“ਥੋੜ੍ਹੇ ਫ਼ਾਸਲੇ ਨਾਲ ਅਸੀਂ ਦੋਵੇਂ ਜਣੇ, ਮੈਂ ਤੇ ਕਾਹਨੇ ਕਾ ਸਤਗੁਰ, ਨਸ਼ੇੜੀਆਂ ਦੇ ਪਿੱਛੇ ਪਿੱਛੇ ਚੱਲ ਪਏ ...”
(20 ਜੁਲਾਈ 2024)
ਇਸ ਸਮੇਂ ਪਾਠਕ: 335.
ਉੱਤਰੀ ਭਾਰਤ ਵਿੱਚ ਨਸ਼ਿਆਂ ਦਾ ਬਹੁਤ ਬੋਲਬਾਲਾ ਹੈ, ਖਾਸ ਕਰਕੇ ਪੰਜਾਬ ਵਿੱਚ ਤਾਂ ਬਹੁਤ ਹੀ ਬੁਰੀ ਹਾਲਤ ਹੈ। ਸਰਹੱਦੀ ਸੂਬਾ ਹੋਣ ਕਰਕੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵੱਲੋਂ ਨਸ਼ੇ ਦੀ ਬਹੁਤ ਆਮਦ ਹੈ। ਹੁਣ ਤਾਂ ਡਰੋਨਾਂ ਰਾਹੀਂ ਹੀਰੋਇਨ ਦੇ ਪੈਕੇਟ ਹਰ ਰੋਜ਼ ਸੀਮਾ ਪਾਰ ਤੋਂ ਆ ਰਹੇ ਨੇ। ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਚਿੱਟਾ (ਹੀਰੋਇਨ ਜਾਂ ਸਫੈਦ ਪਾਊਡਰ) ਆਮ ਤੌਰ ’ਤੇ ਉਪਲਬਧ ਹੈ। ਹੁਣ ਇਸਦਾ ਫੈਲਾਅ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਵੀ ਬਹੁਤ ਹੋ ਗਿਆ ਹੈ। ਆਮ ਅਖਬਾਰਾਂ ਵਿੱਚ, ਟੈਲੀਵਿਜ਼ਨ ਉੱਤੇ, ਤੇ ਸੋਸ਼ਲ ਮੀਡੀਆ ਉੱਪਰ ਹਰ ਰੋਜ਼ ਨਸ਼ੇ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਹੁੰਦੀਆਂ ਹਨ। ਪੰਜਾਬ ਦੀ ਪੰਜਾਹ ਪ੍ਰਤੀਸ਼ਤ ਜਵਾਨੀ ਬਾਹਰਲੇ ਦੇਸ਼ਾਂ ਵਲ ਕੂਚ ਕਰ ਗਈ ਹੈ ਤੇ ਰਹਿੰਦੀ ਨੂੰ ਨਸ਼ਿਆਂ ਨੇ ਖਾ ਲਿਆ। ਬੇਆਬਾਦ ਸਥਾਨਾਂ ’ਤੇ ਨਸ਼ੇ ਦੀ ਵਾਧ-ਘਾਟ ਕਾਰਨ ਮਰਨ ਵਾਲਿਆਂ ਦੀਆਂ ਲਾਸ਼ਾਂ ਹੀ ਮਿਲਦੀਆਂ ਹਨ, ਜਿਨ੍ਹਾਂ ਵਿੱਚ ਜ਼ਿਆਦਾ ਨੌਜਵਾਨ ਹੁੰਦੇ ਹਨ। ਹੁਣ ਤਾਂ ਨੌਜਵਾਨ ਲੜਕੀਆਂ ਵੀ ਇਸ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਹਨ। ਇਨ੍ਹਾਂ ਕੈਮੀਕਲ ਨਸ਼ਿਆਂ ਤੋਂ ਪਹਿਲਾਂ ਅਫੀਮ ਜਾਂ ਪੋਸਤ ਦੀ ਭੁੱਕੀ ਆਮ ਨਸ਼ਾ ਸੀ। ਹਾਲਾਂਕਿ ਹੈ ਤਾਂ ਇਹ ਵੀ ਸਮਾਜ ਲਈ ਗਿਰਾਵਟ ਦੀ ਨਿਸ਼ਾਨੀ ਸੀ ਪਰ ਥੋੜ੍ਹੀ ਬਹੁਤ ਬੱਚਤ ਹੋ ਜਾਂਦੀ ਸੀ, ਮਰਨ ਤਕ ਦੀ ਨੌਬਤ ਨਹੀਂ ਆਉਂਦੀ ਸੀ। ਬਹੁਤ ਸਾਰੇ ਚੁਣੇ ਹੋਏ ਨੇਤਾ ਪੋਸਤ, ਅਫੀਮ ਦੀ ਖੇਤੀ ਕਰਨ ਦੀ ਵਕਾਲਤ ਕਰਦੇ ਰਹਿੰਦੇ ਹਨ ਪਰ ਇਸਦੇ ਦੂਰਗਾਮੀ ਪ੍ਰਭਾਵਾਂ ਦੇ ਨਤੀਜੇ ਨਹੀਂ ਜਾਣਦੇ। ਇੱਕ ਸੱਭਿਅਕ ਤੇ ਸਿਹਤਮੰਦ ਸਮਾਜ ਦੇ ਵਿਕਾਸ ਲਈ ਇਹ ਵੀ ਬਹੁਤ ਹਾਨੀਕਾਰਕ ਹਨ।
ਇਹ ਗੱਲ ਸੱਤਵੇਂ ਦਹਾਕੇ ਦੀ ਸ਼ੁਰੂ ਦੀ ਹੈ। ਸਕੂਲੋਂ ਛੁੱਟੀ ਤੋਂ ਬਾਅਦ ਅਸੀਂ ਸੰਗੀ ਸਾਥੀ ਲੀਰਾਂ ਦੀ ਖੁੱਦੋ ਨਾਲ ਪਹਾੜੀ ਅੱਕ ਦੇ ਕਾਂਬੜੇ ਲੈਕੇ ਆਪਣੇ ਪਿੰਡ ਦੇ ਕਾਲੇ ਤੋਲਿਆਲ਼ੇ ਖੂਹ ਵਾਲੀ ਫਿਰਨੀ ’ਤੇ ਖੇਡਦੇ ਰਹਿੰਦੇ। ਖੂਹ ਤੋਂ ਅੱਗੇ ਚਾਲ਼ੀ ਪੰਜਾਹ ਕਿੱਲੇ ਪੰਚਾਇਤੀ ਜ਼ਮੀਨ ਸੀ, ਜਿਸ ਵਿੱਚ ਵੀਹ ਕੁ ਕਿੱਲਿਆਂ ਵਿੱਚ ਵਧੀਆ ਫ਼ਸਲ ਹੁੰਦੀ ਸੀ, ਬਾਕੀ ਸਾਰਾ ਟਿੱਬਾ ਸੀ, ਜਿਸ ਨੂੰ ਬੱਲੋਆਲ਼ਾ ਟਿੱਬਾ ਕਹਿੰਦੇ ਸਨ। ਜਦੋਂ ਪੰਚਾਇਤੀ ਜ਼ਮੀਨ ਵਿੱਚ ਮੱਕੀ ਜਾਂ ਕਪਾਹ ਬੀਜੀ ਹੁੰਦੀ ਤਾਂ ਅਸੀਂ ਨਿਆਣੇ ਅਕਸਰ ਸੁਣਦੇ ਕਿ ਮੱਕੀ ਵਿੱਚ ਜਾਂ ਕਪਾਹ ਵਿੱਚ ਜਹਾਜ਼ ਉੱਤਰਿਆ ਹੈ। ਅਸੀਂ ਰੌਲ਼ਾ ਅਣਸੁਣਿਆ ਕਰਕੇ ਆਪਣੀ ਖੇਡ ਵਿੱਚ ਮਸਤ ਰਹਿੰਦੇ। ਇੱਕ ਵਾਰ ਪੰਚਾਇਤੀ ਜ਼ਮੀਨ ਵਿੱਚ ਕਪਾਹ ਬੀਜੀ ਹੋਈ ਸੀ, ਵਿੱਚ ਬੰਦਾ ਖੜ੍ਹਾ ਨਹੀਂ ਸੀ ਦਿਸਦਾ। ਅਸੀਂ ਆਪਣੀ ਰੁਟੀਨ ਵਿੱਚ ਖੁੱਦੋ-ਖੂੰਡੀ ਖੇਡ ਰਹੇ ਸੀ ਕਿ ਸਾਡੇ ਕੰਨ ਵਲੇਲ ਪਈ ਕਿ ਕਪਾਹ ਵਿੱਚ ਅੱਜ ਜਹਾਜ਼ ਉੱਤਰਿਆ ਹੈ। ਪਿੰਡ ਦੇ ਅਮਲੀ ਜਾਂ ਲੋੜਵੰਦ ਦੱਬਵੇਂ ਪੈਰੀਂ ਕਾਲਿਆਲ਼ੇ ਖੂਹ ਉੱਪਰ ਦੀ ਕਪਾਹ ਵੱਲ ਜਾ ਰਹੇ ਸਨ। ਸਾਨੂੰ ਵੀ ਅੱਚੋਵਾਈ ਲੱਗ ਗਈ ਕਿ ਦੇਖੀਏ ਤਾਂ ਸਹੀ, ਕਿਹੜਾ ਜਿਹਾ ਜਹਾਜ਼ ਉੱਤਰਿਆ ਹੈ। ਥੋੜ੍ਹੇ ਫ਼ਾਸਲੇ ਨਾਲ ਅਸੀਂ ਦੋਵੇਂ ਜਣੇ, ਮੈਂ ਤੇ ਕਾਹਨੇ ਕਾ ਸਤਗੁਰ ਨਸ਼ੇੜੀਆਂ ਦੇ ਪਿੱਛੇ ਪਿੱਛੇ ਚੱਲ ਪਏ। ਜਦੋਂ ਐੱਨ ਕਪਾਹ ਦੇ ਵਿਚਾਲੇ ਜਾ ਕੇ ਦੇਖਿਆ ਤਾਂ ਦੋ ਘੋੜੀਆਂ ਵਾਲੇ ਖੜ੍ਹੇ ਸਨ। ਘੋੜੀਆਂ ਉੱਪਰ ਚੂਰੇ ਨਾਲ ਭਰੀਆਂ ਹੋਈਆਂ ਖੁਰਜੀਆਂ ਲੱਦੀਆਂ ਹੋਈਆਂ ਸਨ। ਘੋੜੀਆਂ ਵਾਂਲੇ ਡੱਬੇ ਮਿਣ ਮਿਣ ਕੇ ਚੂਰਾ ਪਾਊਡਰ ਜਿਹਾ ਇਕੱਲੇ ਇਕੱਲੇ ਬੰਦੇ ਦੀ ਝੋਲ਼ੀ ਪਾਈ ਜਾਣ ਤੇ ਪੈਸੇ ਫੜੀ ਜਾਣ। ਅਸੀਂ ਦੇਖ ਕੇ ਬੜੇ ਹੈਰਾਨ ਹੋਏ ਕਿ ਇਹ ਜਹਾਜ਼ ਉੱਤਰੇ ਹਨ? ਜਦੋਂ ਸਾਡੀ ਹਿਲਜੁਲ ਨਾਲ ਖੜਕਾ ਹੋਇਆ ਤਾਂ ਘੋੜੀਆਂ ਵਾਲੇ ਡਰ ਗਏ। ਇੱਕ ਘੋੜੀ ਵਾਲੇ ਨੇ ਭੱਜ ਕੇ ਸਾਨੂੰ ਦੋਨਾਂ ਨੂੰ ਫੜ ਲਿਆ। ਨਾਲ਼ੇ ਉਹ ਸਾਡੇ ਕੰਨ ਮਰੋੜੀ ਜਾਵੇ ਤੇ ਨਾਲ਼ੇ ਪੁੱਛੀ ਜਾਵੇ ਕਿ ਤੁਹਾਨੂੰ ਕਿਸ ਨੇ ਸਾਡੀ ਸੀਆਈਡੀ ਕਰਨ ਲਈ ਭੇਜਿਆ ਹੈ? ਸਾਡੀਆਂ ਡਰਦਿਆਂ ਹੋਇਆਂ ਦੀਆਂ ਚੀਕਾਂ ਨਿਕਲਣ, ਨਾਲ਼ੇ ਮੂੰਹੋਂ ਵਿੱਚੋਂ ਨਿਕਲੀ ਜਾਵੇ ਕਿ ਅਸੀਂ ਤਾਂ ਜਹਾਜ਼ ਉੱਤਰਿਆ ਦੇਖਣ ਆਏ ਸੀ, ਸਾਨੂੰ ਕੀ ਪਤਾ ਸੀ, ਆਹ ਘੋੜੀਆਂ ਆਲ਼ੇ ਜਹਾਜ਼ ਉੱਤਰੇ ਹਨ। ਉਹ ਘੋੜੀ ਵਾਲਾ ਅਜੇ ਵੀ ਸੰਤੁਸ਼ਟ ਨਹੀਂ ਸੀ ਹੋਇਆ। ਜਦੋਂ ਉਹ ਸਾਡੇ ਥੱਪੜ ਮਾਰਨ ਲੱਗਿਆ ਤਾਂ ਘੋੜ ਚੜ੍ਹਿਆਂ ਦੇ ਜੈਬੇ ਨੇ ਸਾਨੂੰ ਪਛਾਣ ਲਿਆ ਤੇ ਚੂਰਾ ਵੇਚਣ ਵਾਲ਼ੇ ਨੂੰ ਥੱਪੜ ਮਾਰਨ ਤੋਂ ਰੋਕਿਆ ਤੇ ਕਿਹਾ, “ਇਹ ਤਾਂ ਨਿਆਣੇ ਨੇ, ਇਨ੍ਹਾਂ ਨੂੰ ਕੀ ਪਤਾ ਇੱਥੇ ਕੀ ਹੁੰਦਾ।”
ਜੈਬੇ ਨੇ ਚੂਰਾ ਵੇਣ ਵਾਲੇ ਦੇ ਹੱਥੋਂ ਸਾਡੇ ਕੰਨ ਛੁਡਵਾਏ। ਕੰਨ ਅਸੀਂ ਛਡਵਾ ਕੇ ਅਸੀਂ ਕਪਾਹ ਦੇ ਵਿੱਚਦੀ ਭੱਜ ਪਏ। ਕਪਾਹ ਦੀਆਂ ਛਟੀਆਂ ਵਿੱਚੋਂ ਦੀ ਭੱਜਣ ਕਰਕੇ ਸਾਡੇ ਗੋਡੇ ਮੋਢੇ ਛਿੱਲੇ ਗਏ ਪਰ ਅਸੀਂ ਮੁੜਕੇ ਪਿੱਛੇ ਨਹੀਂ ਦੇਖਿਆ ਤੇ ਖੂਹ ਤੇ ਜਾ ਕੇ ਸਾਹ ਲਿਆ। ਅੱਗੋਂ ਲਈ ਕੰਨਾਂ ਨੂੰ ਹੱਥ ਲਾ ਲਿਆ ਕਿ ਅਜਿਹਾ ਜਹਾਜ਼ ਦੇਖਣ ਦਾ ਪੰਗਾ ਨਹੀਂ ਲੈਣਾ, ਕਦੇ ਅਸਮਾਨ ਵਿੱਚ ਉਡੇ ਜਾਂਦੇ ਜਹਾਜ਼ ਨੂੰ ਹੀ ਵੇਖ ਲਵਾਂਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5146)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.