“ਮੈਨੂੰ ਬਚਾ ਲਓ … ਮੈਂ ਮਰਨਾ ਨੀਂ ਚਾਹੁੰਦਾ … ਬੀਬੀ ਮੈਂਨੂੰ ਮੁਆਫ਼ ਕਰ ਦੇ ...”
(26 ਅਕਤੂਬਰ 2021)
“ਮੈਨੂੰ ਬਚਾ ਲਓ … ਮੈਂ ਮਰਨਾ ਨੀਂ ਚਾਹੁੰਦਾ … ਬੀਬੀ ਮੈਂਨੂੰ ਮੁਆਫ਼ ਕਰ ਦੇ।” ਇਹ ਆਵਾਜ਼ਾਂ ਮੈਂਨੂੰ ਅੱਜ ਵੀ ਕਈ ਵਾਰ ਯਾਦ ਆ ਜਾਂਦੀਆਂ ਨੇ। ਇਹ ਤਰਲੇ ਮਾਮੇ ਦੇ ਮੁੰਡੇ ਦਾ ਆੜੀ ਜਰਨੈਲ ਪਾ ਰਿਹਾ ਸੀ। ਹੁਣ ਵੀ ਜਦੋਂ ਕਿਸੇ ਖ਼ੁਦਕੁਸ਼ੀ ਦੀ ਖ਼ਬਰ ਪੜ੍ਹ ਸੁਣ ਲੈਂਦਾ ਹਾਂ ਤਾਂ ਉਹ ਯਾਦ ਆ ਜਾਂਦਾ ਹੈ। ਮਾਮੇ ਦਾ ਗਭਲਾ ਮੁੰਡਾ ਤਾਰਾ ਸੋਹਣਾ ਗੱਭਰੂ ਜਵਾਨ ਨਿਕਲਿਆ। ਹਰ ਸਮੇਂ ਚਿਹਰੇ ’ਤੇ ਮੁਸਕਰਾਹਟ। ਉਹ ਵਾਲੀਬਾਲ ਦਾ ਵਧੀਆ ਖਿਡਾਰੀ ਸੀ। ਉਸ ਦੇ ਮਿੱਤਰ ਬਹੁਤ ਸਨ। ਕੁਝ ਸਮਾਂ ਪਹਿਲਾਂ ਨੇੜਲੇ ਪਿੰਡ ਦੇ ਜਰਨੈਲ ਨਾਲ ਉਸ ਦੀ ਆੜੀ ਪੈ ਗਈ। ਉਹ ਤਾਰੇ ਨਾਲੋਂ ਉਮਰ ਵਿੱਚ ਵੱਡਾ ਸੀ। ਜਰਨੈਲ ਪਹਿਲੀ ਮੁਲਾਕਾਤ ਵਿੱਚ ਦੂਜੇ ਨੂੰ ਆਪਣਾ ਬਣਾ ਲੈਂਦਾ। ਕਈ ਵਾਰ ਉਹ ਤਾਰੇ ਨਾਲ ਸਾਡੇ ਘਰ ਆਇਆ। ਕਰੀਬ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਉਸ ਦੀ ਪਛਾਣ ਬਣ ਗਈ। ਤਾਰਾ ਉਸ ਨੂੰ ਵੱਡਾ ਭਰਾ ਹੀ ਸਮਝਦਾ ਸੀ।
ਜਰਨੈਲ ਦੇ ਘਰ ਅਸੀਂ ਕਈ ਵਾਰ ਗਏ। ਵੱਡਾ ਸਾਰਾ ਘਰ। ਉਨ੍ਹਾਂ ਦਾ ਟਰੱਕਾਂ ਦਾ ਕਾਰੋਬਾਰ ਸੀ। ਉਹ ਪੰਜ ਭਰਾ ’ਤੇ ਇੱਕ ਭੈਣ ਸਨ। ਸਾਰੇ ਹੀ ਵਿਆਹੇ ਹੋਏ ਸਨ ਪਰ ਜਰਨੈਲ ਅਜੇ ਕੁਆਰਾ ਸੀ। ਘਰ ਵਿੱਚੋਂ ਸਭ ਨਾਲੋਂ ਵੱਧ ਪੜ੍ਹਿਆ ਲਿਖਿਆ ਹੋਣ ਕਾਰਨ ਬਾਹਰ ਅੰਦਰ ਦੇ ਕੰਮ ਉਹੀ ਕਰਦਾ। ਉਸ ਦੇ ਭਰਾ ਟਰੱਕ ਲੈ ਕੇ ਦੂਰ ਦੁਰਾਡੇ ਜਾਂਦੇ ਰਹਿੰਦੇ ਸਨ। ਪੈਸਿਆਂ ਦੇ ਦੇਣ-ਲੈਣ ਲਈ ਉਸ ਨੂੰ ਸ਼ਹਿਰਾਂ ਵਿੱਚ ਗੇੜੇ ਮਾਰਨੇ ਪੈਂਦੇ। ਇਸ ਕਾਰਨ ਉਹ ਆਨੀ ਬਹਾਨੀ ਸਾਡੇ ਕੋਲ ਆ ਜਾਂਦਾ। ਅਸੀਂ ਉਸ ਨੂੰ ਆਪਣਾ ਭਰਾ ਹੀ ਸਮਝਦੇ ਸਾਂ। ਮਾਮੀ ਨੂੰ ਉਹਦਾ ਤੇ ਮੇਰਾ ਭੁਲੇਖਾ ਪੈਂਦਾ ਰਹਿੰਦਾ ਸੀ। ਉਸ ਦੀ ਸ਼ਕਲ ਮੇਰੇ ਨਾਲ ਕਾਫ਼ੀ ਮਿਲਦੀ ਜੁਲਦੀ ਸੀ। ਉਨ੍ਹਾਂ ਦਿਨਾਂ ਵਿੱਚ ਮੋਬਾਇਲ ਫੋਨ ਨਹੀਂ ਹੁੰਦੇ ਸਨ। ਲੈਂਡਲਾਈਨ ਵੀ ਪਿੰਡ ਵਿੱਚ ਗਿਣਵੇਂ ਚੁਣਵੇਂ ਘਰਾਂ ਕੋਲ ਸਨ। ਇੱਕ ਦਿਨ ਤਾਰੇ ਦਾ ਫੋਨ ਆਇਆ। ਕਹਿਣ ਲੱਗਿਆ, “ਵੀਰ ਛੇਤੀ ਨਾਲ ਚੰਡੀਗੜ੍ਹ ਸੈਕਟਰ 16 ਦੇ ਹਸਪਤਾਲ ਪਹੁੰਚ। ਜਰਨੈਲ ਨੇ ਕੀਟਨਾਸ਼ਕ ਦਵਾਈ ਪੀ ਲਈ। ਅਸੀਂ ਉਸ ਨੂੰ ਲੈ ਕੇ ਆ ਰਹੇ ਹਾਂ।” ਮੈਂ ਸਕੂਟਰ ਚੁੱਕ ਕੇ ਹਸਪਤਾਲ ਨੂੰ ਹੋ ਤੁਰਿਆ। ਰਸਤੇ ਵਿੱਚ ਸੋਚੀਂ ਜਾਵਾਂ ਬਈ ਜਰਨੈਲ ਨੂੰ ਅਜਿਹਾ ਕੀ ਹੋ ਗਿਆ, ਦਵਾਈ ਪੀਣੀ ਪੈ ਗਈ?
ਜਦੋਂ ਮੈਂ ਹਸਪਤਾਲ ਪਹੁੰਚਿਆ ਤਾਂ ਦਸ ਕੁ ਮਿੰਟਾਂ ਵਿੱਚ ਤਾਰੇ ਹੋਰੀਂ ਜਰਨੈਲ ਨੂੰ ਲੈ ਕੇ ਪਹੁੰਚ ਗਏ। ਉਹ ਹਾੜ੍ਹੇ ਕੱਢ ਰਿਹਾ ਸੀ ਕਿ ਮੈਂਨੂੰ ਬਚਾ ਲਓ। ਮੈਂ ਮਰਨਾ ਨੀ ਚਾਹੁੰਦਾ। ਬੀਬੀ ਮੈਂਨੂੰ ਮੁਆਫ਼ ਕਰ ਦੇ। ਉਹ ਉੱਚੀ-ਉੱਚੀ ਭੁੱਬਾਂ ਮਾਰ ਰਿਹਾ ਸੀ। ਉਸ ਦਾ ਸੰਘ ਬੈਠ ਗਿਆ। ਸਟੈਚਰ ’ਤੇ ਪਾ ਕੇ ਅਸੀਂ ਉਸ ਨੂੰ ਐਮਰਜੈਂਸੀ ਲੈ ਗਏ। ਡਾਕਟਰਾਂ ਨੇ ਸਾਨੂੰ ਬਾਹਰ ਕੱਢ ਦਿੱਤਾ। ਸਿਰਫ਼ ਤਾਰਾ ਹੀ ਅੰਦਰ ਸੀ। ਅਸੀਂ ਸ਼ੀਸ਼ੇ ਵਿੱਚੋਂ ਅੰਦਰ ਦੇਖ ਰਹੇ ਸਾਂ। ਤਾਰਾ ਡਾਕਟਰਾਂ ਕੋਲ ਖੜ੍ਹਾ ਕੁਝ ਬੋਲ ਰਿਹਾ ਸੀ। ਡਾਕਟਰ ਜਰਨੈਲ ਦੀਆਂ ਅੱਖਾਂ ਵਿੱਚ ਬੈਟਰੀ ਦੀ ਰੌਸ਼ਨੀ ਨਾਲ ਕੁਝ ਦੇਖ ਰਹੇ ਜਾਪਦੇ ਸਨ। ਹੋਰ ਮਰੀਜ਼ ਆਉਣ ’ਤੇ ਸੁਰੱਖਿਆ ਕਰਮੀਆਂ ਨੇ ਸਾਨੂੰ ਬਾਹਰ ਕੱਢ ਦਿੱਤਾ। ਅਸੀਂ ਤਿੰਨ ਚਾਰ ਸਾਥੀ ਬਾਹਰ ਜਾ ਕੇ ਬੈਠ ਗਏ। ਅਸੀਂ ਬੈਠੇ ਅਰਦਾਸਾਂ ਕਰਨ ਲੱਗੇ ਕਿ ਜਰਨੈਲ ਨੂੰ ਕੁਝ ਨਾ ਹੋਵੇ। ਸਾਡੇ ਵਿੱਚੋਂ ਇੱਕ ਦੱਸਣ ਲੱਗਿਆ ਜਰਨੈਲ ਸਵੇਰੇ ਆਪਣੇ ਪਿਤਾ ਜੀ ਨਾਲ ਔਖਾ ਭਾਰਾ ਹੋ ਗਿਆ। ਗੁੱਸੇ ਵਿੱਚ ਆ ਕੇ ਉਸ ਨੇ ਦਵਾਈ ਪੀ ਲਈ। ਕਾਫ਼ੀ ਚਿਰ ਬਾਅਦ ਤਾਰਾ ਬਾਹਰ ਸਾਡੇ ਕੋਲ ਪਹੁੰਚ ਗਿਆ। ਅਸੀਂ ਉਤਸੁਕਤਾ ਨਾਲ ਪੁੱਛਿਆ, “ਕੀ ਹਾਲ ਏ ਹੁਣ?” ਉਹ ਕਹਿੰਦਾ ਕਿ ਡਾਕਟਰ ਕਹਿੰਦੇ, “ਅਜੇ ਕੁਝ ਨਹੀਂ ਕਿਹਾ ਜਾ ਸਕਦਾ।” ਜਰਨੈਲ ਉਲਟੀਆਂ ਕਰ ਰਿਹਾ ਸੀ।
ਜਰਨੈਲ ਦੀਆਂ ਅੱਖਾਂ ਬਾਹਰ ਨਿਕਲਣ ਵਾਲੀਆਂ ਹੋਈਆਂ ਪਈਆਂ ਸਨ। ਦੇਖ ਨਹੀਂ ਹੋ ਰਿਹਾ ਸੀ। ਇੰਨੇ ਨੂੰ ਜਰਨੈਲ ਦੇ ਭਰਾ ਤੇ ਘਰ ਦੇ ਹੋਰ ਜੀਅ ਪਹੁੰਚ ਗਏ। ਸਾਰੇ ਸਾਡੇ ਕੋਲੋਂ ਜਰਨੈਲ ਦੀ ਹਾਲਤ ਬਾਰੇ ਪੁੱਛ ਰਹੇ ਸਨ। ਅਸੀਂ ਕਿਹਾ ਕਿ ਅਜੇ ਉਹ ਐਮਰਜੈਂਸੀ ਵਿੱਚ ਹੈ, ਕਿਸੇ ਨੂੰ ਅੰਦਰ ਨਹੀਂ ਜਾਣ ਦੇ ਰਹੇ।
ਜਰਨੈਲ ਦੇ ਨਾਮ ਦੀ ਪਰਚੀ ਬਾਹਰ ਆਈ ਤਾਂ ਅਸੀਂ ਦਵਾਈਆਂ ਲੈਣ ਚਲੇ ਗਏ। ਜਦੋਂ ਦਵਾਈਆਂ ਲੈ ਕੇ ਅਸੀਂ ਵਾਪਸ ਆਏ, ਅਸੀਂ ਦਵਾਈਆਂ ਕਮਰੇ ਦੇ ਬਾਹਰ ਖੜ੍ਹੇ ਵਿਅਕਤੀ ਨੂੰ ਫੜਾ ਦਿੱਤੀਆਂ। ਅਸੀਂ ਦੇਖਿਆ ਕਿ ਜਰਨੈਲ ਦੇ ਮੂੰਹ ਵਿੱਚ ਪਾਈਪ ਜਿਹੀ ਫਸਾਈ ਹੋਈ ਸੀ। ਉਹ ਨਿਢਾਲ ਜਿਹਾ ਪਿਆ ਸੀ। ਛੇ ਸੱਤ ਘੰਟਿਆਂ ਦੀ ਮੁਸ਼ੱਕਤ ਮਗਰੋਂ ਜਰਨੈਲ ਨੇ ਅੱਖਾਂ ਖੋਲ੍ਹ ਲਈਆਂ। ਡਾਕਟਰਾਂ ਨੇ ਗੁਲੂਕੋਸ ਲਾ ਕੇ ਉਸ ਨੂੰ ਐਮਰਜੈਂਸੀ ਵਿੱਚੋਂ ਅੱਗੇ ਰਿਕਵਰੀ ਰੂਮ ਵਿੱਚ ਭੇਜ ਦਿੱਤਾ। ਘਰਦਿਆਂ ਨੇ ਡਾਕਟਰਾਂ ਨੂੰ ਦੱਸਿਆ ਕਿ ਇਸ ਨੇ ਭੁਲੇਖੇ ਨਾਲ ਦਵਾਈ ਪੀ ਲਈ ਸੀ।
ਦੂਜੇ ਦਿਨ ਜਰਨੈਲ ਨੂੰ ਛੁੱਟੀ ਦੇ ਦਿੱਤੀ ਗਈ।
ਹੌਲੀ-ਹੌਲੀ ਸਮਾਂ ਬੀਤਦਾ ਗਿਆ। ਪੰਜ ਕੁ ਦਿਨਾਂ ਮਗਰੋਂ ਤਾਰੇ ਨੂੰ ਨਾਲ ਲੈ ਕੇ ਅਸੀਂ ਚਾਰ ਦੋਸਤ ਜਰਨੈਲ ਦੇ ਘਰ ਪਹੁੰਚ ਗਏ।
ਹਾਲ-ਚਾਲ ਜਾਨਣ ਮਗਰੋਂ ਅਸੀਂ ਉਸ ਨੂੰ ਕਿਹਾ ਕਿ ਤੂੰ ਅਜਿਹਾ ਬੁਜ਼ਦਿਲਾ ਕਾਰਾ ਕਰਨ ਦੀ ਕਿਵੇਂ ਸੋਚੀ? ਆਪਣੇ ਮਾਪਿਆਂ, ਭੈਣ-ਭਰਾਵਾਂ ਤੇ ਸਾਡੇ ਬਾਰੇ ਕੁਝ ਨਾ ਸੋਚਿਆ? ਤਾਰਾ ਜਰਨੈਲ ਨੂੰ ਆਖਣ ਲੱਗਿਆ, “ਬਾਈ, ਮੈਂ ਤੈਥੋਂ ਬਹੁਤ ਕੁਝ ਸਿੱਖਿਆ ਤੇ ਜਦੋਂ ਮੈਂਨੂੰ ਘਰਦਿਆਂ ਨੇ ਬਾਹਰ ਜਾਣ ਲਈ ਪੈਸੇ ਨਾ ਦਿੱਤੇ ਤਾਂ ਮੈਂ ਅਜਿਹਾ ਹੀ ਕਰਨ ਲੱਗਿਆ ਸੀ। ਤੈਨੂੰ ਯਾਦ ਏ ਤੂੰ ਮੈਂਨੂੰ ਕਿਹਾ ਸੀ- ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ, ਮੁਰਦਾ ਦਿਲ ਕਿਆ ਖ਼ਾਕ ਜੀਆ ਕਰਤੇ ਹੈਂ? ਤੂੰ ਹੀ ਮੈਂਨੂੰ ਹੌਸਲਾ ਦਿੱਤਾ ਸੀ ਤੇ ਅੱਜ ਆਪ ਇਸੇ ਰਾਹ ਪੈ ਗਿਆ।”
ਅੱਗੋਂ ਜਰਨੈਲ ਕਹਿਣ ਲੱਗਿਆ, “ਯਾਰ ਮੈਂਨੂੰ ਤਾਂ ਆਪ ਨੀ ਸਮਝ ਆਉਂਦੀ, ਕਿਵੇਂ ਘਰਦਿਆਂ ਨਾਲ ਨਾਰਾਜ਼ ਹੋ ਕੇ ਗੁੱਸੇ ਵਿੱਚ ਇਹ ਕਾਰਾ ਕਰ ਲਿਆ। ਹੁਣ ਮੁੜ ਕੇ ਅਜਿਹਾ ਨਹੀਂ ਕਰਦਾ ਜਿਸ ਨਾਲ ਤੁਹਾਨੂੰ ਨਮੋਸ਼ੀ ਝੱਲਣੀ ਪਵੇ।”
ਸਮਾਂ ਬੀਤਦਾ ਗਿਆ। ਜਰਨੈਲ ਫਿਰ ਸਾਡੇ ਘਰਾਂ ਵਿੱਚ ਆਉਣ ਲੱਗ ਪਿਆ। ਹੁਣ ਉਹ ਬਹੁਤਾ ਚੁੱਪ-ਚੁੱਪ ਜਿਹਾ ਰਹਿਣ ਲੱਗ ਪਿਆ। ਕੁਝ ਸਮੇਂ ਮਗਰੋਂ ਜਰਨੈਲ ਦਾ ਵਿਆਹ ਹੋ ਗਿਆ। ਉੱਧਰ, ਨੌਕਰੀ ਨਾ ਮਿਲਣ ਕਾਰਨ ਤਾਰਾ ਫਰਾਂਸ ਚਲੇ ਗਿਆ। ਜਰਨੈਲ ਸਾਡੇ ਕੋਲ ਤਾਰੇ ਤੋਂ ਬਿਨਾਂ ਹੀ ਆਉਣ ਲੱਗ ਪਿਆ। ਉਸ ਦੇ ਦੋ ਬੱਚੇ ਹਨ। ਘਰਵਾਲੀ ਉਸ ਦੀ ਅਕੈਡਮੀ ਵਿੱਚ ਪੜ੍ਹਾਉਣ ਲੱਗ ਪਈ। ਥੋੜ੍ਹੇ ਚਿਰ ਮਗਰੋਂ ਜਰਨੈਲ ਵੀ ਇੱਧਰੋਂ-ਉੱਧਰੋਂ ਜੁਗਾੜ ਕਰਕੇ ਇਟਲੀ ਚਲਾ ਗਿਆ। ਪਹਿਲਾਂ ਕੰਮ ਨਾ ਮਿਲਣ ਕਾਰਨ ਉਹ ਕਾਫ਼ੀ ਖੁਆਰ ਹੋਇਆ। ਫਿਰ ਕੰਮ ਮਿਲ ਗਿਆ। ਉਸ ਨੇ ਸਖ਼ਤ ਮਿਹਨਤ ਕੀਤੀ। ਬੱਚੇ ਵੱਡੇ ਹੋ ਗਏ। ਉਹ ਪੜ੍ਹਨ ਵਿੱਚ ਕਾਫ਼ੀ ਹੁਸ਼ਿਆਰ ਸਨ।
ਹੌਲੀ-ਹੌਲੀ ਦੋਵੇਂ ਬੱਚੇ ਜਰਨੈਲ ਨੇ ਸਟਡੀ ਵੀਜ਼ੇ ’ਤੇ ਕੈਨੇਡਾ ਭੇਜ ਦਿੱਤੇ। ਜਰਨੈਲ ਦੇ ਦੋ ਭਰਾ ਗੁਜ਼ਰ ਗਏ। ਇੱਕੋ ਭਣੋਈਆ ਸੀ, ਉਹ ਵੀ ਗੁਜ਼ਰ ਗਿਆ। ਉਸ ਨੇ ਆਪਣੇ ਭਾਣਜੇ ਨੂੰ ਵੀ ਹਿੰਮਤ ਕਰਕੇ ਕੈਨੇਡਾ ਭੇਜਿਆ। ਉਸ ਦੇ ਭਤੀਜਾ-ਭਤੀਜੀ ਕੈਨੇਡਾ ਹੀ ਹਨ। ਉਸ ਨੇ ਮਿਹਨਤ ਕਰਕੇ ਜਿੱਥੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਉੱਥੇ ਭੈਣ ਭਾਈਆਂ ਦੇ ਬੱਚੇ ਵੀ ਲੀਹੇ ਪਾਉਣ ਵਿੱਚ ਕੋਈ ਕਸਰ ਨਾ ਛੱਡੀ। ਇਸ ਲਈ ਉਸ ਨੂੰ ਕਈਆਂ ਕੋਲੋਂ ਪੈਸੇ ਉਧਾਰ ਵੀ ਲੈਣੇ ਪਏ ਪਰ ਉਸ ਨੇ ਹਿੰਮਤ ਨਾ ਹਾਰੀ। ਹੁਣ ਸਾਲ ਕੁ ਮਗਰੋਂ ਜਰਨੈਲ ਛੁੱਟੀ ਆ ਜਾਂਦਾ। ਸਾਨੂੰ ਮਿਲ ਕੇ ਜ਼ਰੂਰ ਜਾਂਦਾ। ਗੱਲਾਂ-ਬਾਤਾਂ ਵਿੱਚ ਪਿਛਲੇ ਸਮੇਂ ਨੂੰ ਯਾਦ ਕਰਦਾ ਤੇ ਪੁੱਟੀਆਂ ਨਵੀਆਂ ਪੁਲਾਂਘਾਂ ਦੀ ਖੁਸ਼ੀ ਵੀ ਮਹਿਸੂਸ ਕਰਦਾ। ਅੱਜ ਉਹ ਆਪਣੇ ਭੈਣ-ਭਾਈਆਂ ਤੇ ਦੋਸਤਾਂ ਦੇ ਕੰਮ ਆਇਆ।
ਹੁਣ ਜਦੋਂ ਮੈਂ ਕਈ ਵਾਰ ਤਾਰੇ ਨਾਲ ਗੱਲ ਕਰਦਾ ਹਾਂ ਤਾਂ ਉਹ ਮਾਖ਼ਤਾ ਕਰਦਾ, “ਵੀਰ ਦੇਖ ਲੈ, ਹੁਣ ਜਰਨੈਲ ਕੋਲ ਸਾਡੇ ਖਾਤਰ ਸਮਾਂ ਨਹੀਂ। ਫੋਨ ਕਰਨ ਦੀ ਵੀ ਘੌਲ ਕਰਨ ਲੱਗ ਪਿਆ।“
ਤਾਰੇ ਦਾ ਰਿਸ਼ਤਾ ਵੀ ਜਰਨੈਲ ਨੇ ਹੀ ਕਰਵਾਇਆ। ਹੋਰ ਕਿੰਨੇ ਕੁ ਆਪਣੇ ਜਾਣ-ਪਛਾਣ ਦੇ ਰਿਸ਼ਤੇ ਉਸ ਨੇ ਕਰਵਾਏ, ਇਸਦੀ ਗਿਣਤੀ ਕਰਨੀ ਮੁਸ਼ਕਲ ਹੈ। ਹੁਣ ਮੈਂਨੂੰ ਜਰਨੈਲ ਜ਼ਿੰਦਗੀ ਦੇ ਸੰਘਰਸ਼ ਵਿੱਚ ਇੱਕ ਹਾਰ ਮਗਰੋਂ ਜੇਤੂ ਜਰਨੈਲ ਬਣਿਆ ਦਿਖਾਈ ਦੇ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3103)
(ਸਰੋਕਾਰ ਨਾਲ ਸੰਪਰਕ ਲਈ: