“ਉਦੋਂ ਮੈਂ ਡਾਕਟਰ ਦੀ ਗੱਲ ਸੁਣ ਕੇ ਇੱਕ ਵਾਰੀ ਤਾਂ ਚੁੱਪ ਕਰ ਗਿਆ ਤੇ ਫਿਰ ਮੈਂ ...”
(17 ਜੂਨ 2026)
ਪ੍ਰਕਿਰਤੀ ਦਾ ਇਹ ਨਿਯਮ ਹੈ ਕਿ ਨਰ ਅਤੇ ਮਦੀਨ ਦੇ ਸੱਤ ਅਤੇ ਰਸ ਦੇ ਸੰਯੋਗ ਨਾਲ ਹੀ ਨਵੀਂ ਸਿਰਜਣਾ ਹੁੰਦੀ ਹੈ। ਬਕੌਲ ਪੰਜਾਬੀ ਸ਼ਾਇਰ-‘ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ ਬਿੰਦੂ ਹਾਂ, ਮੈਂ ਕੀ ਹਾਂ? ਜੇ ਮੈਂ ਆਖਾਂ ਕਿ ਮੈਂ ਕੁਝ ਹਾਂ, ਕਥਨ ਮੇਰੇ ਗੁਨਾਹ ਬਣਦੇ।’ ਸਮਾਜ ਦੇ ਵੱਡੇ ਵਡੇਰਿਆਂ ਅਤੇ ਸੂਝਵਾਨ ਪਤਵੰਤਿਆਂ ਨੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਕਾਮ-ਇੱਛਾ ਦੇ ਤੂਫਾਨੀ ਵੇਗ ਦੀ ਪੂਰਤੀ ਲਈ ਉਨ੍ਹਾਂ ਦੀ ਊਰਜਾ ਨੂੰ ਸਹੀ ਸੇਧ ਦੇਣ ਲਈ ਅਤੇ ਸੋਹਣੇ ਸੱਭਿਅਕ ਸਮਾਜ ਦੀ ਸਿਰਜਣਾ ਕਰਨ ਲਈ ਵਿਆਹ ਪ੍ਰਬੰਧ ਦੀ ਰੀਤ ਚਲਾਈ, ਜਿਸਦੀ ਬਦੌਲਤ ਇਹ ਸਾਰਾ ਸਮਾਜਿਕ ਪ੍ਰਬੰਧ ਸੁਚੱਜੇ, ਉਸਾਰੂ ਅਤੇ ਸਿਹਤਮੰਦ ਢੰਗ ਨਾਲ ਉੱਸਰ ਸਕਿਆ ਹੈ। ਹਰੇਕ ਬੱਚਾ ਮਾਂ ਦੇ ਗਰਭ ਵਿੱਚੋਂ ਜਨਮ ਲੈਣ ਉਪਰੰਤ ਆਪਣੀ ਮਾਂ ਦੀ ਗੋਦ ਵਿੱਚ ਹੀ ਸਭ ਤੋਂ ਪਹਿਲਾਂ ਅੱਖਾਂ ਖੋਲ੍ਹਦਾ ਹੈ। ਪ੍ਰੰਤੂ ਉਹ ਆਪਣਾ ਪਹਿਲਾ ਕਦਮ ਪਿਤਾ ਦੀ ਉਂਗਲ ਫੜ ਕੇ ਚੱਲਣਾ ਸਿੱਖਦਾ ਹੈ। ਮਾਂ ਜੇਕਰ ਬੱਚੇ ਨੂੰ ਅੰਮ੍ਰਿਤ ਰੂਪੀ ਦੁੱਧ ਚੁੰਘਾਉਂਦੀ ਹੈ, ਬਹੁਤ ਹੀ ਸੁਚੱਜੇ ਢੰਗ ਨਾਲ ਉਸਦੀ ਸਾਫ-ਸਫਾਈ ਕਰਦੀ ਹੈ, ਉਸ ਨੂੰ ਲੋਰੀਆਂ ਦੇ ਕੇ ਆਪਣੇ ਮਹਾਨ ਵਿਰਸੇ ਨਾਲ ਜੋੜਦੀ ਹੈ, ਬੱਚੇ ਲਈ ਸਾਫ ਸੁਥਰੇ ਪੌਸ਼ਟਿਕ ਭੋਜਨ ਦਾ ਪ੍ਰਬੰਧ ਕਰਦੀ ਹੈ, ਉਸ ਨੂੰ ਚੰਗੇ ਸੰਸਕਾਰ ਦਿੰਦੀ ਹੈ ਤਾਂ ਪਿਤਾ ਉਸ ਨੂੰ ਸਵੈਵਿਸ਼ਵਾਸੀ, ਸਵੈਨਿਰਭਰ ਹੋਣ ਅਤੇ ਇਮਾਨਦਾਰੀ ਨਾਲ ਕਾਮਯਾਬੀ ਦੇ ਮਾਰਗ ’ਤੇ ਰਵਾਂ-ਰਵੀਂ ਚੱਲਣਾ ਸਿਖਾਉਂਦਾ ਹੈ। ਜਿੱਥੇ ਮਾਂ ਦਾ ਸੁਭਾਅ ਬਹੁਤ ਨਿੱਘਾ, ਪਿਆਰਾ ਅਤੇ ਮੋਹ ਭਰਿਆ ਹੁੰਦਾ ਹੈ, ਉੱਥੇ ਪਿਤਾ ਨੂੰ ਆਮ ਤੌਰ ’ਤੇ ਬਹੁਤ ਸਖਤ ਸੁਭਾਅ ਵਾਲਾ ਮੰਨਿਆ ਜਾਂਦਾ ਹੈ। ਇਸਦਾ ਇੱਕੋ ਇੱਕ ਕਾਰਨ ਇਹ ਹੈ ਕਿ ਉਹ ਆਪਣੇ ਪੁੱਤਰ, ਧੀ ਨੂੰ ਕਾਮਯਾਬੀ ਦੀਆਂ ਉੱਚੀਆਂ ਬੁਲੰਦੀਆਂ ’ਤੇ ਦੇਖਣਾ ਚਾਹੁੰਦਾ ਹੈ। ਪ੍ਰੰਤੂ ਉਸਦੇ ਸਖਤ ਸੁਭਾਅ ਦੇ ਪਿੱਛੇ ਵੀ ਉਸਦੇ ਧੀ ਪੁੱਤ ਲਈ ਮੋਹ, ਮੁਹੱਬਤ, ਪਿਆਰ ਅਤੇ ਆਪਣੇਪਨ ਦਾ ਅਹਿਸਾਸ ਹਮੇਸ਼ਾ ਟਿਕਿਆ ਹੁੰਦਾ ਹੈ। ਪਰਿਵਾਰ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਫੈਮਲੀ (Family) ਕਿਹਾ ਜਾਂਦਾ ਹੈ। ਫੈਮਲੀ ਵਿੱਚ ਫਾਦਰ (Father) ਅਤੇ ਮਦਰ (Mother) ਦੇ ਪਹਿਲੇ-ਪਹਿਲੇ ਅੱਖਰ ਐੱਫ ਅਤੇ ਐੱਮ ਆਉਂਦੇ ਹਨ। ਇਸ ਲਈ ਫਾਦਰ ਅਤੇ ਮਦਰ ਦੇ ਸੰਯੋਗ ਨਾਲ ਬੱਚਿਆਂ ਦਾ ਜਨਮ ਹੁੰਦਾ ਹੈ। ਇਸ ਪ੍ਰਕਾਰ ਹੀ ਫੈਮਲੀ ਸੰਪੂਰਨ ਹੁੰਦੀ ਹੈ।
ਅਮਰੀਕਾ ਦੀ ਸੋਨੇਰਾ ਡੋਡ ਬਹੁਤ ਛੋਟੀ ਉਮਰ ਦੀ ਸੀ ਜਦੋਂ ਉਸਦੀ ਮਾਂ ਦੀ ਮੌਤ ਹੋ ਗਈ ਸੀ। ਤਦ ਉਸਦੇ ਪਿਤਾ ਵਿਲੀਅਮ ਸਮਰਾਟ ਨੇ ਉਸ ਨੂੰ ਮਾਂ ਅਤੇ ਪਿਤਾ ਦਾ ਪਿਆਰ ਦੇ ਕੇ ਪਾਲਿਆ। ਪਿਤਾ ਨੇ ਆਪਣੀ ਧੀ ਨੂੰ ਮਾਂ ਦੀ ਕਮੀ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤੀ। ਇੱਕ ਦਿਨ ਅਚਾਨਕ ਸੋਨੇਰਾ ਦੇ ਮਨ ਵਿੱਚ ਆਇਆ ਕਿ ਜਿਸ ਪ੍ਰਕਾਰ ਉਸਦੇ ਪਿਆਰੇ ਪਾਪਾ ਨੇ ਉਸਦਾ ਪਾਲਣ ਪੋਸਣ ਕਰਨ ਲਈ ਇੰਨਾ ਵੱਡਾ ਤਿਆਗ ਕੀਤਾ ਹੈ, ਉਸ ਨੂੰ ਆਪਣੇ ਪਾਪਾ ਲਈ ਵੀ ਕੁਝ ਵਿਸ਼ੇਸ਼ ਕਰਨਾ ਚਾਹੀਦਾ ਹੈ। ਇਸ ਲਈ ਸੰਸਾਰ ਪੱਧਰ ਉੱਤੇ ਇੱਕ ਦਿਨ ਪਿਤਾ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਣਾ ਉਸਦੇ ਮਨ ਦਾ ਹੀ ਫੁਰਨਾ ਸੀ। ਉਸਨੇ ਆਪਣੇ ਤੌਰ ’ਤੇ ਪਹਿਲੀ ਵਾਰੀ 19 ਜੂਨ, 1910 ਈ. ਨੂੰ ਪਿਤਾ ਦਿਵਸ ਮਨਾਇਆ।
ਵਰਜੀਨੀਆ ਦੇ ਮੋਨੋਗਾਹ ਦੀ ਇੱਕ ਖਾਨ ਵਿੱਚ ਹੋਈ ਮੰਦਭਾਗੀ ਦੁਰਘਟਨਾ ਵਿੱਚ 350 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ 210 ਵਿਅਕਤੀ ਇੱਕ ਜਾਂ ਇੱਕ ਤੋਂ ਵੱਧ ਬੱਚਿਆਂ ਦੇ ਪਿਤਾ ਸਨ। ਇਸ ਲਈ ਉਨ੍ਹਾਂ 210 (ਪਿਤਾ) ਵਿਅਕਤੀਆਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸ਼੍ਰੀਮਤੀ ਗਰੇਸ ਗੋਲਡਨ ਕਲੇਟਨ ਨੇ ਇਸ ਦਿਨ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ। 1966 ਈ. ਵਿੱਚ ਅਮਰੀਕਾ ਦੇ ਰਾਸ਼ਟਰਪਤੀ ਲਿੰਡਨ ਜਾਹਨਸਨ ਨੇ ਜੂਨ ਮਹੀਨੇ ਦੇ ਹਰੇਕ ਤੀਜੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ। ਹੁਣ ਪੂਰੇ ਵਿਸ਼ਵ ਵਿੱਚ ਪਿਤਾ ਸੰਸਾਰ ਦਿਵਸ (World Father Day) ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਪਿਤਾ ਦਿਵਸ ਦੇ ਮੌਕੇ ’ਤੇ ਪੁੱਤਰ ਆਪਣੇ ਪਿਤਾ ਨੂੰ ਵਧੀਆ ਗਿਫਟ ਭੇਟ ਕਰਦੇ ਹਨ। ਬਹੁਤ ਸਾਰੇ ਪੁੱਤਰ ਆਪਣੇ ਪਿਤਾ ਨੂੰ ਲਾਲ ਗੁਲਾਬ ਦਾ ਫੁੱਲ ਭੇਟ ਕਰਦੇ ਹਨ। ਪ੍ਰੰਤੂ ਜਿਨ੍ਹਾਂ ਦੇ ਪਿਤਾ ਇਸ ਸੰਸਾਰ ਤੋਂ ਚਲੇ ਗਏ ਹਨ, ਉਨ੍ਹਾਂ ਦੇ ਪੁੱਤਰਾਂ ਵੱਲੋਂ ਪਿਤਾ ਦੀ ਯਾਦਗਾਰ ਉੱਤੇ ਚਿੱਟੇ ਗੁਲਾਬ ਦੇ ਫੁੱਲ ਭੇਟ ਕੀਤੇ ਜਾਂਦੇ ਹਨ।
ਮੈਂ ਇਹ ਗੱਲ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਦਾ ਹਾਂ ਕਿ ਅੱਜ ਮੈਂ ਜੋ ਕੁਝ ਵੀ ਹਾਂ, ਉਸ ਵਿੱਚ ਮੇਰੀ ਪਿਆਰੀ ਮਾਤਾ ਮਹਿੰਦਰ ਕੌਰ ਅਤੇ ਪਾਪਾ ਸ. ਅਜੀਤ ਸਿੰਘ ਜੀ ਦੀ ਸਖਤ ਮਿਹਨਤ, ਸਿਰੜ, ਸਿਦਕ, ਤਿਆਗ ਦੀ ਬਦੌਲਤ ਹਾਂ। ਜਿੱਥੇ ਮੇਰੇ ਖਾਣ ਪੀਣ, ਪਹਿਨਣ ਪੱਚਰਣ ਦਾ ਪੂਰਾ ਧਿਆਨ ਮੇਰੇ ਬੀਜੀ ਰੱਖਦੇ ਸਨ, ਉੱਥੇ ਮੇਰੇ ਪਾਪਾ ਜੀ ਮੇਰੀ ਪੜ੍ਹਨ ਦੀ ਲੰਮੀ ਬੈਠਕ ਬਣਾਉਣ ਲਈ ਰਾਤ-ਰਾਤ ਭਰ ਮੇਰੇ ਕੋਲ ਬੈਠਦੇ ਸਨ। ਜੇਕਰ ਸਿਆਲਾਂ ਦੀਆਂ ਯੱਖ ਠੰਢੀਆਂ ਰਾਤਾਂ ਵਿੱਚ ਮੈਨੂੰ ਕਦੇ ਬਹੁਤ ਜ਼ਿਆਦਾ ਨੀਂਦ ਆਉਣੀ ਤਾਂ ਪਾਪਾ ਆਖਦੇ, “ਪੁੱਤਰ, ਉੱਠ ਕੇ ਠੰਢੇ ਪਾਣੀ ਨਾਲ ਮੂੰਹ ਧੋ ਆਉ। ਨੀਂਦ ਦੂਰ ਨੱਸ ਜਾਏਗੀ।”
ਮੈਂ ਰਾਤੀਂ ਅੱਠ ਵਜੇ ਪੜ੍ਹਨ ਲਈ ਬੈਠਦਾ ਸਾਂ। ਅਕਸਰ ਪੜ੍ਹਦੇ-ਪੜ੍ਹਦੇ ਸਵੇਰ ਦੇ ਚਾਰ ਵੱਜ ਜਾਂਦੇ ਸਨ। ਉਸ ਸਮੇਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਅਵਾਜ਼ ਕੰਨੀਂ ਪੈਂਦੀ ਸੀ। ਉਸ ਸਮੇਂ ਗਰਮ ਦੁੱਧ ਦਾ ਗਿਲਾਸ ਪੀ ਕੇ ਮੈਂ ਤਾਂ ਸੌਂ ਜਾਂਦਾ ਸਾਂ। ਪ੍ਰੰਤੂ ਪਾਪਾ ਜੀ ਇਸ਼ਨਾਨ-ਪਾਣੀ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੇ ਜਾਂਦੇ ਸਨ। ਘਰ ਆ ਕੇ ਉਹ ਆਪਣੇ ਸਾਇਕਲ ’ਤੇ ਡਿਊਟੀ ਲਈ ਚਲੇ ਜਾਂਦੇ ਸਨ। ਮੇਰੇ ਪਾਪਾ ਜੀ ਦਾ ਮੇਰੀ ਪੜ੍ਹਾਈ ਲਈ ਹਰ ਰੋਜ਼ ਆਪਣੀ ਨੀਂਦ ਦਾ ਤਿਆਗ ਕਰਨਾ ਮੇਰੇ ਲਈ ਬਹੁਤ ਵੱਡੀ ਕੁਰਬਾਨੀ ਸੀ।
ਮੈਂ ਆਪਣੇ ਪਾਪਾ ਨੂੰ ਜ਼ਿੰਦਗੀ ਵਿੱਚ ਕਦੇ ਵੀ ਬਿਮਾਰ ਹੋਇਆ ਨਹੀਂ ਦੇਖਿਆ। ਹਾਂ, ਉਹ ਆਪਣੇ ਜੀਵਨ ਦੇ ਅੰਤਿਮ ਚਾਲੀ ਦਿਨ ਜ਼ਰੂਰ ਬਿਮਾਰੀ ਨਾਲ ਜੂਝਦੇ ਰਹੇ। ਇਹ ਉਹੀ ਚਾਲੀ ਦਿਨ ਸਨ, ਜਦੋਂ ਪਾਪਾ ਦੀ ਕਿਡਨੀ ਅਤੇ ਗੁਰਦਿਆਂ ਨੇ ਕੰਮ ਕਰਨਾ ਘੱਟ ਕਰ ਦਿੱਤਾ ਸੀ। ਪਾਪਾ ਹਸਪਤਾਲ ਵਿੱਚ ਦਾਖਲ ਸਨ। ਸਵੇਰ ਵੇਲੇ ਮੈਂ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਬਰੱਸ਼ ਕਰਵਾਉਂਦਾ। ਉਨ੍ਹਾਂ ਦੇ ਮੂੰਹ ਵਿੱਚ ਉਂਗਲ ਪਾ ਕੇ ਦੰਦਾਂ ਅਤੇ ਮਸੂੜਿਆਂ ਦੀ ਮਾਲਿਸ਼ ਕਰਦਾ। ਉਨ੍ਹਾਂ ਦਾ ਚਿਹਰਾ ਧੋ ਦਿੰਦਾ। ਉਨ੍ਹਾਂ ਨੂੰ ਕੋਸਾ ਪਾਣੀ ਪਿਲਾ ਦਿੰਦਾ। ਚਾਹ ਨਾਲ ਬਿਸਕੁਟ ਖੁਆ ਦਿੰਦਾ।
ਪਾਪਾ ਨੂੰ ਜਦੋਂ ਵੀ ਪਿਸ਼ਾਬ ਦੀ ਹਾਜਤ ਹੁੰਦੀ ਸੀ, ਤਦ ਉਨ੍ਹਾਂ ਨੂੰ ਪਤਾ ਨਹੀਂ ਸੀ ਲਗਦਾ। ਇਸ ਲਈ ਉਨ੍ਹਾਂ ਦਾ ਪਿਸ਼ਾਬ ਕਛਹਿਰੇ ਵਿੱਚ ਹੀ ਨਿਕਲ ਜਾਂਦਾ ਸੀ। ਮੈਂ ਤੁਰੰਤ ਉਨ੍ਹਾਂ ਦਾ ਕਛਹਿਰਾ ਉਤਾਰ ਕੇ ਗਿੱਲੇ ਤੌਲੀਏ ਨਾਲ ਉਨ੍ਹਾਂ ਦੀ ਸਾਫ-ਸਫਾਈ ਕਰ ਦਿੰਦਾ। ਉਨ੍ਹਾਂ ਨੂੰ ਧੋਤਾ ਹੋਇਆ ਸਾਫ ਕਛਹਿਰਾ ਪਹਿਨਾ ਦਿੰਦਾ ਸਾਂ। ਮੈਨੂੰ ਇਸ ਤਰ੍ਹਾਂ ਪਾਪਾ ਦੀ ਦੇਖਭਾਲ ਕਰਦਿਆਂ ਦੇਖ ਹਸਪਤਾਲ ਦੇ ਡਾਕਟਰ ਨੇ ਇੱਕ ਵਾਰ ਕਿਹਾ, “ਮੈਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਬਜ਼ੁਰਗਾਂ ਦੀ ਸਾਂਭ-ਸੰਭਾਲ ਹੁੰਦੀ ਵੇਖੀ ਹੈ ਪ੍ਰੰਤੂ ਜਿਸ ਪ੍ਰਕਾਰ ਤੁਸੀਂ ਆਪਣੇ ਪਾਪਾ ਦੀ ਸੇਵਾ ਕਰ ਰਹੇ ਹੋ, ਇਹ ਪਹਿਲੀ ਵਾਰੀ ਦੇਖਿਆ ਹੈ।”
ਉਦੋਂ ਮੈਂ ਡਾਕਟਰ ਦੀ ਗੱਲ ਸੁਣ ਕੇ ਇੱਕ ਵਾਰੀ ਤਾਂ ਚੁੱਪ ਕਰ ਗਿਆ ਤੇ ਫਿਰ ਮੈਂ ਹੌਲੀ ਜਿਹੀ ਆਖਿਆ, “ਸਰ, ਇਹ ਤਾਂ ਕੁਝ ਵੀ ਨਹੀਂ ਹੈ। ਪਰ ਮੇਰੇ ਪਾਪਾ ਨੇ ਮੈਨੂੰ ਪੈਰਾਂ ’ਤੇ ਖੜ੍ਹਾ ਕਰਨ ਲਈ ਆਪਣੀਆਂ ਕਿੰਨੀਆਂ ਰਾਤਾਂ ਦੀ ਨੀਂਦ ਮੇਰੇ ਤੋਂ ਕੁਰਬਾਨ ਕੀਤੀ ਹੈ, ਉਹ ਮੈਂ ਹੀ ਜਾਣਦਾ ਹਾਂ।”
ਪ੍ਰੰਤੂ ਅੱਜ ਦੇ ਇਸ ਪਦਾਰਥਵਾਦੀ ਯੁਗ ਵਿੱਚ ਕੁਝ ਮਾਪਿਆਂ ਨਾਲ ਜਿਸ ਤਰ੍ਹਾਂ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ, ਇਹ ਦੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਭਾਵੇਂ ਸਾਰੇ ਤਾਂ ਨਹੀਂ, ਪਰ ਅੱਜ ਬਹੁਤੇ ਪੁੱਤਰ ਇੰਨੇ ਸਵਾਰਥੀ, ਮਤਲਬਪ੍ਰਸਤ, ਅਹਿਸਾਨ ਫਰਾਮੋਸ਼, ਅਕ੍ਰਿਤਘਣ, ਅਸੰਵੇਦਨਸ਼ੀਲ ਹੋ ਚੁੱਕੇ ਹਨ ਕਿ ਉਹ ਆਪਣੇ ਮਾਂ ਪਿਉ ਨੂੰ ਰੁਲਣ ਲਈ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹਨ। ਅਜਿਹਾ ਕਰਦਿਆਂ ਉਹ ਇਹ ਗੱਲ ਬਿਲਕੁਲ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਮਾਂ-ਪਿਉ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦਾ ਆਪਣੀ ਸਮਰੱਥਾ ਤੋਂ ਵਧ ਕੇ ਪਾਲਣ ਪੋਸਣ ਕੀਤਾ ਹੈ। ਉਨ੍ਹਾਂ ਨੂੰ ਪੜ੍ਹਾਇਆ ਲਿਖਾਇਆ ਹੈ। ਉਨ੍ਹਾਂ ਨੂੰ ਪੈਰਾਂ ’ਤੇ ਖਲੋਣ ਜੋਗਾ ਕਰਨ ਲਈ ਆਪਣੇ ਜੀਵਨ ਦੀ ਸਾਰੀ ਪੂੰਜੀ, ਜਾਇਦਾਦ ਉਨ੍ਹਾਂ ਤੋਂ ਵਾਰ ਦਿੱਤੀ ਹੈ।
ਜਦੋਂ ਧੀ/ਪੁੱਤਰ ਬਚਪਨ ਵਿੱਚ ਸੀ, ਉਨ੍ਹਾਂ ਨੂੰ ਮਾਂ-ਪਿਉ ਦੇ ਸਹਾਰੇ ਦੀ ਲੋੜ ਸੀ, ਤਦ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਹੱਥੀਂ ਛਾਂਵਾਂ ਕਰਦੇ ਰਹੇ। ਹੁਣ ਜਦੋਂ ਮਾਂ-ਪਿਉ ਬੁਢਾਪੇ ਵਿੱਚ ਆ ਗਏ ਹਨ, ਤਦ ਉਨ੍ਹਾਂ ਦੀ ਵੀ ਉਸੇ ਢੰਗ ਨਾਲ ਸਾਂਭ-ਸੰਭਾਲ ਕਰਨ ਦੀ ਲੋੜ ਹੈ, ਜਿਵੇਂ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਅਜੇ ਵੀ ਵੇਲਾ ਹੈ ਕਿ ਜਿਹੜੇ ਪੁੱਤਰਾਂ ਨੇ ਆਪਣੇ ਮਾਂ-ਪਿਉ ਨੂੰ ਘਰੋਂ ਕੱਢਿਆ ਹੋਇਆ ਹੈ, ਕਿਸੇ ਬਿਰਧ ਆਸ਼ਰਮ ਵਿੱਚ ਛੱਡਿਆ ਹੋਇਆ ਹੈ, ਜਾਂ ਉਹ ਆਪਣੀ ਵਿਆਹੀ ਵਰੀ ਧੀ ਜੁਆਈ ਕੋਲ ਰਹਿਣ ਲਈ ਮਜਬੂਰ ਕੀਤੇ ਗਏ ਹਨ ਤਾਂ ਸਮਾਂ ਰਹਿੰਦਿਆਂ ਉਨ੍ਹਾਂ ਨੂੰ ਇੱਜ਼ਤ, ਪਿਆਰ, ਮਾਣ, ਸਤਿਕਾਰ ਸਹਿਤ ਉਨ੍ਹਾਂ ਦੇ ਆਪਣੇ ਘਰ, ਪੋਤੇ-ਪੋਤੀਆਂ ਕੋਲ ਲੈ ਆਉਣ। ਨਹੀਂ ਤਾਂ ਜਦੋਂ ਸਮਾਂ ਲੰਘ ਗਿਆ ਤਾਂ ਕੁਝ ਵੀ ਪੱਲੇ ਨਹੀਂ ਪੈਣਾ। ਇੱਥੇ ਡਾ. ਸੁਰਜੀਤ ਪਾਤਰ ਦੀਆਂ ਲਿਖੀਆਂ ਸਤਰਾਂ ਬੜੀਆਂ ਢੁਕਵੀਆਂ ਅਤੇ ਸਾਰਥਕ ਜਾਪਦੀਆਂ ਹਨ- “ਮਾਤਾ ਪਿਤਾ ਨੂੰ ਸੀਨੇ ਲਾ ਕੇ ਠੰਢ ਪਾਉਣ ਦਾ, ਜਿਸ ਦਿਨ ਆਇਆ ਚੇਤਾ। ਉਸ ਦਿਨ ਤਕ ਉਹ ਬਣ ਚੁੱਕੇ ਸਨ, ਅਗਨੀ, ਪੌਣ, ਪਾਣੀ ਤੇ ਰੇਤਾ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































