“ਇਸ ਸ਼ਹਾਦਤ ਨੇ ਜਿੱਥੇ ਧਾਰਮਿਕ ਕੱਟੜਤਾ ਦੇ ਨਾਂ ’ਤੇ ਮਨੁੱਖੀ ਅੱਤਿਆਚਾਰ ਨੂੰ ...”
(31 ਮਈ 2025)
“ਹਰਫ਼ ਜੋ ਬਲਦੇ ਹੱਥਾਂ ਨੇ ਹਵਾ ਵਿੱਚ ਲਿਖੇ,
ਤੇਜ਼ ਝੋਂਕਿਆਂ ਦੇ ਨਾਲ ਖਿੰਡ ਜਾਣਗੇ ਦੂਰ ਤਕ।
ਸ਼ਹਾਦਤ ਦੇ ਤੁਪਕਿਆਂ ਨਾਲ ਉੱਕਰੇ ਨੇ ਧਰਤੀ ਦੀ ਹਿੱਕ ਉੱਤੇ,
ਮੋਤੀ ਸਦਾ ਇਤਿਹਾਸ ਦੇ ਪੰਨਿਆਂ ’ਤੇ ਲਿਖੇ ਰਹਿਣਗੇ।”
(ਜਸਕਰਨ)
ਉਂਝ ਤਾਂ ਸਾਰਾ ਸਿੱਖ ਇਤਿਹਾਸ ਹੀ ਕੁਰਬਾਨੀਆਂ ਅਤੇ ਆਪਾ ਵਾਰ ਦੇਣ ਦੀ ਭਾਵਨਾ ਨਾਲ ਭਰਿਆ ਪਿਆ ਹੈ ਪ੍ਰੰਤੂ ਦੇਸ਼, ਕੌਮ, ਧਰਮ ਅਤੇ ਸਮਾਜ ਲਈ ਆਪਣਾ ਆਪਾ ਬਲੀਦਾਨ (ਅਰਪਿਤ) ਕਰ ਦੇਣ ਦੀ ਪਿਰਤ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਹੀ ਪਾਈ। ਉਹ ਗੁਰੂ ਨਾਨਕ ਦੇਵ ਜੀ ਦੇ ਆਤਮਿਕ ਤਖ਼ਤ ਉੱਤੇ ਬੈਠੇ ਗੁਰੂ ਨਾਨਕ ਜੋਤਿ ਦਾ ਪੰਜਵਾਂ ਸਰੂਪ ਸਨ, ਜੋ ਸਬਰ, ਸੰਤੋਖ, ਸ਼ੁਕਰ, ਦਇਆ, ਕੋਮਲਤਾ, ਬਲੀਦਾਨ ਅਤੇ ਭਾਣਾ ਮੰਨਣ ਦੀ ਸਾਖਿਆਤ ਮੂਰਤ ਸਨ। ਉਨ੍ਹਾਂ ਨੇ ਆਪਣੀ ਬਾਣੀ ਵਿੱਚ ਮਨੁੱਖਤਾ ਲਈ ਉੱਚੀਆਂ ਅਤੇ ਸੱਚੀਆਂ-ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਸਥਾਪਤ ਕਰਨ ਲਈ ਸਦਾ ਸੁੱਖ, ਉਤਸ਼ਾਹ, ਪਿਆਰ, ਹਮਦਰਦੀ ਦਾ ਸੁਨੇਹਾ ਦਿੱਤਾ। ਇਸੇ ਤਰ੍ਹਾਂ ਕਿਸੇ ਨਾਲ ਈਰਖਾ, ਦਵੈਸ਼, ਨਫ਼ਰਤ, ਬੇਗਾਨਗੀ, ਵੈਰ ਵਿਰੋਧ ਨਾ ਰੱਖਣ ਦੀ ਸਿੱਖਿਆ ਦਿੱਤੀ। ਇਹੋ ਉੱਤਮ ਗੁਣ ਆਪ ਦੀ ਸ਼ਖ਼ਸੀਅਤ ਦਾ ਮੂਲ ਸੀ-
“ਬਿਸਰਿ ਗਈ ਸਭ ਤਾਤਿ ਪਰਾਈ।
ਜਬ ਤੇ ਸਾਧ ਸੰਗਤਿ ਮੋਹਿ ਪਾਈ।
ਨਾ ਕੋ ਵੈਰੀ ਨਾਹੀ ਬਿਗਾਨਾ।
ਸਗਲ ਸੰਗ ਹਮ ਕੋ ਬਣ ਆਈ।
ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰੂ ਅਰਜਨ ਦੇਵ ਜੀ ਦਾ ਜਨਮ ਪੰਦਰਾਂ ਅਪਰੈਲ 1563 ਈਸਵੀ (ਵਿਸਾਖ ਵਦੀ 7 ਸੰਮਤ 1620) ਨੂੰ ਚੌਥੇ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਦੀ ਪਵਿੱਤਰ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਦਾ ਵਿਆਹ ਕ੍ਰਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਦੇਵੀ ਦੇ ਨਾਲ ਮਉ ਪਿੰਡ ਵਿੱਚ 1579 ਈਸਵੀ (23 ਹਾੜ੍ਹ ਸੰਮਤ 1636) ਵਿੱਚ ਹੋਇਆ। ਜਿਨ੍ਹਾਂ ਦੀ ਕੁੱਖ ਤੋਂ ਮਹਾਂਵੀਰ ਸਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਹੋਇਆ।
ਗੁਰੂ ਅਰਜਨ ਦੇਵ ਜੀ ਇੱਕ ਸਤੰਬਰ 1581 ਈਸਵੀ (2 ਅੱਸੂ ਸੰਮਤ 1638) ਨੂੰ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ’ਤੇ ਬਿਰਾਜੇ। ਆਪ ਨੇ ਬੜੇ ਉੱਤਮ ਢੰਗ ਨਾਲ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਸਿੱਖ ਧਰਮ ਦੇ ਕਾਰਜਾਂ ਨੂੰ ਪੂਰਿਆਂ ਕਰਨ ਲਈ ਆਪਣੇ ਸਿੱਖਾਂ ਵਿੱਚ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਣ ਦੀ ਪਿਰਤ ਪਾਈ।
ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ, ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਆਪੀ ਪਿਆਰ ਦੇ ਪ੍ਰਤੀਕ ਪੰਜਵੇਂ ਗੁਰੂ ਸਾਹਿਬ ਧਨ-ਧਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ, ਜੋ ਸਿਧਾਂਤਾਂ ਲਈ ਦ੍ਰਿੜ੍ਹਤਾ ਨਾਲ ਖੜ੍ਹੇ ਰਹੇ, ਆਪਣਾ ਜੀਵਨ ਕੁਰਬਾਨ ਕੀਤਾ ਅਤੇ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ। ਆਪ ਜੀ ਦੀ ਸ਼ਹਾਦਤ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਅੰਦਰ ਇੱਕ ਇਨਕਲਾਬੀ ਮੋੜ ਸੀ। ਇਸ ਸ਼ਹਾਦਤ ਨੇ ਜਿੱਥੇ ਧਾਰਮਿਕ ਕੱਟੜਤਾ ਦੇ ਨਾਂ ’ਤੇ ਮਨੁੱਖੀ ਅੱਤਿਆਚਾਰ ਨੂੰ ਸਿਖ਼ਰਲੀ ਚੁਣੌਤੀ ਦਿੱਤੀ, ਉੱਥੇ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਮੁਕਤ ਵੀ ਕੀਤਾ।
