“ਦੇਖਣ ਵਿੱਚ ਆਇਆ ਹੈ ਕਿ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਲੋਕਾਂ ਨੇ ਘਰਾਂ ਵਿੱਚ ਸਬਮਰਸੀਬਲ ਪੰਪ ਲਗਵਾਏ ...”
(24 ਅਗਸਤ 2024)
ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸਖਤ ਗਰਮੀ ਨੇ ਇੱਕ ਵਾਰ ਸਾਰਿਆਂ ਦਾ ਧਿਆਨ ਪਾਣੀ ਦੇ ਸੰਕਟ ਵੱਲ ਕਰ ਦਿੱਤਾ ਹੈ ਅਤੇ ਸਭ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਕਿ ਆਉਣ ਵਾਲੇ ਵਕਤ ਵਿੱਚ ਇਸ ਪਾਣੀ ਦੇ ਸੰਕਟ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਆਪਾਂ ਆਮ ਕਰਕੇ ਪੜ੍ਹਦੇ ਹਾਂ ਕਿ ਧਰਤੀ ਉੱਪਰ 71% ਪਾਣੀ ਹੈ। ਫਿਰ ਪਾਣੀ ਘੱਟ ਕਿਵੇਂ ਹੋਇਆ? ਜੀ ਹਾਂ, ਇਸ 71% ਪਾਣੀ ਵਿੱਚੋਂ ਸਿਰਫ 3% ਪਾਣੀ ਹੀ ਪੀਣ ਯੋਗ ਹੈ। ਪਰ ਇਸ 3% ਵਿੱਚੋਂ ਵੀ ਸਿਰਫ 1% ਪਾਣੀ ਹੈ, ਜਿਸ ਨੂੰ ਆਪਾਂ ਆਸਾਨੀ ਨਾਲ ਪੀ ਸਕਦੇ ਹਾਂ। ਬਾਕੀ 2% ਗਲੇਸ਼ੀਅਰਾਂ ਅਤੇ ਬਰਫ ਦੀਆਂ ਪਰਤਾਂ ਦੇ ਰੂਪ ਵਿੱਚ ਹੈ, ਜਿਸ ਨੂੰ ਕਿ ਅਸੀਂ ਆਸਾਨੀ ਨਾਲ ਪੀਣ ਯੋਗ ਨਹੀਂ ਬਣਾ ਸਕਦੇ। ਇਸੇ ਕਰਕੇ ਸਾਰੀ ਦੁਨੀਆ ਦੀ ਆਬਾਦੀ ਕੋਲ ਉਹੀ 1% ਪਾਣੀ ਪੀਣ ਯੋਗ ਹੈ ਜੋ ਕਿ ਵਧਦੀ ਆਬਾਦੀ ਦੇ ਨਾਲ ਪਰ ਵਿਅਕਤੀ ਲਈ ਉਸਦੀ ਮਿਕਦਾਰ ਲਗਾਤਾਰ ਘਟਦੀ ਜਾ ਰਹੀ ਹੈ। ਇਸੇ ਕਰਕੇ ਪਾਣੀ ਦਾ ਸੰਕਟ ਅੱਜ ਇੱਕ ਮੁੱਖ ਵਿਸ਼ਾ ਬਣ ਚੁੱਕਾ ਹੈ। ਇੰਜ ਨਹੀਂ ਹੈ ਕਿ ਪਾਣੀ ਵਰਤੋਂ ਨਾਲ ਘਟ ਰਿਹਾ ਹੈ, ਪਰ ਇਹ ਪਾਣੀ ਦੁਰਵਰਤੋਂ ਨਾਲ ਘਟ ਰਿਹਾ ਹੈ। ਦੁਰਵਰਤੋਂ ਕਿਸ ਤਰ੍ਹਾਂ? ਜਿਵੇਂ ਪੀਣ ਵਾਲੇ ਪਾਣੀ ਨਾਲ ਹੀ ਕਾਰਾਂ ਧੋਣੀਆਂ, ਪੀਣ ਵਾਲੇ ਪਾਣੀ ਨਾਲ ਹੀ ਕੱਪੜੇ ਧੋਣੇ, ਕਿਸਾਨਾਂ ਵੱਲੋਂ ਬਿਨਾਂ ਵਜਾਹ ਮੋਟਰਾ ਚਲਾ ਕੇ ਖੇਤ ਭਰਨਾ। ਜੇਕਰ ਉਨ੍ਹਾਂ ਨੂੰ ਪੁੱਛਣਾ ਕਿ ਇਹ ਪਾਣੀ ਬਿਨਾਂ ਮਤਲਬ ਖੇਤਾਂ ਵਿੱਚ ਵਹਿ ਰਿਹਾ ਹੈ, ਜਦੋਂਕਿ ਝੋਨਾ ਲਾਉਣ ਦਾ ਅਜੇ ਬਹੁਤ ਸਮਾਂ ਪਿਆ ਹੈ।? ਉਨ੍ਹਾਂ ਜਵਾਬ ਦੇਣਾ ਕਿ ਧਰਤੀ ਠੰਢੀ ਕਰਦੇ ਹਾਂ। ਇਸੇ ਤਰ੍ਹਾਂ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ, ਕੋਲਡ ਡਰਿੰਕ ਬਣਾਉਣ ਵਾਲੀਆਂ ਫੈਕਟਰੀਆਂ ਬਹੁਤ ਪਾਣੀ ਬਰਬਾਦ ਕਰਦੀਆਂ ਹਨ। ਇਨ੍ਹਾਂ ਉੱਪਰ ਵੀ ਬੰਦਿਸ਼ ਲਗਾਉਣੀ ਚਾਹੀਦੀ ਹੈ।
ਪਬਲਿਕ ਸਥਾਨਾਂ ਉੱਤੇ ਲੋਕਾਂ ਦੀ ਸੁਵਿਧਾ ਲਈ ਲਾਈਆਂ ਗਈਆਂ ਪਾਣੀ ਦੀਆਂ ਟੂਟੀਆਂ ਅਕਸਰ ਚਲਦੀਆਂ ਰਹਿੰਦੀਆਂ ਹਨ। ਉਹਨਾਂ ਉੱਪਰ ਵੀ ਸਥਾਨਕ ਸਰਕਾਰਾਂ (ਨਗਰ ਪਾਲਿਕਾਵਾਂ) ਨੂੰ ਨਿਯੰਤਰਣ ਕਰਨਾ ਚਾਹੀਦਾ ਹੈ।
ਸੋ ਇਸ ਸੰਕਟ ਤੋਂ ਬਚਣ ਲਈ ਪਾਣੀ ਦੀ ਦੁਰਵਰਤੋਂ ਘਟਾ ਕੇ ਉਸ ਦੀ ਸਹੀ ਵਰਤੋਂ ਤਾਂ ਵਧਾਉਣੀ ਪਵੇਗੀ ਹੀ, ਸਗੋਂ ਗੰਦੇ ਪਾਣੀ ਨੂੰ ਰੀਸਾਈਕਲ ਕਰਕੇ ਫਿਲਟਰ ਕਰਕੇ ਉਸ ਦੀ ਵਰਤੋਂ ਵੀ ਆਮ ਜ਼ਿੰਦਗੀ ਵਿੱਚ ਵਧਾਉਣੀ ਪਵੇਗੀ।
ਹੇਠ ਦਿੱਤੇ ਨੁਕਤਿਆਂ ਨੂੰ ਵਰਤਕੇ ਆਪਾਂ ਇਸ ਪਾਣੀ ਦੇ ਸੰਕਟ ਨੂੰ ਬਹੁਤ ਹੱਦ ਤਕ ਨਜਿੱਠ ਸਕਦੇ ਹਾਂ।
ਸਭ ਨੂੰ ਪਤਾ ਹੈ ਸੰਜਮ ਨਾਲ ਹੀ ਪਾਣੀ ਵਰਤਿਆ ਜਾਵੇ। ਜਿੰਨਾ ਵੀ ਹੋ ਸਕੇ ਪੀਣ ਵਾਲੇ ਅਤੇ ਨਹਾਉਣ ਵਾਲੇ ਪਾਣੀ ਤੋਂ ਇਲਾਵਾ ਬਾਕੀ ਕਿਸੇ ਵੀ ਤਰ੍ਹਾਂ ਦੀ ਪਾਣੀ ਦੀ ਵਰਤੋਂ ਲਈ ਜੋ ਪਾਣੀ ਵਰਤਿਆ ਜਾ ਰਿਹਾ ਹੈ, ਉਹ ਰੀਸਾਈਕਲਡ ਪਾਣੀ ਹੀ ਹੋਵੇ। ਜਿਵੇਂ ਬਾਗ਼ ਬਗੀਚੇ ਵਿੱਚ ਬੂਟਿਆਂ ਨੂੰ ਪਾਣੀ ਦੇਣਾ, ਸ਼ਹਿਰਾਂ ਕਸਬਿਆਂ ਵਿੱਚ ਬਣੇ ਵਾਸ਼ਿੰਗ ਸੈਂਟਰਾਂ ਉੱਪਰ ਇਸ ਪਾਣੀ ਦੀ ਵਰਤੋਂ ਲਾਜ਼ਮੀ ਕਰਨਾ ਤੇ ਘਰਾਂ ਵਿੱਚ ਫਰਸ਼ਾਂ ਵਿਹੜਿਆਂ ਦੀ ਧੁਆਈ ਇਸ ਪਾਣੀ ਨਾਲ ਕਰਨਾ।
ਮੀਹਾਂ ਦੇ ਵਿੱਚ ਪਾਣੀ ਨੂੰ ਸਟੋਰ ਕਰਨ ਦੀ ਹਰੇਕ ਖੇਤਰ ਦੇ ਵਿੱਚ ਸੁਵਿਧਾ ਹੋਣੀ ਚਾਹੀਦੀ ਹੈ।
ਵੱਧ ਤੋਂ ਵੱਧ ਦਰਖਤ ਲਾਉਣ ਦੀ ਕਵਾਇਦ ਸ਼ੁਰੂ ਕਰਨੀ ਚਾਹੀਦੀ ਹੈ।
ਹੜ੍ਹਾਂ ਦੌਰਾਨ ਨਦੀਆਂ, ਦਰਿਆਵਾਂ ਤੇ ਨਾਲਿਆਂ ਦੇ ਕਿਨਾਰਿਆਂ ਤੇ ਚੈੱਕ ਡੈਮ ਬਣਾਉਣੇ ਚਾਹੀਦੇ ਹਨ ਤਾਂ ਕਿ ਪਾਣੀ ਨੂੰ ਕਿਸੇ ਹੱਦ ਤਕ ਜਮ੍ਹਾਂ ਕੀਤਾ ਜਾ ਸਕੇ ਤੇ ਬਾਅਦ ਵਿੱਚ ਜ਼ਰੂਰਤ ਸਮੇਂ ਉਹ ਪਾਣੀ ਵਰਤਿਆ ਜਾ ਸਕੇ।
ਖੇਤੀਬਾੜੀ ਅਤੇ ਇੰਡਸਟਰੀ ਦੇ ਖੇਤਰ ਵਿੱਚ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਵੱਧ ਤੋਂ ਵੱਧ ਫਾਇਦੇ ਲੈਣ ਵਾਸਤੇ ਨਵੀਂਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਝੋਨਾ ਪੈਦਾ ਕਰਨ ਲਈ ਬਹੁਤ ਜ਼ਿਆਦਾ ਪਾਣੀ ਵਰਤੋਂ ਵਿੱਚ ਆਉਂਦਾ ਹੈ, ਇਸ ਲਈ ਜ਼ਮੀਨ ਦੀ ਮਾਲਕੀ ਦੇ ਹਿਸਾਬ ਨਾਲ ਝੋਨੇ ਦੀ ਬਿਜਾਈ ਲਈ ਸੀਮਾ ਨਿਰਧਾਰਿਤ ਕਰਨੀ ਚਾਹੀਦੀ ਹੈ। ਬਾਕੀ ਜ਼ਮੀਨ ਵਿੱਚ ਪਰੰਪਰਾਗਤ ਫ਼ਸਲਾਂ ਬੀਜਣ ਦੀ ਕਿਸਾਨਾਂ ਨੂੰ ਆਦਤ ਪਾਉਣੀ ਚਾਹੀਦੀ ਹੈ। ਇਹ ਕੰਮ ਸਰਕਾਰ ਬਾਖੂਬੀ ਨਿਭਾਅ ਸਕਦੀ ਹੈ।
ਪੀਣ ਵਾਲਾ ਪਾਣੀ ਹਰ ਇੱਕ ਨੂੰ ਮੁਹਈਆ ਕਰਾਉਣਾ ਚਾਹੀਦਾ ਹੈ ਪਰ ਇੱਕ ਸੀਮਤ ਮਾਤਰਾ ਵਿੱਚ, ਜੇ ਉਸ ਤੋਂ ਵੱਧ ਮਾਤਰਾ ਵਿੱਚ ਕੋਈ ਪੀਣ ਵਾਲੇ ਪਾਣੀ ਦੀ ਵਰਤੋਂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਟੈਕਸ ਪੈਣਾ ਚਾਹੀਦਾ ਹੈ। ਇੱਕ ਸੀਮਤ ਮਾਤਰਾ ਤੋਂ ਵੱਧ ਪਾਣੀ ਵਰਤਣ ਵਾਲਿਆਂ ਤੋਂ ਪਾਣੀ ਦੀ ਕੀਮਤ ਵਸੂਲੀ ਜਾਣੀ ਚਾਹੀਦੀ ਹੈ, ਇਸ ਲਈ ਘਰ-ਘਰ ਮੀਟਰ ਲਗਾਉਣੇ ਚਾਹੀਦੇ ਹਨ।
ਦੇਖਣ ਵਿੱਚ ਆਇਆ ਹੈ ਕਿ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਲੋਕਾਂ ਨੇ ਘਰਾਂ ਵਿੱਚ ਸਬਮਰਸੀਬਲ ਪੰਪ ਲਗਵਾਏ ਹੋਏ ਹਨ। ਸਰਕਾਰ ਨੇ ਬਿਜਲੀ ਮੁਫ਼ਤ ਦੇ ਰੱਖੀ ਹੈ। ਇਸ ਕਰਕੇ ਲੋਕ ਲੋੜ ਤੋਂ ਵੱਧ ਧਰਤੀ ਦਾ ਪਾਣੀ ਕੱਢਦੇ ਹਨ। ਖੇਤਾਂ ਵਿੱਚ ਜਿੱਥੇ ਇੱਕ ਬੋਰ ਦੀ ਜ਼ਰੂਰਤ ਹੈ, ਉੱਥੇ ਦੋ ਦੋ ਬੋਰ ਕਰਾ ਰੱਖੇ ਹਨ। ਬਿਨਾਂ ਜ਼ਰੂਰਤ ਤੋਂ ਮੋਟਰਾਂ ਚਲਦੀਆਂ ਰਹਿੰਦੀਆਂ ਹਨ ਕਿਉਂਕਿ ਖੇਤੀ ਲਈ ਵੀ ਬਿਜਲੀ ਮੁਫ਼ਤ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਵੱਲੋਂ ਕਾਨੂੰਨ ਬਣਾ ਕੇ ਸਖਤੀ ਨਾਲ ਲੋੜ ਤੋਂ ਵੱਧ ਸਬਮਰਸੀਬਲ ਜਾਂ ਖੇਤੀ ਮੋਟਰਾਂ ਉੱਪਰ ਨਿਯੰਤਰਣ ਕੀਤਾ ਜਾਵੇ ਤਾਂ ਹੀ ਪੰਜਾਬ ਬੰਜਰ ਹੋਣ ਤੋਂ ਬਚੇਗਾ ਤੇ ਲੋਕਾਂ ਨੂੰ ਪੀਣ ਲਈ ਲੋੜੀਂਦਾ ਪਾਣੀ ਮਿਲਦਾ ਰਹੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5243)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.