“ਉਹ ਦਿਨ ਮੇਰੀ ਬੈਂਕ ਦੀ ਨੌਕਰੀ ਦਾ ਸਭ ਤੋਂ ਵੱਧ ਖੁਸ਼ੀਆਂ ਭਰਿਆ ਤੇ ਸੁਨਹਿਰੀ ਦਿਨ ਸੀ ...”
(20 ਮਈ 2022)
ਮਹਿਮਾਨ: 28.
ਮੈਨੂੰ ਬੈਂਕ ਦੀ ਇਸ ਸ਼ਾਖਾ ਵਿੱਚ ਬਦਲ ਕੇ ਆਏ ਨੂੰ ਅਜੇ ਦੋ ਕੁ ਮਹੀਨੇ ਹੋਏ ਸਨ। ਬੈਂਕ ਦੇ ਗਾਹਕਾਂ ਨਾਲ ਵੀ ਮੇਰੀ ਅਜੇ ਪੂਰੀ ਜਾਣ ਪਹਿਚਾਣ ਨਹੀਂ ਸੀ ਹੋਈ ਕਿ ਬੈਂਕ ਵੱਲੋਂ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਤਹਿਤ ਇੱਕ ਪੇਂਡੂ ਉੱਦਮੀ ਔਰਤਾਂ ਲਈ ਰੁਜ਼ਗਾਰ ਲਈ ਯੋਜਨਾ ਆਰੰਭ ਹੋ ਗਈ। ਇਸਦੇ ਅਧੀਨ ਲੀਡ ਬੈਂਕ ਵੱਲੋਂ ਸਾਨੂੰ ਕੋਈ ਦਸ ਕੁ ਅਰਜ਼ੀਆਂ ਆ ਗਈਆਂ। ਸਾਡੇ ਰਿਜਨਲ ਆਫਿਸ ਤੋਂ ਫੋਨ ਆਉਣੇ ਸ਼ੁਰੂ ਹੋ ਗਏ। ਉਹ ਕਹਿਣ ਲੱਗੇ ਕਿ ਘੱਟੋ ਘੱਟ ਚਾਰ ਜਾਂ ਪੰਜ ਕੇਸ ਜ਼ਰੂਰ ਕੀਤੇ ਜਾਣ।
ਮੈਂ ਆਪਣੇ ਫੀਲਡ ਅਫਸਰ ਨੂੰ ਇਨ੍ਹਾਂ ਅਰਜ਼ੀਆਂ ਦੇ ਪ੍ਰਮਾਣੀਕਰਣ ਲਈ ਪਿੰਡਾਂ ਵਿੱਚ ਭੇਜਿਆ। ਉਨ੍ਹਾਂ ਅਰਜ਼ੀਆਂ ਵਿੱਚ ਇੱਕ ਘਰੇਲ਼ੂ ਉਦਯੋਗ ਅਧੀਨ ਸਾਬਣ ਬਣਾਉਣ ਦੀ ਅਰਜ਼ੀ ਸੀ। ਮੇਰੀ ਦਿਲਚਸਪੀ ਉਸ ਅਰਜ਼ੀ ਵਿੱਚ ਹੋ ਗਈ। ਮੈਂ ਖੁਦ ਪਿੰਡ ਗਿਆ ਤੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਉਸ ਇਸਤਰੀ ਨੂੰ ਮਿਲਿਆ, ਜਿਸ ਨੇ ਇਹ ਅਰਜ਼ੀ ਦਿੱਤੀ ਸੀ। ਚਾਲ਼ੀ ਕੁ ਸਾਲ ਦੀ ਉਹ ਔਰਤ ਸੁੱਘੜ ਸਿਆਣੀ ਲੱਗ ਰਹੀ ਸੀ। ਘਰਬਾਰ ਵੇਖਕੇ ਉਸਦੀ ਸਿਆਣਪ ਦਾ ਪਤਾ ਲੱਗਦਾ ਸੀ। ਮੈਂ ਪੁੱਛਿਆ, “ਬੀਬੀ! ਜੇਕਰ ਤੈਨੂੰ ਕਰਜ਼ ਦੇ ਦੇਈਏ ਤਾਂ ਸਾਬਣ ਬਣਾਉਣ ਦਾ ਕੰਮ ਕਰ ਲਏਂਗੀ?”
ਉਸ ਔਰਤ ਨੇ ਬੜਾ ਸਟੀਕ ਉੱਤਰ ਦਿੱਤਾ। ਕਹਿਣ ਲੱਗੀ, “ਕਿਉਂ ਨਹੀਂ ਜੀ, ਅਸੀਂ ਅਕਸਰ ਰਿੰਡ ਤੇ ਨਿੰਮ ਦੀਆਂ ਨਮੋਲੀ ਤੋਂ ਸਾਬਣ ਬਣਾ ਲੈਂਦੇ ਹਾਂ। ਬਾਕੀ ਅੱਜ ਕੱਲ੍ਹ ਜੋ ਮਟੀਰੀਅਲ ਆਉਂਦਾ ਹੈ, ਉਸ ਤੋਂ ਵੀ ਸਾਬਣ ਬਣਾ ਲਵਾਂਗੇ।
ਸੁਣ ਕੇ ਮੇਰੀ ਤਸੱਲੀ ਹੋ ਗਈ ਕਿ ਇਹ ਔਰਤ ਉੱਦਮੀ ਹੈ, ਜ਼ਰੂਰ ਕਾਮਯਾਬ ਹੋਵੇਗੀ। ਮੈਂ ਫੀਲਡ ਅਫਸਰ ਨੂੰ ਉਸ ਨੂੰ ਕਰਜ਼ ਦੇਣ ਲਈ ਕਹਿ ਦਿੱਤਾ।
ਮੈਂ ਬੈਂਕ ਦੇ ਕੰਮਾਂ ਕਾਰਾਂ ਵਿੱਚ ਵਿਅਸਤ ਹੋ ਗਿਆ। ਛੇ ਸੱਤ ਸੱਤ ਮਹੀਨੇ ਲੰਘ ਗਏ। ਛੇ ਮਹੀਨੇ ਲਈ ਉਸ ਨੂੰ ਕੰਮ ਕਰਨ ਲਈ ਸਮਾਂ ਦਿੱਤਾ ਸੀ ਤੇ ਸੱਤਵੇਂ ਮਹੀਨੇ ਤੋਂ ਉਸਦੀ ਕਿਸ਼ਤ ਸ਼ੁਰੂ ਹੋਣੀ ਸੀ। ਮੈਂ ਫੀਲਡ ਅਫਸਰ ਨੂੰ ਉਸ ਔਰਤ ਨੂੰ ਸੁਨੇਹਾ ਲਾਉਣ ਲਈ ਕਿਹਾ ਤੇ ਨਾਲ ਹੀ ਉਸ ਔਰਤ ਦਾ ਕੰਮਕਾਰ ਵੇਖਣ ਲਈ ਕਿਹਾ।
ਫੀਲਡ ਅਫਸਰ ਨੇ ਆ ਕੇ ਦੱਸਿਆ ਕਿ ਉਸ ਦਾ ਕੰਮ ਠੀਕ ਹੈ। ਸਾਬਣ ਦੀਆਂ ਟਿੱਕੀਆਂ (ਚਾਕੀਆਂ) ਬਣਾ ਬਣਾ ਕੇ ਕੋਠਾ ਭਰ ਰੱਖਿਆ ਹੈ ਤੇ ਹੁਣ ਵੀ ਸਾਬਣ ਬਣਾ ਰਹੀ ਹੈ ਪਰ ਕਿਸ਼ਤ ਬਾਰੇ ਕਹਿੰਦੀ ਹੈ, ਭਰਾਂਗੇ ਜੀ।
