“ਉਨ੍ਹਾਂ ਵਿੱਚੋਂ ਇੱਕ ਜਣਾ ਆਖਣ ਲੱਗਿਆ, “ਅਸੀਂ ਇਹਦਾ ਮੁੰਡਾ ਤਾਂ ਨਹੀਂ ਦੇਖਿਆ ਪਰ ਇਹ ਬੰਦਾ ਬਿਨਾਂ ਪੈਸੇ ਤੋਂ ...”
(1 ਅਗਸਤ 2022)
ਮਹਿਮਾਨ: 223.
ਇੱਕ ਦਿਨ ਸਵਖਤੇ ਹੀ ਕਿਸੇ ਰਿਸ਼ਤੇਦਾਰ ਦਾ ਫੋਨ ਆ ਗਿਆ। ਹਾਲ ਚਾਲ ਤੋਂ ਬਾਅਦ ਕੰਮ ਦੀ ਗੱਲ ਸ਼ੁਰੂ ਹੋ ਗਈ, “ਤੁਹਾਡੇ ਸ਼ਹਿਰ ਵਿੱਚ ਗੁੱਡੀ ਦਾ ਰਿਸ਼ਤਾ ਕਰਨ ਲੱਗੇ ਹਾਂ।” ਉਨ੍ਹਾਂ ਨੂੰ ਕਿਸੇ ਨੇ ਮੁੰਡੇ ਦੀ ਦੱਸ ਪਾਈ ਸੀ। ਮੁੰਡਾ ਤਾਂ ਅਜੇ ਪੜ੍ਹਦਾ ਹੀ ਸੀ ਪਰ ਉਸ ਦਾ ਪਿਤਾ ਕਿਸੇ ਚੰਗੇ ਅਹੁਦੇ ’ਤੇ ਸੀ। ਬੰਦੇ ਬਾਰੇ ਪਤਾ ਕਰਨ ਦਾ ਕਹਿ ਕੇ ਉਸ ਨੇ ਮੈਨੂੰ ਸਬੰਧਤ ਵਿਭਾਗ ਦਾ ਨਾਮ ਅਤੇ ਵੇਰਵਾ ਦੱਸ ਦਿੱਤਾ। ਇਹ ਕੰਮ ਮੈਨੂੰ ਕਾਫ਼ੀ ਔਖਾ ਲਗਦਾ ਹੈ, ਉਹ ਵੀ ਉਦੋਂ ਜਦੋਂ ਅਗਲਿਆਂ ਦਾ ਸਾਰੀ ਉਮਰ ਨਾਲ ਰਹਿਣ ਦਾ ਮਾਮਲਾ ਹੋਵੇ। ਖੈਰ! ਤਿਆਰ ਹੋ ਕੇ ਸਬੰਧਤ ਦਫਤਰ ਪੁੱਜ ਗਿਆ। ਦਫਤਰ ਵਿੱਚ ਮੇਰੇ ਇੱਕ ਦੋ ਜਮਾਤੀ ਲੱਗੇ ਹੋਏ ਸਨ, ਉਨ੍ਹਾਂ ਨੂੰ ਫੋਨ ਕੀਤਾ। ਉਹ ਮਿਲ ਕੇ ਬਹੁਤ ਖੁਸ਼ ਹੋਏ। ਇੱਕੋ ਸ਼ਹਿਰ ਵਿੱਚ ਰਹਿੰਦੇ ਸਾਂ, ਪਰ ਮਿਲਿਆਂ ਨੂੰ ਕਾਫ਼ੀ ਸਾਲ ਬੀਤ ਗਏ ਸਨ। ਘਰ ਪਰਿਵਾਰ ਦੀਆਂ ਗੱਲਾਂਬਾਤਾਂ ਹੋਈਆਂ। ਫਿਰ ਕੰਮ ਦੀ ਗੱਲ ਕੀਤੀ। ਉਹ ਆਖਣ ਲੱਗੇ, “ਰਿਸ਼ਤੇਦਾਰ ਕੋਈ ਖ਼ਾਸ ਐ।”
ਮੈਂ ਕਿਹਾ, “ਜਦ ਕਿਸੇ ਨੇ ਫੋਨ ਕਰਕੇ ਪੁੱਛ ਹੀ ਲਿਆ ਤਾਂ ਖਾਸ ਹੀ ਹੋਵੇਗਾ।” ਪਹਿਲਾਂ ਤਾਂ ਉਹ ਟਾਲ-ਮਟੋਲ ਜਿਹੀ ਕਰਦੇ ਰਹੇ, ਜਦੋਂ ਜ਼ੋਰ ਦੇ ਕੇ ਆਖਿਆ ਕਿ ਅਜੇ ਕਿਹੜਾ ਰਿਸ਼ਤਾ ਹੋ ਗਿਆ ਹੈ, ਬੇਝਿਜਕ ਹੋ ਕੇ ਦੱਸਣ ਤਾਂ ਉਨ੍ਹਾਂ ਵਿੱਚੋਂ ਇੱਕ ਜਣਾ ਆਖਣ ਲੱਗਿਆ, “ਅਸੀਂ ਇਹਦਾ ਮੁੰਡਾ ਤਾਂ ਨਹੀਂ ਦੇਖਿਆ ਪਰ ਇਹ ਬੰਦਾ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦਾ। ਉੱਪਰ ਤਕ ਬਣੀ ਹੋਈ ਹੈ। ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਕੋਈ ਇਸ ਨੂੰ ਬੁਲਾ ਕੇ ਖੁਸ਼ ਨਹੀਂ।”
ਮੈਂ ਸੋਚੀਂ ਪੈ ਗਿਆ, ਕਿਹਾ, “ਕਿਤੇ ਨਾਮ-ਨੂਮ ਦਾ ਭੁਲੇਖਾ ਤਾਂ ਨਹੀਂ ਪੈ ਗਿਆ, ਕਿਤੇ ਕੋਈ ਹੋਰ ਬੰਦਾ ਨਾ ਹੋਵੇ।” ਉਨ੍ਹਾਂ ਪੂਰੀ ਤਸੱਲੀ ਕਰਕੇ ਦੱਸਿਆ ਕਿ ਉਹੀ ਬੰਦਾ ਹੈ, ਇਸ ਨਾਮ ਦਾ ਕੋਈ ਹੋਰ ਦਫਤਰ ਵਿੱਚ ਨਹੀਂ ਹੈ। ਮੈਂ ਦੁਚਿੱਤੀ ਵਿੱਚ ਪੈ ਗਿਆ, ਹੁਣ ਰਿਸ਼ਤੇਦਾਰ ਨੂੰ ਕੀ ਕਹੀਏ? ਉਹ ਦੋਵੇਂ ਕਹਿਣ ਲੱਗੇ, “ਤੂੰ ਸੱਚ ਦੱਸ ਦੇ। ਸਾਰੀ ਉਮਰ ਦਾ ਮਾਮਲਾ ਹੈ, ਜਾਂ ਫਿਰ ਟਾਲ ਮਟੋਲ ਕਰ ਦੇ।”
ਹੋਰ ਗੱਲਾਂ ਕਰਦਿਆਂ ਮੈਂ ਉਨ੍ਹਾਂ ਤੋਂ ਜਾਣ ਦੀ ਇਜਾਜ਼ਤ ਲਈ ਤਾਂ ਉਹ ਆਖਣ ਲੱਗੇ, “ਆ ਜਾ, ਤੈਨੂੰ ਉਹੀ ਸ਼ਕਲ ਵੀ ਦਿਖਾ ਦਿੰਦੇ ਆਂ।” ਪਹਿਲਾਂ ਤਾਂ ਮੈਂ ਨਾਂਹ ਕਰ ਦਿੱਤੀ, ਫਿਰ ਉਨ੍ਹਾਂ ਦੇ ਨਾਲ ਹੋ ਤੁਰਿਆ। ਉਨ੍ਹਾਂ ਮੈਨੂੰ ਆਪਣੇ ਨੇੜੇ ਬਿਠਾ ਕੇ ਉਹ ਬੰਦਾ ਦੂਰੋਂ ਹੀ ਦਿਖਾ ਦਿੱਤਾ।
ਵਾਪਸ ਆਥੁਂਦਿਆਂ ਮੈਂ ਰਾਹ ਵਿੱਚ ਇਸ ਮਸਲੇ ਬਾਰੇ ਸੋਚਦਾ ਰਿਹਾ, ਕਿਤੇ ਦੋਸਤਾਂ ਨੇ ਕਿਸੇ ਹੋਰ ਬੰਦੇ ਬਾਰੇ ਹੀ ਨਾ ਦੱਸ ਦਿੱਤਾ ਹੋਵੇ। ਪੱਕਾ ਕਰਨ ਲਈ ਰਿਸ਼ਤੇਦਾਰ ਨੂੰ ਫਿਰ ਫੋਨ ਕੀਤਾ। ਉਸ ਤੋਂ ਨਾਂ ਦੀ ਤਸੱਲੀ ਕੀਤੀ। ਸੱਜਣ ਉਹੀ ਨਿਕਲਿਆ।
ਦੋਸਤਾਂ ਦੀ ਥਾਂ ਹੁਣ ਕਿਸੇ ਹੋਰ ਤੋਂ ਪੁੱਛਣ ਦਾ ਮਨ ਬਣਾਇਆ। ਦਫਤਰ ਜਾਣ ਦੀ ਥਾਂ ਫੋਨ ਰਾਹੀਂ ਹੀ ਜਾਣਕਾਰੀ ਲੈਣ ਬਾਰੇ ਸੋਚਿਆ। ਮੇਰੇ ਪਿੰਡ ਦਾ ਇੱਕ ਮੁੰਡਾ ਉਸ ਦਫਤਰ ਵਿੱਚ ਲੱਗਿਆ ਹੋਇਆ ਸੀ। ਉਹਦੇ ਨਾਲ ਗੱਲ ਕੀਤੀ। ਉਹ ਆਖਣ ਲੱਗਿਆ, “ਵੀਰ ਜੀ, ਸ਼ਾਮ ਨੂੰ ਘਰ ਹੀ ਆ ਜਾਇਓ, ਮਿਲ ਕੇ ਬੈਠਾਂਗੇ ਤੇ ਨਾਲੇ ਉਸ ਸੱਜਣ ਬਾਰੇ ਹੋਰ ਪਤਾ ਵੀ ਕਰ ਲੈਂਦਾ ਹਾਂ।”
ਕੰਮ ਨਿਬੇੜ ਕੇ ਸ਼ਾਮ ਨੂੰ ਮੈਂ ਉਸ ਦੇ ਘਰ ਪੁੱਜ ਗਿਆ। ਗੱਲਾਂ ਕਰਦਿਆਂ ਉਸ ਨੇ ਪੁੱਛਿਆ, “ਆਪਣੇ ਲਈ ਉਸ ਦਾ ਪੁੱਤਰ ਦੇਖਣਾ ਹੈ ਜਾਂ ਕਿਸੇ ਹੋਰ ਲਈ।” ਮੈਂ ਅਸਲ ਗੱਲ ਦੱਸ ਦਿੱਤੀ। ਉਸ ਨੇ ਗੱਲ ਆਪਣੇ ਸਿਰ ਨਾ ਲੈਂਦਿਆਂ ਕਹਿਣਾ ਸ਼ੁਰੂ ਕੀਤਾ, “ਬੰਦਾ ਤਾਂ ਰੱਜਿਆ-ਪੁੱਜਿਆ ਹੈ, ਪਰ ਹੈ ਮਾੜਾ।” ਉਹਨੇ ਤਾਂ ਚਰਿੱਤਰ ਬਾਰੇ ਵੀ ਠੀਕ ਨਾ ਕਿਹਾ।
ਇਹ ਗੱਲਾਂ ਸੁਣ ਕੇ ਮੇਰੀ ਦੁਚਿੱਤੀ ਹੋ ਵਧ ਗਈ। ਹੁਣ ਰਿਸ਼ਤੇਦਾਰ ਨੂੰ ਕਿਵੇਂ ਦੱਸਿਆ ਜਾਵੇ। ਹੋਰ ਕਿਸੇ ਤੋਂ ਜਾਣਕਾਰੀ ਲੈਣ ਦਾ ਮਨ ਨਾ ਬਣਿਆ। ਅੰਦਰਖਾਤੇ ਕਿਸੇ ਹੋਰ ਤੋਂ ਵੀ ਪੁੱਛ ਕਰ ਲਈ ਸੀ। ਸਾਰਿਆਂ ਦੀ ਇੱਕ ਹੀ ਰਾਇ ਸੀ। ਦੋ ਤਿੰਨ ਦਿਨ ਇਸੇ ਤਰ੍ਹਾਂ ਲੰਘ ਗਏ। ਇੱਕ ਦਿਨ ਫੇਰ ਰਿਸ਼ਤੇਦਾਰ ਦਾ ਫੋਨ ਆ ਗਿਆ। ਫੋਨ ਨਾ ਚੁੱਕਿਆ। ਫਿਰ ਥੋੜ੍ਹੀ ਦੇਰ ਬਾਅਦ ਘਰ ਤੋਂ ਬਾਹਰ ਨਿਕਲ ਕੇ ਟਹਿਲਣ ਦੇ ਬਹਾਨੇ ਉਸ ਨੂੰ ਫੋਨ ਲਾ ਲਿਆ। ਗੱਲਾਂ ਦੌਰਾਨ ਉਸ ਨੂੰ ਦੱਸ ਦਿੱਤਾ, “ਮੈਂ ਜਿਸ ਤੋਂ ਵੀ ਪਤਾ ਕੀਤਾ, ਹਰ ਕੋਈ ਠੀਕ ਨਹੀਂ ਆਖਦਾ। ਖ਼ਬਰੇ ਉਸ ਦੀ ਅਫਸਰੀ ਨੂੰ ਲੋਕ ਸਹਿਣ ਨਾ ਕਰਦੇ ਹੋਣ। ਫਿਰ ਵੀ ਤੁਸੀਂ ਆਪ ਤਸੱਲੀ ਕਰਕੇ ਰਿਸ਼ਤਾ ਕਰਿਓ।” ਉਸ ਮੁਤਾਬਕ “ਵਿਚੋਲਾ ਘਰਵਾਲੀ ਦੀ ਰਿਸ਼ਤੇਦਾਰੀ ਵਿੱਚੋਂ ਹੀ ਹੈ, ਸਾਰੇ ਕਾਸੇ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਤੂੰ ਕਿਸੇ ਹੋਰ ਤੋਂ ਪੁੱਛ ਲਈਂ। ਮੈਂ ਵੀ ਕਿਸੇ ਹੋਰ ਤੋਂ ਪਤਾ ਕਰਦਾਂ।” ਇਹ ਕਹਿੰਦਿਆਂ ਉਸ ਨੇ ਫੋਨ ਕੱਟ ਦਿੱਤਾ।
ਕਈ ਦਿਨ ਬੀਤ ਗਏ। ਰਿਸ਼ਤੇਦਾਰ ਦਾ ਫੋਨ ਨਾ ਆਇਆ। ਦੋ ਕੁ ਮਹੀਨਿਆਂ ਮਗਰੋਂ ਰਿਸ਼ਤੇਦਾਰ ਉਸ ਸੱਜਣ ਨੂੰ ਮੇਰੇ ਘਰ ਲੈ ਆਇਆ। ਮੈਂ ਸੋਚਾਂ ਵਿੱਚ ਪੈ ਗਿਆ। ਉਸ ਨੇ ਆਖਿਆ, “ਹੁਣ ਅਸੀਂ ਰਿਸ਼ਤੇਦਾਰ ਬਣ ਗਏ ਆਂ। ਅਗਲੇ ਮਹੀਨੇ ਕੁੜੀ ਦਾ ਵਿਆਹ ਕਰ ਦੇਣਾ। ਅਸੀਂ ਇੱਧਰ ਪੈਲੇਸ ਦੇਖਣ ਆਏ ਸਾਂ। ਸੋਚਿਆ, ਤੈਨੂੰ ਵੀ ਮਿਲ ਚੱਲੀਏ। ਬਹਾਨੇ ਨਾਲ ਤੇਰੀ ਵੀ ਜਾਣ-ਪਛਾਣ ਹੋ ਜਾਵੇਗੀ।”
ਚਾਹ ਪਾਣੀ ਪੀਣ ਮਗਰੋਂ ਉਹ ਉੱਠ ਖੜ੍ਹੇ ਹੋਏ। ਜਾਂਦੇ ਹੋਏ ਕਹਿਣ ਲੱਗੇ, “ਨਵੇਂ ਕੱਪੜੇ ਸਿਵਾ ਲਓ ਵਿਆਹ ਲਈ।”
ਉਨ੍ਹਾਂ ਦੇ ਜਾਣ ਮਗਰੋਂ ਮੇਰੀ ਮੁਸ਼ਕਲ ਹੋਰ ਵਧ ਗਈ। ਮੈਂ ਸੋਚਣ ਲੱਗਾ, ਹੁਣ ਇਹ ਦੋਵੇਂ ਰਿਸ਼ਤੇਦਾਰ ਬਣ ਰਹੇ ਹਨ, ਮੇਰੀ ਗੱਲ ਦਾ ਕਿਤੇ ਬਤੰਗੜ ਹੀ ਨਾ ਬਣਾ ਦੇਣ।
ਅਗਲੇ ਮਹੀਨੇ ਵਿਆਹ ਦਾ ਕਾਰਡ ਆ ਗਿਆ। ਵਿਆਹ ਵਾਲੇ ਦਿਨ ਪੈਲੇਸ ਭਰਿਆ ਪਿਆ ਸੀ। ਜਦੋਂ ਮੈਂ ਪਹੁੰਚਿਆ, ਬਰਾਤ ਢੁੱਕ ਚੁੱਕੀ ਸੀ ਅਤੇ ਮਿਲਣੀ ਹੋ ਰਹੀ ਸੀ। ਆਸੇ-ਪਾਸੇ ਨਿਗ੍ਹਾ ਦੁੜਾਈ ਤਾਂ ਉਹ ਦੋਸਤ ਨਜ਼ਰੀਂ ਪੈ ਗਏ। ਉਨ੍ਹਾਂ ਵੀ ਦੇਖਦੇ ਸਾਰ ਆਵਾਜ਼ ਮਾਰ ਲਈ। ਮੈਂ ਉਨ੍ਹਾਂ ਕੋਲ ਜਾ ਬੈਠਿਆ। ਉਹ ਆਖਣ ਲੱਗੇ, “ਓ ਭਾਈ ਤੇਰੇ ਆਲਿਆਂ ਨੂੰ ਤਾਂ ਆਪਾਂ ਬਚਾ ਲਿਆ, ਹੁਣ ਹੋਰ ਮੁਰਗਾ ਫਸ ਗਿਆ।”
ਉਹ ਨਹੀਂ ਸੀ ਜਾਣਦੇ ਕਿ ਰਿਸ਼ਤਾ ਤਾਂ ਉੱਥੇ ਹੀ ਹੋਇਆ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3716)
(ਸਰੋਕਾਰ ਨਾਲ ਸੰਪਰਕ ਲਈ: