“ਉਸ ਨੰਨ੍ਹੀ ਬੱਚੀ ਦਾ ਕੀ ਕਸੂਰ ਹੋਵੇਗਾ, ਜਿਹੜੀ ਵੀਹ ਸਾਲ ...”
(1 ਅਕਤੂਬਰ 2020)
ਕਰੀਬ ਦੋ ਕੁ ਦਹਾਕੇ ਪਹਿਲਾਂ ਮੇਰੇ ਵੀਰ ਦੇ ਵਿਆਹ ਵਿੱਚ ਇੱਕ ਜੋੜਾ ਨੱਚਦਾ ਹੋਇਆ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਰਿਹਾ ਸੀ। ਇਸਦਾ ਕਾਰਨ ਸ਼ਾਇਦ ਉਨ੍ਹਾਂ ਦਾ ਕੱਦ ਵੀ ਸੀ। ਹਰ ਮੇਲੀ ਉਨ੍ਹਾਂ ਨੂੰ ਦੇਖ ਰਿਹਾ ਸੀ। ਅਸਲ ਵਿੱਚ ਵਿਆਹ ਦੀ ਪਾਰਟੀ ਵੇਲੇ ਸਾਰਾ ਮੇਲਾ ਇਸ ਜੋੜੇ ਨੇ ਲੁੱਟ ਲਿਆ ਸੀ। ਇੰਜ ਜਾਪਦਾ ਸੀ ਕਿ ਮੁੰਡਾ ਭੰਗੜੇ ਦਾ ਕਪਤਾਨ ਤੇ ਕੁੜੀ ਗਿੱਧਿਆਂ ਦੀ ਰਾਣੀ ਰਹੀ ਹੋਵੇ। ਦੋਵਾਂ ਦੇ ਕਦਮ ਤੇ ਤਾਲ ਬਰਾਬਰ ਚੱਲ ਰਹੇ ਸਨ। ਇਹ ਮੇਰੀ ਮਾਸੀ ਦਾ ਪੁੱਤ ਤੇ ਨੂੰਹ ਸਨ। ਪਾਰਟੀ ਦੇਰ ਰਾਤ ਤਕ ਚੱਲਦੀ ਰਹੀ। ਹਰ ਰਿਸ਼ਤੇਦਾਰ ਉਨ੍ਹਾਂ ਨੂੰ ਦੇਖ ਕੇ ਮਾਸੀ ਨੂੰ ਆਖ ਰਿਹਾ ਸੀ, ‘ਭੈਣ, ਤੂੰ ਪੁੱਤ ਲਈ ਨੂੰਹ ਬਹੁਤ ਸੋਹਣੀ ਲੱਭੀ ਹੈ।’
ਇਸ ਨੱਚਣ ਵਾਲੇ ਜੋੜੇ ਕੋਲ ਛੋਟੀ ਜਿਹੀ ਬੱਚੀ ਸੀ। ਮਾਸੀ ਨੇ ਉਸ ਨੂੰ ਸਾਂਭਿਆ ਹੋਇਆ ਸੀ। ਵਿਆਹ ਕਈ ਦਿਨ ਚੱਲਿਆ। ਮਗਰੋਂ ਹੌਲੀ-ਹੌਲੀ ਰਿਸ਼ਤੇਦਾਰ ਆਪਣੇ ਘਰਾਂ ਨੂੰ ਜਾਣ ਲੱਗੇ। ਮਾਸੀ ਦੀ ਨੂੰਹ ਤੇ ਵੀ ਪੁੱਤ ਚਲੇ ਗਏ। ਮਾਸੀ ਦੋ ਚਾਰ ਦਿਨ ਰਹਿ ਕੇ ਗਈ। ਸਾਡੀ ਮਾਂ ਨਾ ਹੋਣ ਕਾਰਨ ਮਾਸੀਆਂ, ਮਾਮੀਆਂ ਤੇ ਤਾਈਆਂ ਨੇ ਵਿਆਹ ਦੇ ਚਾਅ-ਲਾਡ ਪੂਰੇ ਕੀਤੇ।
ਮਹੀਨੇ ਕੁ ਮਗਰੋਂ ਮਾਸੀ ਦਾ ਸੁਨੇਹਾ ਆ ਗਿਆ। ਉਸ ਨੇ ਫੋਨ ’ਤੇ ਕਿਹਾ ਕਿ ਪੁੱਤ ਪਰਸੋਂ ਨੂੰ ਆ ਜਾਵੀਂ, ਜ਼ਰੂਰੀ ਕੰਮ ਹੈ। ਮੈਂ ਬਥੇਰਾ ਪੁੱਛਿਆ ਪਰ ਉਨ੍ਹਾਂ ਕੰਮ ਬਾਰੇ ਨਾ ਦੱਸਿਆ। ਨੀਯਤ ਸਮੇਂ ’ਤੇ ਮੈਂ ਸਕੂਟਰ ਲੈ ਕੇ ਮਾਸੀ ਦੇ ਘਰ ਪਹੁੰਚ ਗਿਆ। ਘਰ ਵਿੱਚ ਹੋਰ ਰਿਸ਼ਤੇਦਾਰ ਵੀ ਆਏ ਹੋਏ ਸਨ। ਰਿਸ਼ਤੇਦਾਰਾਂ ਤੇ ਘਰ ਦੇ ਜੀਆਂ ਵਿੱਚ ਮੈਂਨੂੰ ਮਾਸੀ ਦੀ ਨੂੰਹ ਤੇ ਪੋਤੀ ਨਜ਼ਰ ਨਹੀਂ ਆ ਰਹੀ ਸੀ। ਚਾਹ ਪੀਣ ਮਗਰੋਂ ਮੈਂ ਮਾਸੜ ਨੂੰ ਪੁੱਛਿਆ, “ਭਾਬੀ ਤੇ ਭਤੀਜੀ ਦਿਖਾਈ ਨਹੀਂ ਦੇ ਰਹੇ। ਕੀ ਗੱਲ ਵਾਂਢੇ ਗਏ ਹੋਏ ਹਨ?”
ਉਹ ਆਖਣ ਲੱਗੇ, “ਉਨ੍ਹਾਂ ਕਰਕੇ ਹੀ ਅੱਜ ਪੰਚਾਇਤ ਸੱਦੀ ਹੈ। ਪੁੱਤਰ ਤੇ ਨੂੰਹ ਦਾ ਆਪਸ ਵਿੱਚ ਕਲੇਸ਼ ਪੈ ਗਿਆ ਹੈ। ਬਹੂ ਸਾਨੂੰ ਦੇਖ ਕੇ ਰਾਜ਼ੀ ਨਹੀਂ। ਉਹ ਮੁੰਡੇ ਨੂੰ ਵੀ ਚੰਗਾ ਨਹੀਂ ਸਮਝਦੀ। ਉਹ ਲੜ ਕੇ ਪੇਕੇ ਘਰ ਚਲੇ ਗਈ ਹੈ।”
ਮੈਂ ਕਾਫ਼ੀ ਹੈਰਾਨ ਹੋਇਆ। ਅਜੇ ਮਹੀਨਾ ਪਹਿਲਾਂ ਦੀ ਗੱਲ ਸੀ ਕਿ ਵਿਆਹ ਵੇਲੇ ਹਰ ਕੋਈ ਮਾਸੀ ਦੀ ਨੂੰਹ ਤੇ ਪੁੱਤ ਦੀਆਂ ਸਿਫ਼ਤਾਂ ਕਰਦਾ ਨਹੀਂ ਸੀ ਥੱਕਦਾ। ਇਹ ਕੀ ਭਾਣਾ ਵਰਤ ਗਿਆ? ਮਾਸੀ ਦੀ ਕੁੜੀ ਪਹਿਲਾਂ ਹੀ ਵਿਆਹ ਮਗਰੋਂ ਆਪਣੀ ਧੀ ਨਾਲ ਉਨ੍ਹਾਂ ਦੇ ਘਰ ਬੈਠੀ ਸੀ। ਥੋੜ੍ਹੇ ਸਮੇਂ ਬਾਅਦ ਪੰਚਾਇਤ ਜੁੜ ਗਈ। ਮੁੰਡੇ ਦੇ ਸਹੁਰੇ ਪਰਿਵਾਰ ਤੋਂ ਕਈ ਸੱਜਣ ਆਏ ਹੋਏ ਸਨ। ਚਾਹ ਪਾਣੀ ਪੀਣ ਮਗਰੋਂ ਗੱਲਬਾਤ ਸ਼ੁਰੂ ਹੋ ਗਈ। ਸਿਆਣਿਆਂ ਨੇ ਬਥੇਰਾ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਤਾ ਨਹੀਂ ਦੋਵਾਂ ਧਿਰਾਂ ਨੂੰ ਕੀ ਘੋਲ ਕੇ ਪਿਲਾਇਆ ਗਿਆ ਸੀ ਕਿ ਦੋਵੇਂ ਗੱਲ ਭੁੰਜੇ ਨਹੀਂ ਪੈਣ ਦੇ ਰਹੇ ਸਨ। ਮੁੰਡੇ ਵਾਲੇ ਆਪਣੇ ਵਿੱਚ ਕਸੂਰ ਬਰਦਾਸ਼ਤ ਨਹੀਂ ਕਰ ਰਹੇ ਸਨ ਤੇ ਕੁੜੀ ਵਾਲੇ ਆਪਣੇ ਵਿੱਚ। ਇੰਨੇ ਨੂੰ ਕੁੜੀ ਦਾ ਪਿਤਾ ਮੁੰਡੇ ਵਾਲਿਆਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਿਆ, “ਮੈਂ ਤੁਹਾਨੂੰ ਸਾਰਿਆਂ ਨੂੰ ਬੰਦੇ ਦੇ ਪੁੱਤ ਬਣਾ ਕੇ ਹਟੂੰ। ਕੋਰਟ ਵਿੱਚ ਕੇਸ ਪਾ ਕੇ। ਕੁੜੀ ਦਾ ਤਾਂ ਮੈਂ ਹੋਰ ਕਿਤੇ ਵਿਆਹ ਕਰਨਾ ਨਹੀਂ, ਤੁਹਾਡੇ ਮੁੰਡੇ ਦਾ ਵੀ ਹੋਣ ਨਹੀਂ ਦਿੰਦਾ।”
ਇੱਧਰੋਂ ਮਾਸੜ ਤੈਸ਼ ਵਿੱਚ ਆ ਗਿਆ, ਕਹਿਣ ਲੱਗਿਆ, “ਬੰਦਾ ਬਣ ਕੇ ਪਹਿਲਾਂ ਆਪਣੀਆਂ ਗਲਤੀਆਂ ਮੰਨ ਲੈ, ਨਹੀਂ ਤਾਂ ਕੁੜੀ ਨੂੰ ਦੇਹਲੀ ਨਹੀਂ ਵੜਨ ਦਿੰਦਾ।”
ਸਾਰਿਆਂ ਨੇ ਦੋਵਾਂ ਧਿਰਾਂ ਨੂੰ ਬਹੁਤ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਜੇ ਸਾਡੀ ਸੁਣਨੀ ਹੀ ਨਹੀਂ ਸੀ ਤਾਂ ਬੁਲਾਇਆ ਕਿਉਂ ਸੀ? ਕੁੜੀ ਵਾਲੇ ਉੱਠ ਕੇ ਤੁਰ ਪਏ। ਲੋਕਾਂ ਨੇ ਬਥੇਰਾ ਉਨ੍ਹਾਂ ਨੂੰ ਬੈਠਣ ਲਈ ਆਖਿਆ ਪਰ ਉਨ੍ਹਾਂ ਕਿਸੇ ਦੀ ਨਾ ਸੁਣੀ।
ਕੁੜੀ ਵਾਲਿਆਂ ਦੇ ਜਾਣ ਮਗਰੋਂ ਬੈਠਕ ਵਿੱਚ ਘਰ ਦੀਆਂ ਔਰਤਾਂ ਆ ਗਈਆਂ। ਮੁੰਡੇ ਦੇ ਪਰਿਵਾਰ ਵਾਲੇ ਸਾਰੇ ਇੱਕ ਮੁੱਠ ਸਨ ਕਿ ਬਹੂ ਨੂੰ ਲੈ ਕੇ ਨਹੀਂ ਆਉਣਾ, ਚਾਹੇ ਜੋ ਮਰਜ਼ੀ ਹੋ ਜਾਵੇ। ਸਿਆਣੇ ਵਿਅਕਤੀਆਂ ਨੇ ਕਿਹਾ ਕਿ ਇੰਝ ਨਹੀਂ ਕਰੀਦਾ, ਘਰ ਵਿੱਚ ਦੋ ਭਾਂਡੇ ਹੁੰਦੇ ਹੋਣ, ਖੜਕਦੇ ਵੀ ਹਨ। ਇਸ ਲਈ ਪਿਛਲੀਆਂ ਗੱਲਾਂ ਉੱਤੇ ਮਿੱਟੀ ਪਾਓ ਤੇ ਬਹੂ ਨੂੰ ਘਰ ਲਿਆਉਣ ਦੀ ਗੱਲ ਕਰੋ। ਪਰਿਵਾਰ ਵਾਲੇ ਇਸ ਗੱਲ ਲਈ ਰਾਜ਼ੀ ਨਹੀਂ ਸਨ। ਹੌਲੀ-ਹੌਲੀ ਸਾਰੇ ਉੱਠ ਕੇ ਆਪਣੇ ਘਰਾਂ ਨੂੰ ਤੁਰ ਪਏ।
ਮੈਂ ਕਾਫ਼ੀ ਦੇਰ ਤਕ ਮਾਸੜ-ਮਾਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਹਾ ਕਿ ਬਹੂ ਦੇ ਲਿਆਉਣ ਦੀ ਤਾਂ ਤੂੰ ਗੱਲ ਹੀ ਨਾ ਕਰ, ਕੋਈ ਹੋਰ ਗੱਲ ਕਰ। ਥੋੜ੍ਹੀ ਦੇਰ ਬਾਅਦ ਮੈਂ ਜਾਣ ਦੀ ਇਜਾਜ਼ਤ ਲਈ ਤੇ ਸਕੂਟਰ ਚੁੱਕ ਕੇ ਘਰ ਨੂੰ ਚੱਲ ਪਿਆ।
ਘਰ ਆ ਕੇ ਮੈਂ ਸਾਰੀ ਗੱਲ ਪਿਤਾ ਜੀ ਨੂੰ ਦੱਸੀ। ਉਨ੍ਹਾਂ ਮਾਸੀ ਮਾਸੜ ਨੂੰ ਕਾਫ਼ੀ ਲਾਹਨਤਾਂ ਪਾਈਆਂ। ਸਮਾਂ ਆਪਣੀ ਤੋਰ ਚਲਦਾ ਗਿਆ।
ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਕੁੜੀ ਵਾਲਿਆਂ ਨੇ ਪੁਲੀਸ ਨੂੰ ਇਸ ਸਬੰਧੀ ਅਰਜ਼ੀ ਦੇ ਦਿੱਤੀ ਸੀ। ਕੁਝ ਸਮਾਂ ਕੇਸ ਵਿਮੈਨ ਸੈੱਲ ਵਿੱਚ ਚੱਲਿਆ ਤੇ ਮਗਰੋਂ ਦੋਵਾਂ ਧਿਰਾਂ ਦੇ ਨਾ ਮੰਨਣ ਕਾਰਨ ਅਦਾਲਤ ਵਿੱਚ ਚਲੇ ਗਿਆ। ਅਦਾਲਤ ਨੇ ਮੁੰਡੇ ਨੂੰ ਉਸ ਦੀ ਪਤਨੀ ਤੇ ਧੀ ਦਾ ਖਰਚਾ ਦੇਣ ਲਈ ਆਖ ਦਿੱਤਾ। ਕੇਸ ਕਾਫ਼ੀ ਦੇਰ ਹੇਠਲੀ ਅਦਾਲਤ ਵਿੱਚ ਚੱਲਿਆ ਤੇ ਮਗਰੋਂ ਉੱਪਰਲੀ ਵਿੱਚ ਚਲੇ ਗਿਆ।
ਹੁਣ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਵੀਹ ਸਾਲ ਬੀਤ ਗਏ ਹਨ। ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਨੇ ਦੋਵਾਂ ਧਿਰਾਂ ਨੂੰ ਇਕੱਠੇ ਕਰਨ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਮਾਸੜ ਮਾਸੀ ਦੀ ਪੋਤੀ ਹੁਣ ਮੁਟਿਆਰ ਹੋ ਗਈ ਹੋਵੇਗੀ। ਉਹ ਆਪਣੀ ਮਾਂ ਕੋਲ ਹੀ ਹੈ। ਹੁਣ ਮਾਸੜ ਜੀ ਪੂਰੇ ਹੋ ਗਏ ਹਨ ਤੇ ਕੁੜੀ ਵਾਲੇ ਪਰਿਵਾਰ ਵਿੱਚੋਂ ਵੀ ਕਈ ਮੈਂਬਰ ਪ੍ਰਲੋਕ ਸਿਧਾਰ ਗਏ ਹੋਣਗੇ। ਅਜੇ ਤਕ ਮਸਲੇ ਦਾ ਹੱਲ ਨਹੀਂ ਹੋਇਆ। ਮੈਂ ਕਈ ਵਾਰ ਸੋਚਦਾ ਹਾਂ ਕਿ ਉਸ ਨੰਨ੍ਹੀ ਬੱਚੀ ਦਾ ਕੀ ਕਸੂਰ ਹੋਵੇਗਾ, ਜਿਹੜੀ ਵੀਹ ਸਾਲ ਆਪਣੇ ਦਾਦਾ ਦਾਦੀ, ਭੂਆ ਤੇ ਪਿਤਾ ਤੋਂ ਦੂਰ ਰਹੀ। ਦੋਵੇਂ ਧਿਰਾਂ ਇੱਕ ਦੂਜੇ ਨੂੰ ਬੰਦਾ ਬਣਾਉਣ ਦੀਆਂ ਗੱਲਾਂ ਕਰਦੀਆਂ ਸਨ, ਇੰਨਾ ਸਮਾਂ ਬੀਤਣ ਮਗਰੋਂ ਮੈਂਨੂੰ ਅੱਜ ਤਕ ਉਨ੍ਹਾਂ ਵਿੱਚੋਂ ਕੋਈ ਬੰਦਾ ਬਣਿਆ ਜਾਪਦਾ ਨਹੀਂ। ਜੇ ਬੰਦੇ ਬਣ ਜਾਂਦੇ ਤਾਂ ਸ਼ਾਇਦ ਦੋਵੇਂ ਪਾਸੇ ਇੱਕ ਦੂਜੇ ਦੀਆਂ ਗਲਤੀਆਂ ਭੁਲਾ ਕੇ ਬੱਚਿਆਂ ਦੀ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੰਦੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2359)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)