“ਐਨੇ ਵਿੱਚ ਤੇਜ਼ ਝੱਖੜ ਦਾ ਝੋਲਾ ਆਇਆ ਕਿ ਦ੍ਰਖਤ ਦੇ ਉੱਪਰਲੇ ਦੋ ...”
(27 ਜੂਨ 2025)
ਇਸ ਵਾਰ ਮਾਰਚ ਅਪਰੈਲ ਵਿੱਚ ਬਹੁਤ ਗਰਮੀ ਪਈ। ਤਾਪਮਾਨ ਕਈ ਜਗ੍ਹਾ 45 ਡਿਗਰੀ ਤੋਂ ਲੈ ਕੇ 48 ਡਿਗਰੀ ਤਕ ਪਹੁੰਚ ਗਿਆ। ਪਾਣੀ ਦੇ ਸਰੋਤਾਂ ਉੱਪਰ ਵੀ ਮਾੜਾ ਅਸਰ ਪਿਆ। ਪਾਣੀ ਲਈ ਤ੍ਰਾਹ ਤ੍ਰਾਹ ਹੋ ਗਈ। ਧਰਤੀ ਦਾ ਪਾਣੀ ਪਹਿਲਾਂ ਨਾਲੋਂ ਪੰਜ ਛੇ ਫੁੱਟ ਹੇਠਾਂ ਚਲਾ ਗਿਆ। ਅਖਬਾਰਾਂ, ਟੈਲੀਵਿਜ਼ਨ ਵਾਲਿਆਂ ਅਤੇ ਸੋਸ਼ਲ ਮੀਡੀਆ ਉੱਪਰ ਵਿਦਵਾਨਾਂ, ਬੁੱਧੀਜੀਵੀਆਂ ਅਤੇ ਆਮ ਗਿਆਨ ਰੱਖਣ ਵਾਲੇ ਵਿਅਕਤੀਆਂ ਨੇ “ਪਾਣੀ ਬਚਾਓ, ਪਾਣੀ ਬਚਾਓ।” ਦੀ ਬਹੁਤ ਹਾਲ ਦੁਹਾਈ ਮਚਾਈ। ਇੱਥੋਂ ਤਕ ਕਿ ਕਿਸਾਨਾਂ ਨੂੰ ਵੀ ਨਸੀਹਤ ਦਿੱਤੀ ਕਿ ਝੋਨੇ ਦੀ ਬਜਾਏ ਹੋਰ ਬਦਲਵੀਆਂ ਫ਼ਸਲਾਂ ਬੀਜੋ। ਸੂਰਜ ਦੀ ਧੁੱਪ ਨੇ ਫੁੱਲ-ਬੂਟੇ ਸਾਰੇ ਫ਼ੂਕ ਦਿੱਤੇ। ਇਕੱਲਾ ਬਰੋਟਾ ਛੱਡ ਕੇ ਲਗਭਗ ਸਾਰੇ ਦਰਖਤਾਂ ਦੇ ਪੱਤੇ ਫ਼ੂਕ ਦਿੱਤੇ। ਨਿੰਮ ਦਾ ਦ੍ਰਖਤ ਕਦੇ ਨਹੀਂ ਸੁੱਕਿਆ ਸੀ, ਇਸ ਵਾਰ ਉਹ ਵੀ ਮਚਾ ਦਿੱਤਾ। ਹੁਣ ਮਹੀਨੇ ਡੇਢ ਮਹੀਨੇ ਪਿੱਛੋਂ ਬੜੀ ਮੁਸ਼ਕਿਲ ਨਾਲ ਨਿੰਮ ਦੇ ਪੱਤੇ ਫੁੱਟੇ ਹਨ। ਇਹ ਗਲੋਬਲ ਵਾਰਮਿੰਗ ਦਾ ਨਤੀਜਾ ਹੈ ਤੇ ਧਰਤੀ ਦਾ ਤਾਪਮਾਨ ਵੀ ਆਮ ਤਾਪਮਾਨ ਨਾਲੋਂ 2 ਡਿਗਰੀ ਵਧਿਆ ਹੈ। ਹਰ ਰੋਜ਼ ਮੌਸਮ ਦਾ ਹਾਲ ਨੈੱਟ ’ਤੇ ਦੇਖਦੇ ਰਹਿੰਦੇ ਹਾਂ। ਐਨੀ ਗਰਮੀ ਕਿ ਸਵੇਰ ਤੋਂ ਲੈ ਕੇ ਸ਼ਾਮ ਤਕ ਬਾਜ਼ਾਰਾਂ ਵਿੱਚ ਤੇ ਗਲੀਆਂ ਵਿੱਚ ਸੰਨਾਟਾ ਪਸਰ ਗਿਆ। ਕੋਈ ਬੰਦਾ, ਕੋਈ ਜਾਨਵਰ ਸਿਖਰ ਦੁਪਹਿਰ ਨਜ਼ਰ ਨਹੀਂ ਆਉਂਦਾ ਸੀ। ਅਖੀਰ ਇੱਕ ਦਿਨ ਦੱਬ ਕੇ ਮੀਂਹ ਪਿਆ। ਫਿਰ ਕਈ ਦਿਨ ਪਿਆ ਨਾ। ਉਸ ਕਰਕੇ ਹੁੰਮਸ ਭਰਿਆ ਵਾਤਾਵਰਣ ਬਣ ਗਿਆ।
ਇੱਕ ਰਾਤ ਨੂੰ ਸਾਡਾ ਸਾਰਾ ਟੱਬਰ ਸੁੱਤਾ ਪਿਆ ਸੀ। ਸਵੇਰੇ ਚਾਰ ਕੁ ਵਜੇ ਬਿਜਲੀ ਲਿਸ਼ਕੀ ਤੇ ਬੱਦਲਾਂ ਦੀ ਗੜਗੜਾਹਟ ਹੋਈ। ਸੋਚਿਆ, ਸ਼ਾਇਦ ਮੀਂਹ ਪਵੇਗਾ, ਇਸ ਕਰਕੇ ਪਾਸਾ ਵੱਟ ਕੇ ਪੈ ਗਏ। ਅਜੇ ਅੱਖ ਲੱਗੀ ਹੀ ਸੀ ਕਿ ਟੀਨ ਜਿਹੇ ਖੜਕਣ ਲੱਗੇ ਤੇ ਦਰਖਤਾਂ ਦੇ ਝੂਲਣ ਦੀ ਅਵਾਜ਼ ਆਈ। ਬਾਹਰ ਨਿਕਲ ਕੇ ਦੇਖਿਆ ਸਾਰਾ ਇਲਾਕਾ ਝੱਖੜ ਨੇ ਘੇਰ ਲਿਆ ਸੀ। ਬਹੁਤ ਹੀ ਤੇਜ਼ ਹਵਾ ਨੇ ਸਾਡੇ ਘਰ ਦੇ ਅੱਗੇ ਲੱਗੇ ਦ੍ਰਖਤ ਨੂੰ ਹਿਲਾ ਦਿੱਤਾ ਤੇ ਉਹ ਡਿਗ ਡਿਗ ਜਾਵੇ। ਨਾਲ ਹੀ ਪਾਣੀ ਦੀਆਂ ਤੇਜ਼ ਬੁਛਾੜਾਂ ਘੁੰਮ ਘੁੰਮ ਕੇ ਆਉਣ ਲੱਗੀਆਂ। ਘਰ ਦੇ ਬਾਹਰ ਬਹੁਤ ਹੀ ਵੱਡਾ ਤੇ ਬਿਲਕੁਲ ਛਤਰੀ ਬਣਿਆ ਸਤਪਤੀਆ ਦ੍ਰਖਤ (ਬਲੈਕਬੋਰਡ ਟ੍ਰੀ) ਝੂਮ ਰਿਹਾ ਸੀ। ਜਦੋਂ ਮਕਾਨ ਬਣਾਇਆ ਸੀ, ਸਭ ਤੋਂ ਪਹਿਲਾਂ ਇਸਦਾ ਬੂਟਾ ਲਾਇਆ ਸੀ। ਇਸਦੀ ਐਨੀ ਸੰਘਣੀ ਛਾਂ ਹੈ ਕਿ ਆਉਂਦੇ ਜਾਂਦੇ ਲੋਕ ਛਾਂ ਦਾ ਅਨੰਦ ਮਾਣਦੇ ਹਨ। ਕਲੋਨੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਛਾਂ ਵਿੱਚ ਖਾਣਾ ਖਾਂਦੇ ਤੇ ਦੁਪਹਿਰ ਨੂੰ ਆਰਾਮ ਕਰਦੇ ਰਹਿੰਦੇ ਹਨ। ਬਹੁਤ ਤੇਜ਼ ਧੁੱਪ ਵਿੱਚ ਲੋਕ ਗੱਡੀਆਂ ਅਤੇ ਸਕੂਟਰ ਵਗੈਰਾ ਵੀ ਖਲਾਰ ਦਿੰਦੇ ਹਨ। ਸਵੇਰਾ ਹੋਣ ਵਾਲਾ ਸੀ। ਅਸੀਂ ਸਾਰੇ ਦਰਵਾਜ਼ੇ ਦੀ ਜਾਲੀ ਵਿੱਚੋਂ ਦੀ ਝੱਖੜ ਦੀ ਰਫ਼ਤਾਰ ਦੇਖਦੇ ਰਹੇ। ਐਨੇ ਵਿੱਚ ਤੇਜ਼ ਝੱਖੜ ਦਾ ਝੋਲਾ ਆਇਆ ਕਿ ਦ੍ਰਖਤ ਦੇ ਉੱਪਰਲੇ ਦੋ ਡਾਹਣੇ ਟੁੱਟ ਕੇ ਘਰ ਅੰਦਰ ਬਣੇ ਕਾਰਾਂ ਦੇ ਸ਼ੈੱਡ ਉੱਪਰੋਂ ਦੀ ਡਿਗ ਕੇ ਵਿਹੜੇ ਵਿੱਚ ਆ ਡਿਗੇ। ਐਨਾ ਸ਼ੁਕਰ ਕਿ ਸ਼ੈੱਡ ਮਜ਼ਬੂਤ ਬਣਿਆ ਹੋਣ ਕਰਕੇ ਟੁੱਟਿਆ ਨਹੀਂ, ਨਹੀਂ ਤਾਂ ਉਸ ਹੇਠਾਂ ਖੜ੍ਹੀਆਂ ਦੋਨੇਂ ਕਾਰਾਂ ਚਕਨਾਚੂਰ ਹੋ ਜਾਂਦੀਆਂ। ਘਰ ਵਾਲਿਆਂ ਨੇ ਚੀਕਾਂ ਮਾਰ ਕੇ ਛੱਤ ਚੁੱਕ ਦਿੱਤੀ। ਪਰ ਹੁਣ ਕਰ ਕੀ ਸਕਦੇ ਸੀ। ਬਾਹਰ ਤਾਂ ਝੱਖੜ ਝੁੱਲ ਰਿਹਾ ਸੀ। ਜਦੋਂ ਮੀਂਹ ਰੁਕਿਆ ਤੇ ਬਾਹਰ ਨਿਕਲ ਕੇ ਦੇਖਿਆ, ਕਾਰਾਂ ਬਚ ਗਈਆਂ ਸਨ। ਹੋਰ ਵੀ ਕੋਈ ਨੁਕਸਾਨ ਨਹੀਂ ਹੋਇਆ ਸੀ। ਸਭ ਨੇ ਪ੍ਰਮਾਤਮਾ ਦਾ ਸ਼ੁਕਰ ਮਨਾਇਆ। ਉਸ ਝੱਖੜ ਝੋਲੇ ਨੇ ਸ਼ਹਿਰ ਦੇ ਬਹੁਤ ਸਾਰੇ ਦ੍ਰਖਤ, ਪਿੰਡਾਂ ਨੂੰ ਜਾਂਦੀਆਂ ਸੜਕਾਂ ਉੱਤੇ ਲੱਗੇ ਬਿਰਖ ਜੜ੍ਹੋਂ ਉਖਾੜ ਦਿੱਤੇ। ਬਿਜਲੀ ਦੇ ਖੰਭੇ ਟੁੱਟ ਗਏ। ਤਾਰਾਂ ਆਪਸ ਵਿੱਚ ਉਲਝ ਕੇ ਟੁੱਟ ਗਈਆਂ। ਬਾਅਦ ਵਿੱਚ ਖਬਰਾਂ ਆਈਆਂ ਕਿ ਬਹੁਤ ਸ਼ੈੱਡਾਂ ਦੇ ਟੀਨ ਉਡ ਗਏ। ਕਈ ਜਗ੍ਹਾ ਕੰਧਾਂ ਵੀ ਗਿਰ ਗਈਆਂ। ਇਸ ਝੱਖੜ ਝੋਲੇ ਨੇ ਬਹੁਤ ਨੁਕਸਾਨ ਕੀਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)