Iqbal S Sakrodi Dr 7ਸਕੂਲ ਦੇ ਅਧਿਆਪਕਾਂ ਵਿੱਚ ਹੌਲੀ ਹੌਲੀ ਕਾਨਾਫੂਸੀ ਸ਼ੁਰੂ ਹੋ ਗਈ। ਸਹਾਇਕ ਲਾਇਬਰੇਰੀਅਨ ...
(11 ਮਈ 2025)


ਉਸ ਦਿਨ ਸ਼ਨੀਵਾਰ ਸੀ। ਸਰਕਾਰੀ ਹਾਈ ਸਕੂਲ
, ਨਥਾਣਾ ਦੀ ਸਵੇਰ ਦੀ ਸਭਾ ਲੱਗੀ ਹੋਈ ਸੀ। ਸਕੂਲ ਦੀਆਂ ਵਿਦਿਆਰਥਣਾਂ ਨੇ ਬੈਂਡ ਦੀ ਧੁਨ ਤੇ ਰਾਸ਼ਟਰੀ ਗਾਣ ਗਾਇਆ। ਫਿਰ “ਜੋ ਮਾਂਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ” ਸ਼ਬਦ ਨੂੰ ਸਾਰੀਆਂ ਕੁੜੀਆਂ ਨੇ ਬੜੀ ਰੀਝ ਨਾਲ਼ ਗਾਇਆ। ਨੌਂਵੀਂ ਜਮਾਤ ਵਿੱਚ ਪੜ੍ਹਦੀ ਹੁਸਨਦੀਪ ਕੌਰ ਨੇ ਪ੍ਰੋ. ਮੋਹਨ ਸਿੰਘ ਦੀ ਲਿਖੀ ਕਵਿਤਾ “ਮਾਂ ਜਿਹਾ ਘਣਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ” ਉੱਚੀ ਸੁਰ ਅਤੇ ਸੁਰੀਲੀ ਅਵਾਜ਼ ਵਿੱਚ ਅਜਿਹਾ ਗਾਇਆ, ਜਿਵੇਂ ਸਮਾਂ ਹੀ ਬੰਨ੍ਹ ਕੇ ਰੱਖ ਦਿੱਤਾ ਹੋਵੇ। ਇਸ ਉਪਰੰਤ ਹੈੱਡਮਾਸਟਰ ਧਰਮਪਾਲ ਨੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਾਂ ਦਿਵਸ ਦੇ ਸੰਬੰਧ ਵਿੱਚ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ, “ਪਿਆਰੇ ਵਿਦਿਆਰਥੀਓ! ਇਸ ਸੰਸਾਰ ਵਿੱਚ ਸਭ ਤੋਂ ਅਨੋਖਾ ਅਤੇ ਅਦਭੁਤ ਸ਼ਬਦ ਜੇਕਰ ਕੋਈ ਹੈ ਤਾਂ ਉਹ ਹੈ ਮਾਂਸ਼ਬਦ। ਮਾਂ, ਜਿਸ ਨੂੰ ਜ਼ੁਬਾਨ ਤੋਂ ਬੋਲਣ ਨਾਲ਼ ਇੱਕ ਅਦਭੁਤ ਰਸ ਦਾ ਅਨੁਭਵ ਹੁੰਦਾ ਹੈ। ਮਾਂ ਸ਼ਬਦ ਸੁਣਨ ਨਾਲ਼ ਕੰਨਾਂ ਵਿੱਚ ਮਿਸ਼ਰੀ ਘੁਲ਼ ਜਾਂਦੀ ਹੈ। ਮਾਂ ਸ਼ਬਦ ਅੱਖਾਂ ਵਿੱਚ ਵਸਾਉਣ ਨਾਲ਼ ਅੱਖਾਂ ਵਿੱਚੋਂ ਨੂਰ ਟਪਕਦਾ ਵਿਖਾਈ ਦਿੰਦਾ ਹੈ। ਜੇਕਰ ਮਾਂ ਸ਼ਬਦ ਦਿਲ ਵਿੱਚ ਉੱਤਰ ਜਾਵੇ ਤਾਂ ਮਮਤਾ ਦਾ ਸਮੁੰਦਰ ਠਾਠਾਂ ਮਾਰਨ ਲਗਦਾ ਹੈ। ਸਵੇਰੇ ਉੱਠ ਕੇ ਮਾਂ ਦੇ ਚਰਨਾਂ ’ਤੇ ਪ੍ਰਣਾਮ ਕਰਨ ਨਾਲ਼ ਸਾਡੀ ਹਰ ਸਵੇਰ ਸ਼ੁਭ ਹੋ ਜਾਂਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਮਾਂ ਦੀ ਸੇਵਾ ਕਰਨ ਨਾਲ਼ ਸਾਡੀ ਕਿਸਮਤ ਹਮੇਸ਼ਾ ਸਾਡਾ ਸਾਥ ਦਿੰਦੀ ਹੈ।

