“ ... ਨਾਲੇ ਮਾਂ, ਧੀਆਂ ਧਿਆਣੀਆਂ ਨੇ ਕਿਹੜਾ ਕਿਸੇ ਦਾ ਘਰ ਚੁੱਕ ਕੇ ਲੈ ਜਾਣਾ ਹੁੰਦੈ ...”
(27 ਅਗਸਤ 2026)
“ਮਾਂ ਜੀ, ਕੱਲ੍ਹ ਨੂੰ ਰੱਖੜੀ ਦੇ ਤਿਉਹਾਰ ’ਤੇ ਮੇਰੇ ਭਾਅ ਜੀ ਅਤੇ ਵੱਡੇ ਭੈਣ ਜੀ ਆ ਰਹੇ ਨੇ। ਮੈਂ ਖਾਣ ਪੀਣ ਦਾ ਸਾਰਾ ਪ੍ਰਬੰਧ ਤਾਂ ਘਰ ਵਿੱਚ ਹੀ ਕਰ ਲੈਣਾ ਹੈ ਪਰ ਭੈਣ ਜੀ ਦੇ ਪਸੰਦ ਦੇ ਦੋ ਵਧੀਆ ਜਿਹੇ ਸੂਟ ਅਸੀਂ ਬਜ਼ਾਰ ਜਾ ਕੇ ਲੈ ਆਉਨੇ ਆਂ।” ਰਣਜੀਤ ਨੇ ਫ਼ੋਨ ਬੰਦ ਕਰਦਿਆਂ ਬਹੁਤ ਹੀ ਖੁਸ਼ੀ ਅਤੇ ਹੁਲਾਸ ਭਰੇ ਲਹਿਜੇ ਵਿੱਚ ਆਪਣੀ ਸੱਸ ਨੂੰ ਕਿਹਾ।
ਬਚਨ ਕੌਰ ਨੂੰ ਲੱਗਿਆ ਕਿ ਉਸਦੀ ਨੂੰਹ ਦੀ ਵੱਡੀ ਭੈਣ ਤੇ ਉਹਦਾ ਜੀਜਾ ਆ ਰਹੇ ਨੇ। ਉਹ ਇੱਕਦਮ ਅੱਗ ਦੇ ਭਬੂਕੇ ਵਾਂਗ ਭੜਕੀ ਤੇ ਗੁੱਸੇ ਵਿੱਚ ਬੋਲੀ, “ਲੈ, ਉਨ੍ਹਾਂ ਨੇ ਇੱਥੇ ਆ ਕੇ ਕੀ ਟਿੰਡੀਆਂ ਲੈਣੀਐਂ। ਜਿਸਦਾ ਜੀਅ ਕਰਦੈ, ਮੂੰਹ ਚੱਕੀ ਤੁਰਿਆ ਆਉਂਦੈ ਇੱਧਰ ਨੂੰ। ਸੁੱਖੀ ਸਾਂਦੀ ਤਿੱਥ ਤਿਉਹਾਰ ਨੂੰ ਵੀ ਕੋਈ ਕਿਸੇ ਦੇ ਘਰ ਜਾਂਦਾ ਹੁੰਦੈ?”
