“ਇੱਕ ਲੁਟੇਰਾ ਕਿਰਪਾਨ ਦਾ ਫੱਟ ਖਾ ਕੇ ਦੌੜ ਗਿਆ ਤੇ ਦੂਸਰਾ ਗੇੜਾ ਖਾ ਕੇ ...”
(12 ਮਾਰਚ 2025)
ਭਾਰਤ ਵਿੱਚ ਬੈਂਕਿੰਗ ਖੇਤਰ ਹੋਂਦ ਵਿੱਚ ਆਉਣ ਤੋਂ ਪਹਿਲਾਂ ਲੋਕ ਆਪਣੀਆਂ ਛੋਟੀਆਂ ਬੱਚਤਾਂ ਜਾਂ ਗਹਿਣੇ ਗੱਟੇ ਆਪਣੇ ਘਰਾਂ ਵਿੱਚ ਸੰਭਾਲ ਕੇ ਰੱਖਦੇ ਸਨ ਜਾਂ ਫਿਰ ਪਿੰਡ ਦੇ ਸ਼ਾਹੂਕਾਰ ਜਾਂ ਭਰੋਸੇਯੋਗ ਵਿਅਕਤੀ ਕੋਲ ਅਮਾਨਤ ਦੇ ਤੌਰ ’ਤੇ ਜਮ੍ਹਾਂ ਕਰਵਾ ਕੇ ਰੱਖਦੇ ਸਨ ਤਾਂ ਕਿ ਜ਼ਰੂਰਤ ਸਮੇਂ ਉਨ੍ਹਾਂ ਤੋਂ ਵਾਪਸ ਲਏ ਜਾ ਸਕਣ। ਜਦੋਂ ਰੁਪਏ ਪੈਸੇ ਦੀ ਵਰਤੋਂ ਹੋਂਦ ਵਿੱਚ ਨਹੀਂ ਸੀ ਆਈ, ਉਸ ਸਮੇਂ ਲੋਕ ਚੀਜ਼ਾਂ ਦਾ, ਅਨਾਜ ਦਾ ਜਾਂ ਹੋਰ ਲੋੜੀਂਦੀਆਂ ਵਸਤੂਆਂ ਦਾ ਆਪਸ ਵਿੱਚ ਲੈਣ ਦੇਣ ਕਰ ਲੈਂਦੇ ਸਨ। ਜਿਨ੍ਹਾਂ ਕੋਲ ਵਾਧੂ ਹੁੰਦਾ, ਉਹ ਦੂਸਰੇ ਲੋੜਵੰਦ ਨੂੰ ਦੇ ਕੇ ਉਸ ਤੋਂ ਆਪਣੀ ਜ਼ਰੂਰਤ ਦੀ ਵਸਤੂ ਲੈ ਲੈਂਦੇ ਸਨ। ਇਸ ਸਿਸਟਮ ਨੂੰ ਆਦਾਨ-ਪ੍ਰਦਾਨ (ਬਾਰਟਰ ਸਿਸਟਮ) ਕਿਹਾ ਜਾਂਦਾ ਸੀ। ਫਿਰ ਰੁਪਇਆ ਪੈਸਾ ਹੋਂਦ ਵਿੱਚ ਆਇਆ। ਜੋ ਲੋੜਵੰਦ ਹੁੰਦੇ ਸਨ, ਉਹ ਸ਼ਾਹੂਕਾਰ ਜਾਂ ਸੇਠ ਕੋਲੋਂ ਥੋੜ੍ਹੇ ਬਹੁਤ ਬਿਆਜ ਉੱਪਰ ਲੋੜ ਅਨੁਸਾਰ ਰਕਮ ਲੈ ਲੈਂਦੇ ਸਨ। ਬੱਚਤ ਕਰਨ ਵਾਲੇ ਵੀ ਇਸ ਵਿਸ਼ਵਾਸ ਨਾਲ ਸ਼ਾਹੂਕਾਰ ਕੋਲ ਆਪਣੀ ਬੱਚਤ ਜਮ੍ਹਾਂ ਕਰਵਾਉਂਦੇ ਸਨ ਕਿ ਇਹ ਸੁਰੱਖਿਅਤ ਰਹੇਗੀ ਤੇ ਲੋੜ ਵੇਲੇ ਵਾਪਸ ਮਿਲ ਜਾਵੇਗੀ। ਇਸ ਤਰ੍ਹਾਂ ਸ਼ਾਹੂਕਾਰ ਵੀ ਉਸ ਆਦਮੀ ਨੂੰ ਕਰਜ਼ਾ ਦਿੰਦੇ ਸਨ, ਜਿਸ ’ਤੇ ਭਰੋਸਾ ਕਰਦੇ ਸਨ ਕਿ ਉਹ ਵਾਪਸ ਕਰ ਦੇਵੇਗਾ। ਇਸ ਤਰ੍ਹਾਂ ਇਹ ਪ੍ਰਾਚੀਨ ਸਥਾਨਕ ਬੈਂਕਿੰਗ ਪ੍ਰਣਾਲੀ ਪ੍ਰਚਲਿਤ ਸੀ। ਭਰੋਸੇਯੋਗਤਾ ਇੱਕ ਅਜਿਹਾ ਫੈਕਟਰ (ਕਾਰਕ) ਸੀ ਜੋ ਇਸ ਪ੍ਰਾਚੀਨ ਬੈਂਕਿੰਗ ਵਿੱਚ ਮੁੱਖ ਰੋਲ ਨਿਭਾਉਂਦਾ ਸੀ।
ਉਸ ਤੋਂ ਬਾਅਦ ਵੱਡੀਆਂ ਵੱਡੀਆਂ ਕੰਪਨੀਆਂ ਇਸ ਪ੍ਰਣਾਲੀ ਵਿੱਚ ਦਾਖਲ ਹੋਈਆਂ। ਪ੍ਰਾਈਵੇਟ ਉੱਦਮੀਆਂ ਨੇ ਕੰਪਨੀਆਂ ਬਣਾ ਕੇ, ਸਰਕਾਰ ਤੋਂ ਬੈਂਕਿੰਗ ਲਾਇਸੈਂਸ ਲੈਕੇ ਛੋਟੇ ਛੋਟੇ ਸਥਾਨਕ ਬੈਂਕ ਸਥਾਪਤ ਕੀਤੇ। ਫਿਰ ਮੌਜੂਦਾ ਬੈਂਕਿੰਗ ਪ੍ਰਣਾਲੀ ਹੋਂਦ ਵਿੱਚ ਆਈ। ਬੈਂਕਾਂ ਦਾ ਮੁੱਖ ਕੰਮ ਲੋਕਾਂ ਦੀਆਂ ਬੱਚਤਾਂ ਨੂੰ ਸੰਚਾਲਿਤ ਕਰਕੇ ਬੈਂਕਾਂ ਵਿੱਚ ਜਮ੍ਹਾਂ ਪੂੰਜੀ ਦੇ ਰੂਪ ਡਿਪਾਜ਼ਿਟ ਇਕੱਠੇ ਕੀਤੇ ਜਾਂਦੇ। ਉਸ ਉੱਪਰ ਸ਼ਰਾਹ ਅਨੁਸਾਰ ਬਿਆਜ ਦਿੱਤਾ ਜਾਂਦਾ। ਲੋਕਾਂ ਨੂੰ ਆਪਣੀ ਰਕਮ ਉੱਪਰ ਬਿਆਜ ਮਿਲ ਜਾਂਦਾ ਤੇ ਰਕਮ ਵੀ ਬੈਂਕ ਵਿੱਚ ਸੰਭਾਲ ਕੇ ਰੱਖੀ ਜਾਂਦੀ। ਬੈਂਕ ਕੁਝ ਉੱਚੀ ਦਰ ’ਤੇ ਬਣਦੀ ਸ਼ਰਾਹ ਤੋਂ ਉੱਪਰ ਲੋੜਵੰਦ ਲੋਕਾਂ ਨੂੰ ਕਰਜ਼ ਦਿੰਦੇ। ਆਧੁਨਿਕ ਬੈਂਕਿੰਗ ਪ੍ਰਣਾਲੀ ਵਿੱਚ ਪੇਪਰ ਉਪਚਾਰਿਕਤਾ ਅਤੇ ਜ਼ਮਾਨਤਾਂ ਆਦਿ ਤੋਂ ਬਾਅਦ ਭਰੋਸੇਯੋਗਤਾ ਫੈਕਟਰ ਮਹਤੱਵਪੂਰਣ ਰੋਲ਼ ਨਿਭਾਉਂਦਾ ਹੈ। ਲੋਕ ਬੈਂਕ ਵਿੱਚ ਇਸ ਵਿਸ਼ਵਾਸ ਨਾਲ ਆਪਣੀ ਬੱਚਤ ਜਮ੍ਹਾਂ ਕਰਵਾਉਂਦੇ ਹਨ ਕਿ ਉਨ੍ਹਾਂ ਦਾ ਪੈਸਾ ਮਰੇਗਾ ਨਹੀਂ, ਜਦੋਂ ਲੋੜ ਹੋਵੇਗੀ ਵਾਪਸ ਮਿਲ ਜਾਵੇਗਾ।
ਮੈਂ ਬੈਂਕਿੰਗ ਖੇਤਰ ਵਿੱਚ ਪੈਂਤੀ ਸਾਲ ਦੀ ਸਰਵਿਸ ਨਿਭਾਈ ਹੈ। ਭਾਵੇਂ ਬੈਂਕਾਂ ਵਿੱਚ ਅੱਜ ਕੱਲ੍ਹ ਪੂਰੀ ਤਰ੍ਹਾਂ ਕੰਪਿਊਟਰੀਕਰਨ ਹੋ ਗਿਆ ਹੈ ਪਰ ਭਰੋਸੇਯੋਗਤਾ ਫੈਕਟਰ ਜਿਵੇਂ ਦਾ ਤਿਵੇਂ ਕੰਮ ਕਰ ਰਿਹਾ ਹੈ। ਅਸੀਂ ਵੀ ਪੂਰੀ ਸਰਵਿਸ ਦੌਰਾਨ ਭਰੋਸੇਯੋਗਤਾ ਦਾ ਬਹੁਤ ਲੰਬਾ ਤਜਰਬਾ ਹਾਸਲ ਕੀਤਾ ਹੈ। 1995-96 ਦੀ ਘਟਨਾ ਹੈ। ਅਸੀਂ ਵੀ ਕਰਜ਼ਾ ਦੇਣ ਤੋਂ ਪਹਿਲਾਂ ਵਿਅਕਤੀ ਦੀ ਨੇਕਨਾਮੀ, ਬਜ਼ਾਰ ਵਿੱਚ ਲੈਣ-ਦੇਣ ਤੇ ਕਰਜ਼ੇ ਦਾ ਮਕਸਦ ਕਿ ਸਹੀ ਕੰਮ ਪਿੱਛੇ ਕਰਜ਼ਾ ਲੈ ਰਿਹਾ ਹੈ ਅਤੇ ਸਭ ਤੋਂ ਵੱਧ ਭਰੋਸੇਯੋਗਤਾ ਫੈਕਟਰ ਅਨੁਸਾਰ ਕਰਜ਼ਾ ਲੈਣ ਵਾਲੇ ’ਤੇ ਵਿਸ਼ਵਾਸ ਕਰਨਾ ਹੁੰਦਾ ਸੀ। ਇਨ੍ਹਾਂ ਤੱਥਾਂ ਦੇ ਅਧਾਰ ’ਤੇ ਕਰਜ਼ਾ ਦਿੱਤਾ ਜਾਂਦਾ ਸੀ। ਮੈਂ ਇਲਾਕੇ ਦੀ ਇੱਕ ਪੇਂਡੂ ਬਰਾਂਚ ਵਿੱਚ ਮੈਨੇਜਰ ਸੀ। ਲਗਭਗ ਸਾਰੇ ਗਾਹਕ ਪਿੰਡਾਂ ਵਾਲੇ ਲੋਕ ਗਾਹਕ ਸਨ। ਵਾਧੂ ਪੈਸੇ ਵਾਲੇ ਬੈਂਕ ਵਿੱਚ ਡਿਪਾਜ਼ਿਟ ਕਰਵਾਉਂਦੇ ਸਨ ਤੇ ਲੋੜਵੰਦ ਖੇਤੀ ਲਈ ਕਰਜ਼ਾ ਲੈਂਦੇ ਸਨ। ਲਾਗਲੇ ਪਿੰਡ ਦਾ ਇੱਕ ਕਿਸਾਨ ਜੰਡ ਸਿੰਘ ਮੇਰਾ ਵਧੀਆ ਗਾਹਕ ਸੀ। ਉਹ ਹਮੇਸ਼ਾ ਪੈਸੇ ਜਮ੍ਹਾਂ ਹੀ ਰੱਖਦਾ ਸੀ। 18-20 ਕਿੱਲੇ ਪੈਲ਼ੀ ਸੀ, ਪੈਲ਼ੀ ਵਿੱਚ ਹੀ ਮਕਾਨ ਬਣਾਇਆ ਹੋਇਆ ਸੀ। ਆਮਦਨ ਵੀ ਸੁੱਖ ਨਾਲ ਕਾਫ਼ੀ ਸੀ। ਮਹੀਨੇ ਵਿੱਚ ਇੱਕ ਦੋ ਵਾਰ ਬੈਂਕ ਆਉਂਦਾ ਸੀ। ਹਮੇਸ਼ਾ ਨਿਹੰਗ ਬਾਣੇ ਵਿੱਚ ਰਹਿੰਦਿਆਂ ਆਪਣਾ ਖੇਤੀਬਾੜੀ ਅਤੇ ਕਬੀਲਦਾਰੀ ਵਬਾਖੂਬੀ ਨਿਭਾਉਂਦਾ ਸੀ। ਉਹਨੇ ਜਦੋਂ ਵੀ ਬੈਂਕ ਆਉਣਾ, ਵਧੀਆ ਤੇ ਸਲੀਕੇ ਨਾਲ ਗੱਲਾਂ ਕਰਨੀਆਂ। ਗੁਰਬਾਣੀ ਬਾਰੇ ਚਰਚਾ ਕਰਨੀ ਉਸ ਦਾ ਸੁਭਾਅ ਸੀ। ਮੈਂ ਵੀ ਗੁਰਬਾਣੀ ਵਿੱਚ ਬਹੁਤ ਦਿਲਚਸਪੀ ਰੱਖਦਾ ਸੀ, ਇਸ ਕਰਕੇ ਉਸਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ।
ਇੱਕ ਬੜੀ ਵੱਡੀ ਦੁਰਘਟਨਾ ਹੋ ਗਈ। ਉਸਦਾ ਘਰ ਖੇਤਾਂ ਵਿੱਚ ਹੋਣ ਕਰਕੇ ਇੱਕ ਰਾਤ ਦੋ ਲੁਟੇਰਿਆਂ ਨੇ ਲੁੱਟਣ ਦੀ ਖਾਤਰ ਜੰਡ ਸਿੰਘ ਦੇ ਘਰ ਹਮਲਾ ਕਰ ਦਿੱਤਾ। ਉਹ ਵਿਹੜੇ ਵਿੱਚ ਸੁੱਤਾ ਪਿਆ ਸੀ। ਖੜਾਕ ਸੁਣ ਕੇ ਉਸ ਦੀ ਅੱਖ ਖੁੱਲ੍ਹ ਗਈ। ਸ਼ਸਤਰ ਤਾਂ ਉਹ ਹਮੇਸ਼ਾ ਆਪਣੇ ਮੰਜੇ ਦੇ ਸਰਾਹਣੇ ਕੋਲ ਹੀ ਰੱਖਦਾ ਸੀ। ਉਹ ਉੱਠਿਆ ਤੇ ਲਲਕਾਰ ਕੇ ਲੁਟੇਰਿਆਂ ਨਾਲ ਭਿੜ ਪਿਆ। ਇੱਕ ਲੁਟੇਰਾ ਕਿਰਪਾਨ ਦਾ ਫੱਟ ਖਾ ਕੇ ਦੌੜ ਗਿਆ ਤੇ ਦੂਸਰਾ ਗੇੜਾ ਖਾ ਕੇ ਡਿਗ ਪਿਆ। ਜੰਡ ਸਿੰਘ ਤੋਂ ਆਪਣਾ ਆਪ ਬਚਾਉਂਦਿਆਂ ਉਸ ਲੁਟੇਰੇ ਦਾ ਕਤਲ ਹੋ ਗਿਆ। ਜੇਕਰ ਜੰਡ ਸਿੰਘ ਵਾਰ ਨਾ ਕਰਦਾ ਤਾਂ ਲੁਟੇਰੇ ਨੇ ਉਸ ਦਾ ਨੁਕਸਾਨ ਕਰ ਦੇਣਾ ਸੀ, ਹੋ ਸਕਦਾ ਹੈ ਲੁਟੇਰਾ ਜੰਡ ਸਿੰਘ ਨੂੰ ਮਾਰ ਹੀ ਦਿੰਦਾ। ਪੁਲਿਸ ਦੀ ਤਹਿਕੀਕਾਤ ਤੋਂ ਬਾਅਦ ਜੰਡ ਸਿੰਘ ਨੂੰ ਨਿਆਇਕ ਹਿਰਾਸਤ (ਜੁਡੀਸ਼ੀਅਲ ਕਸਟਡੀ) ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਜਦੋਂ ਮੈਨੂੰ ਪਤਾ ਲੱਗਿਆ ਤਾਂ ਬੜਾ ਦੁੱਖ ਹੋਇਆ ਪਰ ਕਰ ਕੀ ਸਕਦੇ ਸੀ।
ਕੁਝ ਦਿਨਾਂ ਬਾਅਦ ਜੰਡ ਸਿੰਘ ਦਾ ਲੜਕਾ ਤੇ ਪਿੰਡ ਦਾ ਨੰਬਰਦਾਰ ਮੇਰੇ ਕੋਲ ਆਏ। ਕਹਿਣ ਲੱਗੇ ਕਿ ਜੰਡ ਸਿੰਘ ਦੀ ਜ਼ਮਾਨਤ ਲਈ ਤੇ ਕੇਸ ਲੜਨ ਲਈ ਵਕੀਲ ਕਰਨਾ ਹੈ, ਪੈਸਿਆਂ ਦੀ ਜ਼ਰੂਰਤ ਹੈ ਤੇ ਪੈਸੇ ਸਾਰੇ ਉਸਦੇ ਖਾਤੇ ਵਿੱਚ ਹਨ ਕਿਉਂਕਿ ਘਰ ਖੇਤਾਂ ਵਿੱਚ ਹੋਣ ਕਰਕੇ ਪੈਸਾ-ਟਕਾ ਘਰ ਨਹੀਂ ਰੱਖਦੇ ਸਨ। ਮੈਂ ਪਹਿਲਾਂ ਤਾਂ ਉਨ੍ਹਾਂ ਨਾਲ ਅਫ਼ਸੋਸ ਜ਼ਾਹਿਰ ਕੀਤਾ ਤੇ ਫਿਰ ਦਿਮਾਗ ’ਤੇ ਬੋਝ ਪਾਕੇ ਸੋਚਣ ਲੱਗਿਆ ਕਿ ਕਿਵੇਂ ਕੀਤਾ ਜਾਵੇ। ਨੰਬਰਦਾਰ ਨੂੰ ਕਿਹਾ ਕਿ ਉਹ ਜੇਲ੍ਹ ਵਿੱਚ ਹੈ, ਉਸਦੇ ਪੈਸੇ ਕਿਵੇਂ ਕੱਢ ਕੇ ਦੇਈਏ? ਨੰਬਰਦਾਰ ਵੀ ਬੇਨਤੀ ਕਰਨ ਲੱਗਿਆ ਕਿ ਜਿਵੇਂ ਮਰਜ਼ੀ ਕਰੋ ਮੈਨੇਜਰ ਸਾਹਿਬ, ਜੰਡ ਸਿੰਘ ਦੇ ਕੇਸ ਦਾ ਸਵਾਲ ਹੈ। ਉਸ ਨੇ ਕਿਹੜਾ ਲੁਟੇਰੇ ਨੂੰ ਜਾਣ ਕੇ ਮਾਰਿਆ, ਜੰਡ ਸਿੰਘ ਵੱਲੋਂ ਆਪਣੀ ਰੱਖਿਆ ਕਰਨ ਦੌਰਾਨ ਮਾਰਿਆ ਗਿਆ। ਮੈਂ ਸੋਚ ਵਿਚਾਰ ਕੇ ਪੈਸੇ ਕਢਵਾਉਣ ਵਾਲਾ ਫਾਰਮ ਉਨ੍ਹਾਂ ਨੂੰ ਦੇ ਦਿੱਤਾ ਤੇ ਜੰਡ ਸਿੰਘ ਦੇ ਦਸਤਖ਼ਤ ਕਰਵਾ ਕੇ ਲਿਆਉਣ ਲਈ ਕਿਹਾ। ਉਹ ਦਸਤਖ਼ਤ ਕਰਵਾ ਲਿਆਏ ਤੇ ਮੈਂ ਨੰਬਰਦਾਰ ਦੀ ਗਵਾਹੀ ਪਵਾ ਕੇ ਲੋੜੀਂਦੀ ਰਕਮ ਉਨ੍ਹਾਂ ਨੂੰ ਦੇ ਦਿੱਤੀ, ਇਸ ਭਰੋਸੇ ਕਿ ਜੰਡ ਸਿੰਘ ਬਹੁਤ ਵਧੀਆ ਗਾਹਕ ਹੈ ਤੇ ਭਰੋਸੇਯੋਗ ਬੰਦਾ ਹੈ।
ਮੌਕੇ ਦਾ ਗਵਾਹ ਕੋਈ ਹੈ ਨਹੀਂ ਸੀ, ਜੰਡ ਸਿੰਘ ਅੱਠ-ਨੌ ਮਹੀਨਿਆਂ ਬਾਅਦ ਬਰੀ ਹੋ ਗਿਆ ਤੇ ਇੱਕ ਦਿਨ ਮੈਨੂੰ ਮਿਲਣ ਆਇਆ। ਮਿਲ ਕੇ ਐਨਾ ਭਾਵੁਕ ਹੋ ਗਿਆ ਕਿ ਉਸਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸ਼ੁਕਰਾਨੇ ਦਾ ਇੱਕ ਵੀ ਸ਼ਬਦ ਉਸ ਤੋਂ ਬੋਲਿਆ ਨਾ ਗਿਆ। ਮੈਂ ਵੀ ਭਾਵੁਕ ਹੋਕੇ ਉਸ ਨੂੰ ਜੱਫੀ ਵਿੱਚ ਲੈ ਲਿਆ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (