“ਉਹ ਵਿਚਾਰਾ ਅੱਧਾ ਜਿਹਾ ਹੋ ਕੇ ਬੋਲਿਆ, “ਬਾਬੂ ਜੀ! ਤੁਸੀਂ ਅੰਦਰ ਆਉ, ਬੈਠ ਕੇ ਗੱਲ ਕਰਦੇ ਹਾਂ ...”
(12 ਮਈ 2023)
ਇਸ ਸਮੇਂ ਪਾਠਕ: 205.
ਇਹ ਬੈਂਕਾਂ ਦਾ ਇੱਕ ਕਲਚਰ ਹੈ ਕਿ ਜਦੋਂ ਕੋਈ ਨਵਾਂ ਮੈਨੇਜਰ ਬਰਾਂਚ ਵਿੱਚ ਚਾਰਜ ਸੰਭਾਲਦਾ ਹੈ ਤਾਂ ਪ੍ਰਾਦੇਸ਼ਿਕ ਦਫਤਰ ਦੀ ਕੋਸ਼ਿਸ਼ ਹੁੰਦੀ ਹੈ ਕਿ ਬਰਾਂਚ ਦੇ ਪਿਛਲੇ ਰੁਕੇ ਹੋਏ ਕੰਮ ਨਵੇਂ ਮੈਨੇਜਰ ਤੋਂ ਜ਼ੋਰ ਨਾਲ ਕਰਵਾਏ ਜਾਣ। ਬਦਲੀ ਹੋ ਕੇ ਜਾਣ ਵਾਲ਼ੇ ਮੈਨੇਜਰ ਦੀ ਕੋਈ ਬਹੁਤੀ ਦਿਲਚਸਪੀ ਨਹੀਂ ਹੁੰਦੀ ਤੇ ਨਵਾਂ ਆਇਆ ਉਤਸ਼ਾਹ ਨਾਲ ਕੰਮ ਕਰਦਾ ਹੈ ਕਿਉਂਕਿ ਉਸ ਨੇ ਪਹਿਲੇ ਕੰਮਕਾਰ ਤੋਂ ਵਧਾ ਕੇ ਤਰੱਕੀ ਦਿਖਾਉਣੀ ਹੁੰਦੀ ਹੈ।
ਜਦੋਂ ਮੈਂ ਨਵਾਂ ਨਵਾਂ ਅੰਮ੍ਰਿਤਸਰ ਆਇਆ ਤੇ ਕਾਫ਼ੀ ਬੜੀ ਬਰਾਂਚ ਦਾ ਚਾਰਜ ਸੰਭਾਲਿਆ ਤਾਂ ਬੜਾ ਉਤਸ਼ਾਹ ਸੀ। ਮਹੀਨਾ ਡੇਢ ਮਹੀਨਾ ਬਰਾਂਚ ਨੂੰ ਸਮਝਣ ਵਿੱਚ, ਗਾਹਕਾਂ ਨਾਲ ਜਾਣ-ਪਹਿਚਾਣ ਵਿੱਚ ਲੰਘ ਗਏ ਤੇ ਰਹਿਣ ਲਈ ਮਕਾਨ ਦੀ ਸੈਟਿੰਗ ਕਰਨ ਵਿੱਚ ਸਮਾਂ ਲੱਗ ਗਿਆ। ਇੱਕ ਦਿਨ ਪ੍ਰਾਦੇਸ਼ਿਕ ਪ੍ਰਬੰਧਕ ਦਾ ਫ਼ੋਨ ਆਇਆ ਕਿ ਪ੍ਰਾਦੇਸ਼ਿਕ ਦਫਤਰ ਆ ਕੇ ਜਾਉ। ਮੈਂ ਅਗਲੇ ਦਿਨ ਦਫਤਰ ਪਹੁੰਚ ਗਿਆ। ਮੇਰਾ ਹਾਲ ਚਾਲ ਪੁੱਛਣ ਤੋਂ ਬਾਅਦ ਸਾਹਿਬ ਨੇ ਇੱਕ ਲਿਸਟ ਦਿੱਤੀ ਤੇ ਨਿਰਦੇਸ਼ ਦਿੰਦੇ ਹੋਏ ਕਿਹਾ, ‘ਦੇਖੋ! ਇਹ ਕੁਝ ਪੁਰਾਣੇ ਐਨਪੀਏ ਖ਼ਾਤੇ ਹਨ ਜਿਨ੍ਹਾਂ ਵਿੱਚ ਕੁਝ ਕੁ ਖ਼ਾਤੇ ਬਹੁਤ ਪੁਰਾਣੇ ਹਨ ਜਿਹੜੇ ਕਿ ਪੁਰਾਣੇ ਕੋਆਪ੍ਰੇਟਿਵ ਬੈਂਕ ਨਾਲ ਸਬੰਧਿਤ ਹਨ। ਇਸ ਬੈਂਕ ਦਾ ਸਾਡੇ ਬੈਂਕ ਨੇ ਅਧੀਨੀਕਰਣ ਕਰ ਲਿਆ ਸੀ। ਬੈਂਕ ਦੇ ਕਾਨੂੰਨ ਅਨੁਸਾਰ ਕੋਈ ਵੀ ਦਬਾਅ ਪਾਉ, ਗਹਿਣੇ ਰੱਖੀ ਜਾਇਦਾਦ ਵੇਚੋ, ਹਰ ਹੀਲਾ ਵਰਤੋ, ਇਹ ਖ਼ਾਤੇ ਵਸੂਲੀ ਤੋਂ ਬਾਅਦ ਹਰ ਹਾਲਤ ਵਿੱਚ ਸੈਟਲ ਹੋਣੇ ਚਾਹੀਦੇ ਹਨ।” ਉਨ੍ਹਾਂ ਖਾਤਿਆਂ ਵਿੱਚ ਇੱਕ ਖਾਤਾ ਗੋਪਾਲ ਦਾਸ ਕਸਤੂਰੀ ਲਾਲ ਦਾ ਸੀ। ਉਸ ਬਾਰੇ ਉਨ੍ਹਾਂ ਜ਼ਿਆਦਾ ਧਿਆਨ ਦੇਣ ਲਈ ਕਿਹਾ।
ਮੈਂ ਐਨਪੀਏ ਦਾ ਪਰਵਾਨਾ ਲੈ ਕੇ ਬਰਾਂਚ ਆ ਗਿਆ। ਸਭ ਤੋਂ ਪਹਿਲਾਂ ਉਸ ਫਰਮ ਦੀ ਫਾਇਲ ਕਢਵਾਈ ਤੇ ਉਸ ਦੀ ਜਾਂਚ ਪੜਤਾਲ ਕੀਤੀ। ਖ਼ਾਤਾ ਵੀਹ ਕੁ ਸਾਲ ਪੁਰਾਣਾ ਸੀ। ਲਾਲਿਆਂ ਦਾ ਕੱਪੜੇ ਦਾ ਕਾਰੋਬਾਰ ਸੀ। ਕਈ ਸਾਲ ਵਧੀਆ ਕੰਮਕਾਰ ਚੱਲਿਆ ਤੇ ਖ਼ਾਤਾ ਵੀ ਵਧੀਆ ਚੱਲਿਆ ਪਰ ਉਸ ਤੋਂ ਬਾਅਦ ਕੁਝ ਭਾਈਵਾਲੀ ਦਾ ਝਗੜਾ ਹੋਣ ਕਰਕੇ ਤੇ ਕੁਝ ਕੱਪੜੇ ਦੇ ਵਪਾਰ ਵਿੱਚ ਮੰਦਾ ਆਉਣ ਕਰਕੇ ਫਰਮ ਫੇਲ ਹੋ ਗਈ ਤੇ ਖ਼ਾਤਾ ਐਨਪੀਏ ਹੋ ਗਿਆ। ਖ਼ਾਤੇ ਵਿੱਚ ਇਕੱਲਾ ਮਕਾਨ ਹੀ ਗਿਰਵੀ ਸੀ, ਹੋਰ ਅਸਾਸੇ ਕੋਈ ਨਹੀਂ ਸਨ। ਰਕਮ ਤਕਰੀਬਨ ਸਾਢੇ ਸੱਤ ਲੱਖ ਰੁਪਏ ਦੇ ਕਰੀਬ ਖੜ੍ਹੀ ਸੀ। ਮਕਾਨ ਵੇਚਣ ਦਾ ਨੋਟਿਸ ਦੇਣ ਤੋਂ ਪਹਿਲਾਂ ਘਰ ਵੇਖਣਾ ਜ਼ਰੂਰੀ ਸੀ।
ਕਾਫ਼ੀ ਪੁੱਛ ਪੜਤਾਲ ਤੋਂ ਬਾਅਦ ਇੱਕ ਬੰਦਾ ਮਿਲਿਆ ਜਿਹੜਾ ਮੈਂਨੂੰ ਉਹਨਾਂ ਦੇ ਘਰ ਲੈ ਕੇ ਜਾ ਸਕਦਾ ਸੀ। ਅਸੀਂ ਪੁਰਾਣੇ ਅੰਮ੍ਰਿਤਸਰ ਵਿੱਚ ਬੈਠੇ ਸੀ, ਬਹੁਤ ਹੀ ਸੰਕੀਰਣ ਗਲ਼ੀਆਂ ਦਾ ਇਲਾਕਾ ਸੀ। ਸੌ ਸੌ, ਡੇਢ ਸੌ ਸਾਲ ਪੁਰਾਣੇ ਮਕਾਨ ਸਨ। ਗਲ਼ੀਆਂ ਵਿੱਚ ਕਾਰ ਜਾਣ ਦਾ ਤਾਂ ਮਤਲਬ ਨਹੀਂ ਸੀ, ਕੇਵਲ ਸਕੂਟਰ ਜਾਂ ਮੋਟਰਸਾਈਕਲ ’ਤੇ ਜਾਇਆ ਜਾ ਸਕਦਾ ਸੀ। ਉਹ ਬੰਦਾ, ਜਿਹੜਾ ਘਰ ਜਾਣਦਾ ਸੀ, ਪ੍ਰੋਗਰਾਮ ਅਨੁਸਾਰ ਮੈਂਨੂੰ ਨਾਲ ਲੈ ਕੇ ਚੱਲ ਪਿਆ। ਗਲ਼ੀਆਂ ਵਿੱਚੋਂ ਦੀ ਹੁੰਦੇ ਹੋਏ ਇੱਕ ਚੌਰਾਹੇ ਵਿੱਚ ਜਾ ਪਹੁੰਚੇ। ਸਕੂਟਰ ਉੱਥੇ ਖੜ੍ਹਾ ਕਰਕੇ ਅੱਗੋਂ ਪੈਦਲ ਜਾਣਾ ਸੀ ਕਿਉਂਕਿ ਅੱਗੇ ਸਕੂਟਰ ਵੀ ਨਹੀਂ ਜਾਂਦਾ ਸੀ। ਤੰਗ ਗਲੀਆਂ ਵਿੱਚੋਂ ਦੀ ਪੈਦਲ ਚੱਲ ਪਏ। ਗਲ਼ੀਆਂ ਐਨੀਆਂ ਤੰਗ ਸਨ ਕਿ ਇੱਕ ਸਮੇਂ ਇੱਕੋ ਬੰਦਾ ਸਮੇਂ ਲੰਘ ਸਕਦਾ ਸੀ, ਦੂਸਰਾ ਸਾਹਮਣਿਉਂ ਆਉਣ ਵਾਲਾ ਟੇਢਾ ਹੋ ਕੇ ਲੰਘਦਾ ਸੀ। ਅਸੀਂ ਅੱਗੜ-ਪਿੱਛੜ ਹੋ ਕੇ ਉਨ੍ਹਾਂ ਦੇ ਘਰ ਪਹੁੰਚ ਗਏ। ਘਰ ਦੇਖਿਆ ਤਾਂ ਬਹੁਤ ਜ਼ਰਜ਼ਰ ਹਾਲਤ ਵਿੱਚ ਸੀ। ਆਵਾਜ਼ ਮਾਰੀ ਤਾਂ ਇੱਕ ਅੱਧਖੜ ਜਿਹਾ ਬੰਦਾ ਬਾਹਰ ਆਇਆ। ਮੈਂ ਬੈਂਕ ਵਾਲੀ ਭਾਸ਼ਾ ਵਿੱਚ ਕਰੜਾ ਹੋ ਕੇ ਕਿਹਾ, “ਤੁਸੀਂ ਬੈਂਕ ਦੇ ਪੈਸੇ ਕਿਉਂ ਨਹੀਂ ਭਰਦੇ? ਬੈਂਕ ਨੇ ਤੁਹਾਡਾ ਮਕਾਨ ਵੇਚ ਦੇਣਾ ਹੈ।”
