“ਸਾਰਿਆਂ ਦੇ ਸਵਾਲ ਪੁੱਛਣ ਤੋਂ ਬਾਅਦ ਉਹਨਾਂ ਮੈਨੂੰ ਉਹੀ ਸਵਾਲ, ਜਿਸਦਾ ਮੈਨੂੰ ਖਦਸ਼ਾ ਸੀ ਕਿ ਜ਼ਰੂਰ ਪੁੱਛਣਗੇ, ਪੁੱਛਿਆ ...”
(1 ਨਵੰਬਰ 2024)
ਪੱਗ ਸਾਡੇ ਪੰਜਾਬੀਆਂ ਦੀ ਸ਼ਾਨ ਹੈ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਇਸ ਨੂੰ ਪਗੜੀ ਜਾਂ ਸਾਫਾ ਵੀ ਕਿਹਾ ਜਾਂਦਾ ਹੈ ਪਰ ਮਾਲਵੇ ਦੇ ਇਲਾਕੇ ਵਿੱਚ ਇਸ ਨੂੰ ਪੱਗ ਹੀ ਕਿਹਾ ਜਾਂਦਾ ਹੈ। ਸਿਰ ਉੱਤੇ ਬੰਨ੍ਹੀ ਪੱਗ ਇੱਕ ਸਨਮਾਨਦਾਇਕ ਚਿੰਨ੍ਹ ਹੈ ਤੇ ਪੰਜਾਬੀਆਂ ਦੀ ਪਛਾਣ ਹੀ ਪੱਗ ਹੈ। ਦੇਸ਼ ਦੇ ਹਰੇਕ ਸੂਬੇ ਵਿੱਚ ਧਾਰਮਿਕ ਪ੍ਰੋਗਰਾਮਾਂ ਵਿੱਚ, ਵਿਆਹ ਸ਼ਾਦੀਆਂ ਵਿੱਚ ਅਤੇ ਪੰਚਾਇਤ ਵਿੱਚ ਪੱਗ ਬੰਨ੍ਹ ਕੇ ਸ਼ਾਮਿਲ ਹੋਣਾ ਪੈਂਦਾ ਹੈ। ਵਿਆਹ ਵਕਤ ਲਾੜੇ ਦੇ ਸਿਰ ’ਤੇ ਸਤਿਕਾਰ ਸਹਿਤ ਪੱਗ ਹੀ ਬੰਨ੍ਹੀ ਜਾਂਦੀ ਹੈ।
ਬਹੁਤ ਸਾਰੇ ਅਜਿਹੇ ਤਿੱਥ ਤਿਉਹਾਰ ਹਨ, ਜਿਨ੍ਹਾਂ ਵਿੱਚ ਪੱਗ ਖਾਸ ਤੌਰ ’ਤੇ ਸਜਾਈ ਜਾਂਦੀ ਹੈ, ਜਿਵੇਂ ਵਿਸਾਖੀ, ਦਸਹਿਰਾ-ਦੀਵਾਲੀ ਆਦਿ। ਪੱਗ ਬੰਨ੍ਹਣ ਵਾਸਤੇ ਕਿਸੇ ਖਾਸ ਧਰਮ ਦਾ ਕੋਈ ਮਸਲਾ ਨਹੀਂ ਹੁੰਦਾ। ਇਸ ਨੂੰ ਸਾਰੇ ਧਰਮਾਂ ਵਾਲੇ ਪਹਿਨਦੇ ਹਨ, ਕੀ ਹਿੰਦੂ, ਕੀ ਸਿੱਖ, ਕੀ ਮੁਸਲਮਾਨ ਸਭ ਪੱਗ ਦਾ ਸਤਿਕਾਰ ਕਰਦੇ ਹਨ। ਪਹਿਲੇ ਸਮਿਆਂ ਵਿੱਚ ਇਸ ਨੂੰ ਟਸਰੀ ਵੀ ਕਿਹਾ ਜਾਂਦਾ ਸੀ। ਪਰ ਇਹ ਸ਼ਬਦ ਹੌਲ਼ੀ ਹੌਲ਼ੀ ਅਲੋਪ ਹੋ ਗਿਆ। ਸਿੱਖ ਧਰਮ ਵਿੱਚ ਇਸ ਨੂੰ ਦਸਤਾਰ ਕਿਹਾ ਜਾਂਦਾ ਹੈ। ਕਿਸੇ ਵੀ ਸੰਸਥਾ ਦਾ ਮੁੱਖ ਜਾਂ ਕਿਸੇ ਵੀ ਧਾਰਮ ਦਾ ਪ੍ਰਮੁੱਖ ਸਥਾਪਿਤ ਕਰਨ ਵੇਲੇ ਉਸ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ, ਇਸ ਨਾਲ ਦਸਤਾਰ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।
ਸਦੀਆਂ ਤੋਂ ਮਨੁੱਖ ਦਾੜ੍ਹੀ ਕੇਸ਼ ਰੱਖਦਾ ਆਇਆ ਹੈ। ਇਸਦੇ ਨਾਲ-ਨਾਲ ਪਗੜੀ ਦਾ ਇਸਤੇਮਾਲ ਵੀ ਕਰਦਾ ਆਇਆ ਹੈ। ਰਿਸ਼ੀਆਂ ਮੁਨੀਆਂ ਦੇ ਅਕਸਰ ਦਾੜ੍ਹੀ ਕੇਸ਼ ਦੇਖਦੇ ਹਾਂ। ਵੇਦ ਸ਼ਾਸਤਰਾਂ ਵਿੱਚ ਵੀ ਪਗੜੀ ਦਾ ਵਰਣਨ ਆਉਂਦਾ ਹੈ। ਰਾਜਾ ਤਾਜ ਪਹਿਨਦਾ ਸੀ ਤੇ ਪਰਜਾ ਪੱਗ ਬੰਨ੍ਹਦੀ ਸੀ। ਗੁਰੂ ਨਾਨਕ ਜੀ ਦੇ ਪ੍ਰਕਾਸ਼ ਤੋਂ ਬਾਅਦ ਪੱਗ ਬੰਨ੍ਹਣ ਦਾ ਮਹੱਤਵ ਵਧਦਾ ਗਿਆ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਣ ਉਪਰੰਤ ਸਿਰ ’ਤੇ ਦਸਤਾਰ ਸਜਾਉਣ ਦਾ ਸਿਲਸਿਲਾ ਹੋਰ ਵੀ ਜ਼ਰੂਰੀ ਹੋ ਗਿਆ ਤੇ ਸਾਡੀ ਮਰਯਾਦਾ ਵਿੱਚ ਸ਼ਾਮਿਲ ਹੋ ਗਿਆ।
ਮੈਂ ਜਦੋਂ ਚੰਡੀਗੜ੍ਹ ਸਰਕਾਰੀ ਕਾਲਜ ਵਿੱਚ ਦਾਖਲਾ ਲਿਆ, ਉੱਥੇ ਵੀ ਮੇਰੇ ਪੱਗ ਬੰਨ੍ਹਣ ਤੇ ਸਰਦਾਰ ਹੋਣ ’ਤੇ ਪੁੱਛਿਆ ਗਿਆ। ਪੜ੍ਹਨ ਤੋਂ ਬਾਅਦ ਜਦੋਂ ਨੌਕਰੀ ਲਈ ਬੈਂਕ ਇੰਟਰਵਿਊ ਦੇਣ ਗਿਆ ਤਾਂ ਉਹੀ ਸਵਾਲ ਫਿਰ ਪੁੱਛਿਆ ਗਿਆ। ਮੈਂ ਜਵਾਬ ਦੇਣ ਵੇਲੇ ਬੜਾ ਸੰਸ਼ੋਪੰਜ ਵਿੱਚ ਰਹਿੰਦਾ। ਕਿਉਂਕਿ ਮੇਰੇ ਪਿੰਡ ਦੇ ਸਾਰੇ ਮਹਾਜਨ, ਬ੍ਰਾਹਮਣ, ਨਾਈ, ਛੀਂਬੇ, ਖੱਤਰੀ ਤੇ ਮੁਸਲਮਾਨ ਤਕਰੀਬਨ ਸਭ ਕੇਸ਼ ਦਾੜ੍ਹੀ ਰੱਖਦੇ ਸਨ ਤੇ ਪੱਗਾਂ ਬੰਨ੍ਹਦੇ ਸਨ। ਮੇਰੇ ਪਰਿਵਾਰ ਵਿੱਚ ਵੀ ਸਾਰੇ ਕੇਸਾਧਾਰੀ ਤੇ ਪੱਗ ਬੰਨ੍ਹਦੇ ਸਨ। ਉਸ ਕਰਕੇ ਮੈਂ ਵੀ ਜਨਮ ਤੋਂ ਸਿਰ ਦੇ ਵਾਲ ਰੱਖ ਲਏ ਤੇ ਪੰਜਵੀਂ ਛੇਵੀਂ ਵਿੱਚ ਜਾਕੇ ਟੇਢੀ ਮੇਢੀ ਪੱਗ ਬੰਨ੍ਹਣ ਲੱਗ ਪਿਆ। ਹੌਲ਼ੀ ਹੌਲ਼ੀ ਉਸ ਵਿੱਚ ਸੁਧਾਰ ਹੁੰਦਾ ਗਿਆ ’ਤੇ ਬਹੁਤ ਵਧੀਆ ਪੱਗ ਬੰਨ੍ਹਣ ਲੱਗ ਪਿਆ। ਆਪਣਾ ਨਾਂ ਸੁਰਿੰਦਰ ਸ਼ਰਮਾ ਹੋਣ ਕਰਕੇ ਤੇ ਪੱਗ ਬੰਨ੍ਹੀ ਹੋਣ ਕਰਕੇ ਹਰ ਜਗ੍ਹਾ ਜਵਾਬ ਦੇਣਾ ਪੈਂਦਾ ਸੀ। ਫਿਰ ਮੈਂ ਇਸ ਬਾਰੇ ਘੋਖ ਕੀਤੀ। ਆਪਣੇ ਦਾਦਾ ਜੀ ਨੂੰ ਪੁੱਛਿਆ ਤੇ ਆਪਣੇ ਪਿੰਡ ਦੇ ਇੱਕ ਦੋ ਬਜ਼ੁਰਗਾਂ ਤੋਂ ਇਸ ਬਾਰੇ ਜਾਣਕਾਰੀ ਲਈ। ਫਿਰ ਮੈਂ ਜਵਾਬ ਦੇਣ ਲਈ ਪਰਪੱਕ ਹੋ ਗਿਆ, ਬਈ ਹੁਣ ਨਹੀਂ ਸੰਸ਼ੋਪੰਜ ਵਿੱਚ ਪੈਂਦੇ, ਵਧੀਆ ਜਵਾਬ ਦੇਵਾਂਗੇ।
ਮੇਰੀ ਚੀਫ ਮੈਨੇਜਰ ਲਈ ਪ੍ਰਮੋਸ਼ਨ ਦੀ ਇੰਟਰਵਿਊ ਦਿੱਲੀ ਮੁੱਖ ਦਫਤਰ ਵਿੱਚ ਰੱਖੀ ਗਈ ਸੀ। ਇੰਟਰਵਿਊ ਵਕਤ ਬੈਂਕ ਦੇ ਕਾਫੀ ਸੀਨੀਅਰ ਅਫਸਰ ਇੰਟਰਵਿਊ ਲੈਣ ਲਈ ਬੈਠੇ ਸਨ।
ਇੱਕ ਤੋਂ ਬਾਅਦ ਇੱਕ ਨੇ ਦਫਤਰ ਸੰਬੰਧੀ ਸਵਾਲ ਪੁੱਛੇ ਤੇ ਜਿਸ ਤਰ੍ਹਾਂ ਦੇ ਸਵਾਲ ਸਨ, ਉਸੇ ਤਰ੍ਹਾਂ ਦੇ ਮੈਂ ਜਵਾਬ ਦੇ ਦਿੱਤੇ। ਉਨ੍ਹਾਂ ਵਿੱਚ ਬੈਠੇ ਜਨਰਲ ਮੈਨੇਜਰ ਸ਼੍ਰੀ ਸੂਰਯ ਨਰਾਇਣ ਮੇਰੇ ਵੱਲ ਬੜੇ ਧਿਆਨ ਨਾਲ ਵੇਖ ਰਹੇ ਸਨ। ਸਾਰਿਆਂ ਦੇ ਸਵਾਲ ਪੁੱਛਣ ਤੋਂ ਬਾਅਦ ਉਹਨਾਂ ਮੈਨੂੰ ਉਹੀ ਸਵਾਲ, ਜਿਸਦਾ ਮੈਨੂੰ ਖਦਸ਼ਾ ਸੀ ਕਿ ਜ਼ਰੂਰ ਪੁੱਛਣਗੇ, ਪੁੱਛਿਆ, “ਸ਼ਰਮਾ ਜੀ! ਹੈ ਤੁਸੀਂ ਸੁਰਿੰਦਰ ਕੁਮਾਰ ਸ਼ਰਮਾ, ਪਰ ਹੈ ਤੁਸੀਂ ਸਰਦਾਰ ਤੇ ਪਗੜੀ ਬੰਨ੍ਹੀ ਹੋਈ ਹੈ, ਇਸਦਾ ਕੀ ਕਾਰਨ ਹੈ?”
