“ਕੁਝ ਕੁ ਮਨੁੱਖ ਮਿਹਨਤ ਕਰਕੇ ਆਪਣੀਆਂ ਰੀਝਾਂ ਪੂਰੀਆਂ ਕਰਨ ਵਿੱਚ ...”
(9 ਜਨਵਰੀ 2025)
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਹ ਬਚਪਨ ਤੋਂ ਆਪਣੇ ਆਪ ਨੂੰ ਆਲ਼ੇ ਦੁਆਲ਼ੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦਾ ਹੈ। ਜਿਹੋ ਜਿਹੇ ਸਮਾਜ ਵਿੱਚ ਇਹ ਰਹਿੰਦਾ ਹੈ ਉਹੋ ਜਿਹੇ ਸੁਪਨੇ ਸੰਜੋਦਾ ਰਹਿੰਦਾ ਹੈ। ਨਵੀਂਆਂ ਨਵੀਆਂ ਰੀਝਾਂ ਹਰ ਸਮੇਂ ਇਸ ਦੇ ਦਿਮਾਗ ਵਿੱਚ ਪਨਪਦੀਆਂ ਰਹਿੰਦੀਆਂ ਹਨ। ਇਹ ਦੂਸਰਿਆਂ ਨੂੰ ਵੇਖ ਵੇਖ ਉਨ੍ਹਾਂ ਵਰਗਾ ਬਣਨ ਦੀ ਤਾਂਘ ਪੈਦਾ ਕਰਦਾ ਹੈ। ਇਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਰੀਝ ਕਦੇ ਪੂਰੀ ਹੋਵੇਗੀ ਵੀ ਕਿ ਨਹੀਂ ਜਾਂ ਕਿਵੇਂ ਪੂਰੀ ਕੀਤੀ ਜਾ ਸਕੇਗੀ। ਇਸ ਨੂੰ ਇਸਦੇ ਚੰਗੇ ਮੰਦੇ ਨਤੀਜਿਆਂ ਦਾ ਵੀ ਪਤਾ ਨਹੀਂ ਹੁੰਦਾ। ਇਹ ਰੀਝਾਂ ਤਾਂ ਪੈਦਾ ਕਰ ਲੈਂਦਾ ਹੈ ਪਰ ਇਸ ਨੂੰ ਇਹ ਗਿਆਨ ਨਹੀਂ ਹੁੰਦਾ ਕਿ ਇਹਨਾਂ ਰੀਝਾਂ ਨੂੰ ਪੂਰਾ ਕਰਨ ਲਈ ਕਰੜੀ ਮਿਹਨਤ ਵੀ ਕਰਨੀ ਪਵੇਗੀ। ਕੁਝ ਕੁ ਮਨੁੱਖ ਮਿਹਨਤ ਕਰਕੇ ਆਪਣੀਆਂ ਰੀਝਾਂ ਪੂਰੀਆਂ ਕਰਨ ਵਿੱਚ ਸਫਲ ਹੋ ਜਾਂਦੇ ਹਨ ਪਰ ਬਹੁਤਿਆਂ ਦੀਆਂ ਰੀਝਾਂ ਮਿਹਨਤ ਨਾ ਕਰਨ ਕਰਕੇ ਜ਼ਿੰਦਗੀ ਦੀ ਦਹਿਲੀਜ਼ ਹੇਠਾਂ ਦੱਬ ਕੇ ਰਹਿ ਜਾਂਦੀਆਂ ਹਨ। ਜਿਹੜੇ ਰਾਤ ਨੂੰ ਸੁਪਨੇ ਲੈਂਦੇ ਹਨ, ਉਨ੍ਹਾਂ ਦੇ ਸੁਪਨੇ ਕਦੇ ਪੂਰੇ ਨਹੀਂ ਹੁੰਦੇ ਪਰ ਜਿਹੜੇ ਜਾਗਦੀਆਂ ਅੱਖਾਂ ਨਾਲ ਸੁਪਨੇ ਦੇਖਦੇ ਹਨ, ਉਹ ਜ਼ਿੰਦਗੀ ਵਿੱਚ ਕੁਝ ਨਾਲ ਕੁਝ ਕਰ ਗੁਜ਼ਰਦੇ ਹਨ।
ਬਹੁਤ ਪੁਰਾਣੀ ਘਟਨਾ ਹੈ। ਮੈਂ ਉਸ ਸਮੇਂ ਤੀਜੀ ਜਾਂ ਚੌਥੀ ਜਮਾਤ ਦਾ ਵਿਦਿਆਰਥੀ ਸੀ। ਆਪਣੇ ਪਿੰਡ ਦਾਦਾ-ਦਾਦੀ ਕੋਲ ਰਹਿੰਦਿਆਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ। ਵਧੀਆ ਕੱਪੜੇ ਪਹਿਨਣ ਦਾ ਉਦੋਂ ਬਹੁਤਾ ਰੁਝਾਨ ਨਹੀਂ ਸੀ। ਕੇਵਲ ਨੰਗ ਢਕਣ ਨਾਲ਼ ਹੀ ਮਤਲਬ ਹੁੰਦਾ ਸੀ। ਇੱਕ ਦੋ ਖੱਦਰ ਦੇ ਜਾਂ ਲੱਠੇ ਦੇ ਕੁੜਤੇ ਹੁੰਦੇ, ਇੱਕ ਦੋ ਨਿੱਕਰਾਂ ਹੁੰਦੀਆਂ। ਬੱਸ ਉਹ ਹੀ ਧੋ ਲੈਂਦੇ ਤੇ ਪਾ ਕੇ ਸਕੂਲ ਚਲੇ ਜਾਂਦੇ। ਤਕਰੀਬਨ ਸਾਰੇ ਬੱਚਿਆਂ ਦਾ ਇਹੋ ਹਾਲ ਹੁੰਦਾ ਸੀ। ਨਵੇਂ ਕੱਪੜਿਆਂ ਦਾ ਚਾਅ ਕੇਵਲ ਜਾਂ ਤਾਂ ਮੇਲਿਆਂ ਵੇਲੇ ਪੂਰਾ ਹੁੰਦਾ ਜਾਂ ਫਿਰ ਗਲ਼ੀ ਮੁਹੱਲੇ ਜਾਂ ਭਾਈਚਾਰੇ ਵਿੱਚ ਹੋਣ ਵਾਲੇ ਵਿਆਹ ਵੇਲੇ ਹੁੰਦਾ। ਵਿਆਹ ਸਮੇਂ ਘਰ ਵਾਲੇ ਨਵੇਂ ਕੱਪੜੇ ਸਿਲਵਾ ਦਿੰਦੇ। ਜੰਞ ਜਾਣਾ ਲਈ ਵੀ ਨਵੇਂ ਕੱਪੜੇ ਅਕਸਰ ਮਿਲ ਜਾਂਦੇ। ਨਵੇਂ ਜਾਂ ਸੋਹਣੇ ਕੱਪੜੇ ਪਾਉਣ ਦੀ ਰੀਝ ਉਦੋਂ ਪੂਰੀ ਹੁੰਦੀ।
ਸਾਡਾ ਗਵਾਂਢ ਬ੍ਰਾਹਮਣਾਂ, ਮਹਾਜਨਾਂ, ਮਿਸਤਰੀਆਂ ਦਾ ਤੇ ਜਿਮੀਦਾਰਾਂ ਦਾ ਰਲ਼ਿਆ ਮਿਲ਼ਿਆ ਗਵਾਂਢ ਸੀ। ਦੋ ਘਰ ਛੱਡ ਕੇ ਬਾਣੀਆਂ ਦੇ ਦੀਨਾਨਾਥ ਦਾ ਵਿਆਹ ਸੀ, ਜਿਹੜਾ ਸੰਗਰੂਰ ਸਰਕਾਰੀ ਨੌਕਰੀ ਕਰਦਾ ਸੀ। ਜੰਞ ਸਮਾਣੇ ਸ਼ਹਿਰ ਜਾਣੀ ਸੀ। ਗਵਾਂਢੀ ਹੋਣ ਕਰਕੇ ਮੇਰੇ ਦਾਦਾ ਜੀ ਨੂੰ ਵੀ ਜੰਞ ਜਾਣ ਦਾ ਸੱਦਾ ਸੀ, ਨਾਲ ਹੀ ਫੇਰਿਆਂ ਦੀਆਂ ਰਸਮਾਂ ਨਿਭਾਉਣ ਦੀ ਜ਼ਿੰਮੇਵਾਰੀ ਵੀ ਦਾਦਾ ਜੀ ਨੇ ਨਿਭਾਉਣੀ ਸੀ। ਮੈਂ ਵੀ ਦਾਦਾ ਜੀ ਨਾਲ ਤਿਆਰ ਹੋ ਗਿਆ। ਘਰ ਵਿੱਚ ਅੱਤ ਦੀ ਗਰੀਬੀ ਸੀ। ਰੁਪਈਆ ਪੈਸਾ ਬੜੀ ਮੁਸ਼ਕਿਲ ਬਣਦਾ ਸੀ। ਕੁਝ ਮਾਹੌਲ ਹੀ ਅਜਿਹਾ ਸੀ ਕਿ ਮਹਾਜਨਾਂ ਤੋਂ ਬਿਨਾਂ ਆਮ ਪਿੰਡ ਵਾਸੀਆਂ ਨੂੰ ਪੈਸੇ ਦਾ ਮੂੰਹ ਮੁਸ਼ਕਿਲ ਹੀ ਦਿਸਦਾ ਸੀ। ਦਾਦਾ ਜੀ ਨੇ ਮੈਨੂੰ ਜਿਹੋ ਜਿਹੀ ਉਨ੍ਹਾਂ ਦੀ ਪਰੋਖੋਂ ਸੀ, ਜੰਞ ਜਾਣ ਲਈ ਮੇਰੇ ਲਈ ਬੋਸਕੀ ਦਾ ਪਜਾਮਾ ਤੇ ਖੱਦਰ ਦਾ ਕੁੜਤਾ ਸਿਲਵਾ ਦਿੱਤਾ। ਮੇਰਾ ਤਾਂ ਇਸ ਨਾਲ ਹੀ ਚਾਅ ਨਾ ਚੁੱਕਿਆ ਜਾਵੇ। ਪੈਰਾਂ ਲਈ ਧੌੜੀ ਦੀ ਜੁੱਤੀ (ਪੁੱਠੀ ਖੱਲ ਦੀ ਬਣੀ ਹੋਈ) ਵੀ ਬਣਵਾ ਦਿੱਤੀ। ਦੀਨਾਨਾਥ ਦਾ ਇੱਕ ਬੜਾ ਭਰਾ ਪਟਿਆਲੇ ਪੀ ਡਬਲਿਊ ਡੀ ਮਹਿਕਮੇ ਵਿੱਚ ਸੁਪਰਡੈਂਟ ਸੀ। ਸ਼ਹਿਰ ਵਾਲਿਆਂ ਦਾ ਤੇ ਸਰਕਾਰੀ ਨੌਕਰੀ ਵਾਲਿਆਂ ਪਨ੍ਹਾਂ ਵੀ ਵੱਡਾ ਹੁੰਦਾ ਹੈ। ਉਸਦਾ ਪਰਿਵਾਰ ਵੀ ਵਿਆਹ ਆਇਆ ਹੋਇਆ ਸੀ। ਉਸਦਾ ਲੜਕਾ ਮੇਰੇ ਹਾਣ ਦਾ ਸੀ। ਜੰਞ ਚੜ੍ਹਨ ਵੇਲੇ ਅਸੀਂ ਆਪਣੇ ਕੱਪੜੇ ਪਾ ਕੇ ਤਿਆਰ ਹੋ ਗਏ। ਸੁਪਰਡੈਂਟ ਦਾ ਮੁੰਡਾ ਵੀ ਟੌਰ ਕੱਢੀ ਫਿਰੇ। ਉਸ ਨੇ ਗਰਮ ਕੋਟ ਪੈਂਟ ਪਹਿਨਿਆ ਹੋਇਆ ਸੀ ਅਤੇ ਲਿਸ਼ਕਦੇ ਬੂਟ ਪਾਏ ਹੋਏ ਸਨ। ਉਸ ਨੂੰ ਵੇਖ ਕੇ ਮੇਰੇ ਦਿਲ ’ਤੇ ਆਰੀ ਜਿਹੀ ਚੱਲ ਗਈ। ਕਦੇ ਮੈਂ ਉਸਦੇ ਕੋਟ ਪੈਂਟ ਵੱਲ ਵੇਖਾਂ ਤੇ ਕਦੇ ਆਪਣੇ ਖੱਦਰ ਦੇ ਕੁੜਤੇ ਤੇ ਬੋਸਕੀ ਦੇ ਪਜਾਮੇ ਵੱਲ। ਮੇਰੇ ਕੱਪੜਿਆਂ ਦੀ ਟੌਰ ਅੱਧੀ ਤੋਂ ਵੀ ਘੱਟ ਰਹਿ ਗਈ। ਪਰ ਮਨ ਵਿੱਚ ਇੱਕ ਤਾਂਘ ਪੈਦਾ ਹੋ ਗਈ ਕਿ ਮਨਾ ਜਿਸ ਦਿਨ ਪੈਰਾਂ ਸਿਰ ਹੋ ਗਏ, ਕੱਪੜਿਆਂ ਵਾਲਾ ਖੋਟੂਆ ਜ਼ਰੂਰ ਕੱਢਾਂਗੇ।
ਉਸ ਸਮੇਂ ਰਿਵਾਜ਼ ਸੀ ਕਿ ਜੰਞ ਰਾਤ ਨੂੰ ਰੁਕਦੀ ਸੀ। ਸਵੇਰੇ ਤਿਆਰ ਹੋਣ ਲਈ ਲੜਕੀ ਵਾਲਿਆਂ ਵੱਲੋਂ ਜੰਞ ਘਰ ਜਾਂ ਧਰਮਸ਼ਾਲਾ ਵਿੱਚ ਨਹਾਉਣ ਲਈ ਗਰਮ ਪਾਣੀ, ਹਜਾਮਤ ਲਈ ਨਾਈ, ਕੱਪੜੇ ਪ੍ਰੈੱਸ ਕਰਨ ਲਈ ਧੋਬੀ, ਜੁੱਤੇ ਪਾਲਿਸ਼ ਕਰਨ ਲਈ ਮੋਚੀ ਅਤੇ ਨਹਾਉਣ ਧੋਣ ਕਰਨ ਲਈ ਸਾਬਣ, ਤੇਲ ਅਤੇ ਤੌਲੀਆ ਵਗੈਰਾ ਦਾ ਪੂਰਾ ਇੰਤਜ਼ਾਮ ਹੁੰਦਾ ਸੀ। ਸਵੇਰੇ ਤਿਆਰ ਹੋਣ ਦੀ ਸਭ ਨੂੰ ਕਾਹਲੀ ਸੀ। ਕੋਈ ਨਹਾ ਰਿਹਾ ਸੀ, ਕੋਈ ਹਜਾਮਤ ਕਰਵਾ ਰਿਹਾ ਸੀ ਤੇ ਕੋਈ ਆਪਣੇ ਕੱਪੜੇ ਪ੍ਰੈੱਸ ਕਰਵਾ ਰਿਹਾ ਸੀ। ਸਭ ਨੂੰ ਆਪੋ-ਆਪਣੀ ਪਈ ਸੀ। ਸਾਰੇ ਇੱਕ ਦੂਜੇ ਵਿੱਚ ਵੱਜਦੇ ਫਿਰਦੇ ਸਨ। ਸਵੇਰੇ ਸਾਰੇ ਬਰਾਤੀ ਤਿਆਰ ਹੋਣ ਲੱਗੇ। ਅਸੀਂ ਵੀ ਨਹਾ ਕੇ ਤਿਆਰ ਹੋ ਗਏ। ਜੰਞ ਤਿਆਰ ਹੋਕੇ ਲੜਕੀ ਵਾਲਿਆਂ ਦੇ ਘਰ ਢੁਕਦੀ ਸੀ।
ਉਹ ਕੋਟ ਪੈਂਟ ਵਾਲਾ ਮੇਰਾ ਹਾਣੀ ਆਪਣਾ ਕੋਟ ਪੈਂਟ ਚਮਕਾਉਂਦਾ ਹੋਇਆ ਮਟਕ ਮਟਕ ਤੁਰੇ ਤੇ ਮੈਨੂੰ ਵਾਰ ਵਾਰ ਵੇਖੀ ਜਾਵੇ। ਮੇਰੇ ਮਨ ਵਿੱਚ ਹੋਰ ਹੀਣ ਭਾਵਨਾ ਆਈ ਜਾਵੇ। ਮੈਂ ਸੋਚਿਆ, ਜਿਹੜਾ ਕੁੜਤਾ ਪਜਾਮਾ ਮੈਂ ਪਹਿਨਿਆ ਹੋਇਆ ਹੈ, ਇਸਦਾ ਮੂੰਹ ਮੱਥਾ ਤਾਂ ਸਵਾਰੀਏ। ਕੁੜਤੇ ਪਜਾਮੇ ਵਿੱਚ ਰਾਤ ਨੂੰ ਸੌਣ ਕਰਕੇ ਵਲ਼ ਪੈ ਗਏ ਸਨ। ਪਹਿਲਾਂ ਮੈਂ ਪ੍ਰੈੱਸ ਵਾਲੇ ਕੋਲ ਗਿਆ। ਉਸ ਨੂੰ ਮੈਂ ਆਪਣਾ ਕੁੜਤਾ ਪਜਾਮਾ ਪ੍ਰੈੱਸ ਕਰ ਦੇਣ ਲਈ ਕਿਹਾ ਪਰ ਉਸ ਨੇ ਇਹ ਕਹਿ ਕੇ ਕਿ ‘ਖੱਦਰ ਦੇ ਕੱਪੜੇ ਪ੍ਰੈੱਸ ਨ੍ਹੀ ਹੁੰਦੇ’ ਮੇਰੇ ਹੱਥ ਫੜਾ ਦਿੱਤੇ। ਮੈਨੂੰ ਬੜਾ ਵੱਟ ਚੜ੍ਹਿਆ ਪਰ ਮਾਯੂਸੀ ਵਿੱਚ ਜਿਵੇਂ ਦੇ ਤਿਵੇਂ ਪਹਿਨ ਲਏ। ਫਿਰ ਜੁੱਤੀ ਨੂੰ ਦੇਖ ਦੇਖ ਹੀਣਤਾ ਜਿਹੀ ਆਈ ਜਾਵੇ। ਸੋਚਿਆ, ਚਲੋ ਜੁੱਤੀ ਹੀ ਪਾਲਿਸ਼ ਕਰਵਾ ਲੈਂਦੇ ਹਾਂ। ਮੈਂ ਮੋਚੀ ਕੋਲ ਗਿਆ ਤੇ ਜੁੱਤੀ ਪਾਲਿਸ਼ ਕਰਵਾਉਣ ਲਈ ਉਸਦੀ ਖੁਰਮੀ ਉੱਪਰ ਜੁੱਤੀ ਧਰੀ ਤਾਂ ਉਸ ਨੇ ਚੁੱਕ ਕੇ ਪਰ੍ਹਾਂ ਵਗਾਹ ਮਾਰੀ ਤੇ ਕਿਹਾ, “ਧੌੜੀ ਦੀਆਂ ਜੁੱਤੀਆਂ ਵੀ ਕਦੇ ਪਾਲਿਸ਼ ਹੁੰਦੀਆਂ ਨੇ?” ਦਿਲ ਨੂੰ ਬੜੀ ਸੱਟ ਵੱਜੀ। ਛੋਟੀ ਉਮਰ ਸੀ, ਕੁਝ ਸਮਝ ਨਹੀਂ ਆ ਰਿਹਾ ਸੀ। ਪਰ ਜਾਗਦੀਆਂ ਅੱਖਾਂ ਵਿੱਚ ਇੱਕ ਸੁਪਨਾ ਲਿਆ ਕਿ ਜ਼ਿੰਦਗੀ ਵਿੱਚ ਜਦੋਂ ਵੀ ਆਪਣੇ ਪੈਰਾਂ ਸਿਰ ਹੋਇਆ ਤਾਂ ਕੱਪੜੇ ਅਤੇ ਜੁੱਤੀਆਂ ਦੀ ਕਮੀ ਪੂਰੀ ਕਰਾਂਗਾ, ਉਹ ਮੁਕਾਮ ਹਾਸਲ ਕਰਨ ਲਈ ਚਾਹੇ ਦਿਨ ਰਾਤ ਮਿਹਨਤ ਕਰਨੀ ਪਵੇ।
ਫਿਰ ਪੜ੍ਹਾਈ ਵਿੱਚ ਬਹੁਤ ਮਿਹਨਤ ਕੀਤੀ। ਹਰ ਕਲਾਸ ਵਿੱਚ ਫਸਟ ਆਏ। ਦਸਵੀਂ ਜਮਾਤ ਵਿੱਚ ਨੈਸ਼ਨਲ ਸਕਾਲਰਸ਼ਿੱਪ ਵੀ ਲਿਆ। ਆਖਰ ਬੈਂਕ ਵਿੱਚ ਭਰਤੀ ਹੋ ਗਏ। ਇਹ ਮਹਿਕਮਾ ਵੀ ਅਜਿਹਾ ਸੀ ਕਿ ਹਰ ਰੋਜ਼ ਬਣ ਸੰਵਰ ਕੇ, ਸੂਟ-ਬੂਟ ਪਹਿਨ ਕੇ ਜਾਣਾ ਹੁੰਦਾ ਸੀ। ਅੱਜ ਕੱਲ੍ਹ ਤਾਂ ਬੈਂਕ ਵਾਲੇ ਬਾਕੀ ਮਹਿਕਮਿਆਂ ਤੋਂ ਪਿੱਛੇ ਹਨ ਪਰ ਉਦੋਂ ਬੈਂਕ ਵਾਲਿਆਂ ਨੂੰ ਵਧੀਆ ਤਨਖ਼ਾਹ ਮਿਲਦੀ ਸੀ। ਬੱਸ ਫਿਰ ਬਚਪਨ ਦੀਆਂ ਰੀਝਾਂ ਪੂਰੀਆਂ ਕਰਨ ਦਾ ਸਮਾਂ ਆ ਗਿਆ। ਆਪਣੀ ਹੈਸੀਅਤ ਮੁਤਾਬਕ ਪੱਗਾਂ ਦਾ, ਕੱਪੜਿਆਂ ਦਾ ਤੇ ਜੁੱਤੀਆਂ ਦਾ ਘਾਪਾ ਕੱਢ ਦਿੱਤਾ।
ਹੁਣ ਮੈਨੂੰ ਸੇਵਾ ਮੁਕਤ ਹੋਏ ਨੂੰ ਦਸ ਸਾਲ ਹੋ ਗਏ ਹਨ ਪਰ ਨਵੇਂ ਕੱਪੜੇ, ਨਵੇਂ ਬੂਟ ਪਾਉਣ ਦਾ ਸ਼ੌਕ ਅਜੇ ਮੱਠਾ ਨਹੀਂ ਪਿਆ। ਘਰ ਵਾਲੇ ਵੀ ਲੜਦੇ ਰਹਿੰਦੇ ਹਨ ਕਿ ਦਰਾਜ ਜੁੱਤੀਆਂ ਨਾਲ ਭਰੇ ਰਹਿੰਦੇ ਹਨ ਤੇ ਅਲਮਾਰੀਆਂ ਕੱਪੜਿਆਂ ਨਾਲ। ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਰੀਝਾਂ ਕਦੇ ਕਦੇ ਵਲਵਲੇ ਲੈਂਦੀਆਂ ਹਨ। ਸਿਆਣੇ ਕਹਿੰਦੇ ਨੇ ਕਿ ਇਨਸਾਨ ਦੀਆਂ ਲੋੜਾਂ ਤਾਂ ਪੂਰੀਆਂ ਹੋ ਜਾਂਦੀਆਂ ਨੇ ਪਰ ਖਾਹਿਸ਼ਾਂ ਅਧੂਰੀਆਂ ਰਹਿ ਜਾਂਦੀਆਂ ਹਨ ਪਰ ਆਪਾਂ ਲਗਭਗ ਆਪਣੀਆਂ ਰੀਝਾਂ ਵੀ ਲਬੇ ਲਾ ਲਈਆਂ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5603)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)