰ ਅੱਗ ਦੀ ਭੱਠੀ ਵਾਂਗ ਤਪਾਉਣ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਅਤੇ ਕਸੂਰਵਾਰ ਹਾਂ। ਕੋਈ ਸਮਾਂ ਹੁੰਦਾ ਸੀ, ਜਦੋਂ ਕਿਸਾਨ ਧਰਤੀ ਵਿੱਚ ਬੀਜ ਪਾਉਂਦਾ ਸੀ ਤਾਂ ਸਭ ਤੋਂ ਪਹਿਲਾਂ ਉਹ ਬੋਲਦਾ ਸੀ- ਚਿੜੀ ਜਨੌਰ ਦੇ ਭਾਗ ਦਾ। ਹਾਲ਼ੀ ਪਾਲ਼ੀ ਦੇ ਭਾਗ ਦਾ। ਪ੍ਰੰਤੂ ਹੁਣ ਨਾ ਕੇਵਲ ਕਿਸਾਨੀ ਵਿੱਚ ਸਗੋਂ ਹਰ ਮਨੁੱਖ ਵਿੱਚ ਇੰਨਾ ਜ਼ਿਆਦਾ ਲਾਲਚ ਵਧ ਗਿਆ ਹੈ ਕਿ ਉਨ੍ਹਾਂ ਨੇ ਫ਼ਸਲਾਂ ਦਾ ਵਧੇਰੇ ਝਾੜ ਲੈਣ ਲਈ ਥਾਂ-ਥਾਂ ’ਤੇ ਖੜ੍ਹੇ ਹਰੇ ਭਰੇ ਰੁੱਖ ਪਿੱਪਲ, ਨਿੰਮ, ਬਰੋਟਾ, ਟਾਹਲੀ ਆਦਿ ਵੱਢ ਸੁੱਟੇ ਹਨ। ਹੁਣ ਜੇਕਰ ਖੇਤਾਂ ਵਿੱਚ ਨਜ਼ਰ ਮਾਰੀ ਜਾਵੇ ਤਾਂ ਦੂਰ, ਬਹੁਤ ਦੂਰ-ਦੂਰ ਤਕ ਕੋਈ ਵੀ ਹਰਿਆ ਭਰਿਆ ਰੁੱਖ ਨਜ਼ਰੀਂ ਨਹੀਂ ਪੈਂਦਾ। ਹੁਣ ਕਿਸਾਨ ਆਪਣੀ ਪੱਕੀ ਫ਼ਸਲ ਵੱਢ ਕੇ ਖੇਤ ਨੂੰ ਖਾਲੀ ਛੱਡਣ ਵਿੱਚ ਵਿਸ਼ਵਾਸ ਨਹੀਂ ਕਰਦਾ। ਸਗੋਂ ਉਹ ਨਾੜ ਨੂੰ ਇੱਕ ਤੀਲੀ ਲਾ ਕੇ ਚੁੱਪ ਚਾਪ ਪਿੰਡ ਆ ਵੜਦਾ ਹੈ। ਨਾੜ ਨੂੰ ਅੱਗ ਲਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਤਾਂ ਨਸ਼ਟ ਹੁੰਦੀ ਹੀ ਹੈ, ਇਸਦੇ ਨਾਲ ਹੀ ਸੜਕਾਂ, ਪਹਿਆਂ, ਡੰਡੀਆਂ ਆਦਿ ਉੱਤੇ ਆਪਣੇ ਆਪ ਉੱਗ ਕੇ ਬਣੇ ਰੁੱਖ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਇਸਦੇ ਨਾਲ ਹੀ ਇਨ੍ਹਾਂ ਰੁੱਖਾਂ ਉੱਤੇ ਕੁਦਰਤ ਦੀ ਖ਼ੂਬਸੂਰਤ ਸਿਰਜਣਾ ਵਿੱਚ ਵਾਧਾ ਕਰਨ ਵਾਲੇ ਪੰਛੀਆਂ ਵੱਲੋਂ ਪਾਏ ਆਲ੍ਹਣੇ ਅਤੇ ਆਲ੍ਹਣਿਆਂ ਵਿੱਚ ਮਾਦਾ ਪੰਛੀ ਵੱਲੋਂ ਦਿੱਤੇ ਆਂਡੇ ਅਤੇ ਨਿੱਕੇ ਬੋਟ ਵੀ ਬਲਦੀ ਅੱਗ ਵਿੱਚ ਸੜ ਕੇ ਸੁਆਹ ਹੋ ਜਾਂਦੇ ਹਨ। ਮਨੁੱਖਾਂ ਵੱਲੋਂ ਪੰਛੀਆਂ ਉੱਤੇ ਕੀਤਾ ਗਿਆ ਇਹ ਸਿਤਮ ਸੰਸਾਰ ਦਾ ਸਭ ਤੋਂ ਘਿਨਾਉਣਾ ਜੁਰਮ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਜਿਉਂ ਹੀ ਬਰਸਾਤਾਂ ਅਰੰਭ ਹੁੰਦੀਆਂ ਹਨ ਤਾਂ ਸਰਕਾਰ ਦੇ ਮੰਤਰੀ, ਸੰਤਰੀ, ਵਿਧਾਇਕ, ਵੱਖ-ਵੱਖ ਅਦਾਰਿਆਂ ਦੇ ਚੇਅਰਮੈਨ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਅਦਾਰਿਆਂ ਦੇ ਪ੍ਰਧਾਨ, ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ, ਬੈਂਕਾਂ ਦੇ ਉੱਚ ਅਧਿਕਾਰੀ, ਸੀਨੀਅਰ ਸਿਟੀਜ਼ਨ ਸੋਸਾਇਟੀਆਂ, ਸ਼ਹਿਰਾਂ, ਕਸਬਿਆਂ, ਪਿੰਡਾਂ ਵਿਚਲੇ ਖੇਡ ਕਲੱਬਾਂ, ਯੂਥ ਕਲੱਬਾਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਵੱਲੋਂ ਧੜਾ-ਧੜ ਨਵੇਂ ਬੂਟੇ ਲਾਉਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਸਰਕਾਰੀ, ਅਰਧ-ਸਰਕਾਰੀ ਅਤੇ ਗ਼ੈਰ-ਸਰਕਾਰੀ ਟੀ.ਵੀ. ਚੈਨਲਾਂ ਉੱਤੇ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਬਹੁਤ ਹੀ ਜ਼ੋਰ ਸ਼ੋਰ ਨਾਲ ਧੂੰਆਂ ਧਾਰ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਨ-ਸਧਾਰਨ ਨੂੰ ਤਾਂ ਇੱਕ ਵਾਰੀ ਇਉਂ ਜਚਾ ਦਿੱਤਾ ਜਾਂਦਾ ਹੈ ਕਿ ਅਗਲੇ ਵਰ੍ਹੇ ਛਿਮਾਹੀ ਵਿੱਚ ਸਾਡੇ ਪੰਜਾਬ ਦੀ ਇਹ ਧਰਤੀ ਪੂਰੀ ਤਰ੍ਹਾਂ ਹਰੀ ਭਰੀ ਹੋ ਜਾਵੇਗੀ। ਅਗਲੇ ਵਰ੍ਹੇ ਜੁਲਾਈ ਅਗਸਤ ਦੇ ਮਹੀਨਿਆਂ ਵਿੱਚ ਹੋਰ ਨਵੇਂ ਪੌਦੇ ਲਾਉਣ ਲਈ ਕੋਈ ਥਾਂ ਬਾਕੀ ਹੀ ਨਹੀਂ ਰਹੇਗੀ। ਪ੍ਰੰਤੂ ਸਵਾਲ ਤਾਂ ਇਹ ਹੈ ਕਿ ਜੇਕਰ ਨਵੇਂ ਬੂਟੇ ਲਾਉਣ ਦੀ ਦਿਸ਼ਾ ਵਿੱਚ ਇਹ ਸਭ ਕੁਝ ਅਮਲੀ ਰੂਪ ਵਿੱਚ ਕੀਤਾ ਗਿਆ ਹੁੰਦਾ ਤਾਂ ਪੰਜਾਬ ਦੀ ਇਹ ਰੰਗਲੀ ਧਰਤੀ ਅੱਜ ਤੋਂ ਕਈ ਸਾਲ ਪਹਿਲਾਂ ਸੱਚਮੁੱਚ ਹੀ ਹਰੀ ਭਰੀ ਹੋ ਜਾਣੀ ਸੀ।
ਪ੍ਰੰਤੂ ਅਫ਼ਸੋਸ, ਅਜਿਹਾ ਕੁਝ ਵੀ ਨਹੀਂ ਹੋ ਸਕਿਆ। ਵਜਾਹ ਬਿਲਕੁਲ ਸਾਫ਼ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਅਤੇ ਅਦਾਰਿਆਂ ਵੱਲੋਂ ਹਰ ਸਾਲ ਨਵੇਂ ਬੂਟੇ ਲਾਉਣ ਦਾ ਕੀਤਾ ਜਾ ਰਿਹਾ ਇਹ ਝੂਠਾ ਪ੍ਰਚਾਰ ਕੇਵਲ ਵਾਹਵਾ ਖੱਟਣ ਲਈ, ਫ਼ੋਟੋਆਂ ਖਿੱਚਣ ਲਈ, ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਉੱਤੇ ਪਾਉਣ ਲਈ, ਝੂਠੀ ਸ਼ਾਨ ਬਣਾਉਣ ਲਈ, ਕੇਵਲ ਵਾਹ-ਵਾਹ ਕਰਵਾਉਣ ਲਈ ਹੀ ਕੀਤਾ ਜਾਂਦਾ ਹੈ। ਜਾਂ ਫਿਰ ਕੁਝ ਕੁ ਵੱਡੇ ਨਿੱਜੀ ਅਦਾਰਿਆਂ ਅਤੇ ਘਰਾਣਿਆਂ ਵੱਲੋਂ ਪੰਜਾਬ ਹਰਿਆਵਲ ਲਹਿਰ, ਰੰਗਲਾ ਪੰਜਾਬ, ਹਰਿਆਲੀ ਭਰਿਆ ਪੰਜਾਬ ਆਦਿ ਦੇ ਨਾਂ ਹੇਠ ਜਨ-ਸਧਾਰਨ ਕੋਲੋਂ ਕਰੋੜਾਂ ਰੁਪਏ ਦਾਨ ਦੇ ਰੂਪ ਵਿੱਚ ਇਕੱਠੇ ਕਰਕੇ ਖ਼ੁਦ ਡਕਾਰਨ ਦਾ ਢਕਵੰਜ ਰਚਿਆ ਜਾਂਦਾ ਰਿਹਾ ਹੈ, ਜੋ ਕਿ ਬਿਲਕੁਲ ਹੀ ਗ਼ਲਤ ਵਰਤਾਰਾ ਹੈ। ਅਜਿਹਾ ਕਰਕੇ ਉਹ ਕੇਵਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਬੇੜੀ ਵਿੱਚ ਵੱਟੇ ਹੀ ਨਹੀਂ ਪਾ ਰਹੇ, ਸਗੋਂ ਆਪਣੇ ਲਈ ਵੀ ਅਜਿਹਾ ਪ੍ਰਦੂਸ਼ਿਤ ਵਾਤਾਵਰਣ ਬਣਾਉਣ ਦੇ ਰਾਹ ਪਏ ਹੋਏ ਹਨ, ਜਿਸ ਵਿੱਚ ਉਨ੍ਹਾਂ ਨੇ ਖ਼ੁਦ, ਉਨ੍ਹਾਂ ਦੇ ਬੱਚਿਆਂ ਨੇ, ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਸਾਹ ਲੈਣਾ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੀ ਵਿਸਫੋਟਕ ਸਥਿਤੀ ਸਾਡੇ ਸਾਰਿਆਂ ਲਈ ਬਹੁਤ ਹੀ ਤਬਾਹਕੁੰਨ, ਭਿਆਨਕ ਅਤੇ ਖ਼ਤਰਨਾਕ ਸਿੱਧ ਹੋਣ ਵਾਲੀ ਹੈ।
ਜੇਕਰ ਪੰਜਾਬ ਦੇ ਰਾਜਸੀ ਲੀਡਰ, ਸਰਕਾਰਾਂ, ਹੋਰ ਸਰਕਾਰੀ, ਗ਼ੈਰ-ਸਰਕਾਰੀ ਅਦਾਰੇ ਸਹੀ ਅਰਥਾਂ ਵਿੱਚ ਪੰਜਾਬ ਦੀ ਧਰਤੀ ਨੂੰ ਸੋਹਣੀ ਅਤੇ ਹਰਿਆਵਲ ਭਰਪੂਰ ਬਣਾਉਣਾ ਲੋਚਦੇ ਹਨ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਚੰਗਾ ਕਰਨ ਦੀ ਸੁਹਿਰਦ ਭਾਵਨਾ ਰੱਖਦੇ ਹਨ ਤਾਂ ਇਸ ਖੇਤਰ ਵਿੱਚ ਝੂਠਾ ਲੋਕ ਦਿਖਾਵਾ ਛੱਡ ਕੇ ਅਮਲੀ ਰੂਪ ਵਿੱਚ ਕੰਮ ਕਰਨ ਦੀ ਲੋੜ ਹੈ। ਇੱਕ ਜੰਗ ਲੜਨ ਦੀ ਲੋੜ ਹੈ।
ਮੇਰੇ ਵਿਚਾਰ ਅਨੁਸਾਰ ਜਦੋਂ ਵੀ ਕਿਸੇ ਸਰਕਾਰੀ, ਅਰਧ ਸਰਕਾਰੀ, ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਨਵੇਂ ਬੂਟੇ ਲਾਉਣ ਦਾ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਬਾਕਾਇਦਾ ਉਸ ਸਥਾਨ ਦਾ ਨਾਂ, ਲਾਏ ਗਏ ਨਵੇਂ ਬੂਟਿਆਂ ਦੀ ਗਿਣਤੀ, ਕਿਹੜੀ-ਕਿਹੜੀ ਕਿਸਮ ਦੇ ਕਿੰਨੇ ਬੂਟੇ ਲਾਏ ਗਏ ਹਨ, ਬੂਟੇ ਕਿੰਨੇ-ਕਿੰਨੇ ਫ਼ਾਸਲੇ ਉੱਤੇ ਲਾਏ ਗਏ ਹਨ? ਬੂਟਿਆਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਦਾ ਕੀ ਪ੍ਰਬੰਧ ਕੀਤਾ ਗਿਆ ਹੈ? ਬੂਟਿਆਂ ਨੂੰ ਕਿੰਨੇ ਸਮੇਂ ਬਾਅਦ ਪਾਣੀ ਦੇਣਾ ਹੈ? ਪਾਣੀ ਕਿਸ ਨੇ ਦੇਣਾ ਹੈ? ਆਦਿ ਦਾ ਪੂਰਾ ਬਿਉਰਾ ਲਿਖਤੀ ਰੂਪ ਵਿੱਚ ਰੱਖਿਆ ਜਾਵੇ। ਹੋਰ ਵੀ ਵਧੇਰੇ ਚੰਗਾ ਹੋਵੇ ਜੇਕਰ ਨਵੇਂ ਪੌਦਿਆਂ ਦੀ ਸਾਂਭ ਸੰਭਾਲ ਅਤੇ ਹਿਸਾਬ ਕਿਤਾਬ ਰੱਖਣ ਲਈ ਇੱਕ ਵੱਖਰੀ ਸ਼ਾਖਾ ਸਥਾਪਤ ਕਰ ਲਈ ਜਾਵੇ ਜੋ ਕਿ ਮਾਣਯੋਗ ਜ਼ਿਲ੍ਹਾ ਡਿਪਟੀ ਕਮਿਸ਼ਨਰ ਜੀ ਦੇ ਅਧੀਨ ਹੋਵੇ।
ਪਿੰਡਾਂ ਦੀਆਂ ਪੰਚਾਇਤਾਂ, ਨਗਰ ਕੌਂਸਲ ਦੇ ਐੱਮ.ਸੀ. ਅਤੇ ਹੋਰ ਪਿੰਡਾਂ ਸ਼ਹਿਰਾਂ ਦੇ ਪਤਵੰਤੇ ਸੱਜਣਾਂ ਨੂੰ ਸੇਵਾ ਦਾ ਇਹ ਕਾਰਜ ਸੌਂਪਿਆ ਜਾਣਾ ਚਾਹੀਦਾ ਹੈ, ਜਿਹੜੇ ਇਸ ਖੇਤਰ ਵਿੱਚ ਆਪਣੀ ਰੁਚੀ ਨਾਲ ਆਉਣਾ ਚਾਹੁੰਦੇ ਹੋਣ। ਜੇਕਰ ਕਿਸੇ ਅਜਿਹੀ ਥਾਂ ਉੱਤੇ ਨਵਾਂ ਬੂਟਾ ਲਾਇਆ ਗਿਆ ਹੈ, ਜਿੱਥੇ ਅਸਾਨੀ ਨਾਲ ਪਾਣੀ ਦਾ ਪ੍ਰਬੰਧ ਨਾ ਹੋ ਸਕਦਾ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਜਾਂ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਸਰਕਾਰ ਵੱਲੋਂ ਸੰਬੰਧਿਤ ਸਕੂਲ ਦੇ ਵਿਦਿਆਰਥੀਆਂ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਉੱਕੀ ਪੁੱਕੀ ਨਕਦ ਰਾਸ਼ੀ ਦੇ ਕੇ ਨਵੇਂ ਬੂਟਿਆਂ ਨੂੰ ਪਾਲ ਕੇ ਵੱਡੇ ਰੁੱਖਾਂ ਵਿੱਚ ਬਦਲਿਆ ਜਾ ਸਕਦਾ ਹੈ।
ਇਸੇ ਪ੍ਰਕਾਰ ਸਕੂਲਾਂ-ਕਾਲਜਾਂ ਵਿੱਚ ਲਾਏ ਜਾਣ ਵਾਲੇ ਹਰ ਨਵੇਂ ਬੂਟੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਉਸ ਸੰਸਥਾ ਵਿੱਚ ਪੜ੍ਹਦੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜਿਹੜੇ ਬੂਟਿਆਂ ਨੂੰ ਦਿਲੋਂ ਪਿਆਰ ਕਰਦੇ ਹੋਣ। ਸੰਬੰਧਿਤ ਵਿਦਿਆਰਥੀ ਵੱਲੋਂ ਨਵੇਂ ਬੂਟੇ ਦੀ ਕੀਤੀ ਗਈ ਸਾਂਭ ਸੰਭਾਲ ਉਪਰੰਤ ਜਦੋਂ ਬੂਟਾ ਪਲ਼ ਪਵੇ ਤਾਂ ਇੱਕ ਸਾਲ ਬਾਅਦ ਉਸ ਵਿਦਿਆਰਥੀ ਨੂੰ ਵਿਸ਼ੇਸ਼ ਸਮਾਗਮ ਦੌਰਾਨ ਗੋਲਡ ਮੈਡਲ, ਕੁਝ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਜਾਵੇ ਤਾਂ ਜੋ ਉਸੇ ਸੰਸਥਾ ਦੇ ਹੋਰ ਵਿਦਿਆਰਥੀਆਂ ਵਿੱਚ ਵੀ ਬੂਟਿਆਂ ਨੂੰ ਪਾਲਣ, ਸੰਭਾਲਣ ਅਤੇ ਪ੍ਰਵਾਨ ਚੜ੍ਹਾਉਣ ਦੀ ਰੁਚੀ ਉਜਾਗਰ ਹੋਵੇ। ਹੋਰ ਵੀ ਚੰਗਾ ਹੋਵੇ, ਜੇਕਰ ਅਜਿਹੇ ਵਿਦਿਆਰਥੀ ਨੂੰ ਉਸ ਦੁਆਰਾ ਪਾਲ਼ੇ ਬੂਟੇ ਦੇ ਕੋਲ ਖੜ੍ਹਾ ਕੇ ਫ਼ੋਟੋ ਖਿੱਚੀ ਜਾਵੇ। ਇਸ ਤਸਵੀਰ ਨੂੰ ਸਕੂਲ ਕਾਲਜ ਕੰਪਲੈਕਸ ਵਿੱਚ ਬਣੀ ਲਾਇਬਰੇਰੀ, ਕਾਮਨ ਰੂਮ, ਸਟਾਫ ਰੂਮ ਆਦਿ ਵਿੱਚ ਲਾਇਆ ਜਾਣਾ ਚਾਹੀਦਾ ਹੈ।
ਬੂਟੇ ਪਾਲਣ ਵਾਲੇ ਵਿਦਿਆਰਥੀਆਂ ਨੂੰ ਗਾਈਡ ਕਰਨ ਵਾਲੇ ਅਧਿਆਪਕਾਂ, ਹੈੱਡਮਾਸਟਰਾਂ, ਪ੍ਰਿੰਸੀਪਲਾਂ ਨੂੰ ਆਜ਼ਾਦੀ ਦੇ ਦਿਹਾੜੇ ਮੌਕੇ, ਗਣਤੰਤਰ ਦਿਵਸ ਸਮਾਰੋਹ ਅਤੇ ਹੋਰ ਰਾਜ ਪੱਧਰੀ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇ। ਅਧਿਆਪਕਾਂ ਨੂੰ ਸਟੇਟ ਐਵਾਰਡ, ਨੈਸ਼ਨਲ ਐਵਾਰਡ ਅਤੇ ਹੋਰ ਵੱਡੇ ਐਵਾਰਡ ਦੇਣ ਸਮੇਂ ਵੀ ਉਸ ਅਧਿਆਪਕ ਵੱਲੋਂ ਨਵੇਂ ਪੌਦਿਆਂ ਦੀ ਕੀਤੀ ਸਾਂਭ ਸੰਭਾਲ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ। ਨਵੀਂਆਂ ਬਣ ਰਹੀਆਂ ਫਿਲਮਾਂ, ਡਾਕੂਮੈਂਟਰੀਆਂ, ਨਾਟਕਾਂ, ਇਕਾਂਗੀਆਂ ਵਿੱਚ ਇਸ ਪ੍ਰਕਾਰ ਦਾ ਮਾਹੌਲ ਸਿਰਜਿਆ ਜਾਵੇ ਕਿ ਆਮ ਜਨਤਾ ਖ਼ੁਦ-ਬ-ਖ਼ੁਦ ਪੰਜਾਬ ਰਾਜ ਨੂੰ ਹਰਿਆ ਭਰਿਆ ਬਣਾਉਣ ਲਈ ਇਸ ਹਰਿਆਵਲ ਲਹਿਰ ਦਾ ਹਿੱਸਾ ਬਣੇ। ਹਰਿਆਵਲ ਲਹਿਰ ਨੂੰ ਉਤਸ਼ਾਹਿਤ ਕਰਨ ਵਾਲੇ ਲੇਖਕਾਂ ਨੂੰ ਯੋਗ ਮਾਣ ਸਨਮਾਨ ਅਤੇ ਸਤਿਕਾਰ ਦਿੱਤਾ ਜਾਵੇ।
ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਟੀ ਵੀ ਚੈਨਲਾਂ ਉੱਤੇ ਨਵੇਂ ਬੂਟੇ ਲਾਉਣ ਸੰਬੰਧੀ ਲਗਾਤਾਰ ਪ੍ਰਚਾਰ ਕਰਕੇ ਜਨ-ਸਧਾਰਨ ਵਿੱਚ ਇੱਕ ਇਨਕਲਾਬੀ ਚੇਤਨਾ ਪੈਦਾ ਕੀਤੀ ਤਾਂ ਜੋ ਸਮਾਜ ਦਾ ਹਰ ਵਰਗ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਤਤਪਰ ਹੋਵੇ। ਇਸ ਪ੍ਰਕਾਰ ਕੰਮ ਕਰਕੇ ਹੀ ਸਹੀ ਅਰਥਾਂ ਵਿੱਚ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)