“ਬੀਬੀ, ਜੇ ਤੇਰੇ ਵਰਗੀ ਔਰਤ ਹਰ ਪਿੰਡ ਵਿੱਚ ਹੁੰਦੀ ਤਾਂ ਸਾਡੀ ਮਾਂ ਅਨਪੜ੍ਹ ਨਾ ਕਹਾਉਂਦੀ ...”
(23 ਜਨਵਰੀ 2022)
“ਅੱਜ ਤਾਂ ਤੈਨੂੰ ਲੈ ਕੇ ਹੀ ਜਾਣਾ ... ਅੱਜ ਤੇਰਾ ਕੋਈ ਬਹਾਨਾ ਨਹੀਂ ਚੱਲਣਾ।” ਸਾਡੇ ਘਰ ਵੜਦਿਆਂ ਸਾਰ ਚੌਹਾਂ ਮਿੱਤਰਾਂ ਨੇ ਪਹਿਲੀ ਗੱਲ ਇਹੋ ਆਖੀ। ਪਰਿਵਾਰਕ ਮੈਂਬਰਾਂ ਤੋਂ ਬਿਨਾਂ ਦੋਸਤ ਹੀ ਹੁੰਦੇ ਹਨ, ਜਿਹੜੇ ਤੁਹਾਡੇ ਦੁੱਖ-ਸੁਖ ਵਿੱਚ ਖੜ੍ਹਦੇ ਨੇ। ਹਰ ਵਾਰ ਉਨ੍ਹਾਂ ਨਾਲ ਜਾਣ ਤੋਂ ਟਾਲਾ ਵੱਟ ਜਾਂਦਾ ਸੀ ਪਰ ਅੱਜ ਜਾਪਦਾ ਸੀ ਕਿ ਉਹ ਪੂਰੀ ਤਿਆਰੀ ਕਰਕੇ ਆਏ ਸਨ। ਇੱਕ ਨੇ ਕਿਹਾ ਕਿ ਆਪਾਂ ਤੇਰੇ ਨਾਨਕੇ ਪਿੰਡ ਦੇ ਕੋਲ ਹੀ ਜਾਣਾ ਹੈ, ਆਉਂਦੇ ਹੋਏ ਉੱਧਰ ਵੀ ਮਿਲ ਆਵਾਂਗੇ। ਪਹਿਲਾਂ ਤਾਂ ਮੈਂ ਨਾਂਹ ਨੁੱਕਰ ਕਰਦਾ ਰਿਹਾ ਪਰ ਮੇਰੇ ਖਿਆਲ ਆ ਗਿਆ ਕਿ ਮਾਮੀ ਨੂੰ ਪਿਛਲੇ ਸਾਲ ਮਿਲਿਆ ਨਹੀਂ ਗਿਆ। ਉਸ ਲਈ ਵਧੀਆ ਕਢਾਈ ਵਾਲਾ ਸੂਟ ਲਿਆਂਦਾ ਪਿਆ ਹੈ, ਬਹਾਨੇ ਨਾਲ ਉਸ ਨੂੰ ਦੇ ਆਵਾਂਗਾ। ਚਾਹ ਪੀ ਕੇ ਅਸੀਂ ਚਾਰੋਂ ਮਿੱਤਰ ਗੱਡੀ ਵਿੱਚ ਬੈਠ ਗਏ। ਮੈਂ ਮਾਮੀ ਨੂੰ ਦੇਣ ਵਾਲਾ ਸੂਟ ਲਿਫ਼ਾਫੇ ਵਿੱਚ ਪਾ ਕੇ ਕਾਰ ਵਿੱਚ ਰੱਖ ਲਿਆ। ਇਨ੍ਹਾਂ ਯਾਰਾਂ ਨੇ ਮਿਲ ਕੇ ਇੱਕ ਲੋਕ ਭਲਾਈ ਦਾ ਕੰਮ ਛੇੜਿਆ ਹੋਇਆ ਹੈ। ਇਹ ਪੜ੍ਹਨ ਵਾਲੇ ਲੋੜਵੰਦ ਬੱਚੇ ਦੀ ਪੜ੍ਹਾਈ ਵੇਲੇ ਨਿੱਠ ਕੇ ਮਦਦ ਕਰਦੇ ਹਨ। ਕਈ ਵਾਰ ਤਿਲ ਫੁੱਲ ਮੈਥੋਂ ਵੀ ਲੈ ਜਾਂਦੇ। ਜਦੋਂ ਕੋਈ ਅਜਿਹਾ ਪਰਿਵਾਰ ਦੁੱਖ-ਸੁਖ ਵੇਲੇ ਇਨ੍ਹਾਂ ਨੂੰ ਬੁਲਾਉਂਦਾ ਤਾਂ ਇਹ ਆਪਣਾ ਕੰਮ ਛੱਡ ਕੇ ਉੱਥੇ ਜਾਂਦੇ ਜ਼ਰੂਰ ਨੇ। ਕਾਰ ਵਿੱਚ ਬੈਠੇ ਅਸੀਂ ਉਸ ਪਰਿਵਾਰ ਬਾਰੇ ਗੱਲਾਂ ਕਰਨ ਲੱਗੇ, ਜਿਸ ਨੇ ਸਾਨੂੰ ਸੱਦਿਆ ਸੀ।
ਦਰਅਸਲ ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਸੀ। ਮੇਰਾ ਇੱਕ ਮਿੱਤਰ ਪਰਿਵਾਰ ਨੂੰ ਜਾਣਦਾ ਸੀ। ਉਸ ਦੇ ਕਹੇ ’ਤੇ ਬਾਕੀਆਂ ਨੇ ਉਸ ਲੜਕੀ ਦੀ ਪੜ੍ਹਨ ਵਿੱਚ ਮਦਦ ਲਈ ਹਾਮੀ ਭਰੀ ਸੀ। ਕੁਝ ਚਿਰ ਮਗਰੋਂ ਅਸੀਂ ਟਿਕਾਣੇ ’ਤੇ ਪਹੁੰਚ ਗਏ। ਪਿੰਡ ਦੇ ਬਾਹਰਵਾਰ ਘਰ ਸੀ। ਘਰ ਦੇ ਅੱਗੇ ਹੀ ਸੜਕ ਦੇ ਦੂਜੇ ਪਾਸੇ ਖਾਲੀ ਥਾਂ ਵਿੱਚ ਟੈਂਟ ਲੱਗਿਆ ਹੋਇਆ ਸੀ। ਅਸੀਂ ਸਭ ਨੂੰ ਹੱਥ ਜੋੜਦੇ ਹੋਏ ਦਰਖ਼ਤ ਹੇਠਾਂ ਪਏ ਮੰਜਿਆਂ ’ਤੇ ਜਾ ਬੈਠੇ। ਅਜੇ ਗੱਲਾਂ ਕਰ ਰਹੇ ਸਾਂ ਕਿ ਦੋ ਜਣੇ ਸਾਡੇ ਕੋਲ ਆਣ ਖੜ੍ਹੇ ਹੋਏ। ਸਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿਣ ਲੱਗੇ, “ਆਓ, ਪਹਿਲਾਂ ਚਾਹ ਛਕੋ ਲਓ।”
ਉਨ੍ਹਾਂ ਸਾਡੇ ਮਿੱਤਰ ਨੂੰ ਪਛਾਣ ਲਿਆ ਸੀ। ਉਹ ਆਖਣ ਲੱਗਿਆ, “ਕੋਈ ਨੀਂ, ਅਜੇ ਬਰਾਤ ਨੂੰ ਆ ਲੈਣ ਦਿਓ, ਫੇਰ ਚਾਹ ਪੀ ਲੈਂਦੇ ਹਾਂ।”
ਥੋੜ੍ਹੇ ਚਿਰ ਮਗਰੋਂ ਬਰਾਤ ਆ ਗਈ। ਅਸੀਂ ਆਪਸ ਵਿੱਚ ਗੱਲਾਂ ਕਰਦੇ ਰਹੇ। ਸਾਡੇ ਕੋਲ ਮੰਜਿਆਂ ’ਤੇ ਹੋਰ ਜਣੇ ਵੀ ਬੈਠੇ ਸਨ। ਇੱਕ ਭਾਰੇ ਜਿਹੇ ਸਰੀਰ ਵਾਲੀ ਔਰਤ ਮੰਜੇ ’ਤੇ ਸੋਟੀ ਲੈ ਕੇ ਬੈਠੀ ਸੀ। ਉਹ ਸਾਡੇ ਵੱਲ ਦੇਖੀ ਜਾ ਰਹੀ ਸੀ। ਸ਼ਾਇਦ ਕਿਸੇ ਨੂੰ ਪਛਾਣ ਰਹੀ ਹੋਵੇ। ਸੋਟੀ ਫੜ ਕੇ ਉਹ ਹੌਲੀ-ਹੌਲੀ ਤੁਰਦੀ ਸਾਡੇ ਮੰਜੇ ਦੇ ਸਾਹਮਣੇ ਆਣ ਬੈਠੀ। ਉਸ ਨੇ ਸਾਡੇ ਕੋਲੋਂ ਸਾਡੇ ਪਿੰਡਾਂ ਬਾਰੇ ਪੁੱਛਿਆ। ਸਾਡੇ ਦੱਸਣ ਮਗਰੋਂ ਸਾਡੇ ਪਿੰਡ ਉਸ ਨੇ ਦੋ ਰਿਸ਼ਤੇਦਾਰੀਆਂ ਕੱਢ ਲਈਆਂ। ਮੈਂ ਉਨ੍ਹਾਂ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਚਾਹ ਪੀਣ ਮਗਰੋਂ ਅਸੀਂ ਕੁੜੀ ਵਾਲੇ ਪਰਿਵਾਰ ਨੂੰ ਮਿਲੇ ਤੇ ਸ਼ਗਨ ਦੇ ਕੇ ਜਾਣ ਦੀ ਇਜਾਜ਼ਤ ਮੰਗੀ। ਉਨ੍ਹਾਂ ਕਿਹਾ, “ਖਾਣਾ ਜ਼ਰੂਰ ਖਾ ਕੇ ਜਾਇਓ।”
ਅਸੀਂ ਨਾਂਹ ਕਰਦੇ ਰਹੇ ਪਰ ਵਿਆਂਦੜ ਕੁੜੀ ਦੇ ਕਹਿਣ ’ਤੇ ਅਸੀਂ ਥੋੜ੍ਹਾ ਚਿਰ ਹੋਰ ਰਹਿਣ ਲਈ ਮੰਨ ਗਏ। ਥੋੜ੍ਹੇ ਚਿਰ ਬਾਅਦ ਦੋਵੇਂ ਪਰਿਵਾਰ ਅਨੰਦ ਕਾਰਜ ਲਈ ਗੁਰੂ ਘਰ ਚਲੇ ਗਏ।
ਅਸੀਂ ਲੱਤਾਂ ਸਿੱਧੀਆਂ ਕਰਨ ਦੇ ਬਹਾਨੇ ਪਿੰਡ ਉੱਤੋਂ ਦੀ ਗੇੜਾ ਮਾਰਨ ਲਈ ਤੁਰ ਪਏ। ਫਿਰਨੀ ਦੇ ਨਾਲ-ਨਾਲ ਕਈ ਥਾਂਈਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ। ਪਿੰਡ ਬਹੁਤਾ ਵੱਡਾ ਨਹੀਂ ਸੀ। ਪਿੰਡ ਵਿੱਚ ਕਈ ਘਰ ਅਜੇ ਵੀ ਗਾਰੇ ਦੀ ਚਿਣਾਈ ਨਾਲ ਬਣੇ ਹੋਏ ਸਨ। ਧਾਰਮਿਕ ਅਸਥਾਨ ਤਿੰਨ-ਚਾਰ ਦਿਖਾਈ ਦਿੱਤੇ ਪਰ ਸਕੂਲ ਇੱਕ ਹੀ, ਜੋ ਪ੍ਰਾਇਮਰੀ ਤਕ ਸੀ। ਪਿੰਡ ਉੱਤੋਂ ਦੀ ਘੁੰਮਦੇ ਅਸੀਂ ਫੇਰ ਮੰਜਿਆਂ ’ਤੇ ਆਣ ਬੈਠੇ। ਥੋੜ੍ਹੀ ਦੇਰ ਬਾਅਦ ਅਸੀਂ ਸਾਹਮਣੇ ਬੈਠੇ ਬੰਦਿਆਂ ਨੂੰ ਪਿੰਡ ਬਾਰੇ ਪੁੱਛਣ ਲੱਗੇ। ਕੋਲ ਬੈਠਾ ਸੱਜਣ ਕਹਿਣ ਲੱਗਿਆ ਕਿ ਸਾਹਮਣੇ ਸਰਪੰਚ ਬੈਠਾ ਆ, ਉਹ ਦੱਸ ਸਕਦਾ ਇਸ ਬਾਰੇ। ਉਸ ਨੇ ਸਾਡੇ ਨਾਂਹ ਕਰਨ ਦੇ ਬਾਵਜੂਦ ਸਰਪੰਚ ਨੂੰ ਸਾਡੇ ਕੋਲ ਸੱਦ ਲਿਆ।
ਸਰਪੰਚ ਨਾਲ ਗੱਲਾਂ ਕਰਦਿਆਂ ਸਾਡੇ ਵਿੱਚੋਂ ਇੱਕ ਨੇ ਪੁੱਛਿਆ, “ਸਰਪੰਚ ਸਾਹਿਬ, ਪਿੰਡ ਵਿੱਚ ਧਾਰਮਿਕ ਅਸਥਾਨ ਤਾਂ ਕਈ ਨੇ ਪਰ ਸਕੂਲ ਪ੍ਰਾਇਮਰੀ ਤਕ ਹੀ। ਅਜਿਹਾ ਕਿਉਂ?”
ਸਰਪੰਚ ਆਖਣ ਲੱਗਿਆ ਕਿ ਹੁਣ ਪ੍ਰਾਇਮਰੀ ਸਕੂਲ ਵੱਡਾ ਹੋਣ ਲੱਗਿਆ ਹੈ। ਨੇੜੇ ਹੀ ਇਮਾਰਤ ਬਣ ਰਹੀ ਹੈ। ਬਾਕੀ ਧਾਰਮਿਕ ਅਸਥਾਨ ਸ਼ਰਧਾ ਕਾਰਨ ਬਣੇ ਹੋਏ ਹਨ। ਅਸੀਂ ਪੁੱਛਿਆ, “ਪਿੰਡ ਵਿੱਚ ਵੱਡਾ ਸਕੂਲ ਨਾ ਹੋਣ ਦੇ ਬਾਵਜੂਦ ਵਿਆਹ ਵਾਲੀ ਕੁੜੀ ਐਨਾ ਕਿਵੇਂ ਪੜ੍ਹ ਗਈ?”
ਸਰਪੰਚ ਆਖਣ ਲੱਗਿਆ, “ਇਸ ਮਾਮਲੇ ਵਿੱਚ ਜਿਹੜੀ ਔਰਤ ਤੁਹਾਡੇ ਸਾਹਮਣੇ ਸੋਟੀ ਲੈ ਕੇ ਬੈਠੀ ਹੈ, ਉਸ ਦਾ ਯੋਗਦਾਨ ਹੈ। ਅਸੀਂ ਸਾਰੇ ਪਿੰਡ ਵਾਸੀ ਉਸ ਦਾ ਕਰਜ਼ ਨਹੀਂ ਦੇ ਸਕਦੇ।”
ਅਸੀਂ ਬੜੇ ਹੈਰਾਨ ਹੋਏ। ਸਿੱਧੇ ਸਾਦੇ ਕੱਪੜਿਆਂ ਵਿੱਚ ਬੈਠੀ ਬੀਬੀ, ਨਾ ਬਹੁਤੀ ਪੜ੍ਹੀ ਲਿਖੀ ਜਾਪਦੀ ਸੀ ਤੇ ਨਾ ਬਹੁਤੀਆਂ ਗੱਲਾਂ ਕਰਨ ਵਾਲੀ। ਅਸੀਂ ਪੁੱਛਿਆ ਕਿ ਬੀਬੀ ਪੰਚਾਇਤ ਵਿੱਚ ਕੋਈ ਅਹੁਦੇਦਾਰ ਰਹੀ ਹੈ। ਸਰਪੰਚ ਆਖਣ ਲੱਗਿਆ, “ਬੀਬੀ ਕਿਤੇ ਕੋਈ ਅਹੁਦੇਦਾਰ ਨਹੀਂ ਰਹੀ ਪਰ ਜੇ ਉਹ ਨਾ ਹੁੰਦੀ ਤਾਂ ਸਾਡੇ ਪਿੰਡ ਦੀਆਂ ਧੀਆਂ ਭੈਣਾਂ ਉਚੇਰੀ ਵਿੱਦਿਆ ਹਾਸਲ ਨਹੀਂ ਕਰ ਸਕਦੀਆਂ ਸਨ। ਇਸਦੇ ਉਪਰਾਲੇ ਸਦਕਾ ਸਾਡੇ ਇੱਥੇ ਕੁੜੀਆਂ ਪੜ੍ਹ ਲਿਖ ਕੇ ਕਾਲਜਾਂ ਤਕ ਅੱਪੜ ਗਈਆਂ। ਨਹੀਂ ਕੀਹਦੀ ਮਜ਼ਾਲ ਤੀ ਕੋਈ ਆਪਣੀ ਕੁੜੀ ਨੂੰ ਪੜ੍ਹਾ ਲੈਂਦਾ?”
ਮੈਂ ਉਤਾਵਲਾ ਹੁੰਦਿਆਂ ਕਿਹਾ, “ਸਰਪੰਚ ਸਾਹਿਬ ਬੁਝਾਰਤਾਂ ਨਾ ਪਾਓ, ਅਸਲੀ ਗੱਲ ਦੱਸੋ।”
ਅਸੀਂ ਬੀਬੀ ਬਾਰੇ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਾ ਰਹੇ ਸੀ। ਸਰਪੰਚ ਨੇ ਮੰਜੇ ’ਤੇ ਥੋੜ੍ਹਾ ਜਿਹਾ ਸਿੱਧਾ ਹੋ ਕੇ ਬੀਬੀ ਨੂੰ ਹਾਕ ਮਾਰ ਲਈ। ਬੀਬੀ ਵੀ ਸੋਟੀ ਫੜ ਕੇ ਸਾਡੇ ਵੱਲ ਆਉਣ ਲੱਗ ਪਈ। ਸਰਪੰਚ ਨੇ ਆਪਣੇ ਮੰਜੇ ਕੋਲ ਬੀਬੀ ਨੂੰ ਬਿਠਾ ਲਿਆ। ਸਰਪੰਚ ਕਹਿਣ ਲੱਗਿਆ ਕਿ ਭਾਈ ਸਾਹਿਬ ਸਾਡੇ ਪਿੰਡ ਸਿਰਫ਼ ਪ੍ਰਾਇਮਰੀ ਸਕੂਲ ਹੈ। ਅਗਲੇਰੀ ਪੜ੍ਹਾਈ ਲਈ ਨਿਆਣਿਆਂ ਨੂੰ ਨਾਲ ਦੇ ਪਿੰਡ ਵਿੱਚ ਜਾਣਾ ਪੈਂਦਾ। ਉਹ ਸਕੂਲ ਇੱਥੋਂ ਡੇਢ ਕਿਲੋਮੀਟਰ ਦੂਰ ਹੈ। ਮੁੰਡੇ ਤਾਂ ਅੱਗੇ ਪੜ੍ਹਨ ਲਈ ਦੂਜੇ ਪਿੰਡ ਵਿੱਚ ਚਲੇ ਜਾਂਦੇ ਸੀ ਪਰ ਕੁੜੀਆਂ ਨੂੰ ਕੋਈ ਡਰ ਦਾ ਮਾਰਾ ਅੱਗੇ ਪੜ੍ਹਾਉਂਦਾ ਹੀ ਨਹੀਂ ਸੀ। ਬੀਬੀ ਨੇ ਕੁੜੀਆਂ ਨੂੰ ਆਪ ਤੁਰ ਕੇ ਸਕੂਲ ਲੈ ਕੇ ਜਾਣਾ ਤੇ ਛੁੱਟੀ ਵੇਲੇ ਲੈ ਕੇ ਆਉਣਾ। ਇਹਦੇ ਕੁੜੀਆਂ ਨਾਲ ਜਾਣ ਕਰਕੇ ਮਜ਼ਾਲ ਲੈ ਕਿਸੇ ਦੀ ਕੋਈ ਕੁੜੀਆਂ ਵੱਲ ਖੰਘ ਵੀ ਜਾਵੇ। ... ਜੇ ਕੋਈ ਭੁੱਲ ਭੁਲੇਖੇ ਅਜਿਹੀ ਗਲਤੀ ਕਰਦਾ ਤਾਂ ਬੀਬੀ ਝੱਟ ਆਥਣੇ ਉਹਦੇ ਘਰ ਉਲਾਂਭਾ ਲੈ ਕੇ ਪਹੁੰਚ ਜਾਂਦੀ। ਮੁੰਡੇ ਦੇ ਪਰਿਵਾਰ ਵਾਲੇ ਬੀਬੀ ਦੇ ਕਹੇ ’ਤੇ ਪੂਰਾ ਵਿਸ਼ਵਾਸ ਕਰਦੇ ਤੇ ਆਪਣੇ ਜਿਗਰ ਦੇ ਟੋਟੇ ਦੀ ਖਾਤਰਦਾਰੀ ਉਸ ਦੇ ਸਾਹਮਣੇ ਹੀ ਕਰ ਦਿੰਦੇ। ਕੁੜੀ ਭਾਵੇਂ ਕੋਈ ਸਕੂਲ ਤੋਂ ਛੁੱਟੀ ਕਰ ਲਵੇ ਪਰ ਬੀਬੀ ਨੇ ਕਦੇ ਨਾਗ਼ਾ ਨਾ ਪਾਇਆ। ਪਿੰਡ ਵਿੱਚ ਕੋਈ ਕਾਰਜ ਹੋਣ ਦੇ ਬਾਵਜੂਦ ਬੀਬੀ ਕੁੜੀਆਂ ਨੂੰ ਲਿਆਉਣਾ ਤੇ ਛੱਡਣਾ ਨਾ ਭੁੱਲਦੀ। ... ਹੁਣ ਭਾਵੇਂ ਸਾਡੇ ਪਿੰਡ ਵੱਡਾ ਸਕੂਲ ਬਣ ਰਿਹਾ ਹੈ ਪਰ ਇਸ ਬੀਬੀ ਦੀ ਬਦੌਲਤ ਸਾਡੇ ਪਿੰਡ ਦੀ ਪੜ੍ਹਿਆਂ ਲਿਖਿਆਂ ਵਿੱਚ ਗਿਣਤੀ ਹੋ ਰਹੀ ਹੈ। ਜਿਹੜੀ ਕੁੜੀ ਦੇ ਤੁਸੀਂ ਵਿਆਹ ਵਿੱਚ ਆਏ ਹੋਏ ਹੋ, ਇਹ ਪਰਿਵਾਰ ਵੀ ਕੁੜੀ ਨੂੰ ਅੱਗੇ ਪੜ੍ਹਾ ਕੇ ਰਾਜ਼ੀ ਨਹੀਂ ਸੀ। ਬੀਬੀ ਦੀ ਦਲੇਰੀ ਕਾਰਨ ਇਹ ਸਹਿਮਤ ਹੋ ਗਿਆ। ...”
ਸਰਪੰਚ ਭਾਵੁਕ ਹੁੰਦਾ ਹੋਇਆ ਕਹਿਣ ਲੱਗਿਆ, “ਬੀਬੀ ਦੇ ਸਹਾਰੇ ਮੇਰੀਆਂ ਦੋਵੇਂ ਭੈਣਾਂ ਬੀਏ ਕਰ ਗਈਆਂ ਸਨ। ਅੱਜ ਉਹ ਸਰਕਾਰੀ ਨੌਕਰੀਆਂ ਕਰ ਰਹੀਆਂ ਨੇ ਤੇ ਆਪਣੇ ਸਹੁਰੇ ਘਰ ਸੁਖੀ ਵਸ ਰਹੀਆਂ ਹਨ।”
ਅਸੀਂ ਚਾਰੋਂ ਜਣੇ ਬੀਬੀ ਵੱਲ ਦੇਖ ਰਹੇ ਸਾਂ।
ਅਸੀਂ ਜਾਣ ਦੀ ਇਜਾਜ਼ਤ ਲਈ ਤੇ ਬੀਬੀ ਦੇ ਪੈਰਾਂ ਨੂੰ ਹੱਥ ਲਾਏ। ਉਸ ਨੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ।
ਜਦੋਂ ਅਸੀਂ ਕਾਰ ਕੋਲ ਪਹੁੰਚੇ ਤਾਂ ਮੈਂ ਕਿਹਾ, “ਯਾਰ, ਮੈਂ ਜਿਹੜਾ ਸੂਟ ਮਾਮੀ ਲਈ ਲੈ ਕੇ ਆਇਆਂ ਹਾਂ, ਉਹ ਬੀਬੀ ਨੂੰ ਦੇਣਾ ਚਾਹੁੰਦਾ ਹਾਂ।”
ਸਾਰੇ ਸਹਿਮਤ ਹੋ ਗਏ। ਵਾਪਸ ਜਾ ਕੇ ਅਸੀਂ ਬੀਬੀ ਨੂੰ ਸੂਟ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ, “ਬੀਬੀ, ਅਸੀਂ ਇਹ ਸਪੈਸ਼ਲ ਨਹੀਂ ਲਿਆਏ, ਇਹ ਤਾਂ ਮੈਂ ਆਪਣੀ ਮਾਮੀ ਨੂੰ ਦੇਣਾ ਸੀ ਪਰ ਤੇਰੀ ਘਾਲਣਾ ਮਾਮੀ ਨਾਲੋਂ ਕਿਤੇ ਵੱਧ ਹੈ। ਮਾਮੀ ਨੇ ਤਾਂ ਬਚਪਨ ਵਿੱਚ ਸਿਰਫ਼ ਸਾਨੂੰ ਸੱਤ ਅੱਠ ਨਿਆਣਿਆਂ ਨੂੰ ਪੜ੍ਹਨ ਵਿੱਚ ਮਦਦ ਕੀਤੀ ਪਰ ਤੂੰ ਤਾਂ ਸਾਰੇ ਪਿੰਡ ਦੀਆਂ ਕੁੜੀਆਂ ਦਾ ਸਹਾਰਾ ਬਣੀ ਏਂ।”
ਬੀਬੀ ਨੇ ਸੂਟ ਲੈ ਕੇ ਆਪਣੇ ਮੱਥੇ ਨੂੰ ਲਾਇਆ ਤੇ ਦੁਬਾਰਾ ਮਿਲਣ ਲਈ ਕਿਹਾ। ਮੈਂ ਕਿਹਾ, “ਬੀਬੀ, ਜੇ ਤੇਰੇ ਵਰਗੀ ਔਰਤ ਹਰ ਪਿੰਡ ਵਿੱਚ ਹੁੰਦੀ ਤਾਂ ਸਾਡੀ ਮਾਂ ਅਨਪੜ੍ਹ ਨਾ ਕਹਾਉਂਦੀ।”
ਸਾਡੇ ਨਾਨਕੇ ਪਿੰਡ ਦੇ ਲੋਕ ਦੱਸਦੇ ਹੁੰਦੇ ਸਨ ਕਿ ਪਿੰਡ ਵਿੱਚ ਮਾਪਿਆਂ ਨੇ ਡਰ ਦੇ ਮਾਰੇ ਬਹੁਤੀਆਂ ਕੁੜੀਆਂ ਨੂੰ ਪ੍ਰਾਇਮਰੀ ਸਕੂਲ ਤੋਂ ਅੱਗੇ ਨਹੀਂ ਸੀ ਪੜ੍ਹਾਇਆ। ਬੀਬੀ ਅਤੇ ਸਰਪੰਚ ਤੋਂ ਇਜਾਜ਼ਤ ਲੈ ਕੇ ਅਸੀਂ ਉੱਥੋਂ ਤੁਰ ਪਏ।
ਇਸ ਘਟਨਾ ਨੂੰ ਕਈ ਸਾਲ ਬੀਤ ਗਏ ਹਨ ਪਰ ਹੁਣ ਜਦੋਂ ਕਿਸੇ ਪਿੰਡ ਦੀ ਕੁੜੀ ਮੁਕਾਬਲੇ ਵਿੱਚ ਅੱਵਲ ਆਉਂਦੀ ਹੈ ਤਾਂ ਬੀਬੀ ਦੀ ਘਾਲਣਾ ਯਾਦ ਆ ਜਾਂਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3299)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)