“ਉਨ੍ਹਾਂ ਕਿਹਾ ਕਿ ਤੇਰਾ ਮੜੰਗਾ ਬਿਲਕੁਲ ਤੇਰੀ ਮਾਂ ’ਤੇ ਗਿਆ ਹੈ। ਫਿਰ ਉਨ੍ਹਾਂ ...”
(8 ਦਸੰਬਰ 2020)
ਦੋ ਦਹਾਕੇ ਪਹਿਲਾਂ ਦੀ ਗੱਲ ਹੈ। ਦਫਤਰ ਵਿੱਚ ਆਪਣਾ ਕੰਮ ਨਿਪਟਾ ਕੇ ਮੈਂ ਘਰ ਜਾਣ ਦੀ ਤਿਆਰੀ ਕਰ ਲਈ। ਐੱਨ ਵਖ਼ਤ ’ਤੇ ਸਾਹਿਬ ਨੇ ਘੰਟੀ ਮਾਰ ਦਿੱਤੀ। ਅੰਦਰੋਂ ਸੁਨੇਹਾ ਮਿਲਿਆ ਕਿ ਸਾਹਿਬ ਤੁਹਾਨੂੰ ਯਾਦ ਕਰ ਰਹੇ ਨੇ। ਮੈਂ ਸੋਚਿਆ ਕਿ ਹੁਣ ਘਰ ਜਾਣ ਦਾ ਸਮਾਂ ਹੈ, ਅਫਸਰ ਕਿਤੇ ਹੋਰ ਕੰਮ ਲਈ ਬੈਠਣ ਲਈ ਨਾ ਆਖ ਦੇਵੇ। ਪਹਿਲਾਂ ਵੀ ਕਈ ਵਾਰ ਇੰਜ ਹੀ ਹੋਇਆ। ਉੱਧਰ ਘਰ ਜਾਣ ਦੀ ਕਾਹਲੀ ਤੇ ਦੂਜੇ ਪਾਸਿਓਂ ਸਾਹਿਬ ਨੇ ਇੱਕ ਦੋ ਸਫ਼ੇ ਟਾਈਪ ਕਰਨ ਲਈ ਦੇ ਦਿੱਤੇ। ਮੈਂ ਕਾਹਲੀ-ਕਾਹਲੀ ਦਫਤਰ ਅੰਦਰ ਵੜਿਆ। ਅੱਗੋਂ ਉਨ੍ਹਾਂ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕਰ ਦਿੱਤਾ। ਉਹ ਗੱਲਾਂ ਕਰਨ ਲੱਗ ਪਏ। ਮੇਰੇ ਰਹਿਣ ਦਾ ਪਤਾ ਪੁੱਛਿਆ। ਪਤਾ ਦੱਸਣ ’ਤੇ ਕਹਿਣ ਲੱਗੇ ਕਿ ਇਹ ਫਲਾਣਾ ਵਿਅਕਤੀ ਤੁਹਾਡੇ ਘਰ ਦੇ ਨੇੜੇ ਹੀ ਰਹਿੰਦਾ ਹੈ, ਉਸ ਦਾ ਚੈੱਕ ਬਣਿਆ ਹੋਇਆ ਹੈ, ਜਾਂਦੇ ਸਮੇਂ ਉਨ੍ਹਾਂ ਨੂੰ ਜ਼ਰੂਰ ਫੜਾ ਦੇਵੀਂ।
ਮੈਂ ਚੈੱਕ ਫੜ ਲਿਆ ਤੇ ਜਾਣ ਦੀ ਇਜਾਜ਼ਤ ਮੰਗੀ। ਉਨ੍ਹਾਂ ਨੇ ਜਾਣ ਲਈ ਹਾਂ ਆਖ ਦਿੱਤੀ। ਚੈੱਕ ਫੜਾਉਣ ਵਾਲਾ ਸਾਹਿਬ ਦਾ ਖ਼ਾਸ ਹੀ ਹੋਵੇਗਾ, ਮੈਂ ਸੋਚਿਆ। ਇਸ ਲਈ ਘਰ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਘਰ ਹੀ ਪਹੁੰਚਣ ਦਾ ਮਨ ਬਣਾਇਆ। ਦਫਤਰ ਦੀ ਇਮਾਰਤ ਤੋਂ ਹੇਠਾਂ ਉੱਤਰ ਕੇ ਸਕੂਟਰ ਚੁੱਕਿਆ ਤੇ ਸਿੱਧਾ ਚੈੱਕ ਫੜਾਉਣ ਵਾਲੇ ਘਰ ਦੇ ਪਤੇ ਅੱਗੇ ਪਹੁੰਚ ਗਿਆ। ਘੰਟੀ ਮਾਰੀ। ਅੰਦਰੋਂ ਇੱਕ ਸੱਜਣ ਬਾਹਰ ਨਿਕਲੇ। ਮੈਂ ਉਨ੍ਹਾਂ ਦਾ ਨਾਮ ਪੁੱਛਿਆ। ਉਨ੍ਹਾਂ ਦੇ ਨਾਮ ਦੱਸਣ ’ਤੇ ਮੈਂ ਆਪਣੇ ਦਫਤਰ ਬਾਰੇ ਦੱਸਿਆ ਤੇ ਚੈੱਕ ਫੜਾ ਦਿੱਤਾ। ਉਨ੍ਹਾਂ ਮੈਂਨੂੰ ਅੰਦਰ ਆਉਣ ਲਈ ਕਿਹਾ। ਮੈਂ ਕਿਹਾ, ‘ਚਲਦਾ ਹਾਂ, ਫੇਰ ਸਹੀ।’ ਉਨ੍ਹਾਂ ਕਿਹਾ, ‘ਇੰਜ ਚੰਗਾ ਨਹੀਂ ਲਗਦਾ। ਤੁਸੀਂ ਦੋ ਮਿੰਟ ਲਈ ਅੰਦਰ ਤਾਂ ਆਓ।’
ਉਮਰ ਵਿੱਚ ਵੱਡੇ ਹੋਣ ਤੇ ਸਾਡੇ ਘਰ ਦੇ ਨੇੜੇ ਹੀ ਰਹਿਣ ਕਾਰਨ ਮੈਂ ਉਨ੍ਹਾਂ ਨੂੰ ਨਾਂਹ ਨਾ ਕਰ ਸਕਿਆ। ਘਰ ਦੇ ਨੇੜੇ ਰਹਿਣ ਦੇ ਬਾਵਜੂਦ ਮੈਂ ਕਦੇ ਉਨ੍ਹਾਂ ਨੂੰ ਪਹਿਲਾਂ ਮਿਲਿਆ ਨਹੀਂ ਸੀ। ਮੈਂ ਸੋਫ਼ੇ ’ਤੇ ਬੈਠ ਗਿਆ। ਉਨ੍ਹਾਂ ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ ਤੇ ਪਾਣੀ ਲਿਆਉਣ ਲਈ ਕਿਹਾ। ਉਨ੍ਹਾਂ ਆਪਣੀ ਘਰਵਾਲੀ ਬਾਰੇ ਮੈਂਨੂੰ ਤੇ ਮੇਰੇ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ। ਮੈਂ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਏ। ਉਨ੍ਹਾਂ ਦੀ ਘਰਵਾਲੀ ਮੇਰੇ ਲਈ ਪਾਣੀ ਲੈ ਲਾਈ ਤੇ ਪੁੱਛਣ ਲੱਗੀ, “ਕਾਕਾ ਇੱਥੇ ਹੀ ਰਹਿਨਾ ਏਂ?”
ਮੈਂ ਕਿਹਾ, “ਹਾਂ ਜੀ, ਬੱਸ ਪਾਰਕ ਤੋਂ ਅੱਗੇ ਸਾਡਾ ਘਰ ਹੈ।”
ਉਹ ਆਖਣ ਲੱਗੇ, “ਪੁੱਤ, ਤੇਰੀ ਮਾਂ ਸਵੇਰੇ ਹਸਪਤਾਲ ਦੇ ਅੱਗੇ ਸੈਰ ਤਾਂ ਨਹੀਂ ਕਰਦੀ ਹੁੰਦੀ?”
ਮੈਂ ‘ਹਾਂ’ ਵਿੱਚ ਸਿਰ ਹਿਲਾਇਆ। ਉਨ੍ਹਾਂ ਕਿਹਾ ਕਿ ਤੇਰਾ ਮੜੰਗਾ ਬਿਲਕੁਲ ਤੇਰੀ ਮਾਂ ’ਤੇ ਗਿਆ ਹੈ। ਫਿਰ ਉਨ੍ਹਾਂ ਆਪਣੇ ਘਰਵਾਲੇ ਨੂੰ ਕਿਹਾ, “ਲਗਦਾ ਨਹੀਂ ਇਸ ਮੁੰਡੇ ਦਾ ਮੜੰਗਾ ਇੰਨ-ਬਿੰਨ ਉਸ ਔਰਤ ਵਰਗਾ ਜਿਹੜੀ ਆਪਣੇ ਅੱਗੇ ਕਾਫ਼ੀ ਤੇਜ਼ ਸੈਰ ਕਰਦੀ ਹੁੰਦੀ ਹੈ?”
ਉਸ ਵਿਅਕਤੀ ਨੇ ਇਸ ਗੱਲ ਦੀ ਹਾਮੀ ਭਰੀ। ਪਰ ਉਸ ਵਿਅਕਤੀ ਨੇ ਆਪਣੀ ਘਰਵਾਲੀ ਨੂੰ ਚਾਹ ਬਣਾਉਣ ਲਈ ਕਿਹਾ। ਮੈਂ ਨਾਂਹ ਕਰ ਦਿੱਤੀ। ਮੈਂ ਕਿਹਾ, “ਘਰ ਨੇੜੇ ਹੀ ਹੈ, ਮੈਂ ਜਾ ਕੇ ਪੀ ਲੈਣੀ ਹੈ। ਫੇਰ ਕਦੇ ਸਬੱਬ ਬਣਿਆ ਤਾਂ ਜ਼ਰੂਰ ਪੀਵਾਂਗਾ।
ਉਨ੍ਹਾਂ ਦੇ ਪੁੱਛਣ ’ਤੇ ਮੈਂ ਆਪਣੇ ਅਹੁਦੇ ਬਾਰੇ ਦੱਸਿਆ। ਥੋੜ੍ਹੇ ਚਿਰ ਦੀ ਮਿਲਣੀ ਮਗਰੋਂ ਜਾਣ ਦੀ ਇਜਾਜ਼ਤ ਮੰਗੀ ਤੇ ਖੜ੍ਹਾ ਹੋ ਗਿਆ। ਉਨ੍ਹਾਂ ਹੱਥ ਜੋੜ ਕੇ ਕਿਹਾ ਕਿ ਅੱਗੋਂ ਵੀ ਮਿਲਦੇ ਰਹਿਣਾ।
ਮੈਂ ਘਰ ਜਾ ਕੇ ਚਾਹ ਪਾਣੀ ਪੀਤਾ ਤੇ ਬੱਚਿਆਂ ਦਾ ਸਾਮਾਨ ਤੇ ਪਿਤਾ ਜੀ ਦੀਆਂ ਦਵਾਈਆਂ ਲੈਣ ਲਈ ਬਾਜ਼ਾਰ ਤੁਰ ਪਿਆ।
ਸਮਾਂ ਬੀਤਦਾ ਗਿਆ। ਉਸ ਸੱਜਣ ਨੇ ਕਈ ਵਾਰ ਆਪਣੀਆਂ ਰਚਨਾਵਾਂ ਮੈਂਨੂੰ ਘਰੇ ਫੜਾ ਜਾਣੀਆਂ ਤੇ ਦਫਤਰ ਪਹੁੰਚਾਉਣ ਲਈ ਆਖਣਾ। ਹੌਲੀ-ਹੌਲੀ ਉਨ੍ਹਾਂ ਨਾਲ ਮੇਲ-ਜੋਲ ਵਧਣ ਲੱਗਿਆ। ਉਨ੍ਹਾਂ ਨੇ ਜਿੱਥੇ ਵੀ ਮਿਲਣਾ, ਮੈਂਨੂੰ ਕੁਝ ਨਾ ਕੁਝ ਲਿਖਣ ਲਈ ਜ਼ਰੂਰ ਕਹਿਣਾ। ਉਨ੍ਹਾਂ ਆਪਣੀਆਂ ਕਈ ਪੁਸਤਕਾਂ ਮੈਂਨੂੰ ਪੜ੍ਹਨ ਲਈ ਦਿੱਤੀਆਂ। ਮੈਂ ਅਖ਼ਬਾਰ ਵਿੱਚ ਉਨ੍ਹਾਂ ਦੀਆਂ ਛਪੀਆਂ ਰਚਨਾਵਾਂ ਜ਼ਰੂਰ ਪੜ੍ਹਦਾ। ਉਨ੍ਹਾਂ ਦੀ ਸੰਗਤ ਇੱਕ ਦਿਨ ਰੰਗ ਲੈ ਆਈ। ਮੈਂ ਕਈ ਦਿਨਾਂ ਦੀ ਮਿਹਨਤ ਮਗਰੋਂ ਇੱਕ ਰਚਨਾ ਲਿਖੀ। ਡਰਦੇ ਡਰਦੇ ਨੇ ਉਹ ਰਚਨਾ ਛਪਣ ਲਈ ਸਹਾਇਕ ਸੰਪਾਦਕ ਰਾਹੀਂ ਸੰਪਾਦਕ ਜੀ ਕੋਲ ਪਹੁੰਚਦੀ ਕਰ ਦਿੱਤੀ।
ਦੂਜੇ ਦਿਨ ਹੀ ਉਹ ਰਚਨਾ ਅਖ਼ਬਾਰ ਵਿੱਚ ਛਪ ਗਈ। ਜਦੋਂ ਮੈਂ ਦਫਤਰ ਗਿਆ ਤਾਂ ਅਧਿਕਾਰੀ ਨੇ ਮੈਂਨੂੰ ਬੁਲਾ ਕੇ ਕਿਹਾ ਕਿ ਅੱਗੋਂ ਲਿਖਣਾ ਜਾਰੀ ਰੱਖਣਾ ਹੈ। ਰਚਨਾ ਚਾਹੇ ਅਖ਼ਬਾਰ ਜਾਂ ਕਿਸੇ ਮੈਗਜ਼ੀਨ ਦਾ ਸ਼ਿੰਗਾਰ ਬਣੇ ਚਾਹੇ ਨਾ ਬਣੇ ਪਰ ਤੂੰ ਲਿਖਣਾ ਨਹੀਂ ਛੱਡਣਾ।
ਜਦੋਂ ਘਰ ਆਇਆ ਤਾਂ ਨੇੜੇ ਰਹਿਣ ਵਾਲੇ ਉਸ ਸੱਜਣ ਨੇ ਵੀ ਮੈਂਨੂੰ ਸ਼ਾਬਾਸ਼ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਲਿਖਣਾ ਤੇ ਪੜ੍ਹਨਾ ਜਾਰੀ ਰੱਖਣਾ ਹੈ। ਪਿਤਾ ਜੀ ਦੀ ਮੌਤ ਵੇਲੇ ਉਨ੍ਹਾਂ ਸਾਡੇ ਪਰਿਵਾਰ ਨੂੰ ਕਾਫ਼ੀ ਦਿਲਾਸਾ ਦਿੱਤਾ ਤੇ ਕਈ ਦਿਨ ਘਰ ਆਉਂਦੇ ਰਹੇ। ਫੇਰ ਦਫਤਰ ਵਿੱਚ ਤਰੱਕੀ ਹੋ ਗਈ। ਮੇਰੀਆਂ ਕਈ ਰਚਨਾਵਾਂ ਅਖ਼ਬਾਰ ਵਿੱਚ ਛਪੀਆਂ ਤੇ ਕਈ ਛਪਣੋਂ ਰਹਿ ਗਈਆਂ ਪਰ ਮੈਂ ਲਿਖਣਾ ਤੇ ਪੜ੍ਹਨਾ ਬੰਦ ਨਾ ਕੀਤਾ। ਹਰ ਸਮੇਂ ਛੋਟੀ ਡਾਇਰੀ ਤੇ ਪੈੱਨ ਆਪਣੇ ਕੋਲ ਰੱਖਣੇ ਸ਼ੁਰੂ ਕਰ ਦਿੱਤੇ। ਜਦੋਂ ਵਿਚਾਰ ਮਨ ਵਿੱਚ ਆਉਣੇ, ਉਸੇ ਸਮੇਂ ਲਿਖਣ ਦੀ ਕੋਸ਼ਿਸ਼ ਕਰਨੀ। ਜਦੋਂ ਮੇਰੀ ਕੋਈ ਰਚਨਾ ਛਪਦੀ ਤਾਂ ਉਸ ਸੱਜਣ ਨੇ ਜਿੱਥੇ ਹੱਲਾਸ਼ੇਰੀ ਦੇਣੀ ਉੱਥੇ ਲਿਖਤ ਵਿਚਲੀਆਂ ਉਣਤਾਈਆਂ ਬਾਰੇ ਜ਼ਰੂਰ ਦੱਸਣਾ। ਰਚਨਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਗੁਰ ਦੱਸਣੇ। ਤਕਰੀਬਨ ਪੰਜ ਸਾਲ ਦੀ ਮਿਹਨਤ ਮਗਰੋਂ ਮੈਂ ਇੱਕ ਪੁਸਤਕ ਦਾ ਖਰੜਾ ਤਿਆਰ ਕਰ ਲਿਆ।
ਉਸ ਸੱਜਣ ਦੀ ਰਹਿਨੁਮਾਈ ਵਿੱਚ ਪੁਸਤਕ ਛਪ ਗਈ। ਪੜ੍ਹਨ ਲਿਖਣ ਦਾ ਅਜਿਹਾ ਸ਼ੌਕ ਪਿਆ ਕਿ ਹੁਣ ਕਈ ਵਾਰ ਦੁੱਖਾਂ ਦਾ ਸਾਹਮਣਾ ਕਰਨ ਵੇਲੇ ਮਨ ਡੋਲ੍ਹਦਾ ਨਹੀਂ। ਸਮੇਂ ਦਾ ਪਤਾ ਹੀ ਨਹੀਂ ਲਗਦਾ ਕਦੋਂ ਦਿਨ ਬੀਤ ਜਾਂਦਾ ਹੈ ਤੇ ਕਦੋਂ ਰਾਤ। ਕਈ ਵਾਰ ਸੋਚਦਾ ਹਾਂ ਕਿ ਜੇ ਉਹ ਸੱਜਣ ਮੇਰੀ ਜ਼ਿੰਦਗੀ ਵਿੱਚ ਨਾ ਆਉਂਦੇ ਤਾਂ ਸ਼ਾਇਦ ਮੈਂਨੂੰ ਆਪਣੀ ਅੰਦਰ ਛਪੀ ਪ੍ਰਤਿਭਾ ਦਾ ਪਤਾ ਹੀ ਨਾ ਲਗਦਾ। ਉਨ੍ਹਾਂ ਦੀ ਹੱਲਾਸ਼ੇਰੀ ਨਾਲ ਜਿੱਥੇ ਸਾਹਿਤ ਪੜ੍ਹਨ ਤੇ ਲਿਖਣ ਦੀ ਚੇਟਕ ਲੱਗ ਗਈ, ਉੱਥੇ ਹੀ ਦਫਤਰ ਵਿੱਚ ਵੀ ਤਰੱਕੀ ਹੋ ਗਈ। ਉਸ ਸੱਜਣ ਦਾ ਨਾਮ ਡਾ. ਕਰਨੈਲ ਸਿੰਘ ਸੋਮਲ ਹੈ, ਜੋ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋਂ ਅਸਿਸਟੈਂਟ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਹਨ।
ਮੈਂਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਤਾਂ ਮੇਰੇ ਵਰਗੇ ਕਈ ਹੋਰ ਵਿਅਕਤੀਆਂ ਨੂੰ ਵੀ ਸਾਹਿਤ ਨਾਲ ਜੋੜਿਆ ਹੈ। ਸੋਚਦਾ ਹਾਂ ਕਿ ਜਗਦੇ ਦੀਵੇ ਨਾਲ ਹੀ ਹੋਰ ਦੀਵੇ ਬਾਲੇ ਜਾਂਦੇ ਹਨ। ਇੰਜ ਹੀ ਇਹ ਲੜੀ ਜਗਦੀ ਚੰਗੀ ਲਗਦੀ ਹੈ। ਹੁਣ ਜਦੋਂ ਕੋਈ ਪਾਠਕ ਰਚਨਾ ਪੜ੍ਹਨ ਮਗਰੋਂ ਫੋਨ ’ਤੇ ਇਹ ਕਹਿੰਦਾ ਹੈ ਕਿ ਮੈਂ ਤੁਹਾਡੀਆਂ ਰਚਨਾਵਾਂ ਪੜ੍ਹ ਕੇ ਫਲਾਣੀ ਮੈਗਜ਼ੀਨ ਜਾਂ ਅਖ਼ਬਾਰ ਨੂੰ ਆਪਣੀ ਰਚਨਾ ਭੇਜੀ ਹੈ ਤਾਂ ਮੈਂਨੂੰ ਆਪਣੀ ਕਹਾਣੀ ਯਾਦ ਆਉਣ ਲਗਦੀ ਹੈ। ਫੇਰ ਇੱਕ ਹੋਰ ਦੀਵੇ ਦੀ ਜੋਤ ਬਲਦੀ ਨਜ਼ਰ ਆਉਂਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2453)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)