Iqbal S Sakrodi Dr 7“ਹੁਣ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਡੇ ਸਕੂਲ ਵਿੱਚ ਕਦੇ ਵੀ ਨਾ ਆਇਓ। ਪ੍ਰੰਤੂ ...”
(11 ਮਈ 2026)


ਮੈਂ ਡਾ. ਸੁਰਜੀਤ ਪਾਤਰ ਦੀਆਂ ਗ਼ਜ਼ਲਾਂ ਦੀ ਪ੍ਰਕਾਸ਼ਿਤ ਪਹਿਲੀ ਰਚਨਾ
“ਹਵਾ ਵਿੱਚ ਲਿਖੇ ਹਰਫ” ਨੂੰ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਪੜ੍ਹ ਲਿਆ ਸੀ। ਇਸ ਪਿੱਛੋਂ ਪ੍ਰਕਾਸ਼ਿਤ ਹੋਈਆਂ ਪਾਤਰ ਦੀਆਂ ਸਾਰੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਮੈਂ ਸਮੇਂ-ਸਮੇਂ ’ਤੇ ਪੜ੍ਹੀਆਂ। ਮੈਂ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਛਾਜਲੀ (ਸੰਗਰੂਰ) ਵਿੱਚ ਬਤੌਰ ਮੁਖੀ ਜੁਆਇੰਨ ਕੀਤਾ ਤਾਂ ਮੈਂ ਦੇਖਿਆ ਕਿ ਸਕੂਲ ਵਿੱਚ ਬਹੁਤ ਵੱਡੀ ਲਾਇਬਰੇਰੀ ਹੈ। ਪੁਸਤਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਪ੍ਰੰਤੂ ਵਿਦਿਆਰਥੀਆਂ ਦੀ ਲਾਇਬਰੇਰੀ ਵੱਲ ਕੋਈ ਖਿੱਚ ਨਹੀਂ ਹੈ। ਉਹ ਪੜ੍ਹਨ ਲਈ ਪੁਸਤਕਾਂ ਨਹੀਂ ਲੈਂਦੇ। ਦੂਜਾ, ਲਾਇਬਰੇਰੀ ਵਿੱਚ ਨਵੀਂਆਂ ਪ੍ਰਕਾਸ਼ਿਤ ਪੁਸਤਕਾਂ ਦੀ ਵੀ ਮੈਨੂੰ ਘਾਟ ਮਹਿਸੂਸ ਹੋਈ। ਮੈਂ ਆਪਣੀ ਜੇਬ ਵਿੱਚੋਂ ਪੈਸੇ ਖ਼ਰਚ ਕੇ ਪਾਤਰ ਦੀਆਂ ਪੁਸਤਕਾਂ ਦੇ ਪੰਜ ਸੈੱਟ ਅਤੇ ਹੋਰ ਬਹੁਤ ਸਾਰੀਆਂ ਨਵੀਂਆਂ ਛਪੀਆਂ ਪੁਸਤਕਾਂ ਲਾਇਬਰੇਰੀ ਵਿੱਚ ਪਾ ਦਿੱਤੀਆਂ। ਅਗਲੇ ਦਿਨ ਸਵੇਰ ਦੀ ਸਭਾ ਵਿੱਚ ਪੁਸਤਕਾਂ ਸੰਬੰਧੀ ਦੱਸਦਿਆਂ ਮੈਂ ਕਿਹਾ, “ਪਿਆਰੇ ਵਿਦਿਆਰਥੀਓ, ਆਪਣੇ ਸਕੂਲ ਦੀ ਲਾਇਬਰੇਰੀ ਵਿੱਚ ਕਵਿਤਾਵਾਂ, ਕਹਾਣੀਆਂ, ਨਾਵਲ, ਨਾਟਕ, ਸਵੈਜੀਵਨੀਆਂ ਅਤੇ ਛੋਟੇ ਬੱਚਿਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਪਾ ਦਿੱਤੀਆਂ ਹਨ। ਸਾਰੇ ਵਿਦਿਆਰਥੀ ਆਪੋ ਆਪਣੀ ਪਸੰਦ ਦੀ ਪੁਸਤਕ ਲਾਇਬਰੇਰੀ ਵਿੱਚੋਂ ਜਾਰੀ ਕਰਵਾ ਕੇ ਆਪਣੇ ਘਰ ਬੈਠ ਕੇ ਪੜ੍ਹਨਗੇ। ਪੁਸਤਕ ਪੜ੍ਹ ਕੇ ਜਿਹੜਾ ਵਿਦਿਆਰਥੀ ਪੁਸਤਕ ਸੰਬੰਧੀ ਦੋ ਪੰਨਿਆਂ ਦੀ ਸੰਖੇਪ ਜਾਣਕਾਰੀ ਲਿਖ ਕੇ ਲਿਆਵੇਗਾ, ਉਸ ਨੂੰ ਸਕੂਲ ਵੱਲੋਂ ਵੀਹ ਰੁਪਏ ਦਾ ਨਵਾਂ ਰਜਿਸਟਰ ਇਨਾਮ ਵਿੱਚ ਦਿੱਤਾ ਜਾਏਗਾ।”

ਇਸ ਨਾਲ ਵਿਦਿਆਰਥੀਆਂ ਵਿੱਚ ਪੁਸਤਕਾਂ ਪੜ੍ਹਨ ਦੀ ਚੇਟਕ ਲੱਗ ਗਈ। ਭਾਵੇਂ ਉਹ ਜ਼ਿਆਦਾ ਕਰਕੇ ਕਵਿਤਾਵਾਂ ਅਤੇ ਕਹਾਣੀਆਂ ਦੀਆਂ ਪੁਸਤਕਾਂ ਹੀ ਪੜ੍ਹਦੇ ਸਨ ਪ੍ਰੰਤੂ ਵੀਹ ਰੁਪਏ ਦਾ ਰਜਿਸਟਰ ਇਨਾਮ ਵਿੱਚ ਜਿੱਤਣ ਲਈ ਉਹ ਪੜ੍ਹੀ ਗਈ ਪੁਸਤਕ ਬਾਰੇ ਬਹੁਤ ਸੋਹਣਾ ਲਿਖ ਕੇ ਲਿਆਉਣ ਲੱਗ ਪਏ। ਬਹੁਤ ਸਾਰੀਆਂ ਵਿਦਿਆਰਥਣਾਂ ਨੇ ਪਾਤਰ ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਨੂੰ ਪੜ੍ਹਿਆ। ਉਹ ਕਵਿਤਾਵਾਂ, ਗ਼ਜ਼ਲਾਂ ਬਾਰੇ ਲਿਖ ਕੇ ਲਿਆਉਣ ਲੱਗ ਪਈਆਂ। ਬਹੁਤ ਸਾਰੇ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਪਾਤਰ ਦੀਆਂ ਗ਼ਜ਼ਲਾਂ ਨੂੰ ਸੁਰ ਵਿੱਚ ਗਾ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ।

ਇੱਕ ਦਿਨ ਮੈਂ ਡਾ. ਸੁਰਜੀਤ ਪਾਤਰ ਨੂੰ ਪੱਤਰ ਲਿਖ ਦਿੱਤਾ, “ਸਤਿਕਾਰਿਤ ਡਾ. ਸੁਰਜੀਤ ਪਾਤਰ ਜੀ, ਮੈਂ ਖ਼ੁਦ, ਮੇਰੇ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਤੁਹਾਡੀਆਂ ਰਚਨਾਵਾਂ ਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਤੁਹਾਨੂੰ ਆਪਣੇ ਸਕੂਲ ਵਿੱਚ ਆਉਣ ਦਾ ਸੱਦਾ ਪੱਤਰ ਭੇਜ ਰਹੇ ਹਾਂ। ਪਰਵਾਨ ਕਰਨਾ ਜੀ। ਧੰਨਵਾਦ ਸਹਿਤ, ਵੱਲੋਂ ਡਾ. ਇਕਬਾਲ ਸਿੰਘ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ (ਸੰਗਰੂਰ)।”

ਥੋੜ੍ਹੇ ਦਿਨਾਂ ਬਾਅਦ ਪਾਤਰ ਦਾ ਮੈਨੂੰ ਫ਼ੋਨ ਆ ਗਿਆ। ਉਨ੍ਹਾਂ ਕਿਹਾ, “ਮੈਂ ਤੁਹਾਡੇ ਸਕੂਲ ਵਿੱਚ ਆਵਾਂਗਾ ਤਾਂ ਜ਼ਰੂਰ ਪ੍ਰੰਤੂ ਮੇਰੇ ਬਹੁਤ ਸਾਰੇ ਰੁਝੇਵੇਂ ਹਨ, ਇਸ ਕਰਕੇ ਜਲਦੀ ਨਹੀਂ ਆ ਸਕਾਂਗਾ।”

ਅੱਜ-ਕੱਲ੍ਹ ਕਰਦਿਆਂ ਛੇ ਮਹੀਨੇ ਲੰਘ ਗਏ‌ ਪ੍ਰੰਤੂ ਪਾਤਰ ਆਪਣੇ ਰੁਝੇਵਿਆਂ ਕਾਰਨ ਸਾਡੇ ਸਕੂਲ ਨਾ ਆ ਸਕੇ। 10 ਦਸੰਬਰ, 2019 ਨੂੰ ਮੈਂ ਆਪਣੇ ਦਫਤਰ ਵਿੱਚ ਬੈਠਾ ਕੁਝ ਜ਼ਰੂਰੀ ਕੰਮ ਕਰ ਰਿਹਾ ਸਾਂ, ਨੌਂਵੀਂ ਜਮਾਤ ਵਿੱਚ ਪੜ੍ਹਦੀਆਂ ਦੋ ਵਿਦਿਆਰਥਣਾਂ ਮੇਰੇ ਕੋਲੋਂ ਆਗਿਆ ਲੈ ਕੇ ਅੰਦਰ ਆ ਗਈਆਂ ਤੇ ਮੈਨੂੰ ਸਵਾਲ ਕੀਤਾ, “ਪ੍ਰਿੰਸੀਪਲ ਸਰ, ਡਾ. ਸੁਰਜੀਤ ਪਾਤਰ ਜੀ ਆਪਣੇ ਸਕੂਲ ਵਿੱਚ ਕਿਉਂ ਨਹੀਂ ਆਉਂਦੇ?”

ਮੈਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਬਹੁਤ ਜ਼ਿਆਦਾ ਰੁਝੇਵੇਂ ਹਨ‌, ਇਸ ਕਰਕੇ ਉਨ੍ਹਾਂ ਨੂੰ ਆਪਣੇ ਸਕੂਲ ਵਿੱਚ ਆਉਣ ਲਈ ਦੇਰੀ ਹੋ ਰਹੀ ਹੈ। ਉਨ੍ਹਾਂ ਵਿੱਚੋਂ ਇੱਕ ਵਿਦਿਆਰਥਣ ਮੈਨੂੰ ਕਹਿਣ ਲੱਗੀ, “ਸਰ, ਕੀ ਤੁਸੀਂ ਡਾ. ਸੁਰਜੀਤ ਪਾਤਰ ਜੀ ਨਾਲ ਫ਼ੋਨ ’ਤੇ ਸਾਡੀ ਗੱਲ ਕਰਵਾ ਸਕਦੇ ਹੋ?”

“ਹਾਂ ਹਾਂ, ਜ਼ਰੂਰ ਕਰਵਾ ਸਕਦਾ ਹਾਂ।” ਇਹ ਕਹਿੰਦਿਆਂ ਮੈਂ ਪਾਤਰ ਦਾ ਫ਼ੋਨ ਮਿਲਾ ਲਿਆ। ਉਨ੍ਹਾਂ ਨੂੰ ਫਤਹਿ ਬੁਲਾਉਣ ਉਪਰੰਤ ਮੈਂ ਕਿਹਾ, ਡਾਕਟਰ ਸਾਹਿਬ, “ਮੇਰੇ ਸਕੂਲ ਦੀਆਂ ਦੋ ਵਿਦਿਆਰਥਣਾਂ ਤੁਹਾਡੇ ਨਾਲ ਫ਼ੋਨ ’ਤੇ ਗੱਲ ਕਰਨਾ ਚਾਹੁੰਦੀਆਂ ਹਨ।”

ਉਨ੍ਹਾਂ ਵੱਲੋਂ “ਹਾਂ ਹਾਂ, ਕਰਵਾ ਦਿਓ ਗੱਲ।” ਕਹਿਣ ’ਤੇ ਫ਼ੋਨ ਮੈਂ ਇੱਕ ਵਿਦਿਆਰਥਣ ਨੂੰ ਦੇ ਦਿੱਤਾ। ਵਿਦਿਆਰਥਣ ਨੇ ਫ਼ੋਨ ਕੰਨ ਨਾਲ ਲਾਉਂਦਿਆਂ ਕਿਹਾ, “ਸਤਿਕਾਰਯੋਗ ਡਾ. ਸੁਰਜੀਤ ਪਾਤਰ ਜੀ, ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਰਮਨਦੀਪ ਕੌਰ, ਨੌਂਵੀਂ ਜਮਾਤ ਦੀ ਵਿਦਿਆਰਥਣ ਹਾਂ। ਜਦੋਂ ਦੇ ਸਾਡੇ ਸਕੂਲ ਵਿੱਚ ਸਾਡੇ ਨਵੇਂ ਪ੍ਰਿੰਸੀਪਲ ਸਰ ਆਏ ਹਨ, ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਪੁਸਤਕਾਂ ਪੜ੍ਹਨ ਦੀ ਲਗਨ ਲਾ ਦਿੱਤੀ ਹੈ। ਅਸੀਂ ਹੁਣ ਆਪਣੇ ਵਿਹਲੇ ਸਮੇਂ ਵਿੱਚ ਮੋਬਾਇਲ ਨਹੀਂ ਚਲਾਉਂਦੀਆਂ, ਸਗੋਂ ਪੁਸਤਕਾਂ ਪੜ੍ਹਦੀਆਂ ਹਾਂ। ਤੁਹਾਡੀਆਂ ਰਚੀਆਂ ਸਾਰੀਆਂ ਕਵਿਤਾਵਾਂ ਦੀਆਂ ਪੁਸਤਕਾਂ ਪ੍ਰਿੰਸੀਪਲ ਸਰ ਨੇ ਸਾਡੇ ਸਕੂਲ ਦੀ ਲਾਇਬਰੇਰੀ ਵਿੱਚ ਪਾ ਦਿੱਤੀਆਂ ਹਨ। ਅਸੀਂ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਤੁਹਾਡੀਆਂ ਲਿਖੀਆਂ ਬਹੁਤੀਆਂ ਕਵਿਤਾਵਾਂ ਪੜ੍ਹ ਲਈਆਂ ਹਨ। ਬਹੁਤ ਸਾਰੀਆਂ ਜ਼ੁਬਾਨੀ ਯਾਦ ਕਰ ਲਈਆਂ ਹਨ। ਹੁਣ ਅਸੀਂ ਸਵੇਰ ਦੀ ਸਭਾ ਵਿੱਚ ਤੁਹਾਡੀਆਂ ਰਚਨਾਵਾਂ ਗਾ ਕੇ ਸੁਣਾਉਂਦੀਆਂ ਹਾਂ। ਅਸੀਂ ਤੁਹਾਡੀਆਂ ਰਚੀਆਂ ਕਵਿਤਾਵਾਂ ਨੂੰ ਬਹੁਤ ਪਿਆਰ ਕਰਦੀਆਂ ਹਾਂ। ਸਰ, ਦੂਜੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਹੈ ਕਿ ਸਾਡੇ ਪ੍ਰਿੰਸੀਪਲ ਸਰ ਨੇ ਤੁਹਾਨੂੰ ਸਾਡੇ ਸਕੂਲ ਆਉਣ ਲਈ ਕਈ ਵਾਰੀ ਸੱਦਾ-ਪੱਤਰ ਭੇਜਿਆ ਹੈ ਪਰ ਤੁਸੀਂ ਹਰ ਵਾਰੀ ਲਾਰਾ ਲਾ ਦਿੰਦੇ ਹੋ। ਹੁਣ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਡੇ ਸਕੂਲ ਵਿੱਚ ਕਦੇ ਵੀ ਨਾ ਆਇਓ। ਪ੍ਰੰਤੂ ਅਸੀਂ ਸਾਰੀਆਂ ਵਿਦਿਆਰਥਣਾਂ ਤੁਹਾਡੀਆਂ ਰਚਨਾਵਾਂ ਨੂੰ ਵਾਰ-ਵਾਰ ਪੜ੍ਹਦੀਆਂ ਰਹਾਂਗੀਆਂ। ਉਨ੍ਹਾਂ ਨੂੰ ਪਿਆਰ ਕਰਦੀਆਂ ਰਹਾਂਗੀਆਂ। ਸਵੇਰ ਦੀ ਸਭਾ ਵਿੱਚ ਗਾਉਂਦੀਆਂ ਰਹਾਂਗੀਆਂ।”