ਜੇਕਰ ਸਵੇਰੇ ਉੱਠ ਕੇ ਅਸੀਂ ਆਪਣੀ ਮਾਂ ਦੇ ਚਰਨਾਂ ਤੇ ਸੀਸ ਨਹੀਂ ਝੁਕਾਉਂਦੇ ਤਾਂ ਕਿਸੇ ਮੰਦਰ, ਮਸਜਿਦ ਜਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਫ਼ਜ਼ੂਲ ਹੈ। ਇਸੇ ਪ੍ਰਕਾਰ ਆਪਣੀ ਮਾਂ ਨੂੰ ਭੋਜਨ ਛਕਾਏ ਬਿਨਾਂ ਪੰਛੀਆਂ ਨੂੰ ਚੋਗਾ ਪਾਉਣ ਦਾ ਕੋਈ ਲਾਭ ਨਹੀਂ ਹੈ। ਮਾਂ ਦੇ ਪੈਰਾਂ ਦੀ ਧੂੜ ਕਿਸੇ ਮੰਦਰ, ਮਸਜਿਦ ਜਾਂ ਗੁਰਦੁਆਰੇ ਵਿੱਚ ਮੱਥਾ ਟੇਕਣ ਤੋਂ ਕਿਤੇ ਉੱਪਰ ਹੈ।

ਪਿਆਰੇ ਵਿਦਿਆਰਥੀਓ! ਜਿਸ ਪ੍ਰਕਾਰ ਆਪਾਂ ਸਾਰੇ ਜਾਣਦੇ ਹਾਂ, ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਵਿਚਰਦਿਆਂ ਉਹ ਕਈ ਰਿਸ਼ਤੇ ਨਾਤੇ ਨਿਭਾਉਂਦਾ ਹੈ। ਇਹ ਸਾਰੇ ਰਿਸ਼ਤੇ ਉਸਦੇ ਜਨਮ ਤੋਂ ਬਾਅਦ ਦੇ ਹੀ ਹੁੰਦੇ ਹਨ। ਪ੍ਰੰਤੂ ਮਾਂ ਦਾ ਹੀ ਇੱਕ ਅਜਿਹਾ ਰਿਸ਼ਤਾ ਹੈ, ਜੋ ਬੱਚੇ ਦੇ ਜਨਮ ਤੋਂ ਵੀ ਨੌਂ ਮਹੀਨੇ ਪਹਿਲਾਂ ਦਾ ਹੁੰਦਾ ਹੈ। ਮਨੁੱਖ ਲਈ ਲਗਭਗ ਸਾਰੇ ਰਿਸ਼ਤੇ ਦੁੱਖ ਅਤੇ ਸੁੱਖ ਦੇ ਪ੍ਰਤੀਕ ਹੁੰਦੇ ਹਨ ਪ੍ਰੰਤੂ ਪੂਰੀ ਦੁਨੀਆਂ ਵਿੱਚ ਮਾਂ ਦਾ ਰਿਸ਼ਤਾ ਹੀ ਇੱਕ ਅਜਿਹਾ ਰਿਸ਼ਤਾ ਹੈ, ਜੋ ਕੇਵਲ ਸੁੱਖ ਦਾ ਪ੍ਰਤੀਕ ਹੈ। ਮਨੁੱਖ ਜਦੋਂ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਤਾਂ ਉਸਦੇ ਮੂੰਹੋਂ ਮਾਂਸ਼ਬਦ ਹੀ ਨਿੱਕਲਦਾ ਹੈ। ਇਸ ਸੰਸਾਰ ਵਿੱਚ ਹਰ ਰਿਸ਼ਤੇ ਦਾ ਕੋਈ ਨਾ ਕੋਈ ਬਦਲ ਹੈ, ਪ੍ਰੰਤੂ ਮਾਂ ਦਾ ਕੋਈ ਬਦਲ ਨਹੀਂ ਹੈ।

ਪਿਆਰੇ ਵਿਦਿਆਰਥੀਓ, ਮਾਂ ਕੇਵਲ ਇੱਕ ਸਰੀਰ ਦਾ ਨਾਂ ਨਹੀਂ ਹੈ ਸਗੋਂ ਮਾਂ ਤਾਂ ਇੱਕ ਸਾਧਨਾ ਹੈ, ਭਗਤੀ ਹੈ, ਪੂਜਾ ਹੈ। ਮਾਂ ਤਾਂ ਪ੍ਰਤੱਖ ਤੌਰ ਤੇ ਪਰਮਾਤਮਾ ਹੈ। ਮਾਂ ਆਪਣੇ ਆਪ ਵਿੱਚ ਇੱਕ ਧਰਮ ਹੈ, ਮੰਦਰ ਹੈ, ਤੀਰਥ ਸਥਾਨ ਹੈ। ਮਾਂ ਇੱਕ ਅਜਿਹੀ ਮੂਰਤ ਹੈ, ਜਿਸ ਨੇ ਸਾਡਾ ਸਾਰਿਆਂ ਦਾ ਨਿਰਮਾਣ ਕੀਤਾ ਹੈ। ਇਸ ਲਈ ਸਾਡਾ ਸਾਰਿਆਂ ਦਾ ਇਹ ਨਿਰਛਲ ਫ਼ਰਜ਼ ਬਣਦਾ ਹੈ ਕਿ ਆਪਣੇ ਦੁਆਰਾ ਬਣਾਏ ਪਰਮਾਤਮਾ ਦੀ ਪੂਜਾ ਕਰਨ ਦੀ ਥਾਂ ਉਸ ਮਾਂ ਦੀ ਪੂਜਾ ਕਰੀਏ, ਜਿਸ ਨੇ ਸਾਨੂੰ ਸਾਰਿਆਂ ਨੂੰ ਸਿਰਜਿਆ ਹੈ। ਇਸ ਲਈ ਆਉ! ਮਾਂ ਦਿਵਸ ਦੇ ਪਵਿੱਤਰ ਮੌਕੇ ਤੇ ਆਪਾਂ ਸਾਰੇ ਇਹ ਪ੍ਰਣ ਕਰੀਏ ਕਿ ਅਸੀਂ ਆਪਣੀਆਂ ਮਾਂਵਾਂ ਨੂੰ ਹਮੇਸ਼ਾ ਖ਼ੁਸ਼ ਰੱਖਾਂਗੇ, ਉਨ੍ਹਾਂ ਦੀ ਸੇਵਾ ਕਰਾਂਗੇ। ਉਨ੍ਹਾਂ ਤੋਂ ਦੁਆਵਾਂ ਪ੍ਰਾਪਤ ਕਰਾਂਗੇ। ਬਹੁਤ ਬਹੁਤ ਧੰਨਵਾਦ।”

ਮੁੱਖ ਅਧਿਆਪਕ ਜੀ ਦੇ ਸ਼ਾਨਦਾਰ ਵਿਚਾਰ ਸੁਣ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬਹੁਤ ਜ਼ੋਰ ਨਾਲ਼ ਤਾੜੀਆਂ ਵਜਾਈਆਂ।

ਧਰਮਪਾਲ ਜੀ ਸਵੇਰ ਦੀ ਸਭਾ ਵਿੱਚ ਆਪਣੇ ਵਿਚਾਰ ਸਾਂਝੇ ਕਰਕੇ ਆਪਣੇ ਦਫ਼ਤਰ ਵਿੱਚ ਚਲੇ ਗਏ। ਸਕੂਲ ਦੇ ਅਧਿਆਪਕਾਂ ਵਿੱਚ ਹੌਲੀ ਹੌਲੀ ਕਾਨਾਫੂਸੀ ਸ਼ੁਰੂ ਹੋ ਗਈ। ਸਹਾਇਕ ਲਾਇਬਰੇਰੀਅਨ ਧਰਮ ਸਿੰਘ ਨੇ ਪੰਜਾਬੀ ਅਧਿਆਪਕਾ ਪ੍ਰੀਤਮ ਕੌਰ ਨੂੰ ਕਿਹਾ, “ਭੈਣ ਜੀ! ਹੈੱਡ ਸਾਹਿਬ ਦੇ ਆਪਣੇ ਮਾਂ ਜੀ ਤਾਂ ਬਿਰਧ ਘਰ ਵਿੱਚ ਰੁਲ ਰਹੇ ਹਨ, ਕੀ ਇਹੋ ਜਿਹੇ ਲੱਛੇਦਾਰ ਭਾਸ਼ਣ ਕੇਵਲ ਦੂਜਿਆਂ ਨੂੰ ਨਸੀਹਤ ਦੇਣ ਲਈ ਹਨ?

ਪ੍ਰੀਤਮ ਕੌਰ ਨੇ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਆਪਣੇ ਬੁੱਲ੍ਹਾਂ ਉੱਤੇ ਰੱਖ ਕੇ ਧਰਮ ਸਿੰਘ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ।

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Dr. Iqbal S Sakrodi

Dr. Iqbal S Sakrodi

Sangrur, Punjab, India.
WhatsApp: (91 - 84276 - 85020)

Email: (dr.iqbalsingh1962@gmail.com)