ਉਹ ਵਿਚਾਰਾ ਅੱਧਾ ਜਿਹਾ ਹੋ ਕੇ ਬੋਲਿਆ, “ਬਾਬੂ ਜੀ! ਤੁਸੀਂ ਅੰਦਰ ਆਉ, ਬੈਠ ਕੇ ਗੱਲ ਕਰਦੇ ਹਾਂ।” ਅਸੀਂ ਝਿਜਕਦੇ ਹੋਏ ਜਦੋਂ ਖ਼ਸਤਾ ਹਾਲ ਦਰਵਾਜ਼ਾ ਲੰਘ ਕੇ ਅੰਦਰ ਬੜੇ ਤਾਂ ਮਾਲਕ ਨੇ ਸਾਨੂੰ ਇਸ਼ਾਰੇ ਨਾਲ ਕਿਹਾ, “ਜ਼ਰਾ ਬਚ ਕੇ ਆਇਓ, ਕਿਤੇ ਸੱਟ ਨਾ ਲੱਗ ਜਾਵੇ।”
ਜਦੋਂ ਮੈਂ ਅੰਦਰ ਪੈਰ ਰੱਖਿਆ ਤਾਂ ਦੇਖਿਆ ਕਿ ਗ਼ੁਰਬਤ ਦੇ ਦਰੜੇ ਹੋਏ ਪਰਿਵਾਰ ਦੇ ਮੈਂਬਰਾਂ ਦੇ ਚਿਹਰਿਆਂ ਤੋਂ ਉੱਡੀ ਹੋਈ ਰੌਣਕ ਸ਼ਾਹੂਕਾਰੀ ਦਾ ਮੂੰਹ ਚਿੜਾ ਰਹੀ ਸੀ। ਕੌਲ਼ਿਆਂ ਨਾਲ ਲੱਗੇ ਨਿਆਣੇ ਸਹਿਮੇ ਹੋਏ ਖੜ੍ਹੇ ਸਨ। ਬਹੁਤ ਹੀ ਪੁਰਾਣਾ ਮਕਾਨ, ਕੋਈ ਸੌ ਕੁ ਸਾਲ ਪਹਿਲਾਂ ਬਣਿਆ ਹੋਇਆ। ਕੰਧਾਂ ਤੋਂ ਚੂਨਾ ਉੱਤਰਿਆ ਪਿਆ, ਸ਼ਤੀਰਾਂ ਹੇਠ ਥੰਮ੍ਹੀਆਂ ਦਿੱਤੀਆਂ ਹੋਈਆਂ, ਟੁੱਟਿਆ ਹੋਇਆ ਫ਼ਰਸ਼, ਦਰਵਾਜ਼ੇ ਟੁੱਟੇ ਹੋਣ ਕਰਕੇ ਅੰਦਰਲੇ ਕਮਰਿਆਂ ਅੱਗੇ ਪੜਦੇ ਲਟਕਾਏ ਹੋਏ ਤੇ ਬਹੁਤ ਹੀ ਗ਼ਰੀਬੀ ਦੀ ਹਾਲਤ ਵਿੱਚ ਰਹਿ ਰਹੇ ਉਹ ਚਾਰੇ ਭਰਾ। ਲੱਗ ਰਿਹਾ ਸੀ ਕਿ ਬਾਰਸ਼ਾਂ ਵਿੱਚ ਵੀ ਘਰ ਚੋ ਕੇ ਉਨ੍ਹਾਂ ਦਾ ਜਿਊਣਾ ਮੁਹਾਲ ਕਰਦਾ ਹੋਣਾ ਹੈ। ਘਰ ਨੂੰ ਦੇਖ ਕੇ ਰੋਣਾ ਆ ਰਿਹਾ ਸੀ। ਅਸੀਂ ਇੱਕ ਪਾਸੇ ਹੋ ਕੇ ਮੰਜੇ ’ਤੇ ਬੈਠ ਗਏ। ਉਸ ਬੰਦੇ ਨੇ ਵਿਥਿਆ ਸੁਣਾਈ, “ਅਸੀਂ ਚਾਰ ਭਰਾ ਹਾਂ। ਕਾਰੋਬਾਰ ਵਿੱਚ ਘਾਟਾ ਪੈ ਗਿਆ, ਮੁੜ ਕੇ ਸੰਭਲ਼ੇ ਨਹੀਂ। ਹੁਣ ਦੁਕਾਨਾਂ ’ਤੇ ਨੌਕਰੀਆਂ ਕਰਕੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਾਂ। ਬੈਂਕ ਦੇ ਪੈਸੇ ਕਿੱਥੋਂ ਭਰੀਏ?”
ਬਾਕੀ ਕਹਾਣੀ ਉਹਨਾਂ ਦੀ ਫਾਇਲ ਨੇ ਦੱਸ ਦਿੱਤੀ। ਉਸ ਨੂੰ ਬਾਕੀ ਭਾਈਆਂ ਸਮੇਤ ਬੈਂਕ ਆਉਣ ਲਈ ਕਹਿ ਕੇ ਅਸੀਂ ਬਾਹਰ ਆ ਗਏ। ਉਸ ਨੇ ਚਾਹ ਪਾਣੀ ਲਈ ਬਹੁਤ ਜ਼ੋਰ ਲਾਇਆ ਪਰ ਉਨ੍ਹਾਂ ਦੀ ਹਾਲਤ ਦੇਖ ਕੇ ਚਾਹ ਕਿੱਥੇ ਅੰਦਰ ਲੰਘਣੀ ਸੀ। ਰਸਤੇ ਵਿੱਚ ਮੈਂ ਸੋਚ ਰਿਹਾ ਸੀ ਕਿ ਐਨਾ ਵਧੀਆ ਕਾਰੋਬਾਰ ਕਰਨ ਵਾਲੇ ਕਿਵੇਂ ਅਜਿਹੇ ਜ਼ਰਜ਼ਰ ਹਾਲਤ ਵਿੱਚ ਰਹਿੰਦੇ ਹੋਣਗੇ? ਬੈਂਕ ਦੇ ਪੈਸੇ ਇਹ ਕਿਵੇਂ ਮੋੜਨਗੇ? ਮਕਾਨ ਵੀ ਅਜਿਹੀ ਜਗ੍ਹਾ ਉੱਤੇ ਅਤੇ ਡਿਗਣ ਵਾਲੀ ਹਾਲਤ ਵਿੱਚ ਸੀ ਕਿ ਵਿਕ ਨਹੀਂ ਸਕਦਾ ਸੀ। ਜੇਕਰ ਇਹ ਵਿਕ ਵੀ ਜਾਵੇ ਤਾਂ ਇਸ ਵਿੱਚ ਵਸਣ ਵਾਲੇ ਕਿੱਥੇ ਜਾਣਗੇ? ਇਸ ਸੋਚ ਨੇ ਮੇਰੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ।
ਅਗਲੇ ਦਿਨ ਚਾਰੇ ਭਾਈ ਬੈਂਕ ਆ ਗਏ। ਮੈਂ ਹਮਦਰਦੀ ਭਰੇ ਲਹਿਜ਼ੇ ਨਾਲ ਕਿਹਾ, “ਦੇਖੋ! ਇਹ ਖ਼ਾਤਾ ਬੰਦ ਕਰਨਾ ਹੀ ਹੈ, ਦੱਸੋ ਕਿਵੇਂ ਕਰੀਏ? ਤੁਸੀਂ ਕਿੰਨੇ ਕੁ ਪੈਸਿਆਂ ਦਾ ਇੰਤਜ਼ਾਮ ਕਰ ਸਕਦੇ ਹੋ?” ਉਹ ਕਹਿਣ ਲੱਗੇ ਕਿ ਅਸੀਂ ਔਖੇ ਸੌਖੇ, ਫੜ ਫੜਾ ਕੇ ਲੱਖ ਡੇਢ ਲੱਖ ਦਾ ਇੰਤਜ਼ਾਮ ਕਰ ਸਕਦੇ ਹਾਂ।”
ਮੈਂ ਜ਼ੋਰ ਦੇ ਕੇ ਕਿਹਾ, “ਤੁਸੀਂ ਸਾਢੇ ਕੁ ਤਿੰਨ ਲੱਖ ਦਾ ਇੰਤਜ਼ਾਮ ਕਰੋ, ਫਿਰ ਮੈਂ ਉੱਪਰ ਗੱਲ ਕਰਾਂਗਾ।”
ਉਹ ਕਹਿਣ ਲੱਗੇ ਕਿ ਅਜਨਾਲੇ ਉਨ੍ਹਾਂ ਦਾ ਬਹਿਨੋਈ ਰਹਿੰਦਾ ਹੈ, ਉਸ ਨਾਲ ਗੱਲ ਕਰਕੇ ਦੇਖ ਲੈਂਦੇ ਹਾਂ।
ਦੂਸਰੇ ਦਿਨ ਖ਼ਾਤੇ ਦੀ ਪੂਰੀ ਰਿਪੋਰਟ ਤਿਆਰ ਕੀਤੀ ਤੇ ਲੈ ਕੇ ਮੈਂ ਪ੍ਰਾਦੇਸ਼ਿਕ ਦਫਤਰ ਚਲਾ ਗਿਆ। ਸਾਰੀ ਕਹਾਣੀ ਸਾਹਿਬ ਨੂੰ ਦੱਸੀ ਤੇ ਕਿਹਾ, “ਸਰ! ਜਿਹੜਾ ਗਿਰਵੀ ਮਕਾਨ ਬੈਂਕ ਵੇਚਣਾ ਚਾਹੁੰਦਾ ਹੈ, ਉਸ ਦੀ ਬੁਰੀ ਹਾਲਤ ਹੈ। ਅਜਿਹੀ ਜਗ੍ਹਾ ’ਤੇ ਹੈ ਕਿ ਵਿਕ ਵੀ ਨਹੀਂ ਸਕਦਾ। ਬਾਕੀ ਰਹੀ ਮਾਲਕਾਂ ਦੀ ਹਾਲਤ, ਉਹ ਬਿਆਨ ਤੋਂ ਬਾਹਰ ਹੈ।”
ਕਾਫ਼ੀ ਸੋਚਣ ਤੋਂ ਬਾਅਦ ਸਾਹਿਬ ਬੋਲੇ, “ਉਹ ਕਿੰਨੇ ਕੁ ਪੈਸਿਆਂ ਦਾ ਇੰਤਜ਼ਾਮ ਕਰ ਸਕਦੇ ਨੇ?”
ਮੈਂ ਕਿਹਾ, “ਬੜੀ ਮੁਸ਼ਕਲ ਨਾਲ ਉਹਨਾਂ ਨੂੰ ਸਮਝਾਇਆ ਤੇ ਤਿਆਰ ਕੀਤਾ, ਉਹ ਹਰ ਸਰੋਤ ਤੋਂ ਦੋ ਕੁ ਲੱਖ ਦਾ ਜੁਗਾੜ ਕਰ ਸਕਦੇ ਨੇ।” ‘ਸਾਹਿਬ ਬੋਲੇ, “ਇਹ ਤਾਂ ਬਹੁਤ ਘੱਟ ਨੇ, ਖ਼ਾਤੇ ਦੀ ਸਥਿਤੀ ਕੀ ਹੈ?”
ਮੈਂ ਰਿਪੋਰਟ ਬਣਾ ਕੇ ਲੈ ਗਿਆ ਸੀ, ਦੱਸਿਆ ਕਿ ਮੂਲ ਰਕਮ ਤਾਂ ਤਿੰਨ ਲੱਖ ਰੁਪਏ ਦੇ ਕਰੀਬ ਹੈ, ਬਾਕੀ ਤਾਂ ਬਿਆਜ, ਪੜ-ਬਿਆਜ, ਪੈਨਲਟੀ ਤੇ ਹੋਰ ਬੈਂਕ ਦੇ ਖ਼ਰਚੇ ਹਨ। ਸਾਹਿਬ ਨੇ ਕਾਫ਼ੀ ਦਿਮਾਗ਼ੀ ਜਮ੍ਹਾਂ ਖ਼ਰਚ ਕੀਤਾ ਤੇ ਮੁੱਖ ਦਫਤਰ ਵਿੱਚ ਵੀ ਗੱਲਬਾਤ ਕੀਤੀ ਤੇ ਅੰਤ ਵਿੱਚ ਕਿਹਾ, “ਤੁਸੀਂ ਔਖੇ ਸੌਖੇ, ਖਿੱਚ-ਖੁੱਚ ਕੇ ਸਾਢੇ ਤਿੰਨ ਲੱਖ ਲਈ ਉਨ੍ਹਾਂ ਨੂੰ ਤਿਆਰ ਕਰੋ।”
ਮੈਂ ਕਿਹਾ, “ਸਰ! ਉਹ ਤਾਂ ਰੋਟੀ ਵੱਲੋਂ ਵੀ ਆਹਝੇ ਨੇ, ਇਹ ਤਾਂ ਗਲ਼ਾ ਘੁੱਟਣ ਵਾਲੀ ਗੱਲ ਹੈ। ਹਾਂ, ਮੈਂ ਮੂਲ ਰਕਮ ਤਿੰਨ ਲੱਖ ਰੁਪਏ ਤਕ ਕਹਿ ਕੇ ਕੋਸ਼ਿਸ਼ ਕਰਦਾ ਹਾਂ।”
ਸਾਹਿਬ ਦਾ ਮਨ ਵੀ ਥੋੜ੍ਹਾ ਪਸੀਜ ਗਿਆ। ਕੋਈ ਕੋਈ ਅਫਸਰ ਦਰਿਆਦਿਲ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਰਿਪੋਰਟ ਬਣਾ ਕੇ ਤੇ ਸਿਫਾਰਿਸ਼ ਕਰ ਕੇ ਭੇਜੋ, ਮੁੱਖ ਦਫਤਰ ਉਹ ਆਪੇ ਗੱਲ ਕਰਨਗੇ।
ਦੋ ਦਿਨਾਂ ਬਾਅਦ ਉਹ ਆਪਣੇ ਬਹਿਨੋਈ ਨੂੰ ਲੈ ਕੇ ਆ ਗਏ। ਮੈਂ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ ਤੇ ਕਿਹਾ, “ਤੁਸੀਂ ਤਿੰਨ ਲੱਖ ਦਾ ਇੰਤਜ਼ਾਮ ਕਰ ਲਉ, ਸਾਰੀ ਉਮਰ ਦਾ ਸਿਆਪਾ ਵੱਢਿਆ ਜਾਵੇਗਾ, ਨਾਲ਼ੇ ਮਕਾਨ ਬਚ ਰਹੇਗਾ।”
ਉਹ ਤਿੰਨ ਲੱਖ ਰੁਪਏ ਭਰਨ ਲਈ ਰਾਜ਼ੀ ਹੋ ਗਏ।
ਦਰਅਸਲ ਬੈਂਕ ਵੀ ਖ਼ਾਤਾ ਨਿਬੇੜਨਾ ਚਾਹੁੰਦਾ ਸੀ। ਆਖ਼ਿਰ ਮਨਜ਼ੂਰੀ ਆ ਗਈ ਤੇ ਤਿੰਨ ਲੱਖ ਭਰਨ ਤੋਂ ਬਾਅਦ ਖ਼ਾਤਾ ਬੰਦ ਕਰ ਦਿੱਤਾ। ਸਾਹਿਬ ਦੇ ਤੇ ਮੇਰੇ ਦਿਮਾਗ਼ ਤੋਂ ਖ਼ਾਤੇ ਦਾ ਬਹੁਤ ਭਾਰੀ ਬੋਝ ਲਹਿ ਗਿਆ। ਚਾਰੇ ਭਾਈਆਂ ਨੂੰ ਕਿੰਨਾ ਸਕੂਨ ਮਿਲਿਆ ਤੇ ਖੁਸ਼ੀ ਹੋਈ, ਇਹ ਮੈਂ ਬਿਆਨ ਨਹੀਂ ਕਰ ਸਕਦਾ ਪਰ ਚਾਰੇ ਭਰਾਵਾਂ ਦੇ ਜਾਂਦੇ ਸਮੇਂ ਅੱਖਾਂ ਵਿੱਚੋਂ ਹੰਝੂ ਕਿਰ ਰਹੇ ਸਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3965)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)