SupinderSRana7ਜਦੋਂ ਡਾਕਟਰ ਘਰ ਆਇਆ ਤਾਂ ਉਸ ਨੇ ਨਬਜ਼ ਦੇਖੀ ਤੇ ਮਗਰੋਂ ...
(21 ਅਕਤੂਬਰ2017)

 

ਦੋ ਦਹਾਕੇ ਪਹਿਲਾਂ ਦੀ ਗੱਲ ਹੈ, ਜਦੋਂ ਪਿਤਾ ਜੀ ਸਵਖਤੇ ਹੀ ਮੈਨੂੰ ਆਵਾਜ਼ਾਂ ਮਾਰਨ ਲੱਗ ਪਏ। ਮੈਂ ਭੱਜ ਕੇ ਉਨ੍ਹਾਂ ਕੋਲ ਪਹੁੰਚਿਆ ਤਾਂ ਉਹ ਆਖਣ ਲੱਗੇ, “ਦੇਖੀਂ ਪੁੱਤ, ਮੈਂ ਖੱਬੇ ਪਾਸੇ ਨੂੰ ਡਿੱਗੀ ਜਾ ਰਿਹਾ ਹਾਂ।”

ਮੈਂ ਉਨ੍ਹਾਂ ਨੂੰ ਫੜ ਲਿਆ। ਉਹ ਦੁੱਧ ਵਾਲਾ ਗਿਲਾਸ ਛੱਡ ਨਹੀਂ ਰਹੇ ਸਨ। ਪੀਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸਿੱਧਾ ਬੈਠ ਨਹੀਂ ਹੋ ਰਿਹਾ ਸੀ। ਮੈਂ ਆਪਣੇ ਭਰਾ ਨੂੰ ਆਵਾਜ਼ ਮਾਰੀ। ਉਹ ਵੀ ਝੱਟ ਆ ਗਿਆ। ਸਾਡੇ ਦੇਖਦੇ ਦੇਖਦੇ ਹੀ ਉਨ੍ਹਾਂ ਦੀ ਆਵਾਜ਼ ਥਥਲਾਉਣ ਲੱਗ ਪਈ। ਮੈਂ ਡਾਕਟਰ ਲਿਆਉਣ ਬਾਰੇ ਕਹਿ ਕੇ ਝੱਟ ਦੇਣੇ ਸਕੂਟਰ ਚੁੱਕ ਕੇ ਚੱਲ ਪਿਆ।

ਡਾਕਟਰ ਨੇ ਆਉਂਦਿਆਂ ਹੀ ਬਲੱਡ ਪ੍ਰੈਸ਼ਰ ਦੇਖਣ ਮਗਰੋਂ ਉਨ੍ਹਾਂ ਦੀ ਜੀਭ ਦੇ ਹੇਠਾਂ ਗੋਲੀ ਰੱਖ ਦਿੱਤੀ ਤੇ ਪੀਜੀਆਈ ਜਾਣ ਲਈ ਕਹਿ ਦਿੱਤਾ। ਪੀਜੀਆਈ ਦਾ ਨਾਂ ਸੁਣ ਕੇ ਸਾਰੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਘਰੋਂ ਸਾਰੇ ਪੈਸੇ ਚੁੱਕ ਕੇ ਅਸੀਂ ਨਾਲ ਦੇ ਗੁਆਂਢੀਆਂ ਦੀ ਕਾਰ ਵਿੱਚ ਪਿਤਾ ਜੀ ਨੂੰ ਪਾ ਕੇ ਪੀਜੀਆਈ ਲੈ ਗਏ। ਐਮਰਜੈਂਸੀ ਵਿੱਚ ਪਹੁੰਚਦੇ ਹੀ ਡਾਕਟਰਾਂ ਨੇ ਕਈ ਟੈੱਸਟ ਲਿਖ ਦਿੱਤੇ ਤੇ ਗੁਲੂਕੋਜ਼ ਲਾ ਦਿੱਤਾ ਤੇ ਸੀਟੀ ਸਕੈਨ ਕਰਾਉਣ ਲਈ ਆਖ ਕੇ ਪਰਚੀ ਸਾਡੇ ਹੱਥਾਂ ਵਿੱਚ ਫੜਾ ਦਿੱਤੀ।

ਗੁਆਂਢੀਆਂ ਦੇ ਨਾਲ ਪਿਤਾ ਜੀ ਦੇ ਕਈ ਦੋਸਤ ਵੀ ਹਸਪਤਾਲ ਪਹੁੰਚ ਗਏ। ਮਰੀਜ਼ ਦੇ ਪਿਸ਼ਾਬ ਵਾਲੀ ਨਾਲੀ ਵੀ ਲਾ ਦਿੱਤੀ ਗਈ। ਸਾਡੇ ਦੇਖਦਿਆਂ ਹੀ ਪਿਤਾ ਜੀ ਦਾ ਮੂੰਹ ਵਿੰਗਾ ਹੋ ਗਿਆ। ਮਿੰਟਾਂ ਸਕਿੰਟਾਂ ਵਿੱਚ ਇਹ ਕੀ ਭਾਣਾ ਵਰਤ ਗਿਆ, ਪਤਾ ਨਹੀਂ ਲੱਗ ਰਿਹਾ ਸੀ, ਸਗੋਂ ਇੱਕ ਸੁਪਨਾ ਹੀ ਜਾਪ ਰਿਹਾ ਸੀ। ਕਾਸ਼ ਇਹ ਸੁਪਨਾ ਹੋਵੇ, ਸੋਚ ਕੇ ਮੈਂ ਆਪਣੇ ਆਪ ਨੂੰ ਚੂੰਢੀ ਵੱਢ ਕੇ ਦੇਖਿਆ ਪਰ ਇਹ ਸੱਚ ਸੀ।

ਕੁਝ ਸਾਲ ਪਹਿਲਾਂ ਮਾਂ ਨੂੰ ਵੀ ਇੰਜ ਹੀ ਬਰੇਨ ਹੈਮਰੇਜ ਹੋਣ ਕਾਰਨ ਅਧਰੰਗ ਹੋ ਗਿਆ ਸੀ। ਉਨ੍ਹਾਂ ਨੂੰ ਵੀ ਪੀਜੀਆਈ ਦੇ ਡਾਕਟਰਾਂ ਨੇ ਸੇਵਾ ਕਰ ਲਓ, ਕਹਿ ਕੇ ਘਰ ਮੋੜ ਦਿੱਤਾ ਸੀ। ਪੌਣੇ ਕੁ ਦੋ ਸਾਲ ਮਗਰੋਂ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਹੁਣ ਇੰਨ ਬਿੰਨ ਉਹੀ ਸਥਿਤੀ ਅੱਜ ਪਿਤਾ ਜੀ ਦੀ ਬਣੀ ਹੋਈ ਸੀ। ਖੂਨ ਦੇ ਸੈਂਪਲਾਂ ਅਤੇ ਸੀਟੀ ਸਕੈਨ ਦੀ ਰਿਪੋਰਟ ਆਉਣ ਮਗਰੋਂ ਡਾਕਟਰ ਨੇ ਮੈਨੂੰ ਆਪਣੇ ਕੋਲ ਬੁਲਾਇਆ। ਉਸ ਨੇ ਮੈਥੋਂ ਮਰੀਜ਼ ਨਾਲ ਰਿਸ਼ਤੇ ਬਾਰੇ ਪੁੱਛਿਆ। ਮੈਂ ਜਦੋਂ ਆਪਣੇ ਬਾਰੇ ਦੱਸਿਆ ਤਾਂ ਉਸ ਨੇ ਕਿਹਾ ਕਿ ਇਨ੍ਹਾਂ ਦੇ ਦਿਮਾਗ ਦੀ ਨਾੜੀ ਫਟ ਗਈ ਹੈ। ਇਸ ਕਾਰਨ ਇਨ੍ਹਾਂ ਦਾ ਖੱਬਾ ਪਾਸਾ ਖੜ੍ਹ ਗਿਆ ਹੈ। ਦਿਮਾਗ ਦਾ ਅਪਰੇਸ਼ਨ ਸਫ਼ਲ ਨਾ ਹੋਣ ਕਾਰਨ ਇਨ੍ਹਾਂ ਦਾ ਇਲਾਜ ਸੰਭਵ ਨਹੀਂ ਹੈ। ਡਾਕਟਰ ਨੇ ਇੱਕ ਪਰਚੀ ਜਿਹੀ ਮੇਰੇ ਹੱਥ ਵਿੱਚ ਫੜਾ ਕੇ ਕਿਹਾ, ਸੋ ਇਨ੍ਹਾਂ ਨੂੰ ਹੁਣ ਘਰ ਲੈ ਜਾਓ। ਤੇ ਸਾਨੂੰ ਸੇਵਾ ਕਰਨ ਦੀ ਹੱਲਾਸ਼ੇਰੀ ਦੇ ਦਿੱਤੀ।

ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਘਰ ਵਿੱਚ ਮੈਂ ਵੱਡਾ ਹੋਣ ਕਾਰਨ ਸਾਰੀ ਜ਼ਿੰਮੇਵਾਰੀ ਮੇਰੇ ਸਿਰ ’ਤੇ ਪੈ ਗਈ ਸੀ। ਪਿਤਾ ਜੀ ਦੇ ਕਈ ਦੋਸਤਾਂ ਨੇ ਨਾਂਹ-ਨਾਂਹ ਕਰਦੇ ਹੋਏ ਮੱਲੋ ਮੱਲੀ ਮੇਰੀ ਜੇਬ ਤੇ ਖੀਸਾ ਪੈਸਿਆਂ ਨਾਲ ਭਰ ਦਿੱਤੇ। ਮੈਂ ਬਥੇਰਾ ਉਨ੍ਹਾਂ ਨੂੰ ਰੋਕਿਆ, ਸਗੋਂ ਉਹ ਆਖਣ ਲੱਗੇ ਕਿ ਤੂੰ ਪੈਸਿਆਂ ਦੀ ਪ੍ਰਵਾਹ ਨਹੀਂ ਕਰਨੀ। ਜੇ ਹੋਰ ਲੋੜ ਪਈ ਤਾਂ ਸਾਨੂੰ ਆਖ ਦੇਵੀਂ।

ਪਿਤਾ ਜੀ ਬੋਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਤੋਂ ਸਾਫ਼ ਬੋਲਿਆ ਨਹੀਂ ਸੀ ਜਾ ਰਿਹਾ। ਕੁਝ ਦੇਰ ਇੱਧਰ ਉੱਧਰ ਭਟਕਣ ਮਗਰੋਂ ਜਦੋਂ ਕੋਈ ਡਾਕਟਰ ਸਾਡੇ ਕੋਲ ਨਾ ਬਹੁੜਿਆ ਤਾਂ ਅਸੀਂ ਪਰਚੀਆਂ ਅਤੇ ਕਾਰਡ ਲੈ ਕੇ ਮਰੀਜ਼ ਨੂੰ ਘਰ ਨੂੰ ਲੈ ਆਏ। ਮਾਂ ਮਗਰੋਂ ਪਿਤਾ ਜੀ ਸਾਡੇ ਪਰਿਵਾਰ ਦਾ ਸਹਾਰਾ ਸਨ। ਘਰ ਆ ਕੇ ਉਨ੍ਹਾਂ ਕਈ ਵਾਰ ਮੰਜੇ ਤੋਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਜਵਾਬ ਦੇ ਰਿਹਾ ਸੀ। ਉਹ ਬੈਠਣ ਲਈ ਪੂਰਾ ਜ਼ੋਰ ਲਾ ਰਹੇ ਸਨ। ਮੇਰਾ ਭਰਾ ਉਨ੍ਹਾਂ ਨੂੰ ਸਹਾਰਾ ਦੇ ਕੇ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁਝ ਦੋਸਤਾਂ ਨਾਲ ਸਲਾਹ ਕਰਕੇ ਤੇ ਸਿਫ਼ਾਰਿਸ਼ ਲਾ ਕੇ ਉਨ੍ਹਾਂ ਨੂੰ ਸ਼ਹਿਰ ਦੇ ਸਪੈਸ਼ਲਿਸਟ ਡਾਕਟਰ ਕੋਲ ਦਿਖਾਇਆ ਗਿਆ। ਮਰੀਜ਼ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੇ ਰਿਪੋਰਟਾਂ ਦੇਖਣ ਮਗਰੋਂ ਉਨ੍ਹਾਂ ਕਿਹਾ ਕਿ ਇਹ ਪਹਿਲਾਂ ਵਾਲੀ ਸਥਿਤੀ ਵਿੱਚ ਤਾਂ ਆਉਣੇ ਮੁਸ਼ਕਲ ਹਨ ਪਰ ਇਨ੍ਹਾਂ ਵਿੱਚ ਵਿੱਲ ਪਾਵਰ ਬਹੁਤ ਹੈ। ਜੇ ਰੱਬ ਨੇ ਸੁੱਖ ਰੱਖੀ ਤਾਂ ਇਹ ਕੁਝ ਸਮੇਂ ਬਾਅਦ ਆਪਣੀ ਕਿਰਿਆ ਸੋਧਣ ਯੋਗੇ ਹੋ ਜਾਣਗੇ। ਦਵਾਈਆਂ ਲਿਖਣ ਮਗਰੋਂ ਡਾਕਟਰ ਨੇ ਫਿਜ਼ੀਓਥਰੈਪੀ ਕਰਾਉਣ ਲਈ ਆਖ ਦਿੱਤਾ।

ਫਿਜ਼ੀਓਥਰੈਪੀ ਤੇ ਦਵਾਈ ਨਾਲ ਰੋਜ਼ਾਨਾ ਸਥਿਤੀ ਵਿੱਚ ਸੁਧਾਰ ਹੋਣ ਲੱਗਿਆ। ਪਿਤਾ ਜੀ ਨੇ ਵੀ ਹਿੰਮਤ ਨਾ ਹਾਰੀ ਸਗੋਂ ਵਿਹਲੇ ਸਮੇਂ ਆਪਣੇ ਅੰਗਾਂ ਪੈਰਾਂ ਨੂੰ ਹਿਲਾਉਂਦੇ ਰਹਿੰਦੇ। ਛੇ ਮਹੀਨਿਆਂ ਵਿੱਚ ਉਹ ਸੋਟੀ ਫੜ ਕੇ ਥੋੜ੍ਹਾ ਥੋੜ੍ਹਾ ਤੁਰਨ ਲੱਗ ਪਏ। ਛੋਟੇ ਬੱਚੇ ਵਾਂਗ ਉਨ੍ਹਾਂ ਨੂੰ ਤੁਰਨ ਦਾ ਬਹੁਤ ਚਾਅ ਹੋਇਆ। ਹਰ ਮਿਲਣ ਗਿਲਣ ਵਾਲੇ ਨੂੰ ਉਨ੍ਹਾਂ ਕਹਿਣਾ ਕਿ ਹੁਣ ਮੈਂ ਸੋਟੀ ਦੇ ਸਹਾਰੇ ਮਾੜਾ ਮੋਟਾ ਤੁਰ ਫਿਰ ਲੈਂਦਾ ਹਾਂ। ਪੂਰੇ ਦੋ ਢਾਈ ਸਾਲ ਉਨ੍ਹਾਂ ਦੇ ਇੱਕ ਮਿੱਤਰ ਨੇ ਉਨ੍ਹਾਂ ਦਾ ਸਾਥ ਨਿਭਾਇਆ। ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਤੇ ਉਨ੍ਹਾਂ ਕੋਲ ਬੈਠ ਕੇ ਗੱਲਾਂ ਕਰਨੀਆਂ। ਕਈ ਵਾਰ ਤਾਂ ਉਨ੍ਹਾਂ ਨੂੰ ਸੋਟੀ ਫੜਾ ਕੇ ਘਰ ਤੋਂ ਬਾਹਰ ਸੈਰ ਕਰਾਉਣ ਦੀ ਕੋਸ਼ਿਸ਼ ਕਰਨੀ। ਬੱਚਿਆਂ ਵਾਂਗ ਕਈ ਵਾਰ ਪਿਤਾ ਜੀ ਤੁਰਦੇ ਤੁਰਦੇ ਡਿੱਗ ਵੀ ਪੈਂਦੇ ਸਨ। ਉਨ੍ਹਾਂ ਸੱਟ ਦੀ ਪ੍ਰਵਾਹ ਨਾ ਕਰਨੀ ਸਗੋਂ ਕਈ ਵਾਰ ਤਾਂ ਇੱਕ ਹੱਥ ਨਾਲ ਹੀ ਵਿਹੜੇ ਕੋਲ ਲੱਗੇ ਅਮਰੂਦ ਦੀ ਟਾਹਣੀ ਨੂੰ ਫੜ ਕੇ ਬੈਠਕਾਂ ਵੀ ਮਾਰਨੀਆਂ।

ਉਨ੍ਹਾਂ ਕਦੇ ਆਪਣੇ ਔਜ਼ਾਰ ਵੇਚਣ ਨਾ ਦੇਣਾ ਸਗੋਂ ਇਹ ਕਹਿਣਾ ਕਿ ਮੈਂ ਠੀਕ ਹੋ ਜਾਵਾਂਗਾ ਤੇ ਫੇਰ ਕੰਮ ਕਰਾਂਗਾ। ਪਰਿਵਾਰ ਦੇ ਜੀਆਂ ਨੇ ਆਪਣੇ ਕੰਮਾਂ ਦੀ ਵੰਡ ਕਰਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ। ਕਿਸੇ ਨੇ ਬੁਰਕੀਆਂ ਕਰਕੇ ਉਨ੍ਹਾਂ ਨੂੰ ਖਿਲਾਉਣੀਆਂ, ਸਿਰ ਵਾਹੁਣਾ ਤੇ ਕਿਸੇ ਨੇ ਨਹਾਉਣਾ। ਉਨ੍ਹਾਂ ਨੇ ਵੀ ਹਿੰਮਤ ਨਾ ਹਾਰੀ ਸਗੋਂ ਸਾਨੂੰ ਕਹਿਣਾ ਮੈਂ ਤੁਹਾਡਾ ਦਾਦਾ ਦੇਖਿਆ ਤੱਕ ਨਹੀਂ ਸੀ ਤੇ ਤੁਹਾਨੂੰ ਤਾਂ ਮੈਂ ਇੰਨੇ ਸਾਲ ਨਿੱਘ ਦਿੱਤਾ। ਇਸ ਲਈ ਘਬਰਾਉਣਾ ਨਹੀਂ ਸਗੋਂ ਮੇਰੇ ਮਗਰੋਂ ਵੀ ਮਿਹਨਤ ਕਰਕੇ ਘਰ ਨੂੰ ਉੱਚਾ ਚੁੱਕਣਾ ਹੈ। ਉਨ੍ਹਾਂ ਹਮੇਸ਼ਾ ਆਖਣਾ ਕਿ ਜੇ ਇੱਕ ਪੀੜ੍ਹੀ ਸਖ਼ਤ ਮਿਹਨਤ ਕਰ ਲਵੇ ਤਾਂ ਅਗਲੀਆਂ ਪੀੜ੍ਹੀਆਂ ਆਨੰਦ ਮਾਣਦੀਆਂ ਹਨ।

ਸਮਾਂ ਬੀਤਦਾ ਗਿਆ। ਕਿੰਜ ਅਠਾਰਾਂ ਸਾਲ ਬੀਤ ਗਏ, ਪਰਿਵਾਰ ਨੂੰ ਪਤਾ ਹੀ ਨਾ ਲੱਗਿਆ। ਰੋਜ਼ਾਨਾ ਵਾਂਗ ਇੱਕ ਦਿਨ ਸਵਖਤੇ ਜਦੋਂ ਮੈਂ ਪਾਣੀ ਦਾ ਗਿਲਾਸ ਲੈ ਕੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕੋਈ ਹਿਲਜੁਲ ਨਾ ਕੀਤੀ। ਮੇਰੇ ਹੱਥ ਵਿੱਚ ਪਾਣੀ ਦਾ ਗਿਲਾਸ ਫੜਿਆ ਹੀ ਰਹਿ ਗਿਆ। ਪਰਿਵਾਰ ਦੇ ਜੀਆਂ ਨੂੰ ਮੈਂ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਦੱਸ ਰਿਹਾ ਸੀ ਕਿ ਦੇਖੋ ਪਿਤਾ ਜੀ ਨੂੰ ਕੀ ਹੋ ਗਿਆ। ਉਹ ਉੱਠ ਨਹੀਂ ਰਹੇ।

ਮੈਂ ਦੋ ਦਹਾਕੇ ਪਹਿਲਾਂ ਵਾਂਗ ਅੱਜ ਫੇਰ ਸਕੂਟਰ ਚੁੱਕ ਕੇ ਡਾਕਟਰ ਨੂੰ ਬੁਲਾਉਣ ਲਈ ਭੱਜ ਪਿਆ। ਮੈਨੂੰ ਫਿਰ ਜਾਪ ਰਿਹਾ ਸੀ ਕਿ ਅੱਜ ਡਾਕਟਰ ਘਰ ਆ ਕੇ ਫੇਰ ਸਾਨੂੰ ਪੀਜੀਆਈ ਘੱਲੇਗਾ। ਜਦੋਂ ਡਾਕਟਰ ਘਰ ਆਇਆ ਤਾਂ ਉਸ ਨੇ ਨਬਜ਼ ਦੇਖੀ ਤੇ ਮਗਰੋਂ ਮੋਬਾਈਲ ਦੀ ਬੈਟਰੀ ਨਾਲ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਕੇ ਦੇਖੀਆਂ। ਅੱਜ ਡਾਕਟਰ ਨੇ ਪੀਜੀਆਈ ਨੂੰ ਭੇਜਣ ਦੀ ਥਾਂ ਸਾਨੂੰ ਕਿਹਾ ਕਿ ਇਹ ਹੁਣ ਨਹੀਂ ਰਹੇ। ਪਰਿਵਾਰ ਦੇ ਸਾਰੇ ਜੀਅ ਹੱਕੇ ਬੱਕੇ ਰਹਿ ਗਏ। ਪਿਤਾ ਜੀ ਲੰਬੀ ਨੀਂਦ ਸੌਂ ਗਏ ਸਨ। ਅਜਿਹੀ ਨੀਂਦ ਜਿਹੜੀ ਸੌਂ ਕੇ ਕੋਈ ਵਾਪਸ ਨਹੀਂ ਆਉਂਦਾ।

ਦੋ ਦਹਾਕੇ ਪਹਿਲਾਂ ਮਾਂ ਵੀ ਇੰਜ ਹੀ ਸਵਖਤੇ ਤੁਰ ਗਈ ਸੀ ਤੇ ਅੱਜ ਪਿਤਾ ਜੀ ਵੀ ਸਾਥੋਂ ਵਿਛੜ ਗਏ। ਰੋਣ ਪਿੱਟਣ ਮਗਰੋਂ ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਕੁਝ ਦਿਨਾਂ ਬਾਅਦ ਜਦੋਂ ਭੋਗ ਪਾਉਣ ਲਈ ਗੁਰਦੁਆਰੇ ਜਾਣ ਦੀ ਤਿਆਰੀ ਕੀਤੀ ਤਾਂ ਘਰ ਦੇ ਦਰਵਾਜ਼ਿਆਂ ਨੂੰ ਕੁੰਡੇ ਹੀ ਨਾ ਲੱਗਣ। ਕਿਸੇ ਚੁਗਾਠ ਵਿੱਚ ਸੁਰਾਖ ਉੱਪਰ ਥੱਲੇ ਹੋਇਆ ਪਿਆ ਸੀ ਤੇ ਕਿਤੇ ਅਰਲ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ। ਹੁਣ ਪਤਾ ਲੱਗਿਆ ਕਿ ਮਾਪਿਆਂ ਦੇ ਹੁੰਦਿਆਂ ਤਾਂ ਘਰ ਨੂੰ ਕਦੇ ਜਿੰਦਰਾ ਲਾਉਣ ਦੀ ਲੋੜ ਹੀ ਨਹੀਂ ਸੀ ਪਈ ਤੇ ਹੁਣ ਉਨ੍ਹਾਂ ਦੇ ਜਾਣ ਮਗਰੋਂ ਸਾਰੇ ਘਰ ਨੂੰ ਹੀ ਜਿੰਦਰੇ ਲਾਉਣੇ ਪੈ ਗਏ ਹਨ।

ਹੁਣ ਘਰ ਖਾਲੀ ਖਾਲੀ ਜਾਪਣ ਲੱਗ ਪਿਆ। ਘਰ ਦੇ  ਸਾਰੇ ਜੀਅ ਵਿਹਲੇ ਹੋ ਗਏ। ਦੇਰ ਸਵੇਰ ਰਿਸ਼ਦੇਤਾਰ, ਮਿੱਤਰ ਸਨੇਹੀ ਵੀ ਚਲੇ ਗਏ। ਆਪਣੇ ਪੁੱਤਾਂ ਧੀਆਂ ਨੂੰ ਉਡੀਕਣ ਵਾਲੀਆਂ ਅੱਖਾਂ ਹੁਣ ਸਾਥੋਂ ਬਹੁਤ ਦੂਰ ਚਲੇ ਗਈਆਂ ਸਨ। ਹੁਣ ਕਈ ਵਾਰ ਬੈਠਿਆਂ ਸੋਚਦਾ ਹਾਂ ਕਿ ਇਨਸਾਨ ਤਾਂ ਇੱਕ ਦੋ ਦਿਨ ਬਿਮਾਰ ਰਹਿਣ ਮਗਰੋਂ ਤੀਜੇ ਦਿਨ ਮੰਜੇ ਤੋਂ ਭੱਜਣ ਦੀ ਤਿਆਰੀ ਕਰਦਾ ਹੈ ਪਰ ਪਿਤਾ ਜੀ ਨੇ ਅਠਾਰਾਂ ਸਾਲ ਕਿਵੇਂ ਮੰਜੇ ’ਤੇ ਕੱਟੇ - ਇਹ ਸਮਝ ਤੋਂ ਬਾਹਰ ਸੀ। ਭਾਵੇਂ ਮਾਸੀਆਂ, ਮਾਮੀਆਂ, ਮਾਮੇ, ਮਾਸੜ ਅਤੇ ਫੁੱਫੜ ਕਈ ਹੋਣ ਪਰ ਜੋ ਧੀ ਪੁੱਤ ਨੂੰ ਆਵਾਜ਼ਾਂ ਮਾਪਿਆਂ ਨੇ ਮਾਰਨੀਆਂ ਸਨ ਉਹ ਹੁਣ ਸੁਣਨ ਨੂੰ ਨਹੀਂ ਮਿਲਣੀਆਂ।

ਪੜ੍ਹ ਲਿਖ ਕੇ ਜਿੰਨੇ ਮਰਜ਼ੀ ਵੱਡੇ ਹੋ ਜਾਈਏ ਪਰ ਹੁਣ ਸਿਰ ’ਤੇ ਮਾਪਿਆਂ ਦਾ ਆਸਰਾ ਨਾ ਹੋਣ ਕਾਰਨ ਹਰ ਸਮੇਂ ਇਕੱਲਾਪਣ ਮਹਿਸੂਸ ਹੁੰਦਾ ਰਹਿੰਦਾ ਹੈ।

*****

(870)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)