Iqbal S Sakrodi Dr 7ਹੁਣ ਇਸ ਬਦਲਦੇ ਮਾਹੌਲ ਵਿੱਚ ਧੀਆਂ ਦੀ ਲੋਹੜੀ ਵੀ ਉੰਨੇ ਹੀ ਉਤਸ਼ਾਹ ਨਾਲ ...
(9 ਜਨਵਰੀ 2026)


ਲੋਹੜੀ ਉੱਤਰੀ ਭਾਰਤ ਦੇ ਰਾਜਾਂ ਪੰਜਾਬ
, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਣ ਵਾਲਾ ਸਰਬ ਸਾਂਝਾ ਤਿਉਹਾਰ ਹੈ। ਇਹ ਤਿਉਹਾਰ ਖੇਤੀਬਾੜੀ ਅਤੇ ਫਸਲਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੋਣ ਕਰਕੇ ਪੁਰਾਤਨ ਸਮੇਂ ਤੋਂ ਹੀ ਇਸਦੀ ਬਹੁਤ ਜ਼ਿਆਦਾ ਮਹੱਤਤਾ ਬਣੀ ਰਹੀ ਹੈ। ਪਹਿਲਾਂ ਜ਼ਮੀਨਾਂ ਬਟਾਈ ਉੱਤੇ ਵਾਹੁਣ ਜਾਂ ਚਕੋਤੇ ’ਤੇ ਚੁੱਕਣ ਲਈ ਅਤੇ ਉਧਾਰ ਲੈਣ ਦੇਣ ਦੇ ਵਹੀ-ਖ਼ਾਤੇ ਲਈ ਸਾਲ ਵਿੱਚ ਲੋਹੜੀ ਅਤੇ ਨਿਮਾਣੀ ਦੋ ਖ਼ਾਸ ਦਿਨ ਮੰਨੇ ਜਾਂਦੇ ਸਨ। ਅਰਥਾਤ ਪਹਿਲਾਂ ਪਹਿਲ ਪਿੰਡ ਦੇ ਲੋਕਾਂ ਦਾ ਆਰਥਿਕ ਵਰ੍ਹਾ ਲੋਹੜੀ ਦੇ ਤਿਉਹਾਰ ਤੋਂ ਹੀ ਅਰੰਭ ਹੁੰਦਾ ਸੀ।

ਨਵੇਂ ਸਾਲ ਦੀ ਸ਼ੁਰੂਆਤ ਅੰਗਰੇਜ਼ੀ ਮਹੀਨੇ ਅਨੁਸਾਰ ਇੱਕ ਜਨਵਰੀ ਤੋਂ ਹੁੰਦੀ ਹੈ। ਨਵੇਂ ਸਾਲ ਦੇ ਸ਼ੁਰੂ ਵਿੱਚ ਆਉਂਦਾ ਇਹ ਤਿਉਹਾਰ ਲੋਹੜੀ ਆਮ ਤੌਰ ’ਤੇ ਤੇਰ੍ਹਾਂ ਜਨਵਰੀ ਨੂੰ ਮਨਾਇਆ ਜਾਂਦਾ ਹੈ। ਦੇਸੀ ਮਹੀਨਿਆਂ ਅਨੁਸਾਰ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਲੋਹੜੀ ਦਾ ਤਿਉਹਾਰ ਮਨਾਉਣ ਦੀ ਰੀਤ ਸਦੀਆਂ ਤੋਂ ਪ੍ਰਚਲਿਤ ਹੈ।

ਪੰਜਾਬ ਅਤੇ ਇਸਦੇ ਆਲੇ ਦੁਆਲੇ ਦੇ ਰਾਜ ਮੁੱਢ ਤੋਂ ਹੀ ਖੇਤੀ ਪ੍ਰਧਾਨ ਸੂਬੇ ਰਹੇ ਹਨ। ਪੁਰਾਤਨ ਸਮੇਂ ਤੋਂ ਹੀ ਜਦੋਂ ਬਿਜਲੀ ਵੀ ਨਹੀਂ ਆਈ ਸੀ, ਖੇਤੀਬਾੜੀ ਦੇ ਸਾਧਨ ਵੀ ਇੰਨੇ ਵਿਕਸਿਤ ਨਹੀਂ ਹੋਏ ਸਨ, ਉਦੋਂ ਬਹੁਤੀਆਂ ਫਸਲਾਂ ਮੀਂਹ ਦੇ ਪਾਣੀ ’ਤੇ ਹੀ ਨਿਰਭਰ ਕਰਦੀਆਂ ਸਨ। ਉਦੋਂ ਮੋਠ ਅਤੇ ਬਾਜਰੇ ਦੀ ਫਸਲ ਹੀ ਵਧੇਰੇ ਉਗਾਈ ਜਾਂਦੀ ਸੀ ਕਿਉਂਕਿ ਇਨ੍ਹਾਂ ਫਸਲਾਂ ਨੂੰ ਵਧੇਰੇ ਸਿੰਚਾਈ ਕਰਨ ਦੀ ਲੋੜ ਨਹੀਂ ਸੀ। ਮੋਠ, ਬਾਜਰਾ ਆਮ ਹੋਣ ਕਾਰਨ ਇਨ੍ਹਾਂ ਨੂੰ ਮਿਲਾ ਕੇ ਹਾਰੇ ਵਿੱਚ ਲੋਹੜੀ ਵਾਲੀ ਸ਼ਾਮ ਖਿਚੜੀ ਧਰ ਦਿੱਤੀ ਜਾਂਦੀ ਸੀ। ਉਹ ਹਾਰੇ ਦੀ ਮੱਠੀ-ਮੱਠੀ ਅੱਗ ’ਤੇ ਹੌਲੀ-ਹੌਲੀ ਸਾਰੀ ਰਾਤ ਰਿੱਝਦੀ ਰਹਿੰਦੀ ਸੀ। ਅਗਲੇ ਦਿਨ ਸਵੇਰ ਤਕ ਹਾਰੇ ਵਿੱਚ ਪਾਥੀਆਂ ਦੀ ਭੁੱਬਲ ਉੱਤੇ ਖਿਚੜੀ ਨਿੱਘੀ ਰਹਿੰਦੀ ਸੀ। ਇਸ ਲਈ ਕਿਹਾ ਜਾਂਦਾ ਸੀ, “ਪੋਹ ਰਿੰਨ੍ਹੀ, ਮਾਘ ਖਾਧੀ।”

ਸਮੇਂ ਦੇ ਬਦਲਣ ਨਾਲ ਪੰਜਾਬ ਵਿੱਚ ਚੌਲਾਂ ਦਾ ਉਤਪਾਦਨ ਵਧੇਰੇ ਹੋਣ ਕਾਰਨ ਚੰਗੇ ਸਰਦੇ ਪੁੱਜਦੇ ਘਰਾਂ ਵੱਲੋਂ ਖਿਚੜੀ ਦੀ ਥਾਂ ਦੁੱਧ ਦੀ ਜਾਂ ਗੰਨੇ ਦੇ ਰਸ ਦੀ ਖ਼ੀਰ ਵੀ ਬਣਾਈ ਜਾਣ ਲੱਗ ਪਈ। ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਸ਼ਾਹਕਾਰ ਕ੍ਰਿਤ ਮੇਰਾ ਪਿੰਡ ਵਿੱਚ ਲਿਖਿਆ ਹੈ, “ਪਹਿਲਾਂ ਲੋਹੜੀ ਵਾਲੀ ਸ਼ਾਮ ਨੂੰ ਪਿੰਡ ਦੇ ਲੋਕ ਦਰਵਾਜ਼ੇ ਮੋਹਰੇ ਖ਼ਾਸ ਤੌਰ ’ਤੇ ਜੁੜਦੇ ਸਨ। ਜਿਸ ਘਰ ਇਸ ਵਰ੍ਹੇ ਮੁੰਡਾ ਜੰਮਿਆ ਹੋਵੇ, ਉਸ ਘਰੋਂ ਗੁੜ ਦੀਆਂ ਭੇਲੀਆਂ ਦਰਵਾਜੇ ਪੁੱਜਦੀਆਂ ਸਨ। ਜਦੋਂ ਸਾਰੇ ਘਰਾਂ ਤੋਂ ਗੁੜ ਦੀਆਂ ਭੇਲੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਪਿੰਡ ਦੇ ਇੱਕ ਦੋ ਵਰਤਾਵਿਆਂ ਦੀ ਡਿਊਟੀ ਲਾ ਦਿੱਤੀ ਜਾਂਦੀ। ਵਰਤਾਵੇ ਇਨ੍ਹਾਂ ਭੇਲੀਆਂ ਨੂੰ ਗੁੜ-ਭੰਨਣੇ ਨਾਲ ਭੰਨ ਕੇ ਰਲਾ ਲੈਂਦੇ। ਫਿਰ ਸੱਥ ਵਿੱਚ ਬੈਠੇ ਲੋਕਾਂ ਨੂੰ ਇਹ ਪਿੰਡ ਦੀਆਂ ‘ਸਾਂਝੀਆਂ ਵਧਾਈਆਂ’ ਦਾ ਗੁੜ’ ਵੰਡ ਦਿੰਦੇ ਸਨ।”

ਲੋਹੜੀ ਦੇ ਤਿਉਹਾਰ ਸੰਬੰਧੀ ਡਾਕਟਰ ਮਹਿੰਦਰ ਸਿੰਘ ਵਣਜਾਰਾ ਬੇਦੀ ਨੇ ਲਿਖਿਆ ਹੈ, “ਲੋਹੜੀ, ਪੰਜਾਬ ਵਿੱਚ ਪ੍ਰਚਲਿਤ ਕਿਸੇ ਸਮੇਂ ਸੂਰਜ ਦੇਵਤਾ ਦੀ ਕੀਤੀ ਜਾਂਦੀ ਪੂਜਾ ਦੀ ਹੀ ਰਹਿੰਦ ਖੂਹੰਦ ਹੈ। ਕੱਤਕ ਦੇ ਮਹੀਨੇ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ। ਉਸਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘੱਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਅਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ। ਇਸ ਪ੍ਰਕਾਰ ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਅਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।”

ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਾਘ ਮਹੀਨੇ ਤੋਂ ਇੱਕ ਦਿਨ ਪਹਿਲਾਂ ਬਹੁਤ ਹੀ ਖ਼ੁਸ਼ੀਆਂ-ਖੇੜੇ, ਚਾਵਾਂ-ਮਲ੍ਹਾਰਾਂ ਅਤੇ ਰੀਝਾਂ ਨਾਲ ਮਨਾਇਆ ਜਾਣ ਵਾਲਾ ਪੰਜਾਬੀਆਂ ਦਾ ਸਰਬ ਸਾਂਝਾ ਤਿਉਹਾਰ ਹੈ। ਲੋਹੜੀ ਦੇ ਤਿਉਹਾਰ ਨਾਲ ਕਈ ਦੰਤ-ਕਥਾਵਾਂ (ਦਾਂਤ, ਦੰਤ, ਦੰਦ) ਵੀ ਜੁੜੀਆਂ ਹੋਈਆਂ ਮਿਲਦੀਆਂ ਹਨ। ਇੱਕ ਕਥਾ ਅਨੁਸਾਰ ਲੋਹੜੀ ਦੇ ਤਿਉਹਾਰ ਦਾ ਸੰਬੰਧ ਭਗਤੀ ਲਹਿਰ ਦੇ ਮਹਾਨ ਭਗਤ, ਭਗਤ ਕਬੀਰ ਜੀ ਦੀ ਪਤਨੀ ‘ਲੋਈ’ ਦੇ ਨਾਂ ਨਾਲ ਵੀ ਜੋੜਿਆ ਜਾਂਦਾ ਹੈ।

ਕੁਝ ਇੱਕ ਦੀ ਇਹ ਧਾਰਨਾ ਹੈ ਕਿ “ਲੋਹੜੀ ਸ਼ਬਦ ਲੋਹ ਤੋਂ ਪਿਆ ਹੈ, ਜਿਸਦਾ ਅਰਥ ਹੈ ਰੌਸ਼ਨੀ ਅਤੇ ਸੇਕ।” ਇੱਕ ਹੋਰ ਕਥਾ ਅਨੁਸਾਰ ਲੋਹੜੀ ਸ਼ਬਦ ਤਿਲੋਹੜੀ ਤਿਲ, ਲੋਅ, ਅੱਗ ਤੋਂ ਬਣਿਆ ਹੈ। ਕਿਉਂਕਿ ਪਹਿਲਾਂ ਤਿਲ ਪੰਜਾਬ ਦੀ ਮੁੱਖ ਫਸਲ ਸੀ। ਇਸ ਕਰਕੇ ਤਿਲ ਅਤੇ ਗੁੜ ਨੂੰ ਮਿਲਾ ਕੇ ਰਿਓੜੀਆਂ ਅਤੇ ਗੱਚਕ ਬਣਾਈ ਜਾਂਦੀ ਸੀ। ਪਹਿਲਾਂ ਤਾਂ ਜਵਾਰ ਦੇ ਭੂਤ ਪਿੰਨੇ ਵੀ ਬਣਾਏ ਜਾਂਦੇ ਸਨ। ਇੱਥੋਂ ਹੀ ਪੰਜਾਬੀ ਦੀ ਇੱਕ ਲੋਕ ਉਕਤੀ ਪ੍ਰਸਿੱਧ ਹੋਈ ਜਾਪਦੀ ਹੈ- ਮਖਿਆ, ਕੀ ਸੁਆਹ ਦੇ ਪਿੰਨਿਆਂ ਪਿੱਛੇ ਭੂਤ ਰਸਾਉਣੇ ਐਂ।

ਲੋਹੜੀ ਦੇ ਤਿਉਹਾਰ ਦਾ ਸੰਬੰਧ ਪੰਜਾਬ ਦੇ ਲੋਕ ਸਾਹਿਤ ਵਿੱਚ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ‘ਦੁੱਲਾ ਭੱਟੀ’ ਨਾਲ ਵੀ ਜੁੜਿਆ ਹੋਇਆ ਮਿਲਦਾ ਹੈ। ਦੁੱਲਾ ਸਾਂਦਲ ਬਾਰ ਦਾ ਜੰਮਪਲ ਫਰੀਦ ਖ਼ਾਂ ਦਾ ਪੁੱਤਰ ਅਤੇ ਭੱਟੀ ਰਾਜਪੂਤ ਖ਼ਾਨਦਾਨ ਨਾਲ ਸੰਬੰਧ ਰੱਖਦਾ ਸੀ। ਉਸਦੇ ਪਿਉ ਦਾਦੇ ਬੜੇ ਬਹਾਦਰ, ਅਣਖੀਲੇ, ਸੂਰਬੀਰ, ਯੋਧੇ ਸਨ। ਉਹ ਮੁਗ਼ਲਾਂ ਵੱਲੋਂ ਜਨ-ਸਧਾਰਨ ਉੱਤੇ ਕੀਤੇ ਜ਼ੁਲਮਾਂ ਕਾਰਨ ਉਨ੍ਹਾਂ ਦੀ ਧੌਂਸ ਨਹੀਂ ਸਨ ਮੰਨਦੇ। ਇਸ ਕਰਕੇ ਉਹ ਹਾਕਮਾਂ ਨੂੰ ਮਾਮਲਾ ਵੀ ਨਹੀਂ ਦਿੰਦੇ ਸਨ।

ਪੰਜਾਬੀ ਲੋਕ ਕਥਾ ਅਨੁਸਾਰ ਮੁਗ਼ਲ ਬਾਦਸ਼ਾਹ ਅਕਬਰ ਨੇ ਸ਼ਾਹੀ ਫੌਜਾਂ ਦੇ ਜ਼ੋਰ ਨਾਲ ਦੁੱਲੇ ਭੱਟੀ ਦੇ ਪਿਉ, ਦਾਦੇ ਨੂੰ ਕੈਦ ਕਰਕੇ ਬਾਅਦ ਵਿੱਚ ਲਾਹੌਰ ਵਿੱਚ ਉਨ੍ਹਾਂ ਦਾ ਕਤਲ ਕਰਵਾ ਦਿੱਤਾ ਸੀ। ਮੁਗ਼ਲਾਂ ਵੱਲੋਂ ਜਨ-ਸਧਾਰਨ ਵਿੱਚ ਆਪਣੀ ਸ਼ਕਤੀ ਦੀ ਦਹਿਸ਼ਤ ਪਾਉਣ ਲਈ ਉਨ੍ਹਾਂ ਦੀਆਂ ਖੱਲਾਂ ਵਿੱਚ ਤੂੜੀ ਭਰਵਾ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ ਟੰਗਵਾ ਦਿੱਤੀਆਂ ਸਨ। ਇਸਦਾ ਜ਼ਿਕਰ ਇੱਕ ਗੀਤ ਵਿੱਚ ਕੀਤਾ ਗਿਆ ਮਿਲਦਾ ਹੈ-

ਤੇਰਾ ਸਾਂਦਲ ਦਾਦਾ ਮਾਰਿਆ, ਦਿੱਤਾ ਭੋਰੇ ਵਿੱਚ ਪਾ,
ਮੁਗ਼ਲਾਂ ਪੁੱਠੀਆਂ ਖੱਲਾਂ ਲਾਹ ਕੇ, ਭਰੀਆਂ ਨਾਲ ਹਵਾ।”

ਦੁੱਲਾ ਭੱਟੀ ਮੁੱਢ ਤੋਂ ਹੀ ਅਣਖ ਵਾਲਾ, ਸੂਰਬੀਰ ਯੋਧਾ ਸੀ। ਆਪਣੇ ਪਿਉ ਦਾਦੇ ਦੇ ਕਤਲ ਦਾ ਬਦਲਾ ਲੈਣ ਦੀ ਅੱਗ ਉਹਦੇ ਸੀਨੇ ਵਿੱਚ ਸਦਾ ਭੜਕਦੀ ਰਹਿੰਦੀ ਸੀ। ਇੱਕ ਤਾਂ ਉਸਨੇ ਮੁਗ਼ਲ ਹਕੂਮਤ ਨੂੰ ਸਰਕਾਰੀ ਮਾਮਲਾ ਦੇਣਾ ਬੰਦ ਕਰ ਦਿੱਤਾ ਸੀ। ਦੂਜਾ, ਸ਼ਾਹੀ ਦਰਬਾਰ ਲਈ ਲਿਜਾਏ ਜਾਂਦੇ ਘੋੜਿਆਂ ਅਤੇ ਹੋਰ ਮਹਿੰਗੇ ਤੋਹਫਿਆਂ ਨੂੰ ਉਹ ਆਪਣੇ ਸਾਥੀਆਂ ਨਾਲ ਰਾਹ ਵਿੱਚ ਹੀ ਲੁੱਟ ਲੈਂਦਾ ਸੀ। ਲੁੱਟਿਆ ਹੋਇਆ ਧਨ ਦੌਲਤ ਉਹ ਲੋੜਵੰਦਾਂ, ਗ਼ਰੀਬਾਂ, ਮਸਕੀਨਾਂ, ਕਿਰਤੀਆਂ ਵਿੱਚ ਵੰਡ ਦਿੰਦਾ ਸੀ। ਇਸ ਪ੍ਰਕਾਰ ਸ਼ਾਹੀ ਫੌਜਾਂ ਦਾ ਬਾਗ਼ੀ ਜਨ-ਸਧਾਰਨ ਲਈ ‘ਲੋਕ ਨਾਇਕ’ ਬਣ ਗਿਆ। ਪੰਜਾਬੀਆਂ ਦੇ ਹਰਮਨ ਪਿਆਰੇ ਲੇਖਕ ਹਰਦੇਵ ਦਿਲਗੀਰ (ਥਰੀਕੇ ਵਾਲੇ) ਨੇ ਇੱਕ ਗੀਤ ਵਿੱਚ ਦੁੱਲ੍ਹੇ ਭੱਟੀ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ-

ਲਵੇ ਬਦਲਾ ਦਾਦੇ ਬਾਪ ਦਾ, ਦੁੱਲਾ ਭੱਟੀਆਂ ਦਾ ਸਰਦਾਰ ਨੀ।
ਗੱਲਾਂ ਕਰੂ ਥਰੀਕੇ ਵਾਲੜਾ, ਕਿਤੇ ਹੋ ਗਏ ਜੇ ਹੱਥ ਚਾਰ ਨੀ।”

ਦੁੱਲਾ ਭੱਟੀ ਦੇ ਜੀਵਨ ਨਾਲ ਸੰਬੰਧਿਤ ਪਰਉਪਕਾਰ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਪੰਜਾਬੀ ਲੋਕ ਸਾਹਿਤ ਵਿੱਚ ਕੀਤਾ ਗਿਆ ਮਿਲਦਾ ਹੈ। ਇੱਕ ਕਥਾ ਅਨੁਸਾਰ ਇੱਕ ਗ਼ਰੀਬ ਪੰਡਿਤ ਦੀਆਂ ਸੁੰਦਰੀ ਅਤੇ ਮੁੰਦਰੀ ਨਾਂ ਦੀਆਂ ਦੋ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਧੀਆਂ ਸਨ। ਧੀਆਂ ਦੇ ਜਵਾਨ ਹੋਣ ’ਤੇ ਪਿਤਾ ਨੇ ਇੱਕੋ ਘਰ ਦੇ ਦੋ ਜਵਾਨ ਮੁੰਡੇ ਦੇਖ ਕੇ ਉਨ੍ਹਾਂ ਨਾਲ ਰਿਸ਼ਤਾ ਤੈਅ ਕਰ ਦਿੱਤਾ। ਜਦੋਂ ਮੁਗ਼ਲ ਸਰਦਾਰ ਨੂੰ ਪੰਡਿਤ ਦੀਆਂ ਸੋਹਣੀਆਂ ਧੀਆਂ ਦੀ ਭਿਣਕ ਪਈ ਤਾਂ ਉਸਨੇ ਦੋਵੇਂ ਕੁੜੀਆਂ ਨੂੰ ਉਧਾਲ ਕੇ ਲਿਜਾਣ ਦੀ ਯੋਜਨਾ ਬਣਾ ਲਈ। ਉਧਾਲੇ ਦੀ ਭਿਣਕ ਕਿਸੇ ਤਰ੍ਹਾਂ ਕੁੜੀਆਂ ਦੇ ਪਿਉ ਨੂੰ ਵੀ ਲੱਗ ਗਈ। ਉਸਨੇ ਕੁੜੀ ਦੇ ਸਹੁਰਿਆਂ ਦੇ ਘਰ ਸੁਨੇਹਾ ਘੱਲ ਦਿੱਤਾ ਕਿ ਅੱਜ ਰਾਤ ਨੂੰ ਦੋਵੇਂ ਕੁੜੀਆਂ ਨੂੰ ਵਿਆਹ ਕੇ ਲੈ ਜਾਵੋ। ਪੰਡਿਤ ਬਹੁਤ ਜ਼ਿਆਦਾ ਗ਼ਰੀਬ ਸੀ। ਇਸ ਲਈ ਉਹ ਮਦਦ ਮੰਗਣ ਲਈ ਪਿੰਡ ਦੇ ਨੇੜਲੇ ਜੰਗਲ ਵਿੱਚ ਚਲਾ ਗਿਆ, ਜਿੱਥੇ ਦੁੱਲਾ ਭੱਟੀ ਆਪਣੇ ਸਾਥੀਆਂ ਨਾਲ ਰਹਿ ਰਿਹਾ ਸੀ। ਪੰਡਿਤ ਦੀ ਸਾਰੀ ਗੱਲ ਸੁਣ ਕੇ ਦੁੱਲੇ ਭੱਟੀ ਨੇ ਉਸ ਨੂੰ ਆਖਿਆ- “ਪੰਡਿਤ ਜੀ, ਤੁਸੀਂ ਕੋਈ ਫਿਕਰ ਨਾ ਕਰੋ, ਉਹ ਹੁਣ ਮੇਰੀਆਂ ਧੀਆਂ ਹਨ। ਮੈਂ ਆਪਣੇ ਹੱਥੀਂ ਆਪਣੀਆਂ ਧੀਆਂ ਨੂੰ ਵਿਆਹ ਕੇ ਵਿਦਾ ਕਰਾਂਗਾ।”

ਇਸ ਉਪਰੰਤ ਦੁੱਲੇ ਭੱਟੀ ਨੇ ਉਸ ਪੰਡਿਤ ਦੇ ਘਰ ਪੁੱਜ ਕੇ ਸੁੰਦਰੀ ਅਤੇ ਮੁੰਦਰੀ, ਦੋਵਾਂ ਕੁੜੀਆਂ ਦੇ ਵਿਆਹ ਆਪਣੇ ਹੱਥੀਂ ਕੀਤੇ। ਕੁੜੀਆਂ ਦੀ ਝੋਲੀ ਵਿੱਚ ਸ਼ੱਕਰ ਪਾ ਕੇ ਉਨ੍ਹਾਂ ਨੂੰ ਵਿਦਾ ਕੀਤਾ। ਇਸ ਘਟਨਾ ਨਾਲ ਦੁੱਲਾ ਭੱਟੀ ਸਾਰੇ ਪੰਜਾਬੀਆਂ ਵਿੱਚ ਇੰਨਾ ਜ਼ਿਆਦਾ ਹਰਮਨਪਿਆਰਾ ਹੋ ਗਿਆ ਕਿ ਲੋਕਾਂ ਨੇ ਉਹਦੇ ਨਾਂ ਨਾਲ ਜੋੜ ਕੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ-

ਸੁੰਦਰ ਮੁੰਦਰੀਏ, ਹੋ!
ਤੇਰਾ ਕੌਣ ਵਿਚਾਰਾ, ਹੋ!
ਦੁੱਲਾ ਭੱਟੀ ਵਾਲਾ, ਹੋ!
ਦੁੱਲੇ ਧੀ ਵਿਆਹੀ, ਹੋ!
ਸੇਰ ਸ਼ੱਕਰ ਪਾਈ, ਹੋ!
ਕੁੜੀ ਦੇ ਬੋਝੇ ਪਾਈ, ਹੋ!
ਕੁੜੀ ਦਾ ਲਾਲ ਪਟਾਕਾ, ਹੋ!
ਕੁੜੀ ਦਾ ਸਾਲੂ ਪਾਟਾ, ਹੋ!
ਸਾਲੂ ਕੌਣ ਸਮੇਟੇ, ਹੋ!
ਚਾਚਾ ਗਾਲੀ ਦੇਸੇ, ਹੋ!
ਚਾਚਾ ਚੂਰੀ ਕੁੱਟੀ, ਹੋ!
ਜ਼ਿਮੀਂਦਾਰਾਂ ਲੁੱਟੀ, ਹੋ!
ਜ਼ਿਮੀਂਦਾਰ ਸਦਾਓ, ਹੋ!
ਗਿਣ ਗਿਣ ਪੌਲੇ ਲਾਓ, ਹੋ!
ਇੱਕ ਪੌਲਾ ਘਸ ਗਿਆ, ਹੋ!
ਜ਼ਿੰਮੀਂਦਾਰ ਵਹੁਟੀ ਲੈ ਕੇ ਨੱਸ ਗਿਆ, ਹੋ।
ਹੋ-ਹੋ-ਹੋ-ਹੋ-ਹੋ-ਹੋ-ਹੋ।

ਇਹ ਵੀ ਇੱਕ ਰਵਾਇਤ ਚਲਦੀ ਆ ਰਹੀ ਹੈ ਕਿ ਸ਼ਗਨਾਂ ਵਜੋਂ ਲੋਹੜੀ ਦੇ ਤਿਉਹਾਰ ਉੱਤੇ ਗੰਨਾ ਚੂਪਿਆ ਜਾਂਦਾ ਸੀ। ਇਹ ਮੰਨਿਆ ਜਾਂਦਾ ਸੀ ਕਿ ਲੋਹੜੀ ਦੇ ਤਿਉਹਾਰ ਤਕ ਗੰਨੇ ਵਿੱਚ ਪੂਰਾ ਰਸ ਭਰ ਜਾਂਦਾ ਹੈ। ਪਹਿਲਾਂ ਪਹਿਲ ਮੂਲੀ ਵੀ ਲੋਹੜੀ ਵਾਲੇ ਦਿਨ ਪੱਟ ਕੇ ਅਗਲੇ ਦਿਨ ਖਾਧੀ ਜਾਂਦੀ ਸੀ। ਪ੍ਰੰਤੂ ਖੇਤੀਬਾੜੀ ਦੇ ਧੰਦੇ ਵਿੱਚ ਇਨਕਲਾਬੀ ਤਬਦੀਲੀ ਆਉਣ ਕਾਰਨ ਫਸਲਾਂ ਹੁਣ ਅਗੇਤੀਆਂ ਹੋ ਗਈਆਂ ਹਨ। ਇਸ ਕਰਕੇ ਮੂਲੀ ਤਾਂ ਸਤੰਬਰ ਮਹੀਨੇ ਤੋਂ ਹੀ ਖਾਧੀ ਜਾਣੀ ਅਰੰਭ ਹੋ ਜਾਂਦੀ ਹੈ। ਪਹਿਲਾਂ ਲੋਹੜੀ ਦੀ ਅੱਗ ਦੇ ਉੱਤੋਂ ਦੀ ਮੂਲੀਆਂ ਛੁਹਾ ਕੇ ਅਗਲੇ ਮਾਘੀ ਵਾਲੇ ਦਿਨ ਖਾਧੀਆਂ ਜਾਂਦੀਆਂ ਸਨ।

ਪਹਿਲਾਂ ਪਿੰਡਾਂ ਦੇ ਦਰਵਾਜ਼ਿਆਂ ਮੋਹਰੇ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਲੋਹੜੀ ਵਾਲੇ ਦਿਨ ਪਾਥੀਆਂ ਅਤੇ ਲੱਕੜਾਂ ਇਕੱਠੀਆਂ ਕਰਕੇ ਧੂਣੀਆਂ ਲਾਈਆਂ ਜਾਂਦੀਆਂ ਸਨ, ਜਿਨ੍ਹਾਂ ਉੱਤੇ ਅੱਧੀ ਅੱਧੀ ਰਾਤ ਤਕ ਕੁੜੀਆਂ ਮੁੰਡੇ ਧਮਾਲਾਂ ਪਾ ਪਾ ਨੱਚਦੇ, ਟੱਪਦੇ ਅਤੇ ਗਾਉਂਦੇ ਰਹਿੰਦੇ ਸਨ। ਲੋਹੜੀ ਦੇ ਤਿਉਹਾਰ ਤੋਂ ਲਗਭਗ ਇੱਕ ਹਫਤਾ ਪਹਿਲਾਂ ਛੋਟੇ-ਛੋਟੇ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ, ਜਿਸ ਜਿਸ ਘਰ ਇਸ ਸਾਲ ਮੁੰਡਾ ਹੋਇਆ ਹੁੰਦਾ, ਗੁੜ, ਤਿਲ ਅਤੇ ਖਾਣ ਵਾਲੀਆਂ ਹੋਰ ਵਸਤਾਂ ਮੰਗਣ ਜਾਂਦੇ ਸਨ। ਬਾਲਾਂ ਦੀਆਂ ਟੋਲੀਆਂ ਨਿੱਕੀਆਂ-ਨਿੱਕੀਆਂ ਤੋਤਲੀਆਂ ਜ਼ੁਬਾਨਾਂ ਨਾਲ ਗੁੜ ਮੰਗਦੀਆਂ ਬਹੁਤ ਹੀ ਪਿਆਰੀਆਂ ਅਤੇ ਮਨ ਮੋਹ ਲੈਂਦੀਆਂ-

ਤਿਲ ਛੰਡੇ ਛੰਡ ਛੰਡਾਏ, ਗੁੜ ਦੇਹ ਮੁੰਡੇ ਦੀਏ ਮਾਏਂ।
ਅਸੀਂ ਗੁੜ ਨਹੀਂ ਲੈਣਾ ਥੋੜ੍ਹਾ, ਅਸੀਂ ਲੈਣਾ ਗੁੜ ਦਾ ਰੋੜਾ।

ਪੁੰਨੂੰ ਨੂੰ ਸਾਡੀ ਰਾਮ ਰਾਮ, ਸੀਤਾ ਨੂੰ ਸਾਡੀ ਜੈ ਜੈ ਰਾਮ।
ਕੋਠੀ ਹੇਠ ਚਾਕੂ, ਗੁੜ ਦੇਊ ਮੁੰਡੇ ਦਾ ਬਾਪੂ।
ਕੋਠੇ ਉੱਤੇ ਕਾਂ, ਗੁੜ ਦੇ ਦੇ ਮੁੰਡੇ ਦੀ ਮਾਂ।
ਉੱਖਲੀ ਵਿੱਚ ਛੱਕੇ, ਤੇਰਾ ਪੁੱਤ ਚੜ੍ਹੇ ਯੱਕੇ।
ਸਾਡੀ ਲੋਹੜੀ ਮਨਾ ਦੇ।
ਉੱਖਲੀ ਵਿੱਚ ਪਾਥੀ, ਤੇਰਾ ਪੁੱਤ ਚੜ੍ਹੇ ਹਾਥੀ।
ਸਾਡੀ ਲੋਹੜੀ ਮਨਾ ਦੇ।

ਛੋਟੇ ਬਾਲਾਂ ਦੀਆਂ ਇਨ੍ਹਾਂ ਟੋਲੀਆਂ ਨੇ ਗੁੜ ਦੇ ਨਾਲ-ਨਾਲ ਧੂਣੀ ਬਾਲਣ ਲਈ ਪਾਥੀਆਂ ਅਤੇ ਲੱਕੜਾਂ ਵੀ ਤਾਂ ਇਕੱਠੀਆਂ ਕਰਨੀਆਂ ਹੁੰਦੀਆਂ ਸਨ। ਇਸ ਲਈ ਤੁਰੇ ਜਾਂਦਿਆਂ ਹਰੇਕ ਘਰ ਦੇ ਦਰਵਾਜ਼ੇ ਅੱਗੇ ਇਹ ਧਾਰਨਾ ਵੀ ਲਾਈ ਜਾਂਦੀ ਸੀ-

ਕੁੱਪੀਏ ਨੀ ਕੁੱਪੀਏ, ਅਸਮਾਨ ’ਤੇ ਲੁੱਟੀਏ।
ਅਸਮਾਨ ਪੁਰਾਣਾ, ਛਿੱਕ ਬੰਨ੍ਹ ਤਾਣਾ।
ਲੰਗਰੀ ਵਿੱਚ ਦਾਲ, ਮਾਰ ਮੱਥੇ ਨਾਲ।
ਮੱਥਾ ਤੇਰਾ ਵੱਡਾ, ਲਿਆ ਲੱਕੜੀਆਂ ਦਾ ਗੱਡਾ।

ਇਸ ਤਰ੍ਹਾਂ ਪਾਥੀਆਂ ਅਤੇ ਲੱਕੜਾਂ ਇਕੱਠੀਆਂ ਕਰਦਿਆਂ ਨੂੰ ਦੂਜਾ ਵਧਾਈ ਵਾਲਾ ਘਰ ਆ ਜਾਂਦਾ। ਫਿਰ ਨਵੇਂ ਗੀਤ ਦੀ ਤੰਦ ਛੋਹ ਲਈ ਜਾਂਦੀ-

ਚੱਲ ਓਏ ਮਿੱਤੂ ਗਾਹੇ ਨੂੰ, ਬਾਬੇ ਵਾਲੇ ਰਾਹੇ ਨੂੰ।
ਜਿੱਥੇ ਬਾਬਾ ਮਾਰਿਆ, ਦਿੱਲੀ ਕੋਟ ਸਵਾਰਿਆ।
ਦਿੱਲੀ ਕੋਟ ਦੀਆਂ ਰੋਟੀਆਂ, ਜਿਊਣ ਸਾਧੂ ਦੀਆਂ ਝੋਟੀਆਂ।
ਝੋਟੀਆਂ ਗੱਲ ਪੰਜਾਲੀ, ਜੀਊਣ ਸਾਧੂ ਦੇ ਹਾਲੀ।
ਹਾਲੀਆਂ ਪੈਰੀਂ ਜੁੱਤੀ, ਜੀਵੇ ਸਾਧੂ ਦੀ ਕੁੱਤੀ।
ਕੁੱਤੀ ਦੇ ਗੱਲ ’ਤੇ ਫੋੜਾ, ਜੀਵੇ ਸਾਧੂ ਦਾ ਘੋੜਾ।
ਘੋੜੇ ਉੱਤੇ ਕਾਠੀ, ਜੀਵੇ ਸਾਧੂ ਦਾ ਹਾਥੀ।
ਹਾਥੀ ਉੱਤੇ ਛਾਪੇ, ਜਿਊਣ ਸਾਧੂ ਦੇ ਮਾਪੇ।
ਲੋਹੜੀ ਬਈ ਲੋਹੜੀ,
ਦਿਓ ਗੁੜ ਦੀ ਰੋੜੀ।

ਇਹੋ ਜਿਹੀਆਂ ਪਿਆਰੀਆਂ ਅਤੇ ਤੋਤਲੀਆਂ ਆਵਾਜ਼ਾਂ ਵਿੱਚ ਗਾਏ ਗੀਤ ਸੁਣ ਕੇ ਹਰ ਇੱਕ ਦੀ ਰੂਹ ਨਸ਼ਿਆ ਜਾਂਦੀ। ਲੋਕਾਂ ਦੇ ਘਰਾਂ ਅੱਗੇ ਭੀੜ ਜਮ੍ਹਾਂ ਹੋ ਜਾਂਦੀ। ਕਈ ਘਰਾਂ ਵਾਲੇ ਆਪਣੇ ਕੰਮਾਂ-ਕਾਰਾਂ ਵਿੱਚ ਰੁੱਝੇ ਹੋਏ ਹੋਣ ਕਾਰਨ ਲੋਹੜੀ ਵਾਲੀ ਟੋਲੀ ਨੂੰ ਗੁੜ, ਸ਼ੱਕਰ, ਤਿਲ ਆਦਿ ਦੇਣ ਵਿੱਚ ਦੇਰੀ ਕਰ ਦਿੰਦੇ। ਇਸ ਪ੍ਰਕਾਰ ਇਨ੍ਹਾਂ ਨੰਨ੍ਹੇ ਮੁੰਨੇ ਬਾਲ ਕਲਾਕਾਰਾਂ ਵੱਲੋਂ ਆਪਣੇ ਗੀਤਾਂ ਵਿੱਚ ਅੱਗੇ ਛੇਤੀ ਟੋਰਨ ਦੀ ਰਮਜ਼ ਵੀ ਸੁੱਟ ਦਿੱਤੀ ਜਾਂਦੀ ਸੀ-

ਰੱਤੇ ਚੀਰੇ ਵਾਲੀ!
ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਟੋਰ।
ਦੇਹ ਗੁੜ, ਖਾਹ ਖੋਆ।
ਸੁੱਟ ਲੱਕੜ
, ਖਾਹ ਸ਼ੱਕਰ।
ਲੋਹੜੀ ਬਈ ਲੋਹੜੀ, ਕਾਕਾ ਚੜ੍ਹਿਆ ਘੋੜੀ।

ਜਦੋਂ ਪਾਥੀਆਂ ਅਤੇ ਲੱਕੜਾਂ ਇੱਕ ਥਾਂ ਇਕੱਠੀਆਂ ਕਰ ਲਈਆਂ ਜਾਂਦੀਆਂ, ਤਦ ਲੋਹੜੀ ਦਾ ਅਰੰਭ ਕੀਤਾ ਜਾਂਦਾ। ਪਾਥੀਆਂ ਅਤੇ ਲੱਕੜਾਂ ਦੇ ਢੇਰ ਨੂੰ ਇੱਕ ਸਥਾਨ ’ਤੇ ਇਕੱਠਾ ਕਰਕੇ ਧੂਣੀ ਬਾਲੀ ਜਾਂਦੀ ਹੈ। ਬਲਦੀ ਅੱਗ ਵਿੱਚ ਤਿਲ ਪਾ ਕੇ ਅਰਦਾਸ ਕੀਤੀ ਜਾਂਦੀ ਹੈ। ਇਸ ਪ੍ਰਕਾਰ ਇੱਕ ਤਰ੍ਹਾਂ ਨਾਲ ਅੱਗ ਦੀ ਪੂਜਾ ਕੀਤੀ ਜਾਂਦੀ ਹੈ। ਜਦੋਂ ਤੋਂ ਮਨੁੱਖ ਨੇ ਅੱਗ ਦੀ ਕਾਢ ਕੱਢੀ ਹੈ, ਉਦੋਂ ਤੋਂ ਹੀ ਉਸਦੇ ਮਨ ਵਿੱਚ ਅਗਨੀ ਦੀ ਪੂਜਾ ਕਰਨ ਦਾ ਸੰਕਲਪ ਬੈਠਿਆ ਹੋਇਆ ਹੈ। ਹਵਨ ਕਰਨ ਦੀ ਰਸਮ ਵੀ ਸਿੱਧੇ ਤੌਰ ’ਤੇ ਅਗਨੀ ਨਾਲ ਸੰਬੰਧਿਤ ਹੈ। ਅਸੀਂ ਬਲਦੀ ਧੂਣੀ ਵਿੱਚ ਤਿਲ ਪਾ ਕੇ ਮੱਥਾ ਟੇਕਦੇ ਹਾਂ। ਨਮਸਕਾਰ ਕਰਦੇ ਹਾਂ। ਇੱਕ ਅਰਦਾਸ ਕਰਦੇ ਹਾਂ। ਮੂੰਹੋਂ ਬੋਲਦੇ ਹਾਂ-

ਈਸ਼ਰ ਆ ਦਲਿੱਦਰ ਜਾਹ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।”

ਲੋਹੜੀ ਦੇ ਤਿਉਹਾਰ ਉੱਤੇ ਅਸੀਂ ਪ੍ਰਭੂ ਨੂੰ ਬੇਨਤੀ ਕਰਦੇ ਹਾਂ ਕਿ ਹੇ ਈਸ਼ਵਰ! ਤੁਸੀਂ ਸਾਨੂੰ ਸ਼ਕਤੀ ਦਿਓ। ਅਸੀਂ ਉੱਦਮੀ ਹੋਈਏ। ਸਾਡੇ ਵਿੱਚ ਜੋ ਵੀ ਆਲਸੀਪੁਣਾ ਹੈ, ਉਸ ਨੂੰ ਜੜ੍ਹ ਤੋਂ ਪੁੱਟ ਕੇ ਅੱਗ ਵਿੱਚ ਸਾੜ ਦੇਈਏ। ਕਿਉਂਕਿ ਖੇਤੀ ਦੇ ਨਾਲ-ਨਾਲ ਜੋ ਵੀ ਕੰਮ ਧੰਦਾ ਅਸੀਂ ਕਰਨਾ ਹੈ, ਉਹਦੇ ਵਿੱਚ ਆਲਸ, ਸੁਸਤੀ, ਵਿਹਲੇ ਰਹਿਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

ਜਦੋਂ ਕਿਸੇ ਔਰਤ ਦਾ ਨਵਾਂ ਵਿਆਹ ਹੋਇਆ ਹੁੰਦਾ ਤਾਂ ਸਭ ਤੋਂ ਪਹਿਲਾਂ ਉਸ ਤੋਂ ਲੋਹੜੀ ਦੀ ਸ਼ੁਰੂਆਤ ਕਰਵਾਈ ਜਾਂਦੀ ਸੀ। ਅਰਥਾਤ ਉਹ ਧੂਣੀ ਨੂੰ ਬਾਲਦੀ ਸੀ। ਤਦ ਇਹ ਗੀਤ ਗਾਇਆ ਜਾਂਦਾ ਸੀ-

ਕੀਹਨੇ ਨਹੀਂ ਲੋਹੜੀ ਉੱਖਣੀ,
ਕੀਹਦੀ ਬੰਨ੍ਹੋ ਨੇ ਭਰਿਆ ਥਾਲ ਵੇ, ਚੰਬੇ ਦਾ ਡਾਲ,
ਤੂੰ ਮਚ ਧਰਮੀ ਲੋਹੜੀਏ।
ਹਰਜੋਤ ਲੋਹੜੀ ਉੱਖਣੀ,
ਉਹਦੀ ਬੰਨ੍ਹੋ ਨੇ ਭਰਿਆ ਥਾਲ, ਚੰਬੇ ਦਾ ਡਾਲ,
ਤੂੰ ਮਚ ਧਰਮੀ ਲੋਹੜੀਏ!

ਨਵੀਂ ਵਿਆਹੁਲੀ ਤੋਂ ਲੋਹੜੀ ਦੀ ਸ਼ੁਰੂਆਤ ਕਰਵਾਉਣ ਦਾ ਇੱਕੋ-ਇੱਕ ਉਦੇਸ਼ ਇਹ ਹੁੰਦਾ ਸੀ ਕਿ ਅਗਲੀ ਲੋਹੜੀ ਤੋਂ ਪਹਿਲਾਂ-ਪਹਿਲਾਂ ਉਹ ਪੁੱਤਰ ਨੂੰ ਜਨਮ ਦੇਵੇਗੀ। ਉਦੋਂ ਖੇਤੀਬਾੜੀ ਹੀ ਮੁੱਖ ਧੰਦਾ ਹੋਣ ਕਾਰਨ ਪੁੱਤਰਾਂ ਨੂੰ ਧੀਆਂ ਨਾਲੋਂ ਕਿਤੇ ਵੱਧ ਤਰਜੀਹ ਦਿੱਤੀ ਜਾਂਦੀ ਸੀਲੋਹੜੀ ਤੋਂ ਅਗਲੇ ਦਿਨ ਮੂੰਹ ਹਨੇਰੇ ਜਦੋਂ ਲੋਹੜੀ ਨੂੰ ਇਕੱਠਾ ਕੀਤਾ ਜਾਂਦਾ ਸੀ। ਅਰਥਾਤ ਧੂਣੀ ਦੀ ਸੁਆਹ ਨੂੰ ਇਕੱਠਾ ਕਰਨਾ ਹੁੰਦਾ ਸੀ ਤਾਂ ਆਮ ਤੌਰ ’ਤੇ ਉਹ ਵਿਆਹੁਤਾ ਔਰਤ ਇਹ ਜ਼ਿੰਮੇਵਾਰੀ ਨਿਭਾਉਂਦੀ ਸੀ, ਜਿਸਦੇ ਵਿਆਹ ਨੂੰ ਕਾਫ਼ੀ ਸਾਲ ਹੋ ਚੁੱਕੇ ਹੋਣ ਦੇ ਬਾਵਜੂਦ ਵੀ ਉਹ ਬੇਔਲਾਦ ਹੁੰਦੀ ਸੀ। ਉਸ ਸਮੇਂ ਹੇਠ ਲਿਖਿਆ ਗੀਤ ਛੋਹ ਲਿਆ ਜਾਂਦਾ ਸੀ-

ਸੁਖਦੀਪ ਕੁੜੀਏ!
ਤੂੰ ਕਿਉਂ ਹੋਈਓਂ ਦਿਲਗੀਰ। ਬੱਚਾ ਦੇਊ ਜੋਗੀਪੀਰ।
ਤੇਰੀ ਜੱਗ ਵਿੱਚ ਰਲ ਜੂ ਸੀਰ। ਲੋਹੜੀ ਥਾਪ ਦਿਓ ਨੀ।
ਵੱਢੋ ਜੰਡ ਤੇ ਕਰੀਰ। ਲੋਹੜੀ ਥਾਪ ਦਿਓ ਨੀ।

ਅਸੀਂ ਜਾਣਦੇ ਹਾਂ ਕਿ ਜੰਡ ਅਤੇ ਕਰੀਰ ਉਜਾੜ, ਰੋਹੀ ਬੀਆਬਾਨ ਵਿੱਚ ਹੁੰਦੇ ਹਨ। ਹਰੀਆਂ ਭਰੀਆਂ ਫਸਲਾਂ ਉਪਜਾਊ ਅਤੇ ਪੱਧਰੀ ਧਰਤੀ ਉੱਤੇ ਉਗਾਈਆਂ ਜਾਂਦੀਆਂ ਹਨ। ਇਸ ਪ੍ਰਕਾਰ ਅਸੀਂ ਜੰਡ ਅਤੇ ਕਰੀਰ ਨੂੰ ਵੱਢਣਾ ਚਾਹੁੰਦੇ ਹਾਂ ਤਾਂ ਜੋ ਹਰੀਆਂ ਭਰੀਆਂ ਫਸਲਾਂ ਦੀ ਕਾਸ਼ਤ ਵਿੱਚ ਵਾਧਾ ਹੋਵੇ।

ਪਹਿਲਾਂ ਲੋਹੜੀ ਦੇ ਤਿਉਹਾਰ ਨੂੰ ਵਿਸ਼ੇਸ਼ ਤੌਰ ’ਤੇ ਪੁੱਤਰ ਦੀ ਆਮਦ ਉੱਤੇ ਜਾਂ ਨਵਾਂ ਵਿਆਹ ਹੋਣ ਦੀ ਖੁਸ਼ੀ ਵਿੱਚ ਹੀ ਵਧੇਰੇ ਚਾਅ, ਉਤਸ਼ਾਹ ਅਤੇ ਉਮਾਹ ਸਹਿਤ ਮਨਾਇਆ ਜਾਂਦਾ ਸੀ। ਜਿਉਂ-ਜਿਉਂ ਸਾਡੀ ਜੀਵਨ ਜਾਚ ਵਿੱਚ ਤਬਦੀਲੀ ਆਈ ਹੈ, ਲੋਕਾਂ ਦੇ ਕੰਮ ਕਰਨ ਦੇ ਤੌਰ ਤਰੀਕੇ ਬਦਲੇ ਹਨ; ਹੁਣ ਸਮੇਂ ਦੇ ਬਦਲਣ ਨਾਲ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੀ ਪੜ੍ਹਾਈ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਹੁਣ ਜਦੋਂ ਕੁੜੀਆਂ ਦੀ ਪੜ੍ਹਾਈ ਨੂੰ ਬਰਾਬਰ ਅਹਿਮੀਅਤ ਦਿੱਤੀ ਜਾਣ ਲੱਗੀ ਹੈ ਤਾਂ ਕੁਦਰਤੀ ਤੌਰ ’ਤੇ ਉਹ ਸਮਾਜ ਦੇ ਵੱਖ-ਵੱਖ ਕੰਮਾਂ ਵਿੱਚ ਮੁੰਡਿਆਂ ਦੇ ਬਰਾਬਰ ਆ ਖੜ੍ਹੀਆਂ ਹਨ। ਉਹ ਹੁਣ ਸਮਾਜ ਦੇ ਹਰੇਕ ਖੇਤਰ ਵਿੱਚ ਮੁੰਡਿਆਂ ਦੇ ਬਰਾਬਰ ਕੰਮ ਕਰਨ ਲੱਗ ਪਈਆਂ ਹਨ। ਮੈਰਿਟ ਸੂਚੀ ਵਿੱਚ ਤਾਂ ਉਹ ਮੁੰਡਿਆਂ ਨਾਲੋਂ ਵੀ ਕਿਤੇ ਅੱਗੇ ਲੰਘ ਚੁੱਕੀਆਂ ਹਨ। ਇੱਥੇ ਪ੍ਰਸਿੱਧ ਸ਼ਾਇਰ ਸੁਰਿੰਦਰ ਭੂਪਾਲ ਦੇ ਲਿਖੇ ਗੀਤ ਦੀਆਂ ਕੁਝ ਸਤਰਾਂ ਬਹੁਤ ਢੁਕਵੀਆਂ, ਜਚਵੀਆਂ, ਫ਼ੱਬਵੀਆਂ ਲਗਦੀਆਂ ਹਨ-

ਆਉ ਧੀਆਂ ਦੀ ਲੋਹੜੀ ਪਾਈਏ, ਇਕੱਠੇ ਹੋਈਏ ਕਸਮਾਂ ਖਾਈਏ।
ਇੱਕ ਸਹੁੰ ਮੇਰੀ ਅੰਮੜੀ ਖਾਵੇ, ਆਪਣੀ ਕੁੱਖੋਂ ਧੀ ਬਚਾਵੇ,
ਸੱਧਰਾਂ ਨੂੰ ਨਾ ਲਾਂਬੂ ਲਾਵੇ। ਕਿਉਂ ਧੀਆਂ ਦੀ ਬਲੀ ਚੜ੍ਹਾਈਏ?
ਆਉ ਧੀਆਂ ਦੀ ਲੋਹੜੀ ਪਾਈਏ।

ਇੱਕ ਸਹੁੰ ਮੇਰਾ ਬਾਬਲ ਖਾਵੇ, ਵਾਰੇ ਵਾਰੇ ਧੀ ਤੋਂ ਜਾਵੇ,
ਪੁੱਤਾਂ ਵਾਂਗ ਧੀ ਪੜ੍ਹਾਵੇ। ਧੀ ਹੋਣ ਦਾ ਮਾਣ ਵਧਾਈਏ।
ਆਉ ਧੀਆਂ ਦੀ ਲੋਹੜੀ ਪਾਈਏ।

ਇੱਕ ਸਹੁੰ ਮੇਰਾ ਵੀਰਾ ਖਾਵੇ, ਵਧੀਆ ਇੱਕ ਸਮਾਜ ਬਣਾਵੇ।
ਦਾਜ ਦਹੇਜ ਨਜ਼ਰ ਨਾ ਆਵੇ। ਜੜ੍ਹੋਂ ਬਿਮਾਰੀ ਨੂੰ ਹਟਾਈਏ।
ਆਉ ਧੀਆਂ ਦੀ ਲੋਹੜੀ ਪਾਈਏ।

ਇੱਕ ਸਹੁੰ ਮੇਰੀ ਦਾਦੀ ਖਾਵੇ, ਧੀ ਦੀ ਲੋਰੀ ਉੱਚੀ ਗਾਵੇ।
ਗੋਦੀ ਲੈ ਕੋਈ ਪਾਠ ਸੁਣਾਵੇ।
ਘਰ ਘਰ ਇਸਦੀ ਖੁਸ਼ੀ ਮਨਾਈਏ
, ਆਉ ਧੀਆਂ ਦੀ ਲੋਹੜੀ ਪਾਈਏ।

ਇੱਕ ਸਹੁੰ ਧੀਆਂ ਆਪ ਵੀ ਖਾਵਣ, ਪੱਗ ਬਾਪੂ ਦੀ ਨੂੰ ਦਾਗ਼ ਨਾ ਲਾਵਣ,
ਕਲਪਨਾ ਵਾਂਗ ਨਾਂ ਚਮਕਾਵਣ।
ਦੇਵੀ ਸ਼ਕਤੀ ਨੂੰ ਵਿਖਾਈਏ
,
ਆਉ ਧੀਆਂ ਦੀ ਲੋਹੜੀ ਪਾਈਏ।

ਹੁਣ ਇਸ ਬਦਲਦੇ ਮਾਹੌਲ ਵਿੱਚ ਧੀਆਂ ਦੀ ਲੋਹੜੀ ਵੀ ਉੰਨੇ ਹੀ ਉਤਸ਼ਾਹ ਨਾਲ ਮਨਾਈ ਜਾਣੀ ਅਰੰਭ ਹੋਈ ਹੈ, ਜਿੰਨੀ ਕਿ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਹੈ। ਚੰਗੇ ਸਮਾਜ ਦੀ ਉਸਾਰੀ ਲਈ ਇਸ ਤਬਦੀਲੀ ਨੂੰ ਸ਼ੁਭ ਸ਼ਗਨ ਹੀ ਕਹਿਣਾ ਬਣਦਾ ਹੈ। ਇਸ ਪ੍ਰਕਾਰ ਬਦਲਦੇ ਸਮੇਂ ਵਿੱਚ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਵਿੱਚ ਵੀ ਤਬਦੀਲੀ ਆਉਣ ਨਾਲ ਇਸ ਤਿਉਹਾਰ ਦੀ ਸਾਰਥਕਤਾ ਬਣੀ ਹੋਈ ਹੈ। ਜੇਕਰ ਸਾਡੇ ਤਿਉਹਾਰ ਪੁਰਾਤਨਤਾ ਨਾਲ ਹੀ ਜੁੜੇ ਰਹਿਣਗੇ ਤਾਂ ਇਨ੍ਹਾਂ ਵਿੱਚੋਂ ਰਸ, ਖਿੱਚ, ਰੌਚਕਤਾ, ਆਕਰਸ਼ਣ ਹੌਲੀ-ਹੌਲੀ ਘਟਦਾ ਜਾਵੇਗਾ। ਅੰਤ ਵਿੱਚ ਬਿਲਕੁਲ ਖਤਮ ਹੋ ਜਾਵੇਗਾ।

ਹੁਣ ਕੁੜੀਆਂ ਵੱਖ-ਵੱਖ ਵਿਭਾਗਾਂ, ਅਦਾਰਿਆਂ ਵਿੱਚ ਨੌਕਰੀ ਕਰਨ ਤੋਂ ਇਲਾਵਾ ਉਹ ਖੇਤੀਬਾੜੀ ਵੀ ਕਰਦੀਆਂ ਹਨ। ਉਹ ਟਰੈੱਕਟਰ ਚਲਾਉਂਦੀਆਂ ਹਨ। ਕੰਬਾਈਨ ਚਲਾਉਣ ਲੱਗ ਪਈਆਂ ਹਨ। ਕਹੀ ਚਲਾਉਂਦੀਆਂ ਹਨ। ਉਹ ਖੇਤਾਂ ਨੂੰ ਪਾਣੀ ਲਾਉਂਦੀਆਂ ਹਨ। ਹੁਣ ਉਹ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ। ਜਿੱਥੇ ਪਹਿਲਾਂ ਲੋਹੜੀ ਦੇ ਤਿਉਹਾਰ ਨੂੰ ਮੁੰਡੇ ਦੇ ਜਨਮ ਨਾਲ ਹੀ ਜੋੜਿਆ ਜਾਂਦਾ ਸੀ। ਉੱਥੇ ਹੁਣ ਇਹ ਤਿਉਹਾਰ ਬੱਚੇ ਦੇ ਜਨਮ ਨਾਲ ਜੋੜਿਆ ਜਾਣ ਲੱਗਾ ਹੈ। ਇਸੇ ਲਈ ਕਿਹਾ ਜਾਂਦਾ ਹੈ-

ਨਾ ਪੁੱਤ ਦੀ, ਨਾ ਧੀ ਦੀ,
ਲੋਹੜੀ ਹਰ ਨਵੇਂ ਜੀਅ ਦੀ।”

ਹੁਣ ਧੀਆਂ ਦੀ ਲੋਹੜੀ ਮਨਾਉਣ ਦੇ ਪ੍ਰਚਲਿਤ ਹੋ ਰਹੇ ਰਿਵਾਜ਼ ਨੂੰ ਸਹੀ ਰੂਪ ਵਿੱਚ ਲਾਗੂ ਕਰਨ ਲਈ ਸਾਡੇ ਮਨਾਂ ਵਿਚਲੀ ਸੋਚ ਵਿੱਚ ਤਬਦੀਲੀ ਆਉਣੀ ਬਹੁਤ ਜ਼ਰੂਰੀ ਹੈ। ਕੇਵਲ ਲੋਹੜੀ ਮਨਾ ਲੈਣ ਨਾਲ ਸਾਡੀਆਂ ਧੀਆਂ ਭੈਣਾਂ ਦਾ ਕੁਝ ਸੰਵਰਨ ਵਾਲਾ ਨਹੀਂ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸਦੀਆਂ ਪੁਰਾਣੀ ਮਰਦ ਪ੍ਰਧਾਨ ਸਮਾਜ ਵਾਲੀ ਹਉਂ ਦਾ ਤਿਆਗ ਕਰਕੇ ਧੀਆਂ ਨੂੰ ਧੁਰ ਅੰਦਰੋਂ ਪੁੱਤਾਂ ਬਰਾਬਰ ਸਮਾਨਤਾ ਦਾ ਦਰਜਾ ਦੇਣ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਆਪਣੀਆਂ ਧੀਆਂ, ਭੈਣਾਂ, ਮਾਂਵਾਂ, ਨਾਰਾਂ ਲਈ ਸਮਾਜ ਵਿੱਚ ਸੁਰੱਖਿਅਤ ਮਾਹੌਲ ਸਿਰਜਣ ਦੀ ਲੋੜ ਹੈ ਤਾਂ ਜੋ ਉਹ ਰਾਤ-ਬਰਾਤੇ ਇਕੱਲੀਆਂ ਵਿਚਰਦੀਆਂ ਹੋਈਆਂ ਆਪਣੇ ਆਪ ਨੂੰ ਸੁਰੱਖਿਅਤ ਅਤੇ ਭੈਅ ਮੁਕਤ ਮਹਿਸੂਸ ਕਰਨ।

ਸੱਚ ਤਾਂ ਇਹ ਹੈ ਕਿ ਲੋਹੜੀ ਚਾਵਾਂ, ਮਲਾਰਾਂ, ਰੀਝਾਂ, ਖ਼ੁਸ਼ੀਆਂ ਅਤੇ ਖੇੜਿਆਂ ਦਾ ਤਿਉਹਾਰ ਹੈ। ਅੱਜ ਲੋੜ ਹੈ ਕਿ ਇਸ ਤਿਉਹਾਰ ਨੂੰ ਅਸੀਂ ਲਿੰਗ ਵਿਤਕਰੇ ਨਾਲ ਨਾ ਜੋੜੀਏ, ਕਿਉਂਕਿ ਲਿੰਗ ਵਿਤਕਰੇ ਦੇ ਭਿੰਨ-ਭੇਦ ਕਾਰਨ ਸਾਡੇ ਤਿਉਹਾਰ ਨਹੀਂ ਚੱਲਣੇ। ਸਾਡੀ ਜੀਵਨ-ਜਾਚ ਦਾ ਹਿੱਸਾ ਸਾਂਝ ਵਾਲਾ ਹੋਵੇ। ਅਗਾਂਹ ਵਧੂ ਸੋਚ ਵਾਲਾ ਸਮਾਜ ਹੋਵੇ। ਅਸੀਂ ਮੁੰਡੇ ਅਤੇ ਕੁੜੀ ਦੇ ਜਨਮ ਨੂੰ ਇੱਕੋ ਜਿਹੀਆਂ ਖ਼ੁਸ਼ੀਆਂ ਨਾਲ ਮਨਾਈਏ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Dr. Iqbal S Sakrodi

Dr. Iqbal S Sakrodi

Sangrur, Punjab, India.
WhatsApp: (91 - 84276 - 85020)

Email: (dr.iqbalsingh1962@gmail.com)

More articles from this author