ਮੈਂ ਉਨ੍ਹਾਂ ਨੂੰ ਪੂਰੇ ਠਰ੍ਹੰਮੇ ਤੇ ਨਿਧੜਕ ਹੋ ਕੇ ਜਵਾਬ ਦਿੱਤਾ, “ਸਰ! ਮੈਂ ਪੰਜਾਬ ਦੇ ਮਾਲਵਾ ਇਲਾਕੇ ਨਾਲ ਸੰਬੰਧ ਰੱਖਦਾ ਹਾਂ. ਜਿਹੜਾ ਪਟਿਆਲਾ ਤੋਂ ਲੈ ਕੇ ਫਿਰੋਜ਼ਪੁਰ ਤਕ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਤਕ ਫੈਲਿਆ ਹੋਇਆ ਹੈ। ਕਿਸੇ ਸਮੇਂ ਇਸ ਨੂੰ ਪੈਪਸੂ ਵੀ ਕਿਹਾ ਜਾਂਦਾ ਸੀ, ਪੈਪਸੂ (PEPSU) ਜਿਸਦਾ ਅਰਥ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ। ਇਸ ਵਿੱਚ ਪੰਜ ਰਿਆਸਤਾਂ, ਪਟਿਆਲਾ, ਨਾਭਾ, ਸੰਗਰੂਰ, ਮਾਲੇਰਕੋਟਲਾ ਤੇ ਫਰੀਦਕੋਟ ਸ਼ਾਮਲ ਸਨ। ਇਸ ਸਾਰੇ ਮਾਲਵੇ ਦੇ ਲੋਕ ਭਾਵੇਂ ਉਹ ਕਿਸੇ ਜਾਤ ਨਾਲ ਸੰਬੰਧ ਰੱਖਦੇ ਹੋਣ ਦਾੜ੍ਹੀ-ਕੇਸ਼ ਰੱਖਦੇ ਹਨ ਤੇ ਪੱਗ ਬੰਨ੍ਹਦੇ ਹਨ। ਇਸਦੇ ਦੋ ਕਾਰਨ ਹਨ ਇੱਕ ਤਾਂ ਮੁਗ਼ਲਾਂ ਦੇ ਅੱਤਿਆਚਾਰ ਦਾ ਮੁਕਾਬਲਾ ਕਰਨ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਏ ਖਾਲਸਾ ਦੀ ਮਰਯਾਦਾ ਦਾ ਪਾਲਣ ਕਰਨਾ, ਇਸਦਾ ਬਹੁਤ ਤੇਜ਼ੀ ਨਾਲ ਅਸਰ ਹੋਇਆ। ਦੂਸਰਾ ਰਿਆਸਤਾਂ ਹੋਣ ਕਰਕੇ ਰਾਜ ਦਰਬਾਰ ਵਿੱਚ ਉਨ੍ਹਾਂ ਹੀ ਪਬਲਿਕ ਨੁਮਾਇੰਦਿਆਂ ਨੂੰ ਕੁਰਸੀ ਮਿਲਦੀ ਸੀ, ਜਿਹੜੇ ਪਗੜੀਧਾਰੀ ਹੁੰਦੇ ਸਨ। ਇਸ ਪਰੰਪਰਾ ਅਨੁਸਾਰ ਸਾਰੇ ਲੋਕ ਇਸ ਮਰਯਾਦਾ ਦਾ ਪਾਲਣ ਕਰਨ ਲੱਗ ਪਏ। ਉਸ ਦਾ ਨਤੀਜਾ ਇਹ ਹੋਇਆ ਕਿ ਅਸੀਂ ਵੀ ਉਸ ਪ੍ਰੰਪਰਾ ਨੂੰ ਨਿਭਾਉਂਦੇ ਹੋਏ ਪੱਗ ਬੰਨ੍ਹਣ ਲੱਗ ਪਏ।”
ਮੇਰਾ ਜਵਾਬ ਸੁਣ ਕੇ ਸਾਰੇ ਅਫਸਰ ਭੌਂਚੱਕੇ ਰਹਿ ਗਏ। ਸੂਰਯ ਨਰਾਇਣ ਜੀ ਕਹਿਣ ਲੱਗੇ ਕਿ ਐਨੀ ਜਾਣਕਾਰੀ ਤਾਂ ਸਾਨੂੰ ਵੀ ਨਹੀਂ ਸੀ। ਇੰਟਰਵਿਊ ਦਾ ਨਤੀਜਾ ਜੋ ਵੀ ਹੋਇਆ ਪਰ ਆਪਾਂ ਸਫਲ ਉਮੀਦਵਾਰ ਵਾਂਗ ਹੌਸਲੇ ਨਾਲ ਬਾਹਰ ਆ ਗਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5408)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)