“ਜਿਉਂ ਹੀ ਰੂਹਨ ਦੀ ਅਵਾਜ਼ ਮੇਰੇ ਕੰਨੀਂ ਪਈ, ਮੈਂ ਉਸੇ ਵੇਲੇ ...”
(11 ਅਗਸਤ 2026)
ਸ਼ਾਮ ਵੇਲੇ ਕਦੇ ਕਦੇ, ਪ੍ਰੰਤੂ ਛੁੱਟੀ ਵਾਲੇ ਦਿਨ ਹਮੇਸ਼ਾ ਹੀ ਸਾਡੇ ਗੁਆਂਢ ਵਿੱਚ ਰਹਿੰਦੇ ਗੁਰਪਾਲ ਸਿੰਘ ਸੰਧੂ ਦੀ ਚਾਰ ਕੁ ਸਾਲਾਂ ਦੀ ਧੀ ਰੂਹਨ ਸਾਡੇ ਘਰ ਆ ਜਾਂਦੀ ਸੀ। ਉਹਨੇ ਘਰ ਵਿੱਚ ਆ ਕੇ ਨੱਚਦੀ ਟੱਪਦੀ ਰਹਿਣਾ। ਮੈਨੂੰ ਘੋੜਾ ਬਣਾ ਕੇ ਮੇਰੇ ਉੱਪਰ ਬੈਠ ਕੇ ਸਵਾਰੀ ਕਰਨਾ। ਮੈਨੂੰ ਬਾਲਿੰਗ ਕਰਨ ਲਾ ਲੈਣਾ, ਆਪ ਉਹ ਬੈਟਿੰਗ ਕਰਦੀ। ਕਈ ਵਾਰੀ ਅਸੀਂ ਘਰ ਦੇ ਵਿਹੜੇ ਵਿੱਚ ਦੌੜ ਲਾਉਣੀ। ਜਦੋਂ ਅਸੀਂ ਥੱਕ ਜਾਣਾ, ਤਦ ਅਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਹੱਸਣਾ। ਜਦੋਂ ਉਹਦਾ ਦਿਲ ਕਰਦਾ, ਮੇਰੀ ਪਤਨੀ ਨੂੰ ਕਹਿ ਕੇ ਟੈਲੀਵਿਜ਼ਨ ’ਤੇ ਕਾਰਟੂਨ ਦੇਖਣ ਲੱਗ ਜਾਂਦੀ। ਕਦੇ-ਕਦੇ ਉਹਨੇ ਮੈਨੂੰ ਪੁੱਛਣਾ, “ਦਾਦਾ ਜੀ, ਤੁਸੀਂ ਕੀ ਲਿਖਦੇ ਰਹਿਨੇ ਓਂ? ਤੁਸੀਂ ਕਿਹੜੀ ਜਮਾਤ ਵਿੱਚ ਪੜ੍ਹਦੇ ਓਂ? ਥੋਡੇ ਪੇਪਰ ਕਦੋਂ ਹੋਣੇ ਐਂ?” ਉਹਦੇ ਇਹ ਭੋਲੇ ਭਾਲੇ ਸਵਾਲ ਸੁਣ ਮੈਂ ਹੱਸਣ ਲੱਗ ਪੈਂਦਾ। ਕਦੇ-ਕਦੇ ਉਹ ਸ਼ਾਮ ਨੂੰ ਰੋਟੀ ਖਾ ਕੇ ਸਾਡੇ ਨਾਲ ਹੀ ਰਜ਼ਾਈ ਵਿੱਚ ਸੌਂ ਜਾਂਦੀ। ਉਹਦੀ ਮੰਮੀ ਉਸ ਨੂੰ ਲੱਭਦਿਆਂ ਜਦੋਂ ਸਾਡੇ ਘਰ ਆਉਂਧੀ ਤਾਂ ਸੁੱਤੀ ਪਈ ਰੂਹਨ ਨੂੰ ਮੋਢੇ ਨਾਲ ਲਾ ਕੇ ਆਪਣੇ ਘਰ ਮੁੜ ਜਾਂਦੀ।
ਇੱਕ ਦਿਨ ਰੂਹਨ ਨੇ ਖੇਡਦੇ ਖੇਡਦੇ ਮੇਰੀ ਪਤਨੀ ਨੂੰ ਕਿਹਾ, “ਦਾਦੀ ਮੰਮਾ, ਮੈਂ ਤਾਂ ਜੂਸ ਪੀਆਂਗੀ।”
ਸਬੱਬ ਨਾਲ ਉਸ ਦਿਨ ਘਰ ਵਿੱਚ ਜੂਸ ਨਹੀਂ ਸੀ। ਪਤਨੀ ਨੇ ਇੱਕ ਗਿਲਾਸ ਵਿੱਚ ਕੋਲਡ ਡਰਿੰਕ ਪਾਇਆ ਤੇ ਰੂਹਨ ਨੂੰ ਗਿਲਾਸ ਫੜਾਉਂਦਿਆਂ ਕਿਹਾ, “ਬੇਟਾ, ਜੂਸ ਤਾਂ ਘਰ ਵਿੱਚ ਨਹੀਂ ਹੈ। ਅੱਜ ਤੂੰ ਕੋਲਡ ਡਰਿੰਕ ਹੀ ਪੀ ਲੈ। ਕੱਲ੍ਹ ਨੂੰ ਮੈਂ ਤੇਰੇ ਦਾਦੇ ਜੀ ਕੋਲੋਂ ਰੀਅਲ ਦਾ ਜੂਸ ਮੰਗਵਾ ਕੇ ਰੱਖਾਂਗੀ। ਫਿਰ ਤੂੰ ਜੂਸ ਪੀ ਲਵੀਂ।”
ਰੂਹਨ ਬਹੁਤ ਹੀ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦੀ, “ਦਾਦਾ ਜੀ ਕਿਹੜਾ ਕਿਤੇ ਬਾਹਰ ਗਏ ਨੇ, ਘਰ ਵਿੱਚ ਈ ਨੇ। ਹੁਣੇ ਮੰਗਾਅ ਲੋ ਦਾਦਾ ਜੀ ਤੋਂ ਜੂਸ।”
ਜਿਉਂ ਹੀ ਰੂਹਨ ਦੀ ਅਵਾਜ਼ ਮੇਰੇ ਕੰਨੀਂ ਪਈ, ਮੈਂ ਉਸੇ ਵੇਲੇ ਸਕੂਟਰ ਸਟਾਰਟ ਕੀਤਾ ਅਤੇ ਗਲੀ ਦੇ ਮੋੜ ’ਤੇ ਮੀਆਂ ਜੀ ਦੀ ਹੱਟੀ ਤੋਂ ਜੂਸ ਲੈਣ ਲਈ ਚੱਲ ਪਿਆ। ਜੂਸ ਲੈ ਕੇ ਘਰ ਮੁੜਦਿਆਂ ਮੈਂ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਇਹ ਬੱਚੀ ਸਾਨੂੰ ਕਿੰਨਾ ਪਿਆਰ ਕਰਦੀ ਹੈ, ਸਾਡੇ ’ਤੇ ਕਿੰਨਾ ਹੱਕ ਸਮਝਦੀ ਹੈ। ਕਾਸ਼! ਮੋਹ ਦੀ ਇਹ ਤੰਦ ਹਮੇਸ਼ਾ ਇਸੇ ਤਰ੍ਹਾਂ ਜੁੜੀ ਰਹੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