“ਪੁੱਤਰ, ਤੁਸੀਂ ਆਪਣੇ ਪ੍ਰਿੰਸੀਪਲ ਸਾਹਿਬ ਨਾਲ ਮੇਰੀ ਗੱਲ ਕਰਵਾਓ।” ਪਾਤਰ ਸਾਹਿਬ ਨੇ ਕਿਹਾ।

ਮੇਰੇ ਵੱਲੋਂ “ਹੈਲੋ” ਕਹਿਣ ’ਤੇ ਉਨ੍ਹਾਂ ਮੈਨੂੰ ਪੁੱਛਿਆ, “ਪ੍ਰਿੰਸੀਪਲ ਸਾਹਿਬ, ਤੁਸੀਂ ਦੱਸੋ ਮੈਂ ਕਿਸ ਦਿਨ ਤੁਹਾਡੇ ਸਕੂਲ ਆਵਾਂ?”

ਮੈਂ ਉਨ੍ਹਾਂ ਨੂੰ ਤੁਰੰਤ ਕਿਹਾ, “ਜੀ, 17 ਦਸੰਬਰ ਠੀਕ ਰਹੇਗਾ।”

“ਠੀਕ ਹੈ! ਮੈਂ 17 ਦਸੰਬਰ ਨੂੰ ਸਵੇਰੇ ਨੌਂ ਵਜੇ ਤੁਹਾਡੇ ਸਕੂਲ ਪਹੁੰਚ ਜਾਵਾਂਗਾ। ਪਰ ਮੈਂ ਕੇਵਲ ਦੋ ਘੰਟਿਆਂ ਲਈ ਹੀ ਰੁਕਾਂਗਾ।” ਪਾਤਰ ਨੇ ਕਿਹਾ।

“ਜੀ ਬਿਹਤਰ ਹੈ।” ਮੈਂ ਕਿਹਾ।

ਉਸੇ ਦਿਨ ਮੈਂ ਸਟਾਫ ਮੀਟਿੰਗ ਕਰਕੇ ਸਾਰਾ ਪ੍ਰੋਗਰਾਮ ਉਲੀਕ ਲਿਆ। ਡਰਾਇੰਗ ਅਤੇ ਪੇਂਟਿੰਗਜ਼ ਵਿੱਚ ਮਾਹਿਰ ਵਿਦਿਆਰਥੀਆਂ ਨੇ ਪਾਤਰ ਦੀਆਂ ਲਿਖੀਆਂ ਨਜ਼ਮਾਂ ਅਤੇ ਗ਼ਜ਼ਲਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਚਾਰਟ ਉੱਤੇ ਪੇਸ਼ ਕਰ ਦਿੱਤਾ। ਬਹੁਤ ਸਾਰੀਆਂ ਵਿਦਿਆਰਥਣਾਂ ਨੇ ਨੈੱਟ ਤੋਂ ਪਾਤਰ ਦੀਆਂ ਤਸਵੀਰਾਂ ਲੈ ਕੇ ਪੇਂਟਿੰਗਜ਼ ਤਿਆਰ ਕਰ ਲਈਆਂ।

ਆਖ਼ਰ 17 ਦਸੰਬਰ ਨੂੰ ਡਾ. ਸੁਰਜੀਤ ਪਾਤਰ ਜੀ ਸਾਡੇ ਸਕੂਲ ਦੇ ਮੇਨ ਗੇਟ ’ਤੇ ਪਹੁੰਚ ਗਏ। ਐੱਨ.ਐੱਸ.ਐੱਸ. ਦੇ ਵਲੰਟੀਅਰਜ਼, ਜਮਾਤਾਂ ਦੇ ਮਾਨੀਟਰਜ਼, ਮੈਂ ਖ਼ੁਦ ਅਤੇ ਅਧਿਆਪਕਾਂ ਨੇ ਉਨ੍ਹਾਂ ਨੂੰ “ਜੀ ਆਇਆਂ ਨੂੰ” ਕਿਹਾ। ਸਕੂਲ ਦੇ ਅੰਦਰਲੇ ਗੇਟ ’ਤੇ ਪਾਤਰ ਸਾਹਿਬ ਦੀ ਐਂਟਰੀ ਰਜਿਸਟਰ ਵਿੱਚ ਪਾਈ ਗਈ। ਸਾਰਾ ਸਕੂਲ ਹੀ ‘ਪਾਤਰ’, ‘ਪਾਤਰ’ ਦੀਆਂ ਪੇਂਟਿੰਗਜ਼ ਨਾਲ ਭਰਿਆ ਪਿਆ ਸੀ। ਉਹ ਇਹ ਸਾਰਾ ਪ੍ਰਬੰਧ ਦੇਖ ਕੇ ਬਹੁਤ ਖ਼ੁਸ਼ ਹੋਏ। ਸਵੇਰੇ ਸਾਢੇ ਨੌਂ ਵਜੇ ਤੋਂ ਲੈ ਕੇ ਬਾਅਦ ਦੁਪਹਿਰ ਢਾਈ ਵਜੇ ਤਕ ਪਾਤਰ ਸਾਹਿਬ ਨੇ ਆਪਣੇ ਜੀਵਨ, ਰਚਨਾ ਪ੍ਰਕਿਰਿਆ, ਕਵਿਤਾ ਕਾਰਨ ਦੇਸ਼ ਵਿਦੇਸ਼ ਵਿੱਚ ਜਾਣ ਸੰਬੰਧੀ ਬਹੁਤ ਹੀ ਵਿਸਥਾਰ ਪੂਰਵਕ ਢੰਗ ਨਾਲ ਦੱਸਿਆ। ਉਨ੍ਹਾਂ ਬਹੁਤ ਸਾਰੀਆਂ ਗ਼ਜ਼ਲਾਂ, ਕਵਿਤਾਵਾਂ ਤਰੰਨਮ ਵਿੱਚ ਗਾ ਕੇ ਪੇਸ਼ ਕੀਤੀਆਂ। ਇਉਂ ਲਗਦਾ ਸੀ ਜਿਵੇਂ ਸਮਾਂ ਖਲ੍ਹੋ ਗਿਆ ਹੋਵੇ। ਉਹ ਢਾਈ ਵਜੇ ਤਕ ਆਪਣੀਆਂ ਰਚਨਾਵਾਂ ਨਾਲ ਵਿਦਿਆਰਥੀਆਂ, ਅਧਿਆਪਕਾਂ, ਪਿੰਡ ਦੇ ਪਤਵੰਤੇ ਸੱਜਣਾਂ ਅਤੇ ਹੋਰ ਸਰੋਤਿਆਂ ਨੂੰ ਸਰਸ਼ਾਰ ਕਰਦੇ ਰਹੇ।

ਡਾ. ਸੁਰਜੀਤ ਪਾਤਰ ਜੀ ਦਾ ਛਾਜਲੀ ਸਕੂਲ ਵਿੱਚ ਆਉਣਾ ਮੇਰੇ ਜੀਵਨ ਦੀ ਅਭੁੱਲ ਯਾਦ ਬਣ ਗਈ ਹੈ।

*   *   *

(ਰਿਟਾਇਰਡ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ (ਸੰਗਰੂਰ)।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Dr. Iqbal S Sakrodi

Dr. Iqbal S Sakrodi

Sangrur, Punjab, India.
WhatsApp: (91 - 84276 - 85020)

Email: (dr.iqbalsingh1962@gmail.com)

More articles from this author