ਸਿੱਖ ਇਤਿਹਾਸ ਅੰਦਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਪ੍ਰੇਰਨਾ ਅੱਜ ਵੀ ਹਰੇਕ ਸਿੱਖ ਲਈ ਰਾਹ ਦਿਸੇਰਾ ਬਣੀ ਹੋਈ ਹੈ। ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣਾ, ਭਾਣਾ ਮੰਨਣ ਅਤੇ ਸਬਰ ਸੰਤੋਖ ਅਤੇ ਦ੍ਰਿੜ੍ਹਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਰਾਹ ਦਿਖਾ ਕੇ ਸਿੱਖੀ ਦੇ ਮਹਿਲ ਦੀਆਂ ਨੀਹਾਂ ਨੂੰ ਇੰਨਾ ਪੱਕਾ ਅਤੇ ਮਜ਼ਬੂਤ ਕਰ ਦਿੱਤਾ ਕਿ ਵਾਰ-ਵਾਰ ਝੁੱਲਦੇ ਜ਼ੁਲਮ ਦੇ ਝੱਖੜ, ਹਨੇਰੀਆਂ ਵੀ ਇਸਦਾ ਕੁਝ ਨਾ ਵਿਗਾੜ ਸਕੇ। ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵਿਲੱਖਣ ਅਤੇ ਮਹਾਨ ਕਾਰਜ ਆਦਿ ਗ੍ਰੰਥ ਦਾ ਸੰਕਲਨ ਕਰਨਾ ਸੀ, ਜਿਸ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਸੰਤਾਂ, ਸੂਫ਼ੀਆਂ, ਭਗਤਾਂ ਅਤੇ ਭੱਟਾਂ ਦੀ ਰਚਨਾ ਸ਼ਾਮਲ ਹੈ।
ਸ਼ਹੀਦ ਅਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਕਿਸੇ ਉੱਚੇ ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਕੁਰਬਾਨੀ ਦੇਣ ਵਾਲਾ ‘ਸ਼ਹੀਦ’ ਅਖਵਾਉਂਦਾ ਹੈ। ਸਿੱਖ ਧਰਮ ਅੰਦਰ ਸ਼ਹਾਦਤ ਸ਼ਬਦ ਬਹੁਤ ਸਤਕਾਰ ਭਰੇ ਸ਼ਬਦਾਂ ਵਿੱਚ ਸਾਡੇ ਸਾਹਮਣੇ ਹੈ। ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਆਵਾਜ਼ ਬੁਲੰਦ ਰੱਖਣ ਲਈ ਕੀਤੀ ਗਈ ਕੁਰਬਾਨੀ ਦੀ ਗਵਾਹੀ ਵਜੋਂ ਹੈ। ਇਹ ਗਵਾਹੀ ਕੋਈ ਆਮ ਨਹੀਂ, ਸਗੋਂ ਸਮਾਜਿਕ ਪ੍ਰਸੰਗ ਦੇ ਨਾਲ-ਨਾਲ ਰੂਹਾਨੀਅਤ ਨਾਲ ਵੀ ਭਰਪੂਰ ਹੈ। ਸ਼ਹੀਦ ਦੀ ਸ਼ਹਾਦਤ ਹਮੇਸ਼ਾ ਸੱਚ ਵਾਸਤੇ ਹੁੰਦੀ ਹੈ। ਇਸ ਕਰਕੇ ਸੱਚ ਅਤੇ ਸ਼ਹਾਦਤ ਦਾ ਰਿਸ਼ਤਾ ਵੀ ਅਟੁੱਟ ਹੈ। ਸਿੱਖ ਧਰਮ ਵਿੱਚ ਸੱਚ ਉੱਤੇ ਚੱਲਣ ਅਤੇ ਸੱਚ ਖ਼ਾਤਰ ਲੋੜ ਪੈਣ ਉੱਤੇ ਸ਼ਹਾਦਤ ਦੇਣ ਦਾ ਮਾਰਗ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਜਾਗਰ ਕੀਤਾ ਸੀ। ਆਪ ਜੀ ਨੇ ਗੁਰਬਾਣੀ ਅੰਦਰ ਹੁਕਮ ਕੀਤਾ-
“ਜਉ ਤਉ ਪ੍ਰੇਮ ਖੇਲ੍ਹਣ ਕਾ ਚਾਉ।
ਸਿਰ ਧਰਿ ਤਲੀ ਗਲੀ ਮੇਰੀ ਆਉ।
ਇਤੁ ਮਾਰਗਿ ਪੈਰੁ ਧਰੀਜੈ।
ਸਿਰੁ ਦੀਜੈ ਕਾਣਿ ਨ ਕੀਜੈ।”
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਪਹਿਲੇ ਪਾਤਸ਼ਾਹ ਦੇ ਦਰਸਾਏ ਇਸ ਮਾਰਗ ਨੂੰ ਹੋਰ ਪੱਕਿਆਂ ਕੀਤਾ। ਗੁਰੂ ਜੀ ਦਾ ਸਾਰਾ ਜੀਵਨ ਪਰਉਪਕਾਰ ਅਤੇ ਉੱਚੇ ਸੁੱਚੇ ਸਿਧਾਂਤਾਂ ਅਤੇ ਆਦਰਸ਼ਾਂ ਲਈ ਬਤੀਤ ਹੋਇਆ। ਆਪ ਜੀ ਦੇ ਗੁਣ, ਪਰਉਪਕਾਰ ਅਤੇ ਸਿਫ਼ਤਾਂ ਬੇਅੰਤ ਹਨ।
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਪਹਿਲੀ ਅਤੇ ਦੁਨੀਆਂ ਦੇ ਇਤਿਹਾਸ ਵਿੱਚ ਲਾਸਾਨੀ ਅਤੇ ਬੇਮਿਸਾਲ ਹੈ। ਉਨ੍ਹਾਂ ਦੀ ਸ਼ਹੀਦੀ ਦੇ ਅਸਲ ਕਾਰਨ ਜਹਾਂਗੀਰ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਅਤੇ ਤੰਗਦਿਲੀ ਸੀ। ਉਸ ਸਮੇਂ ਆਦਿ ਗ੍ਰੰਥ ਦਾ ਸੰਕਲਨ ਕਰਨ ਕਾਰਨ ਗੁਰੂ ਸਾਹਿਬ ਦਾ ਤੇਜ਼ ਪ੍ਰਤਾਪ ਦਿਨੋ ਦਿਨ ਵਧ ਰਿਹਾ ਸੀ। ਪ੍ਰੰਤੂ ਸਮੇਂ ਦੀ ਮੁਗ਼ਲ ਸਲਤਨਤ, ਉਸਦੇ ਤੁਅੱਸਬੀ ਬਾਦਸ਼ਾਹ ਅਤੇ ਕੱਟੜਪੰਥੀ ਠੇਕੇਦਾਰਾਂ ਲਈ ਗੁਰੂ ਜੀ ਦੀ ਵਧ ਰਹੀ ਚੜ੍ਹਤ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੋ ਚੁੱਕਾ ਸੀ। ਗੁਰੂ ਜੀ ਦੀ ਚੜ੍ਹਦੀ ਕਲਾ, ਬੇਬਾਕੀ ਨਾਲ ਕੀਤੇ ਜਾਣ ਵਾਲੇ ਬਿਆਨ ਅਤੇ ਨਿਧੜਕ ਐਲਾਨ ਜਿੱਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਆਚਾਰ-ਸਦਾਚਾਰ ਦਾ ਨਿਆਰਾਪਨ, ਕਹਿਣੀ ਕਥਨੀ ਕਰਨੀ ਦੀ ਸੁਤੰਤਰਤਾ, ਸੁਭਾਅ ਵਿਚਲੀ ਨਿਰਭੈਤਾ ਅਤੇ ਸਿੱਖ ਲਹਿਰ ਦੇ ਅੱਗੇ ਵਧਣ ਦਾ ਸੂਚਕ ਸੀ, ਉੱਥੇ ਇਹ ਕਰਮ ਕਾਂਡੀ ਤੁਅੱਸਬੀ ਸ਼ਕਤੀਆਂ ਨੂੰ ਬਹੁਤ ਵੱਡੀ ਚੁਣੌਤੀ ਸੀ।
ਗੁਰੂ ਅਰਜਨ ਦੇਵ ਜੀ ਅਤੇ ਗੁਰੂ ਘਰ ਪ੍ਰਤੀ ਸੰਗਤਾਂ ਵਿੱਚ ਵਧ ਰਹੀ ਸ਼ਰਧਾ ਬਾਰੇ ਸੁਣਨਾ ਸਮੇਂ ਦੇ ਹਾਕਮਾਂ ਨੂੰ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਨਹੀਂ ਸੀ। ਸੱਚ ਤਾਂ ਇਹ ਹੈ ਕਿ ਮੁਗ਼ਲ ਸ਼ਹਿਨਸ਼ਾਹ ਜਹਾਂਗੀਰ ਕਿਸੇ ਅਜਿਹੇ ਮੌਕੇ ਦੀ ਭਾਲ ਵਿੱਚ ਸੀ ਕਿ ਉਸ ਨੂੰ ਕਦੋਂ ਕੋਈ ਬਹਾਨਾ ਮਿਲੇ ਅਤੇ ਉਹ ਦਿਨੋਂ ਦਿਨ ਵਧ ਰਹੀ ਇਸ ਸਿੱਖ ਲਹਿਰ ਨੂੰ ਪੂਰੀ ਤਰ੍ਹਾਂ ਕੁਚਲ ਕੇ ਰੱਖ ਦੇਵੇ। ਉਸ ਦੀ ਦਿਲੀ ਰੀਝ ਸੀ ਕਿ ਉਹ ਸਿੱਖਾਂ ਵਿੱਚ ਬਹੁਤ ਜ਼ਿਆਦਾ ਹਰਮਨਪਿਆਰੇ ਗੁਰੂ ਅਰਜਨ ਦੇਵ ਨੂੰ ਜਾਂ ਤਾਂ ਮੁਸਲਮਾਨ ਧਰਮ ਵਿੱਚ ਸ਼ਾਮਲ ਕਰ ਲਵੇ, ਜੇਕਰ ਉਹ ਨਾ ਮੰਨੇ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈਜੀਵਨੀ “ਤੁਜ਼ਕੇ-ਜਹਾਂਗੀਰੀ” ਵਿੱਚ ਕਰਦਾ ਹੋਇਆ ਲਿਖਦਾ ਹੈ-
“ਗੋਇੰਦਵਾਲ ਵਿੱਚ, ਜੋ ਕਿ ਬਿਆਸ ਨਦੀ ਦੇ ਕੰਢੇ ਸਥਿਤ ਹੈ, ਪੀਰਾਂ ਫ਼ਕੀਰਾਂ ਦੇ ਭੇਸ ਵਿੱਚ ਇੱਕ ਹਿੰਦੂ ਰਹਿੰਦਾ ਸੀ, ਜਿਸਦਾ ਨਾਮ ਅਰਜਨ ਸੀ। ਬਹੁਤ ਸਾਰੇ ਮੂਰਖ਼ ਹਿੰਦੂ ਅਤੇ ਮੁਸਲਮਾਨ ਉਸਦੇ ਬਹਿਕਾਵੇ ਵਿੱਚ ਆ ਚੁੱਕੇ ਸਨ। ਇਸ ਤੋਂ ਇਲਾਵਾ ਉਸ ਨੇ ਆਪਣੀ ਆਤਮਿਕ ਸ਼ਕਤੀ ਦਾ ਢੌਂਗ ਰਚਾਇਆ ਹੋਇਆ ਸੀ। ਬਹੁਤ ਸਾਰੇ ਲੋਕ ਸ਼ਰਧਾ ਵੱਸ ਉਸ ਨੂੰ ਗੁਰੂ ਕਹਿੰਦੇ ਸਨ। ਸਭ ਪਾਸੇ ਕਪਟ ਹੀ ਕਪਟ ਸੀ। ਕਪਟ ਦੇ ਪੁਜਾਰੀ ਉਸ ਉੱਤੇ ਪੂਰੀ ਸ਼ਰਧਾ ਰੱਖਦੇ ਸਨ। ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਸ਼ੈਤਾਨ (ਗੁਰੂ ਜੀ ਦੀ) ਝੂਠ ਦੀ ਦੁਕਾਨ ਚੱਲ ਰਹੀ ਸੀ। ਕਿੰਨੇ ਹੀ ਸਮੇਂ ਤੋਂ ਮੇਰੇ ਮਨ ਵਿੱਚ ਇਹ ਧਾਰਨਾ ਪੈਦਾ ਹੋ ਰਹੀ ਸੀ ਕਿ ਝੂਠ ਅਤੇ ਪਖੰਡ ਦੀ ਇਸ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ।”
ਉਪਰੋਕਤ ਸ਼ਬਦਾਂ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਗੁਰੂ ਸਾਹਿਬ ਨਾਲ ਸਖ਼ਤ ਘਿਰਣਾ ਕਰਦਾ ਸੀ। ਉਹ ਉਨ੍ਹਾਂ ਨੂੰ ਮੁਸਲਮਾਨ ਧਰਮ ਵਿੱਚ ਸ਼ਾਮਲ ਕਰਨ ਜਾਂ ਫਿਰ ਮੌਤ ਦੇ ਘਾਟ ਉਤਾਰਨਾ ਚਾਹੁੰਦਾ ਸੀ। ਬਾਦਸ਼ਾਹ ਨੂੰ ਕੇਵਲ ਬਹਾਨੇ ਦੀ ਤਲਾਸ਼ ਸੀ। ਜਦੋਂ ਉਸਦੇ ਪੁੱਤਰ ਖ਼ੁਸਰੋ ਨੇ ਉਸ ਵਿਰੁੱਧ ਬਗ਼ਾਵਤੀ ਝੰਡਾ ਚੁੱਕ ਲਿਆ ਤਾਂ ਉਹ ਮੁਗ਼ਲ ਸੈਨਾਵਾਂ ਕੋਲੋਂ ਭੱਜ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆ ਗਿਆ ਸੀ। ਗੁਰੂ ਸਾਹਿਬ ਤਾਂ ਆਪਣੀ ਸ਼ਰਨ ਵਿੱਚ ਆਉਣ ਵਾਲੇ ਹਰੇਕ ਮਨੁੱਖ ਨੂੰ ਪਨਾਹ ਦਿੰਦੇ ਸਨ, ਬੱਸ ਬਾਗ਼ੀ ਪੁੱਤਰ ਖ਼ੁਸਰੋ ਦੀ ਮਦਦ ਕਰਨ ਕਾਰਨ ਬਾਦਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਵਿਰੁੱਧ ਕਾਰਵਾਈ ਕਰਨ ਦਾ ਮੌਕਾ ਮਿਲ ਗਿਆ। ਉਸ ਨੇ ਉਸੇ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਯਾਸਾ-ਏ-ਸਿਆਸਤ ਕਾਨੂੰਨ ਅਧੀਨ ਮੌਤ ਦੀ ਸਜ਼ਾ ਸੁਣਾ ਦਿੱਤੀ, ਜਿਸਦਾ ਭਾਵ ਹੈ ਕਿ ਗੁਰੂ ਨੂੰ ਤਸੀਹੇ ਦੇ ਕੇ ਮਾਰਨਾ ਅਤੇ ਉਨ੍ਹਾਂ ਦੇ ਖ਼ੂਨ ਦਾ ਇੱਕ ਵੀ ਕਤਰਾ ਧਰਤੀ ਉੱਤੇ ਨਾ ਡਿਗ ਪਾਏ।