ਉਹ ਔਰਤ ਦੋ ਮਹੀਨੇ ਫਿਰ ਨਾ ਕਿਸ਼ਤ ਜਮ੍ਹਾਂ ਕਰਵਾਉਣ ਆਈ। ਮੈਂ ਸਰਪੰਚ ਨੂੰ ਕਰੜਾ ਜਿਹਾ ਸੁਨੇਹਾ ਲਾਇਆ ਕਿਉਂਕਿ ਉਸਨੇ ਹੀ ਉਸ ਔਰਤ ਦੀ ਹਾਮੀ ਭਰੀ ਸੀ।
ਮੇਰੇ ਸੁਨੇਹੇ ਦਾ ਖ਼ਾਸਾ ਅਸਰ ਹੋਇਆ।
ਇੱਕ ਦਿਨ ਬੜਾ ਸਾਰਾ ਡੱਬਾ (ਕਾਰਟਨ) ਲੈ ਕੇ ਉਹ ਬੈਂਕ ਵਿੱਚ ਆ ਗਈ। ਡੱਬਾ ਲਿਆ ਕੇ ਉਸਨੇ ਮੇਰੇ ਟੇਬਲ ’ਤੇ ਰੱਖ ਦਿੱਤਾ। ਮੈਂ ਕਦੇ ਡੱਬੇ ਵੱਲ ਤੇ ਕਦੇ ਉਸ ਔਰਤ ਵੱਲ ਵੇਖਾਂ। ਮੈਨੂੰ ਬੜੀ ਹੈਰਾਨੀ ਹੋਈ। ਮੈਂ ਪੁੱਛਿਆ, ਇਹ ਕੀ ਹੈ? ਕਹਿਣ ਲੱਗੀ, “ਇਹ ਫੜੋ ਵੀਹ ਕਿਲੋ ਸਾਬਣ, ਮੇਰੀ ਕਿਸ਼ਤ ਜਮ੍ਹਾਂ ਕਰ ਲਉ। ਪੈਸੇ ਮੇਰੇ ਕੋਲ ਹੈ ਨਹੀਂ ਕਿਉਂਕਿ ਸਾਬਣ ਅਜੇ ਤਕ ਵਿਕਿਆ ਨਹੀਂ।”
ਮੈਂ ਬੜਾ ਉੱਭੜਚਿੱਤੀ ਵਿੱਚ ਕਿ ਕੀ ਕਰਾਂ। ਦਿਮਾਗ ’ਤੇ ਕਾਫੀ ਬੋਝ ਪਾਉਣ ਤੋਂ ਬਾਅਦ ਮੈਂ ਸ਼ਹਿਰ ਦੇ ਸਾਡੇ ਬੈਂਕ ਦੇ ਗਾਹਕ ਕਰਿਆਨਾ ਦੁਕਾਨਦਾਰ ਨੂੰ ਫੋਨ ਕੀਤਾ। ਉਹ ਆ ਗਿਆ। ਮੈਂ ਉਸ ਨੂੰ ਉਸ ਔਰਤ ਵੱਲੋਂ ਦਿੱਤਾ ਸਾਬਣ ਦਿਖਾਇਆ। ਦੁਕਾਨਦਾਰ ਬੋਲਿਆ, “ਮੈਨੈਜਰ ਸਾਹਿਬ! ਸਾਬਣ ਤਾਂ ਬਹੁਤ ਵਧੀਆ ਹੈ, ਇਸਦਾ ਕਰਨਾ ਕੀ ਹੈ।?
ਮੈਂ ਕਿਹਾ, “ਇਸਦਾ ਸਹੀ ਸਹੀ ਭਾਅ ਲਾ ਕੇ ਪੈਸੇ ਦੇ ਜਾ ਤੇ ਸਾਬਣ ਚੁਕਵਾ ਕੇ ਲੈ ਜਾ।”
ਦੁਕਾਨਦਾਰ ਕਹਿਣ ਲੱਗਾ, “ਮੈਂ ਦੁਕਾਨ ਤੋਂ ਨੌਕਰ ਭੇਜ ਦਿੰਨਾ। ਉਹ ਪੈਸੇ ਵੀ ਦੇ ਜਾਏਗਾ ਤੇ ਸਾਬਣ ਵੀ ਲੈ ਜਾਏਗਾ। ਅਗਰ ਹੋਰ ਵੀ ਸਾਬਣ ਹੈ, ਉਹ ਵੀ ਹੌਲੀ ਹੌਲੀ ਮੇਰੀ ਦੁਕਾਨ ’ਤੇ ਭਿਜਵਾ ਦਿਆ ਕਰੋ। ਦੁਕਾਨ ’ਤੇ ਥੋਕ ਦੇ ਵਪਾਰੀ ਵੀ ਆਉਂਦੇ ਰਹਿੰਦੇ ਨੇ।”
ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੈਂ ਉਸ ਔਰਤ ਨੂੰ ਕੈਬਿਨ ਵਿੱਚ ਬੁਲਾ ਕੇ ਸਾਰੀ ਗੱਲ ਦੱਸੀ ਤਾਂ ਉਸ ਨੇ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ ਤੇ ਮੇਰੇ ਪੈਰੀਂ ਹੱਥ ਲਾਉਣ ਤਾਈਂ ਗਈ। ਮੈਂ ਉਸ ਨੂੰ ਰੋਕਿਆ।
ਦੁਕਾਨਦਾਰ ਦੇ ਨੌਕਰ ਵਲੋਂ ਲਿਆਂਦੇ ਪੈਸੇ ਲੈ ਕੇ ਮੈਂ ਕਿਸ਼ਤ ਜਮ੍ਹਾਂ ਕਰ ਦਿੱਤੀ ਤੇ ਬਾਕੀ ਪੈਸੇ ਉਸ ਔਰਤ ਨੂੰ ਦੇ ਦਿੱਤੇ। ਉਸ ਔਰਤ ਨੇ ਪੈਸੇ ਫੜ ਕੇ ਮੱਥੇ ਨਾਲ ਲਾਏ ਤੇ ਰੱਬ ਦਾ ਧੰਨਵਾਦ ਕੀਤਾ। ਮੈਂ ਉਸ ਨੂੰ ਕਿਹਾ ਕਿ ਜਿਹੜਾ ਵੀ ਉਹ ਸਾਬਣ ਬਣਾਵੇ ਉਹ ਉਸ ਦੁਕਾਨਦਾਰ ਦੀ ਦੁਕਾਨ ’ਤੇ ਭੇਜ ਦਿਆ ਕਰੇ। ਵਾਜਿਬ ਪੈਸੇ ਉਸ ਨੂੰ ਮਿਲ਼ ਜਾਇਆ ਕਰਨਗੇ। ਇਹ ਸੁਣ ਕੇ ਉਹ ਖੁਸ਼ੀ ਖੁਸ਼ੀ ਚਲੀ ਗਈ। ਸਮਾਂ ਲੰਘਦਾ ਗਿਆ। ਮੁੜਕੇ ਉਸ ਔਰਤ ਨੂੰ ਕਦੇ ਕਿਸ਼ਤ ਲਈ ਨਹੀਂ ਕਹਿਣਾ ਪਿਆ।
ਮੇਰੀ ਉਸ ਸ਼ਾਖਾ ਵਿੱਚ ਤਾਇਨਾਤੀ ਦਾ ਆਖਰੀ ਸਾਲ ਸੀ। ਮੈਂ ਸਾਰਾ ਕੰਮਕਾਰ, ਕਾਗਜ਼ ਪੱਤਰ ਠੀਕਠਾਕ ਕਰ ਰਿਹਾ ਸੀ ਕਿਉਂਕਿ ਇਸ ਤੋਂ ਬਾਅਦ ਮੇਰੀ ਬਦਲੀ ਹੋਣੀ ਸੀ। ਇੱਕ ਦਿਨ ਅਸੀਂ ਆਪਣੇ ਕੰਮ ਵਿੱਚ ਲੱਗੇ ਹੋਏ ਸੀ ਕਿ ਉਹ ਔਰਤ ਸਰਪੰਚ ਦੇ ਨਾਲ ਬੈਂਕ ਵਿੱਚ ਆਈ। ਮੈਂ ਦੋਵਾਂ ਨੂੰ ਕੈਬਿਨ ਵਿੱਚ ਬੁਲਾ ਲਿਆ। ਉਹ ਔਰਤ ਹੱਥ ਜੋੜ ਕੇ ਬੇਨਤੀ ਕਰਨ ਲੱਗੀ, “ਮੈਨੇਜਰ ਸਾਹਿਬ! ਤੁਹਾਡੇ ਉਸ ਦਿਨ ਦੇ ਉੱਦਮ ਨਾਲ ਮੇਰਾ ਕੰਮ ਮਾਰੋ-ਮਾਰ ਚੱਲਣ ਲੱਗ ਪਿਆ ਹੈ। ਹੁਣ ਸਾਬਣ ਮਾਨਸਾ, ਸੰਗਰੂਰ, ਬਠਿੰਡਾ ਤੇ ਨਾਲ ਲੱਗਦੇ ਹਰਿਆਣਾ ਇਲਾਕੇ ਵਿੱਚ ਵੀ ਜਾਣ ਲੱਗ ਪਿਆ ਹੈ। ਮੰਗ ਵਧਦੀ ਵੇਖ ਕੇ ਮੈਂ ਛੋਟੀ ਜਿਹੀ ਫੈਕਟਰੀ ਬਣਾ ਲਈ ਹੈ। ਉੱਥੇ ਸਾਬਣ ਬਣਾਉਣ ਦੀਆਂ ਆਧੁਨਿਕ ਮਸ਼ੀਨਾਂ ਲਿਆ ਕੇ ਫਿੱਟ ਕਰ ਦਿੱਤੀਆਂ ਹਨ। ਪਰਸੋਂ ਨੂੰ ਉਨ੍ਹਾਂ ਦਾ ਉਦਘਾਟਨ ਹੈ, ਤੁਸੀਂ ਹੀ ਉਨ੍ਹਾਂ ਦਾ ਉਦਘਾਟਨ ਕਰਨ ਲਈ ਰਿਬਨ ਕੱਟਣਾ ਹੈ। ਇਹ ਸਾਡਾ ਤੁਹਾਨੂੰ ਨਿੱਘ ਭਰਿਆ ਸੱਦਾ ਹੈ।”
ਇਹ ਸੁਣਕੇ ਮੈਂ ਹੈਰਾਨ ਤਾਂ ਹੋਇਆ ਹੀ, ਪਰ ਖੁਸ਼ੀ ਵੀ ਬਹੁਤ ਹੋਈ, ਜਿਸ ਨਾਲ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਬੈਂਕ ਦੇ ਦਿੱਤੇ ਕਰਜ਼ ਨੂੰ ਭਰਪੂਰ ਫਲ਼ ਲੱਗ ਗਿਆ ਸੀ।
ਉਹ ਦਿਨ ਮੇਰੀ ਬੈਂਕ ਦੀ ਨੌਕਰੀ ਦਾ ਸਭ ਤੋਂ ਵੱਧ ਖੁਸ਼ੀਆਂ ਭਰਿਆ ਤੇ ਸੁਨਹਿਰੀ ਦਿਨ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3576)
(ਸਰੋਕਾਰ ਨਾਲ ਸੰਪਰਕ ਲਈ: