“ਭਾਈ ਗਲਤੀ ਲੱਗ ਗਈ ਹੋਣੀ ਏਂ, ਤੂੰ ਆਏਂ ਕਰ, ਟਿਕਟ ਦੇ ਪੈਸੇ ਮੈਥੋਂ ...”
(12 ਮਈ 2021)
ਘਰ ਦਾ ਗੇਟ ਖੜਕਿਆ। ਬਾਹਰ ਦੇਖਿਆ ਤਾਂ ਬੇਪਛਾਣਿਆ ਜਿਹਾ ਚਿਹਰਾ ਦਿਖਾਈ ਦਿੱਤਾ। ਹੱਥ ਵਿੱਚ ਮਠਿਆਈ ਦਾ ਡੱਬਾ ਤੇ ਕਾਰਡ ਫੜਿਆ ਹੋਇਆ ਸੀ। ਦਰਵਾਜ਼ਾ ਖੋਲ੍ਹਿਆ। ‘ਹਾਂ ਜੀ ਬਾਈ ਜੀ ...’ ਕਹਿੰਦਿਆਂ ਉਸ ਵਿਅਕਤੀ ਤੋਂ ਉਹਦੇ ਬਾਰੇ ਜਾਣਨਾ ਚਾਹਿਆ। ਉਸ ਨੇ ਕਿਹਾ, “ਤੈਂ ਪਛਾਣਿਆ ਨਹੀਂ ਸ਼ਾਇਦ ਮੈਂਨੂੰ।”
ਮੈਂ ਨਾਂਹ ਵਿੱਚ ਸਿਰ ਹਿਲਾਇਆ। ਉਸ ਨੇ ਕਿਹਾ ਕਿ ਪਹਿਲਾਂ ਅੰਦਰ ਆਉਣ ਲਈ ਕਹੇਂਗਾ ਜਾਂ ਸਾਰਾ ਕੁਝ ਬਾਹਰ ਹੀ ਪੁੱਛ ਕੇ ਸਾਰ ਲਏਂਗਾ? ਮੈਂ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਅੰਦਰ ਬੁਲਾ ਲਿਆ। ਉਹ ਬੈਠਕ ਵਿੱਚ ਸੋਫ਼ੇ ’ਤੇ ਬੈਠ ਗਿਆ ਤੇ ਸਾਮਾਨ ਮੇਜ਼ ’ਤੇ ਰੱਖ ਦਿੱਤਾ। ਮਨ ਉਸ ਬਾਰੇ ਜਾਨਣ ਲਈ ਉਤਸਕ ਸੀ। ਮੈਂ ਉਸ ਦੇ ਸਾਹਮਣੇ ਹੀ ਬੈਠ ਗਿਆ। ਉਸ ਨੇ ਕਿਹਾ, “ਆਪਾਂ ਸਕੂਲੇ ਛੇ ਸਾਲ ਇਕੱਠੇ ਪੜ੍ਹੇ। ਹੁਣ ਤੂੰ ਮੈਂਨੂੰ ਕਿਵੇਂ ਭੁੱਲ ਗਿਆ?”
ਮੈਂ ਥੋੜ੍ਹਾ ਦਿਮਾਗ ’ਤੇ ਜ਼ੋਰ ਪਾਇਆ। ਮੇਰੇ ਮੂੰਹੋਂ ਨਿਕਲਿਆ, “ਸਿਕੰਦਰ?” ਉਸ ਨੇ ਆਖਿਆ, “ਠੀਕ ਪਛਾਣਿਆ ਤੈਂ।”
ਮੈਂ ਉਸ ਨੂੰ ਘੁੱਟ ਕੇ ਜੱਫ਼ੀ ਵਿੱਚ ਲੈ ਲਿਆ। ਉਸ ਲਈ ਪਾਣੀ ਦਾ ਗਲਾਸ ਲਿਆਂਦਾ। ਪਾਣੀ ਪੀਣ ਮਗਰੋਂ ਉਹ ਆਖਣ ਲੱਗਿਆ, “ਮੇਰੇ ਮੁੰਡੇ ਦਾ ਵਿਆਹ ਹੈ। ਪਰਿਵਾਰ ਸਣੇ ਦਰਸ਼ਨ ਦੇਣੇ।”
ਮੈਂ ਕਿਹਾ, “ਜ਼ਰੂਰ ਦਰਸ਼ਨ ਦੇਵਾਂਗੇ ਤੇ ਨਾਲੇ ਸਾਡੇ ਲਾਇਕ ਕੋਈ ਸੇਵਾ ਹੋਈ ਜ਼ਰੂਰ ਦੱਸੀਂ।”