ਇਸ ਤਰ੍ਹਾਂ ਮੁਗ਼ਲ ਸਮਰਾਟ ਜਹਾਂਗੀਰ ਦੇ ਹੁਕਮ ਅਨੁਸਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਨੂੰ ਸ਼ਹੀਦ ਕਰਨ ਲਈ ਕਈ ਪ੍ਰਕਾਰ ਦੇ ਅਕਹਿ ਅਤੇ ਅਸਹਿ ਤਸੀਹੇ ਦਿੱਤੇ ਗਏ। ਮਈ-ਜੂਨ ਮਹੀਨੇ ਦੀ ਅੱਗ ਵਰ੍ਹਾਉਂਦੀ ਗਰਮੀ ਵਿੱਚ ਉਨ੍ਹਾਂ ਨੂੰ ਉੱਬਲਦੀ ਦੇਗ਼ ਵਿੱਚ ਉਬਾਲਿਆ ਗਿਆ। ਤੱਤੀ ਤਵੀ ਉੱਤੇ ਬਿਠਾਇਆ ਗਿਆ। ਉਨ੍ਹਾਂ ਦੇ ਕੇਸਾਂ ਅਤੇ ਨੰਗੇ ਪਿੰਡੇ ਉੱਤੇ ਸੜਦੀ ਬਲਦੀ ਗਰਮ-ਗਰਮ ਰੇਤ ਪਾਈ ਗਈ ਪ੍ਰੰਤੂ ਗੁਰੂ ਅਰਜਨ ਦੇਵ ਜੀ ਨੇ ਸਭ ਕਸ਼ਟ ਬੜੇ ਸਹਿਜ ਰੂਪ ਵਿੱਚ ਸਹਾਰਦਿਆਂ ਇਸ ਨੂੰ ਨਿਰੰਕਾਰ ਦਾ ਭਾਣਾ ਸਮਝ ਕੇ ਆਪ ਬਿਲਕੁਲ ਅਡੋਲ ਬੈਠੇ ਰਹੇ। ਇਸਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ-
“ਤੇਰਾ ਭਾਣਾ ਮੀਠਾ ਲਾਗੇ।
ਹਰਿ ਨਾਮੁ ਪਦਾਰਥੁ ਨਾਨਕੁ ਮਾਗੈ।”
ਵਾਹਿਗੁਰੂ ਦੀ ਰਜ਼ਾ ਅੰਮ੍ਰਿਤ ਵਰਗੀ ਮਿੱਠੀ ਹੈ ਅਤੇ ਨਾਨਕ ਉਸਦੇ ਨਾਮ ਨੂੰ ਸਦਾ ਮੰਗਦਾ ਹੈ।
ਲਗਾਤਾਰ ਛੇ ਦਿਨ ਅਸਹਿ ਤਸੀਹੇ ਸਹਿਣ ਉਪਰੰਤ ਉਨ੍ਹਾਂ ਨੇ ਰਾਵੀ ਦਰਿਆ ਵਿੱਚ ਇਸ਼ਨਾਨ ਕਰਨ ਦੀ ਇੱਛਾ ਪਰਗਟ ਕੀਤੀ। ਜਦੋਂ ਗੁਰੂ ਸਾਹਿਬ ਰਾਵੀ ਦੇ ਠੰਢੇ ਪਾਣੀ ਵਿੱਚ ਉੱਤਰੇ ਤਾਂ ਉਨ੍ਹਾਂ ਉੱਥੇ ਹੀ ਆਪਣੇ ਸਵਾਸ ਤਿਆਗ ਦਿੱਤੇ ਅਤੇ ਨਿਰੰਕਾਰ ਨਾਲ ਜਾ ਮਿਲੇ। ਇਸ ਪ੍ਰਕਾਰ ਅਨੇਕਾਂ ਤਸੀਹੇ ਝੱਲਦੇ ਹੋਏ ਗੁਰੂ ਅਰਜਨ ਦੇਵ ਜੀ 1606 ਈਸਵੀ ਨੂੰ ਸ਼ਹੀਦ ਹੋ ਗਏ।
ਦੁਨੀਆਂ ਦੇ ਇਤਿਹਾਸ ਦੀ ਇਸ ਮਹਾਨ ਸ਼ਹਾਦਤ ਵਾਲੇ ਅਸਥਾਨ ਉੱਤੇ ਰਾਵੀ ਦਰਿਆ ਦੇ ਕੰਢੇ, ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਸਥਿਤ ਹੈ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਬਲੀਦਾਨ ਦੇ ਦਿੱਤਾ ਪ੍ਰੰਤੂ ਗੁਰੂ ਨਾਨਕ ਦੇਵ ਦੇ ਮਾਰਗ ਨੂੰ ਨਹੀਂ ਛੱਡਿਆ। ਉਨ੍ਹਾਂ ਨੂੰ ਸਮੁੱਚੇ ਸਿੱਖ ਜਗਤ ਵਿੱਚ ਨਿਮਰਤਾ ਦੇ ਪੁੰਜ ਵਜੋਂ ਯਾਦ ਕੀਤਾ ਜਾਂਦਾ ਹੈ। ਗੁਰੂ ਜੀ ਬਹੁਤ ਨਿਮਰ ਅਤੇ ਸੰਤ ਸੁਭਾਅ ਦੇ ਮਾਲਕ ਸਨ। ਪ੍ਰੰਤੂ ਉਨ੍ਹਾਂ ਦੀ ਸ਼ਹਾਦਤ ਨੇ ਸਮੁੱਚੇ ਸਿੱਖ ਪੰਥ ਨੂੰ ਇੱਕ ਬਹਾਦਰ ਅਤੇ ਨਿਡਰ ਕੌਮ ਵਿੱਚ ਬਦਲ ਦਿੱਤਾ।
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਜ਼ੁਲਮ ਜਬਰ ਵਿਰੁੱਧ ਸੰਘਰਸ਼ ਲਈ ਅਥਾਹ ਜੋਸ਼ ਭਰ ਦਿੱਤਾ। ਇਸ ਸ਼ਹਾਦਤ ਉਪਰੰਤ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਉਨ੍ਹਾਂ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਤਖ਼ਤ “ਸ਼੍ਰੀ ਅਕਾਲ ਤਖ਼ਤ” ਦੀ ਸਥਾਪਨਾ ਕੀਤੀ। ਉਨ੍ਹਾਂ ਵੱਲੋਂ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨਾ, ਸ਼ਸਤਰ ਇਕੱਠੇ ਕਰਨਾ, ਕਿਲ੍ਹੇ ਬਣਵਾਉਣਾ, ਸ਼ਾਹੀ ਫੌਜ ਦਾ ਡਟ ਕੇ ਮੁਕਾਬਲਾ ਕਰਨਾ, ਉਨ੍ਹਾਂ ਨੂੰ ਕਰਾਰੀ ਹਾਰ ਦੇਣਾ ਇਸ ਸ਼ਹਾਦਤ ਦੇ ਫ਼ਲਸਰੂਪ ਅਮਲ ਵਿੱਚ ਆਏ ਸਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅੱਜ ਵੀ ਸਾਡੇ ਲਈ ਰਾਹ ਦਸੇਰਾ ਬਣੀ ਹੋਈ ਹੈ, ਜਿਸ ਰਾਹ ਉੱਤੇ ਚੱਲ ਕੇ ਅਸੀਂ ਆਪਣੇ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਖ਼ਾਤਰ ਜਬਰ ਜ਼ੁਲਮ ਦੇ ਟਾਕਰੇ ਲਈ ਸਦਾ ਤਤਪਰ ਰਹਿਣਾ ਹੈ। ਸੱਚ ਦੀ ਖ਼ਾਤਰ ਸਦਾ ਸੰਘਰਸ਼ਸ਼ੀਲ ਰਹਿਣਾ ਹੈ। ਝੂਠ, ਜ਼ੁਲਮ, ਅਨਿਆਂ ਦੀ ਜੜ੍ਹ ਪੁੱਟਣ ਲਈ ਹਮੇਸ਼ਾ ਅੱਗੇ ਤੋਂ ਅੱਗੇ ਵਧਣਾ ਹੈ।
ਪੰਜਾਬੀ ਸ਼ਾਇਰੀ ਦੇ ਮਹਾਨ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਜੀ ਨੇ ਗੁਰੂ ਜੀ ਦੀ ਸ਼ਹਾਦਤ ਸੰਬੰਧੀ ਇੱਕ ਥਾਂ ਦਰਜ ਕੀਤਾ ਹੈ-
“ਜੋ ਲੋਅ ਮੱਥੇ ਵਿੱਚੋਂ ਫੁੱਟਦੀ ਹੈ,
ਉਹ ਅਸਲੀ ਤਾਜ ਹੁੰਦੀ ਹੈ,
ਤਵੀ ਦੇ ਤਖ਼ਤ ’ਤੇ ਬਹਿ ਕੇ ਹੀ,
ਸੱਚੇ ਪਾਤਸ਼ਾਹ ਬਣਦੇ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)