ਸੱਸ ਦੇ ਬੋਲ ਸੁਣ ਕੇ ਨੂੰਹ ਨੂੰ ਇੱਕਦਮ ਸਮਝ ਆ ਗਈ ਸੀ ਕਿ ਉਹਦੀ ਸੱਸ ਤਾਂ ਇਹ ਸਮਝ ਬੈਠੀ ਐ ਕਿ ਨੂੰਹ ਦੀ ਵੱਡੀ ਭੈਣ ਅਤੇ ਜੀਜਾ ਆ ਰਿਹਾ ਹਨ। ਪਹਿਲਾਂ ਤਾਂ ਉਸਦੇ ਮਨ ਵਿੱਚ ਆਇਆ ਕਿ ਸੱਸ ਨੂੰ ਸਾਫ-ਸਾਫ ਦੱਸ ਦੇਵੇ, ਮਾਂ ਮੁਹਾਲੀ ਵਿਆਹੀ ਤੁਹਾਡੀ ਧੀ ਤੁਹਾਡੇ ਪੁੱਤ ਨੂੰ ਰੱਖੜੀ ਬੰਨ੍ਹਣ ਆ ਰਹੀ ਐ। ਪ੍ਰੰਤੂ ਇੱਕਦਮ ਉਸਨੇ ਆਪਣੇ ਮਨ ਵਿੱਚ ਕੁਝ ਸੋਚਿਆ। ਤੇ ਮਨ ਹੀ ਮਨ ਵਿੱਚ ਮੁਸਕਰਾਈ। ਉਸਨੇ ਸ਼ੁਗਲ ਕਰਨ ਦੀ ਠਾਣ ਲਈ ਸੀ। ਉਸਨੇ ਸੱਸ ਨੂੰ ਸੁਣਾਉਣ ਦੇ ਬਹਾਨੇ ਆਪਣੇ ਘਰਵਾਲੇ ਨੂੰ ਫ਼ੋਨ ਮਿਲਾ ਲਿਆ ਤੇ ਉੱਚੀ ਅਵਾਜ਼ ਵਿੱਚ ਬੋਲੀ, “ਹਾਂ ਜੀ, ਸਰਦਾਰਾ ਸਿੰਘ ਜੀ, ਹੁਣੇ-ਹੁਣੇ ਵੱਡੇ ਭੈਣ ਜੀ ਦਾ ਫ਼ੋਨ ਆਇਐ। ਉਹ ਆਪਣੇ ਕੋਲ ਕੱਲ੍ਹ ਸਵੇਰੇ ਆ ਰਹੇ ਐ। ਤੁਸੀਂ ਕਾਹਲੀ ਨਾਲ ਕ੍ਰਿਸ਼ਨ ਦੀ ਡੈਰੀ ਤੋਂ ਸੱਤ ਲੀਟਰ ਦੁੱਧ ਲੈ ਆਉ। ਭੈਣ ਜੀ ਨੂੰ ਇੱਕ ਤਾਂ ਠੰਢੀ ਖੀਰ ਬਹੁਤ ਪਸੰਦ ਆ, ਨਾਲ ਹੀ ਮੈਂ ਆਈਸ ਕਰੀਮ ਤਿਆਰ ਕਰਕੇ ਰੈਫਰੀਜਰੇਟਰ ਵਿੱਚ ਲਾ ਦਿਆਂਗੀ। ਤੁਸੀਂ ਬਹੁਤੀ ਦੇਰ ਨਾ ਕਰਿਓ ਹੁਣ। ਸੱਤ ਕੁ ਵਜੇ ਫਿਰ ਆਪਾਂ ਭੈਣ ਜੀ ਲਈ ਸੋਹਣੇ-ਸੋਹਣੇ ਦੋ ਸੂਟ ਵੀ ਲੈ ਕੇ ਆਉਣੇ ਐਂ।” ਇੱਧਰੋਂ ਉਸਨੇ ਫ਼ੋਨ ਬੰਦ ਕੀਤਾ। ਉੱਧਰੋਂ ਸੱਸ ਨੇ ਨੂੰਹ ਵੱਲ ਤਿਰਛਾ ਜਿਹਾ ਵੇਂਹਦਿਆਂ ਇੱਕ ਲੰਮੀ ਹੂੰਘਰ ਮਾਰੀ, “ਹੂੰ... ਊਂ। ਕਰ ਲੈ ਬਹੂ ਤੂੰ ਆਪਣੇ ਮਨ ਦੀਆਂ। ਸਿੱਧਾ ਸਾਦਾ ਘਰ ਆਲਾ ਜੋ ਟੱਕਰਿਐ ਤੈਨੂੰ। ਤੂੰ ਜੇ ਦਿਨ ਨੂੰ ਰਾਤ ਕਹਿਨੀਂ ਐਂ ਤਾਂ ਉਹ ਵਿਚਾਰਾ ਰਾਤ ਕਹਿ ਦਿੰਦੈ। ਪਤਾ ਨਹੀਂ ਭਾਈ, ਕੀ ਸਿਰ ਵਿੱਚ ਘੋਲ ਕੇ ਪਾਇਐ ਤੂੰ?”
ਸੱਸ ਦੀਆਂ ਕਰਾਰੀਆਂ ਜਿਹੀਆਂ ਸੁਣ ਕੇ ਰਣਜੀਤ ਮੁਸਕਰਾਈ ਤੇ ਰਸੋਈ ਵਿੱਚ ਚਲੀ ਗਈ। ਦੋ ਕੁ ਮਿੰਟ ਬਾਅਦ ਇੱਕ ਥਾਲ ਵਿੱਚ ਚੌਲ ਪਾ ਕੇ ਇੱਕ ਗੀਤ ਦੇ ਬੋਲ, “ਕੋਠੇ ’ਤੇ ਕਾਂ ਬੋਲੇ, ਚਿੱਠੀ ਮੇਰੇ ਮਾਹੀਏ ਦੀ, ਵਿੱਚ ਮੇਰਾ ਨਾਂ ਬੋਲੇ” ਗੁਣਗੁਣਾਉਂਦੀ ਹੋਈ ਸੱਸ ਕੋਲੇ ਆ ਗਈ। ਉਸਨੇ ਚੌਲਾਂ ਵਾਲਾ ਥਾਲ ਸੱਸ ਅੱਗੇ ਕੀਤਾ ਤੇ ਕਹਿੰਦੀ, “ਮਾਂ ਜੀ, ਦੇਖਿਓ ਭਲਾ, ਖੀਰ ਲਈ ਇੰਨੇ ਕੁ ਚੌਲ ਠੀਕ ਰਹਿਣਗੇ?”
ਸੱਸ ਵੀ ਸਭ ਸਮਝਦੀ ਸੀ। ਉਹਨੂੰ ਪਤਾ ਸੀ ਕਿ ਉਹਦੀ ਨੂੰਹ ਜਾਣ ਬੁੱਝ ਕੇ ਉਹ ਨੂੰ ਤੰਗ ਕਰ ਰਹੀ ਐ। ਗੁੱਸਾ ਤਾਂ ਉਹਨੂੰ ਪਹਿਲਾਂ ਹੀ ਬਥੇਰਾ ਚੜ੍ਹਿਆ ਹੋਇਆ ਸੀ, ਉਹ ਪਹਿਲਾਂ ਹੀ ਤਪੀ ਪਈ ਸੀ, ਉਹ ਹੋਰ ਦੁਖੀ ਹੋ ਕੇ ਬੋਲੀ, “ਬੱਸ-ਬੱਸ, ਰਹਿਣ ਦੇ ਇਹ ਖੇਖਣ। ਸਭ ਜਾਣਦੀ ਆਂ ਮੈਂ ਤੈਨੂੰ, ਵੱਡੀ ਚਲਾਕੋ ਨੂੰ। ਆਉਣ ਆਲਾ ਈ ਐ, ਜੀਹਨੂੰ ਹੁਣੇ ਫੂਨ ਖੜਕਾਇਐ। ਉਸੇ ਨੂੰ ਪੁੱਛ ਲੀਂ। ਅੱਗੇ ਵੀ ਤਾਂ ਦੋਏ ਜੀਅ ਰਸੋਈ ਵਿੱਚ ਵੜ ਕੇ ਪਤਾ ਨਹੀਂ ਕਿਹੜੇ ਗੁਰਮਤੇ ਪੜ੍ਹਦੇ ਰਹਿਨੇਂ ਓਂ?”
ਸੱਸ ਦੀਆਂ ਸਲਬਾਤਾਂ ਸੁਣ ਉਸਨੇ ਮਸਾਂ-ਮਸਾਂ ਆਪਣੇ ਹਾਸੇ ਨੂੰ ਰੋਕਿਆ। ਉਸਨੇ ਸੱਸ ਦੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਹੱਸਦਿਆਂ ਕਿਹਾ, “ਮਾਂ ਜੀ, ਉਹ ਤਾਂ ਸਰਦਾਰਾ ਸਿੰਘ ਜੀ ... ਨਾ ਸੱਚ ਥੋਡੇ ਪੁੱਤ ਜੀ, ਗਰਮ-ਗਰਮ ਰੋਟੀ ਖਾ ਕੇ ਬਲਾਈਂ ਖੁਸ਼ ਹੁੰਦੇ ਐ। ਮੈਨੂੰ ਵੀ ਬੜਾ ਚੰਗਾ ਲੱਗਦੈ, ਜਦੋਂ ਉਹ ਕੋਲ ਬੈਹ ਕੇ ਰੋਟੀ ਖਾਂਦੇ ਐ। ਬੱਸ ਇਸੇ ਕਰਕੇ ਉਹ ਰਸੋਈ ਵਿੱਚ ਮੇਰੇ ਕੋਲ ਬਹਿ ਕੇ ਗਰਮ-ਗਰਮ ਰੋਟੀ ਖਾ ਲੈਂਦੇ ਐ।”
ਉਸੇ ਵੇਲੇ ਸਰਦਾਰਾ ਸਿੰਘ ਦੁੱਧ ਦੀ ਢੋਲੀ ਲੈ ਕੇ ਅੰਦਰ ਆ ਵੜਿਆ। ਉਸਨੇ ਵਹੁਟੀ ਨੂੰ ਦੁੱਧ ਦੀ ਢੋਲੀ ਫੜਾਈ ਤੇ ਫਿਰ ਮਾਂ ਨੂੰ ਪੁੱਛਿਆ, “ਮਾਂ ਜੀ! ਕੀ ਗੱਲ ਐ? ਥੋਡਾ ਚਿੱਤ ਤਾਂ ਰਾਜ਼ੀ ਐ? ਥੋਡਾ ਤਾਂ ਚਿਹਰਾ ਉੱਤਰਿਆ ਪਿਆ ਹੈ!”
“ਭਾਈ, ਸਾਡੇ ਉੱਤਰੇ ਚੜ੍ਹੇ ਚਿਹਰੇ ਦੀ ਕਿਸ ਨੂੰ ਪ੍ਰਵਾਹ ਐ? ਬਹੂ ਨੇ ਤੈਨੂੰ ਮੁੱਠੀ ਵਿੱਚ ਕੀਤਾ ਹੋਇਆ ਹੈ। ਤਿੰਨ ਕਰੇ, ਤੇਰਾਂ ਕਰੇ! ਤੂੰ ਕਦੇ ਟੋਕਿਐ ਉਹਨੂੰ?” ਭਰੀ ਪੀਤੀ ਮਾਂ ਨੇ ਸਾਰਾ ਗੁੱਭ ਗੁਭਾਟ ਕੱਢ ਦਿੱਤਾ।
ਸਰਦਾਰਾ ਸਿੰਘ ਨੇ ਮਾਂ ਨੂੰ ਗਲ ਨਾਲ ਲਾਇਆ ਤੇ ਬੋਲਿਆ, “ਉਹ ਹੋ! ਮਾਂ ਜੀ! ਤੁਸੀਂ ਵੀ ਪਤਾ ਨਹੀਂ ਕਦੇ-ਕਦੇ ਕਿਹੜੀਆਂ ਗੱਲਾਂ ਲੈ ਬਹਿੰਦੇ ਓ। ਤੁਹਾਡੀ ਨੂੰਹ ਦਾ ਤਾਂ ਸਾਰਾ ਦਿਨ ‘ਮੇਰੇ ਮਾਂ ਜੀ, ਮੇਰੇ ਮਾਂ ਜੀ’ ਕਰਦੀ ਦਾ ਮੂੰਹ ਸੁੱਕਦੈ। ਮੁਹਾਲੀ ਤੋਂ ਵੱਡੇ ਭੈਣ ਜੀ ਅਤੇ ਜੀਜਾ ਜੀ ਦੇ ਆਉਣ ’ਤੇ ਉਹਨੂੰ ਚਾਅ ਚੜ੍ਹ ਜਾਂਦਾ ਹੈ। ਹੋਰ ਦੱਸੋ, ਕੀ ਚਾਹੀਦੈ ਆਪਾਂ ਨੂੰ? ਚਲੋ, ਇੱਦਾਂ ਕਰਦਾਂ, ਨਾਲੇ ਥੋਡਾ ਚਿੱਤ ਰਾਜ਼ੀ ਹੋ ਜੂਗਾ, ਮੈਂ ਥੋਡੀ ਵੱਡੇ ਭੈਣ ਜੀ ਨਾਲ ਫ਼ੋਨ ’ਤੇ ਗੱਲ ਕਰਵਾਉਂਦਾ ਹਾਂ।”
ਇੰਨੀ ਗੱਲ ਕਹਿ ਕੇ ਸਰਦਾਰਾ ਸਿੰਘ ਨੇ ਮੁਹਾਲੀ ਰਹਿੰਦੀ ਵੱਡੀ ਭੈਣ ਇੰਦਰਪ੍ਰੀਤ ਨੂੰ ਫ਼ੋਨ ਲਾ ਲਿਆ। ਜਿਉਂ ਹੀ ਭੈਣ ਨੇ “ਹੈਲੋ” ਕਿਹਾ ਤਾਂ ਉਸਨੇ ਭੈਣ ਨੂੰ ਸਤਿਕਾਰ ਦਿੰਦਿਆਂ ਕਿਹਾ, “ਪੈਰੀਂ ਪੈਨਾਂ ਭੈਣ। ਹੋਰ ਸੁਣਾਓ! ਜੀਜਾ ਜੀ ਤੇ ਮੇਰੇ ਭਾਣਜੇ ਭਾਣਜੀ ਦਾ ਕੀ ਹਾਲ ਐ?”
“ਬੱਸ ਵੀਰ, ਗੁਰੂ ਦੀ ਕਿਰਪਾ ਨਾਲ ਸਭ ਰਾਜ਼ੀ ਖੁਸ਼ੀ ਆਂ। ਹੋਰ ਮੇਰੀ ਭਾਬੋ ਰਾਣੀ ਕੀ ਕਰੀ ਜਾਂਦੀ ਐ? ਮਾਂ ਦੀ ਸਿਹਤ ਕਿਵੇਂ ਐਂ?”
“ਭੈਣੇ, ਥੋਡੇ ਵੱਡਿਆਂ ਦੇ ਅਸ਼ੀਰਵਾਦ ਸਦਕਾ ਸਭ ਰਾਜ਼ੀ ਬਾਜ਼ੀ ਆਂ। ਚੜ੍ਹਦੀ ਕਲਾ ਵਿੱਚ ਆਂ। ਆਹ ਲਓ, ਮਾਂ ਜੀ ਨਾਲ ਕਰੋ ਗੱਲ।” ਸਰਦਾਰਾ ਸਿੰਘ ਨੇ ਫ਼ੋਨ ਮਾਂ ਦੇ ਕੰਨ ਨਾਲ ਲਾ ਦਿੱਤਾ।
ਮਾਂ ਨੇ ਉੱਚੀ-ਉੱਚੀ ਦੋ ਵਾਰ “ਹੈ... ਲੋ..., ਹੈ... ਲੋ” ਕਿਹਾ।
“ਸਤਿ ਸ਼੍ਰੀ ਅਕਾਲ ਮਾਂ। ਹੋਰ ਸੁਣਾਓ! ਤੁਹਾਡੀ ਸਿਹਤ ਕਿਵੇਂ ਰਹਿੰਦੀ ਐ? ਮੇਰੀ ਭਾਬੋ ਰਾਣੀ ਦਾ ਕੀ ਹਾਲ ਐ?”
ਮਾਂ ਨੇ ਹਲਕੀ ਜਿਹੀ ਖਾਂਸੀ ਕਰਕੇ ਗਲਾ ਸਾਫ ਕੀਤਾ ਤੇ ਬੋਲੀ, “ਹਾਂ ਧੀਏ, ਸਿਹਤ ਤਾਂ ਮੇਰੀ ਚੰਗੀ ਭਲੀ ਐ। ਸੁੱਖ ਨਾਲ ਬੈਠੀ ਬਿਠਾਈ ਨੂੰ ਤਿੰਨੋਂ ਡੰਗ ਤੱਤੀ ਰੋਟੀ ਮਿਲਦੀ ਐ। ਹੋਰ ਫਲ ਫਰੂਟ ਵੀ ਆਪਣੇ ਘਰ ਵਿੱਚ ਵਾਧੂ ਹੁੰਦੈ। ਤੂੰ ਦੱਸ, ਪ੍ਰਾਹੁਣਾ, ਜੁਆਕ ਸਭ ਰਾਜ਼ੀ ਬਾਜ਼ੀ ਨੇ? ਧੀਏ! ਕੱਲ੍ਹ ਨੂੰ ਸੁੱਖ ਨਾਲ ਰੱਖੜੀ ਦਾ ਤਿਉਹਾਰ ਐ! ਤੂੰ ਆ ਜਾਂਦੀ ਕੱਲ੍ਹ ਨੂੰ। ... ਨਾ ਅੰਮ੍ਰਿਤਸਰ ਕਿਹੜਾ ਦੂਰ ਐ?”
ਮਾਂ ਦੀਆਂ ਗੱਲਾਂ ਸੁਣ ਕੇ ਉਹ ਬੋਲੀ, “ਮਾਂ, ਅੰਮ੍ਰਿਤਸਰ ਜੇ ਦੂਰ ਨਹੀਂ ਤਾਂ ਮੁਹਾਲੀ ਤੋਂ ਬਹੁਤਾ ਨੇੜੇ ਵੀ ਨਹੀਂ ਹੈ। ਘਰਾਂ ਦੇ ਕੰਮ ਕਾਜ ਹੀ ਇੰਨੇ ਹੁੰਦੇ ਆ। ਘਰਾਂ ਵਿੱਚੋਂ ਨਿੱਕਲਿਆ ਕਿਹੜਾ ਜਾਂਦਾ ਹੈ? ਪਹਿਲਾਂ ਤਾਂ ਮੇਰਾ ਆਉਣ ਦਾ ਕੋਈ ਇਰਾਦਾ ਈ ਨਹੀਂ ਸੀ। ਇਸੇ ਕਰਕੇ ਮੈਂ ਰੱਖੜੀਆਂ ਡਾਕ ਰਾਹੀਂ ਭੇਜ ਦਿੱਤੀਆਂ ਸਨ। ਪਰ ਆਹ ਘੰਟਾ ਕੁ ਪਹਿਲਾਂ ਮੇਰੀ ਪਿਆਰੀ ਭਾਬੋ ਰਾਣੀ ਦਾ ਫ਼ੋਨ ਆਇਆ ਸੀ। ਉਹਨੇ ਪੂਰਾ ਜ਼ੋਰ ਦੇ ਕੇ ਮੈਨੂੰ ਅੰਮ੍ਰਿਤਸਰ ਆ ਕੇ ਵੀਰ ਨੂੰ ਰੱਖੜੀ ਬੰਨ੍ਹਣ ਲਈ ਕਿਹੈ। ਕੱਲ੍ਹ ਨੂੰ ਅਸੀਂ ਮੁਹਾਲੀ ਤੋਂ ਸਵਖਤੇ ਪੰਜ ਵਜੇ ਚੱਲ ਕੇ ਨੌਂ ਵਜੇ ਤਕ ਅੰਮ੍ਰਿਤਸਰ ਪਹੁੰਚ ਜਾਵਾਂਗੇ। ਮਾਂ, ਮੈਂ ਇੱਥੇ ਆਪਣੇ ਆਲੇ-ਦੁਆਲੇ ਬਥੇਰੇ ਘਰਾਂ ਵਿੱਚ ਦੇਖਦੀ ਹਾਂ। ਭਰਾ, ਭਰਾ ਨੂੰ ਦੇਖ ਨਹੀਂ ਸੁਖਾਉਂਦੇ। ਨਾ ਹੀ ਭੈਣ ਭਰਾ ਵਿੱਚ ਪਿਆਰ ਦੀ ਕੋਈ ਸਾਂਝ ਰਹੀ ਐ। ਹੁਣ ਤਾਂ ਬੱਸ ਸਾਲੀ ਅਤੇ ਸਾਂਢੂ ਨਾਲ ਹੀ ਰਿਸ਼ਤੇਦਾਰੀ ਬਾਕੀ ਰਹਿ ਗਈ ਐ। ਮਾਂ, ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹੈ, ਆਪਣਾ ਤਾਂ ਭਾਗਾਂ ਵਾਲਾ ਘਰ ਐ। ... ਰਣਜੀਤ ਜਿਹੀ ਮੇਰੀ ਪਿਆਰੀ ਭਾਬੋ ਨੇ ਆਪਣੇ ਘਰ ਨੂੰ ਰੰਗ ਭਾਗ ਲਾਏ ਨੇ। ਤੁਹਾਡੇ ਜੁਆਈ ਨੇ ਵੀ ਇਹੀ ਗੱਲ ਮੈਨੂੰ ਕਈ ਵਾਰੀ ਕਹੀ ਹੈ, ‘ਅੰਮ੍ਰਿਤਸਰ ਰਣਜੀਤ ਭੈਣ ਨੂੰ ਮਿਲ ਕੇ ਇੰਝ ਲਗਦਾ ਹੁੰਦੈ, ਜਿਵੇਂ ਆਪਣੀ ਸਕੀ ਭੈਣ ਨੂੰ ਮਿਲਿਆ ਹੋਵਾਂ।’ ਮਾਂ ਤੂੰ ਤਾਂ ਬਹੁਤ ਵੱਡੇ ਭਾਗਾਂ ਆਲੀ ਐਂ, ਜੋ ਆਪਣਾ ਬੁਢੇਪਾ ਸੁਖਾਲਿਆਂ ਨੂੰਹ ਪੁੱਤ ਨਾਲ ਕੱਟ ਰਹੀ ਐਂ। ਮੇਰੀ ਰਣਜੀਤ ਭਾਬੀ ਵਰਗੀਆਂ ਨੂੰਹਾਂ ਭਾਗਾਂ ਨਾਲ ਮਿਲਦੀਆਂ ਨੇ। ਚੰਗਾ ਮਾਂ, ਮੈਂ ਹੁਣ ਘਰ ਦਾ ਰੋਟੀ ਟੁੱਕ ਵੀ ਕਰਨੈਂ। ਕੱਲ੍ਹ ਸਵਖਤੇ ਇੱਥੋਂ ਤੁਰਨਾ ਵੀ ਐ। ਅੱਛਾ, ਸਤਿ ਸ੍ਰੀ ਅਕਾਲ ਮਾਂ।” ਇੰਨਾ ਕਹਿ ਕੇ ਧੀ ਨੇ ਫ਼ੋਨ ਬੰਦ ਕਰ ਦਿੱਤਾ।
ਬਚਨ ਕੌਰ ਨੇ ਫ਼ੋਨ ਇੱਕ ਪਾਸੇ ਰੱਖ ਦਿੱਤਾ। ਹੁਣ ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ। ਉਹ ਅਣਜਾਣੇ ਵਿੱਚ ਨੂੰਹ ਨੂੰ ਕੌੜੀਆਂ ਕਸੈਲੀਆਂ ਬੋਲ ਕੇ ਪਛਤਾਅ ਰਹੀ ਸੀ। ਉਸੇ ਵੇਲੇ ਨੂੰਹ ਖੀਰ ਦੀ ਭਰੀ ਪਲੇਟ ਲੈ ਕੇ ਆ ਗਈ। ਪਲੇਟ ਉਸਨੇ ਮੰਜੇ ਦੇ ਕੋਲ ਪਏ ਮੇਜ਼ ’ਤੇ ਰੱਖ ਦਿੱਤੀ ਤੇ ਬੋਲੀ, “ਮਾਂ ਜੀ, ਆਹ ਜ਼ਰਾ ਖੀਰ ਖਾ ਕੇ ਦੱਸਿਓ! ਮਿੱਠਾ ਕਿਵੇਂ ਐਂ?”
ਸੱਸ ਨੇ ਨੂੰਹ ਦਾ ਹੱਥ ਫੜ ਕੇ ਜ਼ੋਰ ਨਾਲ ਘੁੱਟ ਲਿਆ। ਉਸ ਨੂੰ ਆਪਣੇ ਮੰਜੇ ’ਤੇ ਬਿਠਾ ਲਿਆ ਤੇ ਕਿਹਾ, “ਧੀਏ, ਮੈਨੂੰ ਮੁਆਫ ਕਰ ਦੇ... ਮੇਰੀ ਚੰਦਰੀ ਜ਼ਬਾਨ ਪਤਾ ਨਹੀਂ ਤੈਨੂੰ ਕੀ-ਕੀ ਬੋਲ ਕੁਬੋਲ ਕਹਿ ਗੀ? ਪਰ ਜਦੋਂ ਤੂੰ ਫੂਨ ਕਰਕੇ ਮੇਰੀ ਧੀ ਨੂੰ ਇੱਥੇ ਬੁਲਾਇਆ ਸੀ, ਤੂੰ ਮੈਨੂੰ ਸਾਫ-ਸਾਫ ਕਿਉਂ ਨਹੀਂ ਸੀ ਦੱਸਿਆ ਕਿ ਸਰਦਾਰੇ ਦੇ ਰੱਖੜੀ ਬੰਨ੍ਹਣ ਲਈ ਉਹਦੀ ਵੱਡੀ ਭੈਣ ਨੂੰ ਬੁਲਾਇਆ ਹੈ?”
ਰਣਜੀਤ ਨੇ ਸੱਸ ਨੂੰ ਘੁੱਟ ਕੇ ਗਲਵੱਕੜੀ ਪਾ ਲਈ। ਉਹਦਾ ਹਾਸਾ ਬੰਦ ਨਹੀਂ ਸੀ ਹੋ ਰਿਹਾ। ਹੱਸ-ਹੱਸ ਕੇ ਉਹਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ। ਕੁਝ ਪਲਾਂ ਬਾਅਦ ਸਹਿਜ ਹੋ ਕੇ ਉਹ ਬੋਲੀ, “ਮਾਂ ਜੀ! ਮੈਂ ਤਾਂ ਤੁਹਾਨੂੰ ਬਿਲਕੁਲ ਸਹੀ ਦੱਸਿਆ ਸੀ। ਬਈ ਕੱਲ੍ਹ ਨੂੰ ਵੱਡੇ ਭੈਣ ਜੀ ਅਤੇ ਭਾਅ ਜੀ ਆ ਰਹੇ ਨੇ। ਕਿਉਂ ਜੋ ਮੁਹਾਲੀ ਵਾਲੇ ਵੱਡੇ ਦੀਦੀ ਨੂੰ ਮੈਂ ਵੱਡੇ ਭੈਣ ਜੀ ਹੀ ਕਹਿੰਦੀ ਹਾਂ। ਪ੍ਰੰਤੂ ਜਦੋਂ ਤੁਸੀਂ ਇਹ ਸਮਝ ਲਿਆ ਕਿ ਮੇਰੇ ਵੱਡੇ ਦੀਦੀ ਅਤੇ ਜੀਜਾ ਜੀ ਆ ਰਹੇ ਹਨ। ਤਦ ਮੈਂ ਸੋਚਿਆ ਕਿ ਚਲੋ, ਜੇਕਰ ਮਾਂ ਨੂੰ ਹੁਣ ਭੁਲੇਖਾ ਲੱਗ ਹੀ ਗਿਆ ਹੈ ਤਾਂ ਇੱਦਾਂ ਈ ਠੀਕ ਐ! ਨੂੰਹ ਸੱਸ ਵਿੱਚ ਕੁਝ ਦੇਰ ਹਾਸਾ ਠੱਠਾ ਵੀ ਤਾਂ ਹੋਣਾ ਚਾਹੀਦੈ! ਨਾਲੇ ਮਾਂ ਜੀ, ਮੁਹਾਲੀ ਵਾਲੇ ਭੈਣ ਜੀ ਤਾਂ ਕੱਲ੍ਹ ਨੂੰ ਆਉਣ ਲਈ ਰਾਜ਼ੀ ਹੀ ਨਹੀਂ ਸੀ ਹੁੰਦੇ। ਇਹ ਤਾਂ ਮੈਂ ਜਦੋਂ ਉਨ੍ਹਾਂ ਨੂੰ ਜ਼ੋਰ ਦੇ ਕੇ ਕਿਹਾ, ‘ਭੈਣ ਜੀ, ਤੁਹਾਡਾ ਆਪਣੀ ਛੋਟੀ ਭਾਬੀ ਨੂੰ ਮਿਲਣ ਲਈ ਜਮਾਂ ਈ ਜੀਅ ਨਹੀਂ ਕਰਦਾ?’ ਤਦ ਕਿਤੇ ਉਹ ਆਉਣ ਲਈ ਤਿਆਰ ਹੋਏ। ਨਾਲੇ ਮਾਂ, ਧੀਆਂ ਧਿਆਣੀਆਂ ਨੇ ਕਿਹੜਾ ਕਿਸੇ ਦਾ ਘਰ ਚੁੱਕ ਕੇ ਲੈ ਜਾਣਾ ਹੁੰਦੈ; ਇਹ ਤਾਂ ਸਗੋਂ ਆਪਣੇ ਬਾਬਲ ਦੇ ਵਿਹੜੇ ਦੀ, ਆਪਣੇ ਵੀਰਾਂ ਦੀ, ਭਾਬੀਆਂ ਦੀ, ਭਤੀਜੇ ਭਤੀਜੀਆਂ ਦੀ ਸਦਾ ਸੁੱਖ ਈ ਮੰਗਦੀਆਂ ਆਈਆਂ ਨੇ। ਮਾਂ ਜੀ ਇਹ ਤਿੱਥ ਤਿਉਹਾਰ ਤਾਂ ਭੈਣ ਭਰਾਵਾਂ ਦੇ ਮੇਲ ਮਿਲਾਪ ਦੇ ਵਸੀਲੇ ਹੁੰਦੇ ਨੇ। ਨਹੀਂ ਤਾਂ ਅੱਜ ਦੀ ਤੇਜ਼ ਰਫਤਾਰੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕੀਹਦੇ ਕੋਲ ਵਿਹਲ ਐ? ਭਲਾ ਕੌਣ ਕਿਸੇ ਨੂੰ ਮਿਲਣ ਜਾਂਦਾ ਹੈ?”
ਨੂੰਹ ਦੀਆਂ ਇੰਨੀਆਂ ਸਿਆਣਪ ਭਰੀਆਂ ਗੱਲਾਂ ਸੁਣ ਕੇ ਬਚਨ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