ਹੋਰ ਮਿੱਤਰਾਂ ਬਾਰੇ ਗੱਲਾਂ ਕਰਨ ਤੋਂ ਬਾਅਦ ਮੈਂ ਪੁੱਛਿਆ ਕਿ ਹੁਣ ਤੂੰ ਕੀ ਕਰਦਾ ਏਂ। ਉਸ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਪ੍ਰਾਈਵੇਟ ਅਦਾਰੇ ਵਿੱਚ ਨੌਕਰੀ ਕਰ ਰਿਹਾ ਹੈ। ਚੰਗੀ ਤਨਖ਼ਾਹ ਹੈ ਤੇ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਖੜ੍ਹੇ ਹੋ ਗਏ ਹਨ। ਮੈਂ ਉਸ ਨੂੰ ਪੁੱਛਿਆ ਕਿ ਤੂੰ ਇੰਨੇ ਸਾਲ ਬਾਅਦ ਘਰ ਕਿਵੇਂ ਲੱਭਿਆ? ਉਹ ਹੱਸਦਾ ਹੋਇਆ ਕਹਿਣ ਲੱਗਿਆ ਜੇ ਮਿਲਣ ਦੀ ਤਾਂਘ ਹੋਵੇ ਤਾਂ ਸਭ ਕੁਝ ਲੱਭ ਜਾਂਦਾ ਹੈ। ਮੈਂ ਹੈਰਾਨ ਸੀ। ਮੈਂ ਕਿਹਾ, “ਯਾਰ ਸਕੂਲ ਮਗਰੋਂ ਤੇਰਾ ਕੁਝ ਪਤਾ ਨਾ ਲੱਗਿਆ, ਤੂੰ ਕਿੱਧਰ ਚਲਿਆ ਗਿਆ?”
ਉਹ ਸੋਫ਼ੇ ’ਤੇ ਸਿੱਧਾ ਜਿਹਾ ਹੋਣ ਮਗਰੋਂ ਕਹਿਣ ਲੱਗਿਆ, “ਸਕੂਲ ਦਾ ਤਾਂ ਤੈਨੂੰ ਪਤਾ ਹੀ ਹੈ, ਕਿਵੇਂ ਘਰੋਂ ਪੈਸੇ ਚੋਰੀ ਕਰਨ ਦੀ ਆਦਤ ਪੈ ਗਈੇ। ਪੈਸੇ ਚੋਰੀ ਕਰਨ ਮਗਰੋਂ ਫਿਲਮਾਂ ਦੇਖਣੀਆਂ ਤੇ ਯਾਰਾਂ ਨਾਲ ਹੋਟਲਾਂ ਵਿੱਚ ਜਾਣਾ ...।”
ਵਿੱਚੋਂ ਟੋਕਦਿਆਂ ਮੈਂ ਕਿਹਾ ਕਿ ਮੇਰੇ ਯਾਦ ਆਇਆ, ਇੱਕ ਵਾਰੀ ਮੈਂ ਤੇਰੇ ਘਰ ਗਿਆ ਸੀ। ਤੇਰੀ ਮਾਤਾ ਜੀ ਨੂੰ ਮੈਂ ਕਿਹਾ ਕਿ ਸਿਕੰਦਰ ਅੱਜ ਸਕੂਲ ਨਹੀਂ ਗਿਆ। ਇਸ ਲਈ ਅਧਿਆਪਕ ਨੇ ਦਾਖ਼ਲਾ ਫਾਰਮ ਦਿੱਤਾ ਹੈ। ਇਸ ਨੂੰ ਭਰ ਕੇ ਕੱਲ੍ਹ ਨੂੰ ਜਮ੍ਹਾਂ ਕਰਾਉਣਾ ਹੈ। ਉਨ੍ਹਾਂ ਮੈਂਨੂੰ ਅੰਦਰ ਬਿਠਾ ਲਿਆ ਤੇ ਕਿਹਾ ਕਿ ਉਹ ਘਰੋਂ ਤਾਂ ਸਕੂਲ ਗਿਆ ਸੀ, ਕੀ ਗੱਲ ਪਹੁੰਚਿਆ ਕਿਉਂ ਨਹੀਂ? ਉਨ੍ਹਾਂ ਮੈਂਨੂੰ ਕਿਹਾ ਕਿ ਜਦੋਂ ਸਿਕੰਦਰ ਸਕੂਲ ਨਾ ਜਾਵੇ ਤੂੰ ਮੈਂਨੂੰ ਦੱਸਣਾ। ਦੇਖੀਂ ਇਸ ਬਾਰੇ ਉਸ ਨੂੰ ਇਲਮ ਨਾ ਹੋਵੇ। ਮੈਂ ਤੇਰੇ ਘਰੋਂ ਵਾਪਸ ਆ ਗਿਆ। ਫਿਰ ਮੁੜ ਜਾਣ ਦੀ ਹਿੰਮਤ ਨਾ ਕੀਤੀ।
ਮੇਰੇ ਯਾਦ ਹੈ ਸਿਕੰਦਰ ਦੀ ਮਾਤਾ ਕਈ ਵਾਰ ਸਕੂਲ ਵੀ ਆਏ। ਉਨ੍ਹਾਂ ਸਾਰਿਆਂ ਦੇ ਸਾਹਮਣੇ ਸਿਕੰਦਰ ਦੀ ਕਾਫ਼ੀ ਧੌੜੀ ਲਾਹੀ। ਕਈ ਵਾਰ ਤਾਂ ਉਨ੍ਹਾਂ ਦਾ ਉਸ ਨੂੰ ਕੁੱਟਦਿਆਂ ਰੋਣਾ ਵੀ ਨਿਕਲ ਜਾਂਦਾ। ਦਰਅਸਲ ਉਹ ਸਿਕੰਦਰ ਦੀਆਂ ਮਾੜੀਆਂ ਆਦਤਾਂ ਤੋਂ ਪ੍ਰੇਸ਼ਾਨ ਸਨ। ਸਿਕੰਦਰ ਨੂੰ ਅਧਿਆਪਕਾਂ ਨੇ ਤੇ ਅਸੀਂ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਉੱਤੇ ਕਿਸੇ ਗੱਲ ਦਾ ਅਸਰ ਨਾ ਹੁੰਦਾ। ਉਸ ਦੀਆਂ ਆਦਤਾਂ ਕਾਰਨ ਸਾਨੂੰ ਸਾਰਿਆਂ ਨੂੰ ਜਾਪਦਾ ਸੀ ਕਿ ਉਹ ਜ਼ਿੰਦਗੀ ਵਿੱਚ ਔਖਾ ਹੀ ਕਾਮਯਾਬ ਹੋਵੇਗਾ।
ਥੋੜ੍ਹੇ ਚਿਰ ਮਗਰੋਂ ਸਿਕੰਦਰ ਕਹਿਣ ਲੱਗਾ ਕਿ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਇੱਕ ਘਟਨਾ ਸੀ। ਉਹ ਦੱਸਣ ਲੱਗ, “ਮੈਂ ਤੇ ਮੇਰੀ ਮਾਤਾ ਇੱਕ ਦਿਨ ਬੱਸ ਵਿੱਚ ਨਾਨਕੇ ਜਾ ਰਹੇ ਸੀ। ਜਦੋਂ ਕੰਡਕਟਰ ਕੋਲ ਆਇਆ ਤਾਂ ਮਾਂ ਨੇ ਪੈਸੇ ਕੱਢਣ ਲਈ ਪਰਸ ਖੋਲ੍ਹਿਆ। ਪਰਸ ਵਿੱਚ ਪੈਸੇ ਨਹੀਂ ਸਨ। ਮਾਂ ਹੱਕੀ ਬੱਕੀ ਰਹਿ ਗਈ। ਉਸ ਨੇ ਦੋ ਤਿੰਨ ਵਾਰੀ ਪਰਸ ਨੂੰ ਫਰੋਲਿਆ। ਪਰਸ ਵਿੱਚ ਪੈਸੇ ਕਿੱਥੋਂ ਹੋਣੇ ਸਨ, ਮੈਂ ਪੈਸੇ ਕੱਢ ਕੇ ਆਪਣੇ ਦੋਸਤਾਂ ਨਾਲ ਫਿਲਮ ਦੇਖ ਆਇਆ ਸੀ। ਸਾਰਿਆਂ ਨੂੰ ਖਾਣਾ ਵੀ ਖੁਆਇਆ। ਮਾਂ ਰੋਣ ਹਾਕੀ ਹੋ ਗਈ। ਸਾਰੀਆਂ ਸਵਾਰੀਆਂ ਸਾਡੇ ਵੱਲ ਦੇਖ ਰਹੀਆਂ ਸਨ। ਕੰਡਕਟਰ ਆਖਣ ਲੱਗਿਆ - ਤੁਹਾਡੇ ਵਰਗਿਆਂ ਨੂੰ ਮੈਂ ਨਿੱਤ ਚਾਰਦਾਂ। ਪੈਸੇ ਨਹੀਂ ਹਨ ਤਾਂ ਚਲੋ ਉੱਤਰੋ।
“ਮਾਂ ਨੇ ਬਥੇਰਾ ਕਿਹਾ ਕਿ ਗਲਤੀ ਨਾਲ ਪੈਸੇ ਘਰ ਰਹਿ ਗਏ। ਕੰਡਕਟਰ ਨੇ ਸੀਟੀ ਮਾਰ ਕੇ ਬੱਸ ਰੋਕ ਲਈ ਤੇ ਸਾਨੂੰ ਉੱਤਰਨ ਲਈ ਕਹਿ ਦਿੱਤਾ। ਇੰਨੇ ਨੂੰ ਇੱਕ ਬਜ਼ੁਰਗ ਨੇ ਕਿਹਾ - ਭਾਈ ਗਲਤੀ ਲੱਗ ਗਈ ਹੋਣੀ ਏਂ, ਤੂੰ ਆਏਂ ਕਰ, ਟਿਕਟ ਦੇ ਪੈਸੇ ਮੈਥੋਂ ਲੈ ਲੈ। ਐਨੇ ਨੂੰ ਬੱਸ ਚੱਲ ਪਈੇ। ਬਜ਼ੁਰਗ ਨੇ ਟਿਕਟ ਦੇ ਪੈਸੇ ਦੇ ਦਿੱਤੇ ਤੇ ਕੰਡਕਟਰ ਨੇ ਬੁੜਬੁੜ ਕਰਦੇ ਨੇ ਸਾਨੂੰ ਟਿਕਟਾਂ ਫੜਾ ਦਿੱਤੀਆਂ। ਮਾਂ ਨੇ ਬਜ਼ੁਰਗ ਦਾ ਧੰਨਵਾਦ ਕੀਤਾ। ਅਸੀਂ ਨਾਨਕੇ ਘਰ ਪਹੁੰਚ ਗਏ। ਮਾਂ ਨੇ ਆਉਣ ਲੱਗੇ ਮਾਮੀ ਨੂੰ ਕਿਹਾ ਕਿ ਉਹ ਪੈਸੇ ਘਰ ਭੁੱਲ ਆਏ ਹਨ, ਇਸ ਲਈ ਜਾਣ ਲਈ ਥੋੜ੍ਹੇ ਪੈਸੇ ਦੇ ਦੇਵੇ।
“ਘਰ ਆ ਕੇ ਮਾਂ ਕਈ ਦਿਨ ਚੁੱਪ-ਚੁੱਪ ਰਹੀ। ਮੈਂਨੂੰ ਆਪਣੀ ਗਲਤੀ ਦਾ ਇਹਸਾਸ ਹੋ ਗਿਆ। ਹੁਣ ਮਾਂ ਨੇ ਮੈਂਨੂੰ ਕੁੱਟਿਆ ਨਹੀਂ, ਸਗੋਂ ਘਰ ਵਿੱਚ ਬੋਲਣਾ ਘੱਟ ਕਰ ਦਿੱਤਾ। ਮਾਂ ਗੁਆਂਢੀਆਂ ਨਾਲ ਵੀ ਘੱਟ ਮਿਲਣ ਲੱਗ ਪਈ। ਸਮਾਂ ਬੀਤਦਾ ਗਿਆ। ਮੈਂ ਪੜ੍ਹਾਈ ਵਿੱਚ ਧਿਆਨ ਦੇਣ ਲੱਗ ਪਿਆ। ਗਰੈਜੂਏਸ਼ਨ ਕਰਕੇ ਨੌਕਰੀ ਮਿਲ ਗਈ। ਵਿਆਹ ਹੋ ਗਿਆ।
“ਬੱਚੇ ਹੋ ਗਏ। ... ਬਥੇਰਾ ਮਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ। ਘਰਵਾਲੀ ਨੂੰ ਆਪਣੇ ਅਤੀਤ ਬਾਰੇ ਦੱਸਿਆ। ਦੋਵਾਂ ਬੱਚਿਆਂ ਨੂੰ ਮਾਂ ਤੋਂ ਗੁੜ੍ਹਤੀ ਦਿਵਾਈ। ਥੋੜ੍ਹੀ ਦੇਰ ਬਾਅਦ ਮਾਂ ਗੁਜ਼ਰ ਗਈ।
“ਹੁਣ ਜਦੋਂ ਕਈ ਵਾਰ ਰਾਤ ਨੂੰ ਸੌਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮਾਂ ਯਾਦ ਆ ਜਾਂਦੀ ਹੈ। ਮਾਂ ਦਾ ਮਨ ਦੁਖਾਉਣ ਦਾ ਝੋਰਾ ਵਾਰ-ਵਾਰ ਸਤਾਉਂਦਾ। ਕਈ ਵਾਰ ਰਾਤ ਨੂੰ ਉੱਠ ਕੇ ਆਪਣੇ ਆਪ ਨੂੰ ਕੋਸਦਾ ਰਹਿੰਦਾ ਹਾਂ। ...।”
ਹੁਣ ਸਿਕੰਦਰ ਦੀਆਂ ਅੱਖਾਂ ਨਮ ਸਨ। ਥੋੜ੍ਹੇ ਚਿਰ ਬਾਅਦ ਮੇਰੀ ਘਰਵਾਲੀ ਚਾਹ ਲੈ ਕੇ ਆ ਗਈ। ਮੈਂ ਆਪਣੇ ਦੋਸਤ ਬਾਰੇ ਉਸ ਨੂੰ ਦੱਸਿਆ।
ਸਿਕੰਦਰ ਨੇ ਕਿਹਾ ਕਿ ਵਿਆਹ ਵਿੱਚ ਸਾਰੇ ਪੁਰਾਣੇ ਦੋਸਤ ਸੱਦੇ ਹਨ, ਇਸ ਲਈ ਆਉਣਾ ਜ਼ਰੂਰ।
ਮੈਂ ਸਿਕੰਦਰ ਨੂੰ ਗੇਟ ਤਕ ਛੱਡਣ ਗਿਆ।
ਵਿਆਹ ਵੇਲੇ ਕੁੜੀ ਵਾਲਿਆਂ ਨੇ ਸਾਡੇ ਇੱਕ ਦੋਸਤ ਨੂੰ ਦੱਸਿਆ ਕਿ ਵਿਆਹ ਦਾ ਸਾਰਾ ਖਰਚਾ ਸਿਕੰਦਰ ਨੇ ਕੀਤਾ ਹੈ।
ਕੁੜੀ ਵਾਲੇ ਸਾਡੇ ਘਰ ਕੋਲ ਹੀ ਰਹਿੰਦੇ ਸਨ। ਡੇਢ ਸਾਲ ਬਾਅਦ ਉਨ੍ਹਾਂ ਦੱਸਿਆ ਕਿ ਸਾਡੀ ਧੀ ਨੂੰ ਤੁਹਾਡੇ ਦੋਸਤ ਨੇ ਨੂੰਹ ਨਹੀਂ, ਸਗੋਂ ਧੀ ਬਣਾ ਕੇ ਰੱਖਿਆ ਹੋਇਆ ਹੈ।
ਮੈਂਨੂੰ ਇੱਕ ਪਾਸੇ ਦੁਨੀਆਂ ਨੂੰ ਜਿੱਤਣ ਵਾਲਾ ਸਿਕੰਦਰ ਖਾਲੀ ਹੱਥ ਜਾਂਦਾ ਦਿਖਾਈ ਦੇ ਰਿਹਾ ਸੀ ਤੇ ਦੂਜੇ ਪਾਸੇ ਆਪਣਾ ਦੋਸਤ ਸਿਕੰਦਰ ਮਾਂ ਦਾ ਝੋਰਾ ਲਈ ਵਕਤ ਟਪਾਉਂਦਾ ਦਿਖਾਈ ਦੇ ਰਿਹਾ ਸੀ। ਜਿਸ ਸਿਕੰਦਰ ਨੂੰ ਬਚਪਨ ਵੇਲੇ ਕੋਈ ਚੰਗਾ ਨਹੀਂ ਸਮਝਦਾ ਸੀ ਅੱਜ ਉਸ ਦੀ ਦੋਸਤੀ ’ਤੇ ਮਾਣ ਮਹਿਸੂਸ ਹੋ ਰਿਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2774)
(ਸਰੋਕਾਰ ਨਾਲ ਸੰਪਰਕ ਲਈ: