SupinderSRana7ਤੂੰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਏਂ, ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਤੇਰੀ ਮਾਂ ਦੇ ਮਰਨ ਉਪਰੰਤ ਇਹ ਜਾਇਦਾਦ ...
(26 ਨਵੰਬਰ 2017)

 

ਪਿੰਡ ਬੁੜੈਲ ਵਿੱਚ ਤਹਿਸੀਲਦਾਰ ਦਾ ਦੌਰਾ ਸੀ, ਜਿਸ ਕਰਕੇ ਲੋਕ ਸਵੇਰੇ ਹੀ ਪਹੁੰਚਣੇ ਸ਼ੁਰੂ ਹੋ ਗਏ ਸਨ। ਚੰਡੀਗੜ੍ਹ ਦੇ ਪਿੰਡਾਂ ਵਿੱਚ ਜ਼ਮੀਨ ਨਾ ਰਹਿਣ ਕਾਰਨ ਸਰਕਾਰ ਨੇ ਕਈ ਪਿੰਡਾਂ ਲਈ ਇੱਕ ਹੀ ਪਟਵਾਰੀ ਲਾ ਰੱਖਿਆ ਹੈ, ਜਿਸ ਕਾਰਨ ਉਹਦੇ ’ਤੇ ਕੰਮ ਦਾ ਬੜਾ ਬੋਝ ਰਹਿੰਦਾ ਹੈ। ਤਹਿਸੀਲਦਾਰ ਦਾ ਇਹ ਡੇਢ ਮਹੀਨੇ ਬਾਅਦ ਦੌਰਾ ਸੀ, ਜਿਸ ਕਾਰਨ ਕਾਫ਼ੀ ਇਕੱਠ ਸੀ। ਵੱਖ-ਵੱਖ ਪਿੰਡਾਂ ਤੋਂ ਆਏ ਲੋਕ ਇੱਕ-ਦੂਜੇ ਤੋਂ ਆਪਣੇ ਸਕੇ-ਸਬੰਧੀਆਂ ਤੇ ਮਿੱਤਰਾਂ ਦਾ ਹਾਲ-ਚਾਲ ਪੁੱਛ ਰਹੇ ਸਨ। ਕਰੀਬ ਸਾਢੇ ਕੁ ਗਿਆਰਾਂ ਵਜੇ ਦੇ ਕਰੀਬ ਤਹਿਸੀਲਦਾਰ ਨੇ ਆਉਂਦਿਆਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੋਕਾਂ ਲਈ ਕਮਰਾ ਵੀ ਛੋਟਾ ਪੈ ਗਿਆ। ਕਮਰੇ ਵਿੱਚ ਕੁਝ ਹੀ ਮਿੰਟਾਂ ਵਿੱਚ ਲੋਕਾਂ ਦਾ ਜਮਘਟਾ ਲੱਗ ਗਿਆ। ਲੋਕਾਂ ਦੇ ਬੈਠਣ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ ਉਹ ਇੱਕ-ਦੂਜੇ ਦੇ ਪੈਰ ਮਿੱਧ ਰਹੇ ਸਨ।

ਸਭ ਤੋਂ ਪਹਿਲਾਂ ਪਿੰਡ ਬਡਹੇੜੀ ਦੀ ਵਾਰੀ ਆਈ। ਉੱਥੋਂ ਦੇ ਨੰਬਰਦਾਰ ਨੇ ਪਟਵਾਰੀ ਦੇ ਨਾਲ ਵਾਲੀ ਕੁਰਸੀ ’ਤੇ ਬੈਠ ਕੇ ਆਪਣੇ ਪਿੰਡ ਵਾਸੀਆਂ ਦੇ ਇੰਤਕਾਲ ਮਨਜ਼ੂਰ ਕਰਵਾਉਣੇ ਸ਼ੁਰੂ ਕਰ ਦਿੱਤੇ। ਫੇਰ ਪਿੰਡ ਕਜਹੇੜੀ ਦੀ ਵਾਰੀ ਆਈ। ਉਸ ਮਗਰੋਂ ਪਿੰਡ ਬੁੜੈਲ ਦੀ ਵਾਰੀ ਆਈ। ਇਹ ਪਿੰਡ ਕਾਫ਼ੀ ਵੱਡਾ ਹੋਣ ਕਾਰਨ ਇੱਥੋਂ ਦੇ ਕਈ ਇੰਤਕਾਲ ਦਰਜ ਹੋਣ ਵਾਲੇ ਸਨ। ਹੋਰ ਪਿੰਡਾਂ ਵਾਲੇ ਕਮਰੇ ਤੋਂ ਬਾਹਰ ਨਿਕਲ ਕੇ ਖੜ੍ਹ ਗਏ। ਉਨ੍ਹਾਂ ਨੂੰ ਪਤਾ ਸੀ ਕਿ ਹੁਣ ਕਾਫ਼ੀ ਚਿਰ ਮਗਰੋਂ ਉਨ੍ਹਾਂ ਦੀ ਵਾਰੀ ਆਵੇਗੀ।

ਭਾਵੇਂ ਪਟਵਾਰੀ ਆਵਾਜ਼ਾਂ ਮਾਰ ਕੇ ਸਬੰਧਤ ਲੋਕਾਂ ਨੂੰ ਬੁਲਾ ਰਿਹਾ ਸੀ ਪਰ ਫੇਰ ਵੀ ਮੇਜ਼ਾਂ ਦੇ ਆਲੇ-ਦੁਆਲੇ ਲੋਕ ਖੜ੍ਹੇ ਸਨ। ਲੋਕਾਂ ਦੇ ਹੱਥਾਂ ਵਿੱਚ ਕਾਗਜ਼ ਸਨ। ਵਰਿਸਤ ਦੇ ਇੰਤਕਾਲ ਕਾਰਨ ਕਈਆਂ ਨੇ ਆਪਣੀਆਂ ਭੈਣਾਂ ਤੇ ਭੂਆਂ ਸੱਦੀਆਂ ਹੋਈਆਂ ਸਨ। ਤਹਿਸੀਲਦਾਰ ਹਰ ਕਾਗਜ਼ ਦੀ ਘੋਖ ਕਰ ਰਿਹਾ ਸੀ। ਕੁੜੀਆਂ ਅਤੇ ਔਰਤਾਂ ਨੂੰ ਇੰਤਕਾਲ ਵੇਲੇ ਉਹ ਇਹ ਜ਼ਰੂਰ ਪੁੱਛ ਰਿਹਾ ਸੀ ਕਿ ਬੀਬੀ ਤੂੰ ਸਹਿਮਤ ਏਂ ਆਪਣੇ ਭਾਈ-ਭਤੀਜਿਆਂ ਨੂੰ ਜਾਇਦਾਦ ਦੇਣ ਲਈ। ਇਸ ਮੌਕੇ ਹਰ ਔਰਤ ਤੇ ਕੁੜੀ ਆਪਣੇ ਸਕੇ ਸਬੰਧੀਆਂ ਦੀ ਸੁੱਖ ਮੰਗਦੀ ਹੋਈ ਕਰੋੜਾਂ, ਲੱਖਾਂ ਦੀ ਜਾਇਦਾਦ ਨੂੰ ਆਪਣੇ ਭਾਈ ਭਤੀਜਿਆਂ ਦੇ ਨਾਮ ਕਰਾ ਰਹੀ ਸੀ। ਕੋਈ ਵੀ ਅਜਿਹਾ ਕੇਸ ਸਾਹਮਣੇ ਨਾ ਆਇਆ, ਜਿਸ ਵਿੱਚ ਕਿਸੇ ਔਰਤ ਨੇ ਜਾਇਦਾਦ ਆਪਣੇ ਭਾਈ-ਭਤੀਜਿਆਂ ਦੇ ਨਾਂ ਕਰਾਉਣ ਵੇਲੇ ਕੋਈ ਇਨਕਾਰ ਕੀਤਾ ਹੋਵੇ।

ਹਾਂ, ਇਸ ਦੌਰਾਨ ਇੱਕ ਪੁੱਤਰ ਆਪਣੀ ਮਾਂ ਦੇ ਹਿੱਸੇ ਦੀ ਜਾਇਦਾਦ ਆਪਣੇ ਨਾਂ ਕਰਾਉਣ ਲਈ ਆਇਆ ਸੀ। ਤਹਿਸੀਲਦਾਰ ਨੇ ਕਾਗਜ਼ ਪੜ੍ਹ ਕੇ ਕਿਹਾ ਕਿ ਇਨ੍ਹਾਂ ਕਾਗਜ਼ਾਂ ਵਿੱਚ ਲਿਖਿਆ ਹੋਇਆ ਹੈ ਕਿ ਮਾਂ ਦੇ ਮਰਨ ਉਪਰੰਤ ਹੀ ਤੁਹਾਡੇ ਨਾਂ ਇਹ ਜਾਇਦਾਦ ਹੋ ਸਕਦੀ। ਤਹਿਸੀਲਦਾਰ ਦੇ ਸਾਹਮਣੇ ਖੜ੍ਹਾ ਪੁੱਤਰ ਅਰਜ਼ ਕਰ ਰਿਹਾ ਸੀ ਕਿ ਉਸ ਦੀ ਮਾਤਾ ਨੂੰ ਅਧਰੰਗ ਹੋਇਆ ਹੈ। ਉਸ ਨੂੰ ਜਾਇਦਾਦ ਸਬੰਧੀ ਕਿਰਾਏਦਾਰ ਰੱਖਣ, ਕੁਨੈਕਸ਼ਨ ਲੈਣ ਅਤੇ ਹੋਰ ਕਈ ਤਰ੍ਹਾਂ ਦੇ ਕੰਮਾਂ ਲਈ ਮਾਤਾ ਦੇ ਦਸਤਖ਼ਤ ਕਰਾ ਕੇ ਲਿਆਉਣੇ ਪੈਂਦੇ ਹਨ। ਇਸ ਲਈ ਕਈ ਵਾਰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਹ ਅਫ਼ਸਰ ਤੋਂ ਜਾਇਦਾਦ ਆਪਣੇ ਨਾਂ ਕਰਾਉਣ ਲਈ ਲੇਲੜੀਆਂ ਕੱਢ ਰਿਹਾ ਸੀ ਪਰ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋ ਰਿਹਾ ਸੀ। ਅਧਿਕਾਰੀ ਆਖਣ ਲੱਗਿਆ ਕਿ ਤੂੰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਏਂ, ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਤੇਰੀ ਮਾਂ ਦੇ ਮਰਨ ਉਪਰੰਤ ਇਹ ਜਾਇਦਾਦ ਆਪਣੇ ਆਪ ਤੇਰੇ ਨਾਂ ਹੋ ਜਾਣੀ ਹੈ।

ਹੋਰਨਾਂ ਖੜ੍ਹੇ ਲੋਕਾਂ ਨੂੰ ਉਹ ਨੌਜਵਾਨ ਵਿਸ ਵਰਗਾ ਜਾਪ ਰਿਹਾ ਸੀ, ਜਿਹੜਾ ਦੋਵਾਂ ਧਿਰਾਂ ਦਾ ਸਮਾਂ ਖਰਾਬ ਕਰ ਰਿਹਾ ਸੀ ਤੇ ਮਾਂ ਦੇ ਜਿਉਂਦੇ ਹੀ ਜਾਇਦਾਦ ਆਪਣੇ ਨਾਂ ਕਰਾਉਣ ਲਈ ਉਤਾਵਲਾ ਸੀ। ਉਹ ਆਪਣੇ ਵਕੀਲ ਨਾਲ ਤਹਿਸੀਲਦਾਰ ਦੀ ਗੱਲ ਕਰਾਉਣ ਲਈ ਮੋਬਾਈਲ ਫੋਨ ਉਸ ਵੱਲ ਕਰ ਰਿਹਾ ਸੀ ਪਰ ਤਹਿਸੀਲਦਾਰ ਨੇ ਉਹਦੀ ਇੱਕ ਨਾ ਸੁਣੀ। ਉਸ ਨੌਜਵਾਨ ਨੂੰ ਇਕ ਸਿਆਣੀ ਉਮਰ ਦੀ ਔਰਤ ਕਹਿਣ ਲੱਗੀ, ‘ਵੇ ਪੁੱਤ! ਅਜੇ ਤਾਂ ਤੇਰੀ ਮਾਂ ਜਿਉਂਦੀ ਬੈਠੀ ਐ ਤੇ ਤੂੰ ਉਹਦੇ ਜਿਉਂਦੇ ਜੀਅ ਜ਼ਮੀਨ ਆਪਣੇ ਨਾਂ ਕਰਵਾਉਣ ਦੀ ਕਾਹਲੀ ਕਰ ਰਿਹੈਂ। ਤੈਨੂੰ ਬਿੱਲ ਭਰਨੇ ਹੀ ਔਖੇ ਜਾਪਦੇ ਹਨ ਤੇ ਸਰਵਣ ਪੁੱਤ ਆਪਣੇ ਅੰਨ੍ਹੇ ਮਾਪਿਆਂ ਨੂੰ ਵਹਿੰਗੀ ਵਿੱਚ ਚੁੱਕ ਕੇ ਤੀਰਥਾਂ ਦੀ ਯਾਤਰਾ ਕਰਵਾਉਂਦਾ ਰਿਹਾ ਸੀ। ਮੁੰਡਾ ਐਨੀ ਗੱਲ ਸੁਣ ਕੇ ਆਪਣੇ ਰਾਹ ਪੈ ਗਿਆ।

ਉਹਦੇ ਜਾਣ ਮਗਰੋਂ ਉੱਥੇ ਆਈਆਂ ਔਰਤਾਂ ਕਹਿ ਰਹੀਆਂ ਸਨ ਭਾਈ ਇਸੇ ਨੂੰ ਕਲਯੁੱਗ ਆਖਦੇ ਨੇ ਪੁੱਤ ਨੂੰ ਜਿੰਨੀ ਚਿੰਤਾ ਜ਼ਮੀਨ ਆਪਣੇ ਨਾਂ ਕਰਵਾਉਣ ਦੀ ਹੈ, ਓਨੀ ਜੇ ਮਾਂ ਦਾ ਇਲਾਜ ਕਰਾਉਣ ਲਈ ਕਰੇ ਤਾਂ ਹੋ ਸਕਦੈ ਇਹਦੀ ਮਾਂ ਠੀਕ ਹੋ ਜਾਵੇ। ਬਹੁਤੇ ਮਾਪੇ ਤਾਂ ਅਜਿਹੀ ਔਲਾਦ ਕਰਕੇ ਹੀ ਮੰਜਿਆਂ ’ਤੇ ਪਏ ਹਨ। ਇੱਕ ਔਰਤ ਕਹਿਣ ਲੱਗੀ ਕਿ ਵਿਆਹ ਮਗਰੋਂ ਉਸਦੇ ਸਹੁਰਿਆਂ ਨੇ ਉਸ ਦਾ ਨਾਂ ਬਦਲ ਦਿੱਤਾ ਹੈ। ਇਸ ਲਈ ਪੇਕਿਆਂ ਵਿੱਚ ਉਹਦਾ ਹੋਰ ਨਾਂ ਹੈ ਤੇ ਸਹੁਰਿਆਂ ਵਿੱਚ ਹੋਰ। ਹੁਣ ਉਹ ਕਿਹੜੇ ਨਾਂ ਨਾਲ ਦਸਤਖ਼ਤ ਕਰੇ। ਇਸ ਕਾਰਨ ਕੁਝ ਸਮੇਂ ਲਈ ਕਮਰੇ ਵਿੱਚ ਹਾਸਾ ਮੱਚ ਗਿਆ।

ਇਸ ਮਗਰੋਂ ਸਾਡੇ ਪਿੰਡ ਪਲਸੌਰਾ ਦੀ ਵਾਰੀ ਆ ਗਈ। ਸਾਡੇ ਪਿੰਡ ਦਾ ਲੰਬੜਦਾਰ ਵੀ ਕੁਰਸੀ ’ਤੇ ਆ ਬਿਰਾਜਿਆ। ਹੌਲੀ-ਹੌਲੀ ਸਾਰੀਆਂ ਅਰਜ਼ੀਆਂ ਦਾ ਨਿਬੇੜਾ ਹੋ ਗਿਆ। ਜਦੋਂ ਅਸੀਂ ਕਮਰੇ ਵਿੱਚੋਂ ਬਾਹਰ ਨਿਕਲੇ ਤਾਂ ਇਕ ਬਜ਼ੁਰਗ ਇੱਕ ਔਰਤ ਦੇ ਸਿਰ ’ਤੇ ਹੱਥ ਰੱਖ ਕੇ ਰੋਂਦਾ ਹੋਇਆ ਆਖ ਰਿਹਾ ਸੀ, ਮੇਰਾ ਭਰਾ ਜਿਉਂਦੇ ਜੀਅ ਆਖਿਆ ਕਰਦਾ ਸੀ ਕਿ ਮੇਰੇ ਦੋ ਪੁੱਤਰ ਨਹੀਂ, ਸਗੋਂ ਤਿੰਨ ਹਨ। ਉਹ ਤੈਨੂੰ ਧੀ ਨਹੀਂ, ਸਗੋਂ ਪੁੱਤਰ ਸਮਝਦਾ ਸੀ। ਉਹ ਬਜ਼ੁਰਗ ਕਹਿਣ ਲੱਗਿਆ ਕਿ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਸਵਰਗਵਾਸ ਹੋਣ ਤੋਂ ਪਹਿਲਾਂ ਮੇਰੇ ਭਤੀਜਿਆਂ ਦੇ ਨਾਂ ਕਿਵੇਂ ਸਾਰੀ ਜਾਇਦਾਦ ਦੀ ਵਸੀਅਤ ਬਣਾ ਗਿਆ। ਉਹ ਔਰਤ ਨੂੰ ਆਖ ਰਿਹਾ ਸੀ ਕਿ ਧੀਏ ਤੂੰ ਵੀ ਆਪਣੇ ਪਿਤਾ ਦੇ ਕਹੇ ’ਤੇ ਫੁੱਲ ਚੜ੍ਹਾਏ। ਤੂੰ ਆਪਣੇ ਭਰਾਵਾਂ ਦੇ ਨਾਂ ਸਾਰੀ ਜਾਇਦਾਦ ਕਰਵਾ ਦਿੱਤੀ।

ਉਸ ਔਰਤ ਨੇ ਵੀ ਅੱਖਾਂ ਭਰ ਲਈਆਂ। ਉਹ ਕਹਿਣ ਲੱਗੀ ਕਿ ਭਾਵੇਂ ਉਸ ਦੇ ਸਹੁਰਿਆਂ ਕੋਲ ਕੋਈ ਬਹੁਤੀ ਜਾਇਦਾਦ ਨਹੀਂ ਹੈ ਪਰ ਫੇਰ ਵੀ ਉਹ ਇਹੀ ਚਾਹੁੰਦੀ ਹੈ ਕਿ ਉਸ ਦੇ ਪੇਕਿਆਂ ਤੋਂ ਸਦਾ ਠੰਢੀਆਂ ਹਵਾਵਾਂ ਆਉਂਦੀਆਂ ਰਹਿਣ। ਨੇੜੇ ਖੜ੍ਹੇ ਇੱਕ ਵਿਅਕਤੀ ਨੇ ਦੱਸਿਆ ਕਿ ਇਹ ਬਜ਼ੁਰਗ ਵੀ ਛੜਾ ਹੀ ਹੈ ਤੇ ਇਸ ਦੀ ਸਾਰੀ ਜਾਇਦਾਦ ਵੀ ਭਤੀਜਿਆਂ ਕੋਲ ਹੀ ਹੈ ਤੇ ਇਸ ਦੇ ਭਰਾ ਦੀ ਜਾਇਦਾਦ ਦੇ ਮਾਲਕ ਵੀ ਇਸ ਦੇ ਭਤੀਜੇ ਬਣ ਗਏ ਹਨ। ਉਹ ਵਿਅਕਤੀ ਕਹਿਣ ਲੱਗਿਆ ਔਹ ਜਿਹੜੇ ਚਿੱਟੇ ਕੱਪੜਿਆਂ ਵਾਲੇ ਸਕੌਡਾ ਵਿੱਚ ਬੈਠਣ ਲੱਗੇ ਹਨ ਉਹ ਹੀ ਇਸ ਬਾਬੇ ਦੇ ਭਤੀਜੇ ਹਨ। ਹੁਣ ਜ਼ਮੀਨ ਨਾਂ ਕਰਾ ਕੇ ਉਹ ਤੁਰਦੇ ਬਣੇ।

ਉਹ ਬਜ਼ੁਰਗ ਅਤੇ ਔਰਤ ਸਾਡੇ ਅੱਗੇ-ਅੱਗੇ ਜਾ ਰਹੇ ਸਨ। ਸਾਰੇ ਉੱਥੋਂ ਚਲੇ ਗਏ ਸਨ। ਸਿਰਫ਼ ਇੱਕ-ਦੋ ਵਿਅਕਤੀ ਹੀ ਰਹਿ ਗਏ ਸਨ।

ਦੂਜੇ ਦਿਨ ਮੈਂ ਘਰੇ ਅਖ਼ਬਾਰ ਵਿੱਚ ਜਲੰਧਰ ਦੀ ਖ਼ਬਰ ਪੜ੍ਹ ਰਿਹਾ ਸੀ, ਜਿਸ ਵਿੱਚ ਬੱਚੇ ਬਦਲੇ ਜਾਣ ਮਗਰੋਂ ਧੀ ਨੂੰ ਲੈਣ ਵਾਲਾ ਪਰਿਵਾਰ ਆਨਾਕਾਨੀ ਕਰ ਰਿਹਾ ਸੀ। ਮਨ ਵਿੱਚ ਫੇਰ ਇੰਤਕਾਲ ਵਾਲੇ ਦਿਨ ਦੀ ਘਟਨਾ ਯਾਦ ਆ ਗਈ। ਇੱਕ ਪਾਸੇ ਭੈਣਾਂ ਆਪਣੇ ਹਿੱਸੇ ਦੀ ਜਾਇਦਾਦ ਆਪਣੇ ਭਰਾਵਾਂ ਦੇ ਨਾਂ ਕਰਾ ਰਹੀਆਂ ਸਨ ਤੇ ਦੂਜੇ ਪਾਸੇ ਮਾਪੇ ਅਜੇ ਵੀ ਆਪਣੀ ਧੀ ਨੂੰ ਪੱਥਰ ਸਮਝ ਕੇ ਲੈਣ ਤੋਂ ਇਨਕਾਰੀ ਹੋਈ ਬੈਠੇ ਸਨ। ਸਮਾਜ ਦੇ ਇਸ ਉਲਝੇ ਤਾਣੇ-ਪੇਟੇ ਨੂੰ ਦੇਖ ਕੇ ਮੈਂ ਮਨ ਵਿੱਚ ਗਾਇਕ ਹੰਸ ਰਾਜ ਹੰਸ ਵੱਲੋਂ ਗਾਇਆ ਗੀਤ ਗੁਣ-ਗੁਣਾਉਣ ਲੱਗ ਪਿਆ:

ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ ...।

*****

(909)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)