“ਸਮਾਜ ਦੀ ਇਹ ਸਥਿਤੀ ਅਚਾਨਕ ਨਹੀਂ ਬਣੀ, ਸਗੋਂ ਅਜਿਹਾ ਕਰਨ ਲਈ ...”
(15 ਜੁਲਾਈ 2026)
ਇੱਕ ਸਮਾਂ ਸੀ ਜਦੋਂ ਸਮਾਜ ਵਿੱਚ ਇਹ ਧਾਰਨਾ ਸਥਾਪਤ ਹੋ ਗਈ ਸੀ ਕਿ ਪੜ੍ਹਨ ਲਿਖਣ ਨਾਲ ਮਨੁੱਖ ਵਿੱਚ ਚੇਤਨਾ ਆਉਂਦੀ ਹੈ। ਉਹ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਮਸਲਿਆਂ ਨੂੰ ਵਧੇਰੇ ਡੁੰਘਾਈ ਨਾਲ ਸਮਝਣ ਦੇ ਸਮਰੱਥ ਹੋ ਜਾਂਦਾ ਹੈ। ਉਹ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਨ-ਸਧਾਰਨ ਨੂੰ ਯੋਗ ਅਗਵਾਈ ਅਤੇ ਸੇਧ ਦੇਣ ਦੇ ਉਪਰਾਲੇ ਕਰਦਾ ਹੈ। ਸਮਾਜ ਵਿੱਚ ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਸਥਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਪ੍ਰੰਤੂ ਪਿਛਲੇ ਤਿੰਨ ਚਾਰ ਕੁ ਦਹਾਕਿਆਂ ਤੋਂ ਵਿਸ਼ਵੀਕਰਨ ਅਤੇ ਪੂੰਜੀਵਾਦ ਦੇ ਵਧਦੇ ਰੁਝਾਨ ਕਾਰਨ ਸੰਸਾਰ ਭਰ ਵਿੱਚ ਅਜਿਹੀਆਂ ਤਬਦੀਲੀਆਂ ਵਾਪਰੀਆਂ ਹਨ ਕਿ ਸੰਸਾਰ ਦੇ ਪਚੰਨਵੇਂ ਪ੍ਰਤੀਸ਼ਤ ਆਰਥਿਕ ਸਾਧਨਾਂ ’ਤੇ ਉਨ੍ਹਾਂ ਧਨ ਕੁਬੇਰਾਂ ਨੇ ਕਬਜ਼ਾ ਕਰ ਲਿਆ ਹੈ, ਜਿਨ੍ਹਾਂ ਦਾ ਇੱਕੋ ਇੱਕ ਮਕਸਦ ਵਧੇਰੇ ਦੌਲਤ ਕਮਾ ਕੇ ਇਸ ਦੌਲਤ ’ਤੇ ਕੁੰਡਲੀ ਮਾਰ ਕੇ ਬੈਠਣਾ ਹੈ। ਇਸ ਤਰ੍ਹਾਂ ਦੀ ਸਥਿਤੀ ਨੇ ਸਾਰੇ ਸਮਾਜਿਕ ਪ੍ਰਬੰਧ ਨੂੰ ਬਦਲ ਕੇ ਰੱਖ ਦਿੱਤਾ ਹੈ। ਹੁਣ ਮਨੁੱਖ ਕੇਵਲ ਪਦਾਰਥਵਾਦੀ ਸੋਚ ਦਾ ਧਾਰਨੀ ਹੋ ਗਿਆ ਹੈ, ਦੇਸ਼ ਪਿਆਰ, ਕੌਮ ਪਿਆਰ, ਪ੍ਰਕਿਰਤੀ ਪਿਆਰ, ਪਸ਼ੂ ਪੰਛੀਆਂ ਨਾਲ ਪਿਆਰ, ਮਨੁੱਖਤਾ ਨਾਲ ਪਿਆਰ ਉਹ ਬਹੁਤ ਪਿਛਾਂਹ ਛੱਡ ਆਇਆ ਹੈ। ਹੁਣ ਉਸ ਨੂੰ ਕੇਵਲ ਨਿੱਜੀ ਹਿਤ ਹੀ ਪਿਆਰੇ ਹਨ। ਅੱਜ ਦੀ ਸਥਿਤੀ ਇਹ ਹੋ ਗਈ ਹੈ ਕਿ ਬੇਸ਼ਕ ਕੋਈ ਵਧੇਰੇ ਪੜ੍ਹਿਆ ਲਿਖਿਆ ਹੈ, ਘੱਟ ਪੜ੍ਹਿਆ ਹੋਇਆ ਹੈ, ਅੱਧ-ਪੜ੍ਹਿਆ ਹੈ ਜਾਂ ਬਿਲਕੁਲ ਅੱਖਰਾਂ ਤੋਂ ਕੋਰਾ ਹੈ, ਉਹ ਵਧੇਰੇ ਤੇਜ਼ ਤਰਾਰ, ਚਲਾਕ, ਸਵਾਰਥੀ, ਮੌਕਾਪ੍ਰਸਤ, ਅਕ੍ਰਿਤਘਣ, ਅਹਿਸਾਨ ਫਰਾਮੋਸ਼, ਸੰਵੇਦਨਹੀਣ ਹੋ ਚੁੱਕਾ ਹੈ।
ਹੁਣ ਸਮਾਜਿਕ ਰਿਸ਼ਤਿਆਂ ਵਿੱਚੋਂ ਮੋਹ-ਤੇਹ, ਸਾਕਾਦਾਰੀ, ਆਪਸੀ ਭਾਈਚਾਰਕ ਸਾਂਝ ਲਗਭਗ ਖਤਮ ਹੋ ਚੁੱਕੀ ਹੈ। ਭਰਾ ਭਰਾ ਦੇ ਖੂਨ ਦਾ ਪਿਆਸਾ ਹੋ ਗਿਆ ਹੈ। ਭੈਣਾਂ, ਭੈਣਾਂ ਦੀ ਆਪਸ ਵਿੱਚ ਨਹੀਂ ਬਣਦੀ। ਪੁੱਤ, ਕਪੁੱਤ ਹੋ ਰਹੇ ਹਨ। ਜਿਹੜੇ ਪੁੱਤਰਾਂ ਨੂੰ ਮਾਂਵਾਂ ਨੇ ਨੌਂ ਮਹੀਨੇ ਆਪਣੀ ਖੂਨ ਨਾਲ ਸਿੰਝ ਕੇ ਜੀਵਨ ਦਿੱਤਾ ਹੁੰਦਾ ਹੈ, ਉਨ੍ਹਾਂ ਪੁੱਤਾਂ ਵਿਆਹ ਤੋਂ ਬਾਅਦ ਆਪਣੀ ਮਾਂ ਨੂੰ ਨੌਂ ਮਹੀਨਿਆਂ ਲਈ ਆਪਣੇ ਘਰ ਵਿੱਚ ਆਦਰ ਮਾਣ ਅਤੇ ਸਤਿਕਾਰ ਨਾਲ ਰੱਖਣਾ ਉਨ੍ਹਾਂ ਲਈ ਦੁੱਭਰ ਹੋ ਗਿਆ ਹੈ। ਮਾਂ ਪਿਓ ਬਿਰਧ ਆਸ਼ਰਮਾਂ ਵਿੱਚ ਰੁਲ ਰਹੇ ਹਨ, ਪੁੱਤਰ ਅਤੇ ਨੂੰਹਾਂ ਹੋਟਲਾਂ ਵਿੱਚ ਮਹਿੰਗੇ ਪਕਵਾਨ ਛਕਦੇ ਹਨ।
ਕੋਈ ਸਮਾਂ ਸੀ ਜਦੋਂ ਚਾਚੇ, ਤਾਏ, ਮਾਮੇ, ਮਾਸੀ, ਭੂਆ ਦੀ ਧੀ ਨੂੰ ਵੀ ਸਕੀ ਭੈਣ ਵਾਂਗ ਮਾਣ ਅਤੇ ਆਦਰ ਸਤਿਕਾਰ ਦਿੱਤਾ ਜਾਂਦਾ ਸੀ। ਪ੍ਰੰਤੂ ਹੁਣ ਇਨ੍ਹਾਂ ਰਿਸ਼ਤਿਆਂ ਵਿੱਚ ਫਿੱਕ ਪੈ ਚੁੱਕਾ ਹੈ। ਪਾਕ ਪਵਿੱਤਰਤਾ ਕਿਧਰੇ ਖੰਭ ਲਾ ਕੇ ਉਡ ਚੁੱਕੀ ਹੈ। ਹੁਣ ਤਾਂ ਪਤੀ ਪਤਨੀ ਦੇ ਪਿਆਰੇ ਰਿਸ਼ਤੇ ਵਿੱਚੋਂ ਪਿਆਰ, ਸਤਿਕਾਰ ਕਿਧਰੇ ਉਡ ਪੁਡ ਗਿਆ ਹੈ। ਬਹੁਤੇ ਜੋੜੇ ਘਰੋਂ ਬਾਹਰ ਉਸਾਰੇ ਅਨੈਤਿਕ ਸੰਬੰਧਾਂ ਵਿੱਚੋਂ ਹੀ ਖੁਸ਼ੀ ਦੀ ਭਾਲ ਵਿੱਚ ਭਟਕਦੇ ਫਿਰਦੇ ਹਨ।
ਦੋਸਤੀ ਜਿਹੇ ਪਿਆਰੇ ਰਿਸ਼ਤੇ ਵਿੱਚੋਂ ਵੀ ਨਿੱਘ, ਪਿਆਰ, ਹਿਤ, ਆਪਣਾਪਨ ਕਿਤੇ-ਕਿਤੇ ਹੀ ਬਾਕੀ ਰਹਿ ਗਿਆ ਹੈ। ਹੁਣ ਹਰ ਰਿਸ਼ਤੇ ਦੀ ਮਿਆਦ ਆਰਥਿਕ ਅਧਾਰ ’ਤੇ ਆਣ ਟਿਕੀ ਹੈ। ਜੇਕਰ ਕਿਸੇ ਦੀ ਆਰਥਿਕਤਾ ਮਜ਼ਬੂਤ ਹੈ ਤਾਂ ਦੂਰੋਂ ਪਾਰੋਂ ਵੀ ਰਿਸ਼ਤੇਦਾਰੀਆਂ ਅਤੇ ਸਾਂਝ-ਸਕੀਰੀਆਂ ਕੱਢ ਕੇ ਮੋਹ, ਮੁਹੱਬਤ, ਪਿਆਰ ਅਤੇ ਆਪਣਾਪਨ ਜਿਤਾਇਆ ਜਾਂਦਾ ਹੈ। ਪ੍ਰੰਤੂ ਜੇਕਰ ਸਥਿਤੀ ਇਸਦੇ ਉਲਟ ਹੈ ਤਾਂ ਸਕੇ ਸੰਬੰਧੀ ਵੀ ਪਾਸਾ ਵੱਟ ਰਹੇ ਹਨ।
ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਮੋਬਾਇਲ ਫ਼ੋਨ ਦੀ ਜਕੜ ਵਿੱਚ ਫਸ ਚੁੱਕੀ ਹੈ। ਹੁਣ ਉਨ੍ਹਾਂ ਨੂੰ ਉੱਠਦੇ ਬੈਠਦੇ, ਸੌਂਦੇ ਜਾਗਦੇ, ਖਾਂਦੇ ਪੀਂਦੇ ਸਮੇਂ ਕੇਵਲ ਮੋਬਾਇਲ ਫ਼ੋਨ ਹੀ ਦਿਖਾਈ ਦਿੰਦਾ ਹੈ। ਵਟਸਐਪ, ਇੰਸਟਾਗ੍ਰਾਮ, ਯੂ ਟਿਊਬ ਉੱਤੇ ਲੱਚਰਤਾ ਦੀ ਅਜਿਹੀ ਖੇਡ ਖੇਡੀ ਜਾ ਰਹੀ ਹੈ ਕਿ ਔਰਤ-ਮਰਦ ਸੰਬੰਧ ਵੀ ਉਸ ਸਾਹਮਣੇ ਫਿੱਕੇ ਪੈ ਗਏ ਹਨ। ਨੌਜਵਾਨ ਪੀੜ੍ਹੀ ਦੇ ਮੁੰਡੇ ਕੁੜੀਆਂ ਨੇ ਫੇਸਬੁੱਕ ’ਤੇ ਤਾਂ ਸੈਂਕੜੇ ਦੋਸਤ ਬਣਾਏ ਹੋਏ ਹਨ ਪ੍ਰੰਤੂ ਉਨ੍ਹਾਂ ਵਿੱਚੋਂ ਨੇਕ, ਉਸਾਰੂ, ਸੁਚੱਜੀ ਸੇਧ ਅਤੇ ਅਗਵਾਈ ਕਰਨ ਵਾਲਾ ਦੋਸਤ ਇੱਕ ਵੀ ਨਹੀਂ ਹੈ। ਹਰ ਰੋਜ਼ ਨਵੇਂ ਫੇਸਬੁੱਕ ਫ੍ਰੈਂਡ ਬਣਾਏ ਜਾ ਰਹੇ ਹਨ, ਪੁਰਾਣਿਆਂ ਨੂੰ ਬਲੌਕ ਕੀਤਾ ਜਾ ਰਿਹਾ ਹੈ। ਹੁਣ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਰੋਜ਼ਾਨਾ ਪੜ੍ਹਨ ਲਈ ਜਾਂਦੇ ਕੁੱਲ ਵਿਦਿਆਰਥੀਆਂ ਵਿੱਚੋਂ ਕੇਵਲ ਦਸ ਫੀਸਦੀ ਹੀ ਪੜ੍ਹਾਈ ਕਰਨ ਜਾਂਦੇ ਹਨ, ਬਹੁਤੇ ਤਾਂ ਕੇਵਲ ਤਫਰੀਹ ਲਈ, ਘੁੰਮਣ ਫਿਰਨ ਲਈ, ਆਪਣੀਆਂ ਦੋਸਤੀਆਂ ਪਾਲਣ ਲਈ, ਤਥਾ ਕਥਿਤ ਮੁਹੱਬਤ ਕਰਨ ਲਈ ਜਾਂ ਫਿਰ ਸ਼ੁਗਲ ਕਰਨ ਲਈ ਜਾਂਦੇ ਹਨ।
ਕਿਹਾ ਜਾਂਦਾ ਹੈ ਕਿ ਪੁਸਤਕਾਂ ਪੜ੍ਹਨ ਵਾਲੇ ਇਨਸਾਨ ਆਪਣੀ ਇੱਕ ਜ਼ਿੰਦਗੀ ਵਿੱਚ ਕਈ ਜ਼ਿੰਦਗੀਆਂ ਜੀਅ ਲੈਂਦੇ ਹਨ, ਕਿਉਂ ਜੋ ਜਿਹੜੀ ਪੁਸਤਕ ਕਿਸੇ ਲੇਖਕ ਨੇ ਇੱਕ ਸਾਲ ਦੀ ਮਿਹਨਤ ਉਪਰੰਤ ਲਿਖੀ ਹੁੰਦੀ ਹੈ, ਉਸ ਨੂੰ ਚਾਰ ਪੰਜ ਘੰਟਿਆਂ ਵਿੱਚ ਪੜ੍ਹ ਕੇ ਅਨੰਦ ਪ੍ਰਾਪਤੀ ਕਰ ਲੈਂਦੇ ਹਨ, ਚੰਗੇਰੀ ਜੀਵਨ ਜਾਚ ਸਿੱਖ ਲੈਂਦੇ ਹਾਂ। ਪ੍ਰੰਤੂ ਹੁਣ ਕੇਵਲ ਕੁਝ ਗਿਣਤੀ ਦੇ ਵਿਦਿਆਰਥੀ, ਅਧਿਆਪਕ ਹੀ ਪੁਸਤਕਾਂ ਦੀ ਸੰਗਤ ਮਾਣਨ ਲਈ ਲਾਇਬਰੇਰੀ ਜਾਂਦੇ ਹਨ, ਉੱਥੋਂ ਦੇ ਰੈਫਰੈਂਸ ਸੈਕਸ਼ਨ ਦੇਖਦੇ ਹਨ, ਪੁਸਤਕਾਂ ਲੈ ਕੇ ਪੜ੍ਹਦੇ ਹਨ। ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚੋਂ ਵੱਡੀ ਗਿਣਤੀ ਉਨ੍ਹਾਂ ਵਿਦਿਆਰਥੀਆਂ ਦੀ ਹੈ, ਜਿਹੜੇ ਪੰਜਾਬੀ, ਹਿੰਦੀ, ਅੰਗਰੇਜ਼ੀ ਸਾਹਿਤ ਤੋਂ ਬਿਲਕੁਲ ਕੋਰੇ ਹਨ। ਅੱਜ ਦੇ ਵਿਦਿਆਰਥੀਆਂ ਨੂੰ ਫਾਸਟ ਫੂਡ, ਪੀਜ਼ਾ, ਬਰਗਰ, ਨਿਊਡਲਜ਼, ਮੋਮੋ ਆਦਿ ਵਧੇਰੇ ਪਸੰਦ ਹਨ। ਉਹ ਬਰੈਂਡਡ ਜੀਨਾਂ, ਟੀ ਸ਼ਰਟਾਂ, ਜੁੱਤੇ ਪਹਿਨਣਾ ਪਸੰਦ ਕਰਦੇ ਹਨ, ਭਾਵੇਂ ਉਨ੍ਹਾਂ ਦਾ ਪਿਉ ਦਿਹਾੜੀ ਦੱਪਾ ਹੀ ਕਿਉਂ ਨਾ ਕਰਦਾ ਹੋਵੇ।
ਸਮਾਜ ਦੀ ਇਹ ਸਥਿਤੀ ਅਚਾਨਕ ਨਹੀਂ ਬਣੀ, ਸਗੋਂ ਅਜਿਹਾ ਕਰਨ ਲਈ ਬਹੁਰਾਸ਼ਟਰੀ ਕੰਪਨੀਆਂ, ਗਿਣਤੀ ਦੇ ਕੁਝ ਧਨ ਕੁਬੇਰਾਂ ਅਤੇ ਵੱਡੇ ਰਾਠਾਂ ਵੱਲੋਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਬਣਾਈ ਯੋਜਨਾ ਦਾ ਪ੍ਰਤੀਫਲ ਹੈ। ਵੱਖ-ਵੱਖ ਕੰਪਨੀਆਂ ਵੱਲੋਂ ਬਣਾਏ ਜਾ ਰਹੇ ਮੋਬਾਇਲ ਫ਼ੋਨ ਵੀ ਨਵੀਂ ਪੀੜ੍ਹੀ ਨੂੰ ਭਟਕਾਉਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਵੱਖ-ਵੱਖ ਕੰਪਨੀਆਂ ਵੱਲੋਂ ਬਹੁਤ ਹੀ ਸਸਤੇ ਭਾਅ ’ਤੇ ਇੰਟਰਨੈੱਟ ਦਿੱਤਾ ਜਾ ਰਿਹਾ ਹੈ। ਇਹ ਸਭ ਕੁਝ ਨਵੀਂ ਪੀੜ੍ਹੀ ਦੀ ਸੋਚ ਨੂੰ ਖੁੰਢਾ ਕਰਨ ਦੀ ਬੜੀ ਸੋਚੀ ਸਮਝੀ ਚਾਲ ਹੈ।
ਖਤਰਨਾਕ ਹੱਦ ਤਕ ਮੋਬਾਇਲ ਫ਼ੋਨ ਦੇ ਵਧਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਸਕੂਲੀ ਬੱਚਿਆਂ ਲਈ ਮੋਬਾਇਲ ਫ਼ੋਨ ਵਰਤਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਸਾਡੇ ਦੇਸ਼ ਦੀਆਂ ਸਰਕਾਰਾਂ, ਸਵੈਸੇਵੀ ਸੰਗਠਨਾਂ ਦੇ ਆਗੂਆਂ, ਹੋਰ ਸਮਾਜ ਸ਼ਾਸਤਰੀਆਂ ਅਤੇ ਸਿੱਖਿਆ ਨਾਲ ਜੁੜੇ ਲੋਕਾਂ ਨੂੰ ਇਸ ਪਾਸੇ ਲੋੜੀਂਦਾ ਧਿਆਨ ਦੇ ਕੇ ਕੋਈ ਸਖਤ ਫੈਸਲੇ ਲਾਗੂ ਕਰਨ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)






















































































































