“ਅੱਜ ਸਾਡੇ ਸਮਾਜ ਨੂੰ ਸੋਹਣਾ ਬਣਾਉਣ ਲਈ, ਪਰਿਵਾਰਾਂ ਦਾ ਮਾਹੌਲ ...”
(13 ਮਈ 2026)
ਕੁਦਰਤ ਦੇ ਨਿਯਮਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਸਾਡੀ ਮਾਂ ਨੇ ਜਨਮ ਦਿੱਤਾ ਹੈ। ਇਸੇ ਲਈ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਆਪੋ ਆਪਣੀ ਮਾਂ ਲਈ ਮੋਹ, ਮੁਹੱਬਤ, ਪਿਆਰ, ਸਤਿਕਾਰ, ਸਨੇਹ ਹੈ। ਇਹ ਹੋਣਾ ਹੀ ਚਾਹੀਦਾ ਹੈ, ਕਿਉਂਕਿ ਮਾਂ ਨੇ ਨਾ ਕੇਵਲ ਜਨਮ ਤੋਂ ਬਾਅਦ ਹੀ, ਸਗੋਂ ਸਾਡੇ ਜਨਮ ਤੋਂ ਪਹਿਲਾਂ ਵੀ ਆਪਣੇ ਖੂਨ ਨਾਲ ਸਾਨੂੰ ਸਿੰਝਿਆ ਹੈ। ਉਸਨੇ ਸਾਨੂੰ ਅੰਮ੍ਰਿਤ ਪਿਲਾ ਕੇ ਜੀਵਨ ਸ਼ਕਤੀ ਦਿੱਤੀ ਹੈ। ਸਾਡੀ ਗੰਦਗੀ ਧੋਤੀ ਹੈ। ਲੋਰੀਆਂ ਦੇ ਕੇ ਸੁਲਾਇਆ ਜਾਂਦਾ ਰਿਹਾ ਹੈ। ਮਾਂ ਨੇ ਨਾ ਕੇਵਲ ਉਂਗਲ ਫੜ ਕੇ ਚੱਲਣਾ ਸਿਖਾਇਆ ਹੈ, ਸਗੋਂ ਚੰਗੇਰੀ ਜੀਵਨ ਜਾਚ ਦੇ ਕੇ ਪੈਰਾਂ ’ਤੇ ਵੀ ਖੜ੍ਹਾ ਕੀਤਾ ਹੈ।
ਇਹ ਵੀ ਇੱਕ ਯਥਾਰਥ ਹੈ ਕਿ ਅਸੀਂ ਆਪਣੀ ਮਾਂ ਦਾ ਅਪਮਾਨ ਹਰਗਿਜ਼ ਬਰਦਾਸ਼ਤ ਨਹੀਂ ਕਰਦੇ। ਜੇਕਰ ਕੋਈ ਕਮ-ਅਕਲ, ਮੂਰਖ ਜਾਂ ਮੰਦਬੁੱਧੀ ਮਨੁੱਖ ਸਾਨੂੰ ਮਾਂ ਨਾਲ ਸੰਬੰਧਿਤ ਕਰਕੇ ਗਾਲ੍ਹ ਕੱਢਦਾ ਹੈ ਤਾਂ ਅਸੀਂ ਉਸਦੇ ਗੱਲ ਪੈ ਜਾਂਦੇ ਹਾਂ। ਅਜਿਹੇ ਮੌਕੇ ਉਸਦਾ ਸਿਰ ਪਾੜ ਦੇਣਾ ਇੱਕ ਆਮ ਅਤੇ ਸਹਿਜ ਵਰਤਾਰਾ ਹੈ। ਜੋ ਤਿਆਗ ਸਾਡੀ ਮਾਂ ਨੇ ਅੱਜ ਤੋਂ ਲਗਭਗ ਪੱਚੀ ਸਾਲ ਪਹਿਲਾਂ ਸਾਡੇ ਲਈ ਕੀਤਾ ਸੀ, ਲਗਭਗ ਉਹੀ ਕੁਝ ਉਹ ਮੁਟਿਆਰ ਦੁਹਰਾਉਂਦੀ ਹੈ, ਜਿਹੜੀ ਆਪਣੇ ਮਾਂ ਪਿਉ, ਭੈਣ ਭਰਾ, ਰਿਸ਼ਤੇਦਾਰ, ਸਹੇਲੀਆਂ, ਗੁਆਂਢੀਆਂ ਨੂੰ ਛੱਡ ਕੇ ਖਿੜੇ ਮੱਥੇ ਸਾਡੇ ਪੁੱਤਰ ਨਾਲ ਵਿਆਹ ਕਰਵਾ ਕੇ ਸਾਡੇ ਜੀਵਨ ਨੂੰ ਖੁਸ਼ੀਆਂ, ਖੇੜੇ, ਹਾਸੇ, ਪਿਆਰ, ਮੁਹੱਬਤ ਅਤੇ ਰੰਗੀਨੀਆਂ ਨਾਲ ਭਰ ਦਿੰਦੀ ਹੈ।
ਬੇਸ਼ਕ ਸਾਡੇ ਬਚਪਨ ਵਿੱਚ ਸਾਡੀ ਮਾਂ ਨੇ ਸਾਡੀ ਬਹੁਤ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਕੀਤੀ ਹੈ ਪ੍ਰੰਤੂ ਸਾਨੂੰ ਆਪਣੇ ਬਚਪਨ ਦੀਆਂ ਸਾਰੀਆਂ ਗੱਲਾਂ, ਘਟਨਾਵਾਂ, ਸਥਿਤੀਆਂ ਚੇਤੇ ਨਹੀਂ ਰਹਿੰਦੀਆਂ। ਬਹੁਤ ਸਾਰੀਆਂ ਗੱਲਾਂ ਚੇਤੇ ਵਿੱਚੋਂ ਵਿੱਸਰ ਜਾਂਦੀਆਂ ਹਨ। ਪ੍ਰੰਤੂ ਅਸੀਂ ਆਪਣੀ ਪਤਨੀ ਨੂੰ ਉਸ ਸਾਰੇ ਦੌਰ ਵਿੱਚੋਂ ਵਿਚਰਦਿਆਂ ਆਪਣੇ ਅੱਖੀਂ ਦੇਖਿਆ ਹੁੰਦਾ ਹੈ, ਜਦੋਂ ਉਹ ਸਾਡੇ ਧੀ ਪੁੱਤ ਲਈ ਗਰਭਵਤੀ ਹੋਈ। ਗਰਭ ਅਵਸਥਾ ਦੌਰਾਨ ਕਿਸ ਪ੍ਰਕਾਰ ਦੀਆਂ ਸਾਵਧਾਨੀਆਂ ਵਰਤੀਆਂ, ਕਿਸ ਤਰ੍ਹਾਂ ਇੱਕ-ਇੱਕ ਦਿਨ ਗਿਣ ਕੇ ਲੰਘਾਇਆ, ਤਦ ਕਿਤੇ ਧੀ, ਪੁੱਤ ਨੂੰ ਜਨਮ ਦਿੱਤਾ। ਪਤਨੀ ਨੂੰ ਧੀ ਪੁੱਤ ਦੀ ਸਾਂਭ ਸੰਭਾਲ ਅਤੇ ਪਾਲਣ ਪੋਸਣ ਕਰਦਿਆਂ ਵੀ ਅਸੀਂ ਤੱਕਿਆ ਹੁੰਦਾ ਹੈ। ਬੱਚਿਆਂ ਨੂੰ ਪ੍ਰਵਾਨ ਚੜ੍ਹਾਉਂਦਿਆਂ ਹੋਇਆਂ ਵੀ ਅਸੀਂ ਦੇਖਿਆ ਹੁੰਦਾ ਹੈ ਅਤੇ ਖੁਸ਼ੀ ਖੁਸ਼ੀ ਉਨ੍ਹਾਂ ਦੇ ਵਿਆਹ ਦੇ ਕਾਰਜ ਕਰਦਿਆਂ ਵੀ ਅਸੀਂ ਦੇਖੇ ਹੁੰਦੇ ਹਨ।
ਇਹ ਸਾਰੇ ਫਰਜ਼ ਨਿਭਾਉਂਦਿਆਂ ਇੱਕ ਮੁਟਿਆਰ ਆਪਣੇ ਹੁਸਨ, ਜਵਾਨੀ, ਸੁਹੱਪਣ, ਸੁੰਦਰਤਾ ਕਾਫੀ ਹੱਦ ਤਕ ਗੁਆ ਚੁੱਕੀ ਹੁੰਦੀ ਹੈ। ਪਤਨੀ ਵੱਲੋਂ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਕੁਝ ਪੁਰਸ਼ ਆਪਣੀ ਵਿਆਹੁਤਾ ਸੁਆਣੀ ਨੂੰ ਗਾਹੇ ਵਗਾਹੇ ਪੁਣਦੇ ਰਹਿੰਦੇ ਹਨ। ਟੋਕਾ-ਟਾਕੀ ਕਰਦੇ ਰਹਿੰਦੇ ਹਨ। ਉਸਦੇ ਪੇਕੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਲੈ-ਲੈ ਕੇ ਉਸਦਾ ਹਿਰਦਾ ਛਲਣੀ ਕਰਦੇ ਰਹਿੰਦੇ ਹਨ। ਪੱਚੀ ਸਾਲ ਪਹਿਲਾਂ ਵਿਆਹ ਕੇ ਲਿਆਂਦੀ ਮੁਟਿਆਰ ਦੇ ਪੇਕਿਆਂ ਵੱਲੋਂ ਆਪਣੇ ਪੂਰੇ ਵਿੱਤ ਅਨੁਸਾਰ ਦਿੱਤੇ ਗਏ ਦਾਜ ਦਹੇਜ ਵਿੱਚ ਹੁਣ ਵੀ ਮੀਣ ਮੀਖ ਕੱਢਦੇ ਰਹਿੰਦੇ ਹਨ। ਜੇ ਕਿਤੇ ਧੀ ਪੁੱਤ ਵਿੱਚੋਂ ਕੋਈ ਵੀ ਗਲਤੀ ਕਰ ਦੇਵੇ, ਤਦ ਕਸੂਰ ਪਤਨੀ ਦਾ ਹੀ ਕੱਢਿਆ ਜਾਂਦਾ ਹੈ ਕਿ ਤੂੰ ਚੰਗੀ ਸਿੱਖਿਆ ਅਤੇ ਲਿਆਕਤ ਨਹੀਂ ਦਿੱਤੀ। ਦਿਨ ਵਿੱਚ ਕਿੰਨੀ ਕਿੰਨੀਂ ਵਾਰ ਉਸ ਨੂੰ ਗੱਲਾਂ-ਗੱਲਾਂ ਵਿੱਚ ਜ਼ਲੀਲ ਕੀਤਾ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬਹੁਤੀਆਂ ਸੁਆਣੀਆਂ ਹਰ ਰੋਜ਼ ਤਿਲ-ਤਿਲ ਕਰਕੇ ਮਰਦੀਆਂ ਹਨ।
ਅੱਜ ਸਾਡੇ ਸਮਾਜ ਨੂੰ ਸੋਹਣਾ ਬਣਾਉਣ ਲਈ, ਪਰਿਵਾਰਾਂ ਦਾ ਮਾਹੌਲ ਖੁਸ਼ਗਵਾਰ ਕਰਨ ਲਈ ਇਸ ਗੱਲ ਦੀ ਲੋੜ ਹੈ ਕਿ ਪੁਰਸ਼ ਪ੍ਰਧਾਨ ਸਮਾਜ ਦੀ ਸਦੀਆਂ ਪੁਰਾਣੀ ਸੜੀ ਹੋਈ ਸੋਚ ਦਾ ਤਿਆਗ ਕੀਤਾ ਜਾਵੇ। ਔਰਤ ਨੂੰ ਦੇਵੀ ਸਮਝਣ ਦੀ ਥਾਂ ਉਸ ਨੂੰ ਬਰਾਬਰ ਦੀ ਸਹਿਯੋਗੀ, ਸਾਥਣ, ਦੋਸਤ ਮੰਨਿਆ ਜਾਵੇ। ਪੱਛਮ ਜੇਕਰ ਅੱਜ ਤਰੱਕੀ ਦੇ ਮਾਰਗ ’ਤੇ ਅੱਗੇ ਵਧ ਰਿਹਾ ਹੈ ਤਾਂ ਉਸਦਾ ਇਹੋ ਕਾਰਨ ਹੈ ਕਿ ਉਨ੍ਹਾਂ ਲੋਕਾਂ ਨੇ ਔਰਤਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਦਰਜਾ ਦਿੱਤਾ ਹੋਇਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































