“ਇੱਕ ਛੋਟੇ ਜਿਹੇ ਕਮਰੇ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, “ਇਸ ਕਮਰੇ ਵਿੱਚ”
(21 ਮਈ 2021)
ਪਿਤਾ ਜੀ ਨੂੰ ਪੂਰੇ ਹੋਇਆਂ ਤਿੰਨ ਸਾਲ ਬੀਤ ਗਏ। ਸਮੇਂ ਦਾ ਪਤਾ ਹੀ ਨਾ ਲੱਗਿਆ। ਇੱਕ ਦਿਨ ਘਰ ਦੀ ਸਫ਼ਾਈ ਕਰਦਿਆਂ ਮੈਂ ਪਿਤਾ ਜੀ ਦੇ ਟਰੰਕ ਨੂੰ ਚੁੱਕ ਕੇ ਬਾਹਰ ਲੈ ਆਇਆ। ਇਸ ਵਿੱਚ ਉਹ ਆਪਣੇ ਜ਼ਰੂਰੀ ਕਾਗਜ਼ ਸਾਂਭ ਕੇ ਰੱਖਦੇ ਹੁੰਦੇ ਸਨ। ਉਨ੍ਹਾਂ ਦੇ ਹੁੰਦਿਆਂ ਅਸੀਂ ਘੱਟ ਹੀ ਇਸ ਨੂੰ ਖੋਲ੍ਹਿਆ। ਅੱਜ ਸੋਚਿਆ ਕਿ ਇਸ ਵਿਚਲੇ ਫਾਲਤੂ ਕਾਗਜ਼ਾਂ ਨੂੰ ਬਾਹਰ ਕੱਢ ਦੇਵਾਂ। ਟਰੰਕ ਖੋਲ੍ਹਦੇ ਹੀ ਉਸ ਵਿੱਚ ਤਰਤੀਬ ਅਨੁਸਾਰ ਫਾਈਲਾਂ ਦੇਖ ਕੇ ਉਨ੍ਹਾਂ ਦੀ ਯਾਦ ਤਾਜ਼ਾ ਹੋ ਗਈ। ਮੈਂ ਟਰੰਕ ਵਿਚਲੇ ਸਾਰੇ ਸਾਮਾਨ ਨੂੰ ਕੱਢ ਕੇ, ਸਾਫ਼ ਕਰਕੇ, ਦੁਬਾਰਾ ਰੱਖਣਾ ਸ਼ੁਰੂ ਕੀਤਾ। ਪਹਿਲੀ ਫਾਈਲ ਵਿੱਚ ਪਿਤਾ ਜੀ ਨੇ ਆਪਣੀ ਨੌਕਰੀ ਦੌਰਾਨ ਤਨਖ਼ਾਹ ਵਾਲੀ ਪਲੇਠੀ ਪਰਚੀ ਸਾਂਭ ਕੇ ਰੱਖੀ ਹੋਈ ਸੀ। ਫੇਰ ਅਣਗਿਣਤ ਕਰਜ਼ਿਆਂ ਦੀਆਂ ਰਸੀਦਾਂ ਤਰਤੀਬ ਅਨੁਸਾਰ ਪਈਆਂ ਸਨ। ਹੁਣ ਦੇ ਸਮੇਂ ਅਨੁਸਾਰ ਕਰਜ਼ ਵਾਲੀ ਰਾਸ਼ੀ ਭਾਵੇਂ ਦੱਸਣ ਲੱਗਿਆਂ ਸ਼ਰਮ ਆਉਂਦੀ ਹੈ, ਪਰ ਇਨ੍ਹਾਂ ਨੂੰ ਦੇਖ ਕੇ ਮੇਰੀਆਂ ਅੱਖਾਂ ਨਮ ਹੋ ਰਹੀਆਂ ਸਨ। ਅਖ਼ਬਾਰ ਦੇ ਕਈ ਲੇਖਾਂ ਦੀਆਂ ਕਤਰਾਂ ਤੇ ਕਈ ਨੁਸਖ਼ਿਆਂ ਦੀਆਂ ਕਟਿੰਗਾਂ ਫਾਈਲ ਵਿੱਚ ਪਈਆਂ ਸਨ।
ਜਾਇਦਾਦ ਸਬੰਧੀ ਕਾਗਜ਼ਾਂ ਦੇ ਨਾਲ ਸਾਡੇ ਦੋਵਾਂ ਭਰਾਵਾਂ ਦੇ ਹੱਕ ਵਿੱਚ ਬਣਾਈ ਵਸੀਅਤ ਦੀ ਅਸਲ ਕਾਪੀ ਪਈ ਸੀ। ਸੇਵਾਮੁਕਤੀ ਦੇ ਕਾਗਜ਼ ਅਤੇ ਬੈਂਕ ਦੀਆਂ ਕਾਪੀਆਂ ਦੇਖ ਕੇ ਮੇਰਾ ਰੋਣਾ ਨਿਕਲ ਰਿਹਾ ਸੀ। ਪਿਤਾ ਜੀ ਨੇ ਸ਼ਾਇਦ ਆਪਣੀ ਅੰਗਰੇਜ਼ੀ ਦੀ ਲਿਖਾਈ ਵਧੀਆ ਬਣਾਉਣ ਲਈ ਕਈ ਕਾਪੀਆਂ ਅੰਗਰੇਜ਼ੀ ਅਖ਼ਬਾਰਾਂ ਦੀਆਂ ਖ਼ਬਰਾਂ ਨਾਲ ਲਿਖ ਕੇ ਭਰੀਆਂ ਪਈਆਂ ਸਨ। ਹੁਣ ਜਾਇਦਾਦ ਸਾਡੇ ਦੋਵਾਂ ਭਰਾਵਾਂ ਦੇ ਨਾਮ ਹੋ ਗਈ ਸੀ, ਤੇ ਇਨ੍ਹਾਂ ਵਿੱਚੋਂ ਕਈ ਕਾਗਜ਼ਾਂ ਦੀ ਅਹਿਮੀਅਤ ਨਹੀਂ ਜਾਪਦੀ ਸੀ ਪਰ ਮੇਰੇ ਲਈ ਇਹ ਬੇਸ਼ਕੀਮਤੀ ਖ਼ਜ਼ਾਨਾ ਸੀ। ਮੈਂ ਇਸ ਨੂੰ ਸਾਂਭ ਕੇ ਰੱਖਣਾ ਚਾਹੁੰਦਾ ਸਾਂ। ਦਾਦੀ ਦੱਸਦੀ ਹੁੰਦੀ ਸੀ, “ਤੁਹਾਡੇ ਪਿਤਾ ਜੀ ਦੇ ਜਨਮ ਤੋਂ ਦੋ ਸਾਲ ਮਗਰੋਂ ਤੁਹਾਡੇ ਦਾਦਾ ਜੀ ਗੁਜ਼ਰ ਗਏ। ਘਰ ਵਿੱਚ ਅਤਿ ਦੀ ਗਰੀਬੀ ਸੀ। ਤੁਹਾਡੇ ਪਿਤਾ ਜੀ ਖਰੜ ਖਾਲਸਾ ਸਕੂਲ ਵਿੱਚ ਮੇਰੀ ਚੁੰਨੀ ਸਿਰ ’ਤੇ ਬੰਨ੍ਹ ਕੇ ਜਾਇਆ ਕਰਦੇ ਸੀ। ਗਰੀਬੀ ਹੋਣ ਕਾਰਨ ਘਰ ਵਿੱਚ ਪੱਗ ਖਰੀਦਣੀ ਮੁਸ਼ਕਲ ਸੀ। ਫੇਰ ਤੁਹਾਡੇ ਤਾਇਆ ਜੀ ਨੂੰ ਰੇਲਵੇ ਵਿੱਚ ਨੌਕਰੀ ਮਿਲ ਗਈ। ਹੌਲੀ-ਹੌਲੀ ਘਰ ਦੀ ਸਥਿਤੀ ਸੁਧਰਨ ਲੱਗੀ।”
ਪਿਤਾ ਜੀ ਦਾ ਨਾਮ ਲੈਂਦੀ ਹੋਈ ਦਾਦੀ ਆਖਦੀ ਹੁੰਦੀ, “ਫੇਰ ਰਤਨ ਤੇ ਟੋਡਰ ਮਾਜਰੇ ਵਾਲਾ ਜਾਗਰ ਹਿਸਾਰ ਪੜ੍ਹਨ ਚਲੇ ਗਏ। ਜਾਗਰ ਤਾਂ ਘਰੋਂ ਤਕੜਾ ਸੀ, ਉਸਦੀ ਫੀਸ ਤਾਂ ਵੇਲੇ ਸਿਰ ਪਹੁੰਚ ਜਾਣੀ ਪਰ ਰਤਨ ਦੀ ਫੀਸ ਕਈ ਕਿਸ਼ਤਾਂ ਵਿੱਚ ਜਾਣ ਕਾਰਨ ਨਮੋਸ਼ੀ ਝੱਲਣੀ ਪੈਂਦੀ। ਕੋਰਸ ਕਰਕੇ ਦੋਵਾਂ ਨੂੰ ਨੌਕਰੀ ਮਿਲ ਗਈ। ਇਨ੍ਹਾਂ ਤੋਂ ਪਹਿਲਾਂ ਧੜਾਕ ਆਲੇ ਅਜੈਬ ਨੂੰ ਨੌਕਰੀ ਮਿਲ ਗਈ। ਫੇਰ ਭਾਈ ਇਨ੍ਹਾਂ ਤਿੰਨਾਂ ਨੇ ਦਿਨ ਰਾਤ ਇੱਕ ਕੀਤਾ। ਨਾ ਧੁੱਪ ਦੇਖੀ ਨਾ ਠੰਢ। ...”
ਦਾਦੀ ਨੇ ਸਾਨੂੰ ਕਈ ਵਾਰ ਆਖਣਾ, “ਸਾਨੂੰ ਤਾਂ ਕੋਈ ਰਿਸ਼ਤੇਦਾਰ ਪੈਸੇ ਉਧਾਰ ਨਹੀਂ ਸੀ ਦਿੰਦਾ। ਦਿੰਦਾ ਵੀ ਕਿਵੇਂ, ਅਗਲੇ ਨੂੰ ਮੁੜਨ ਦੀ ਆਸ ਨਹੀਂ ਸੀ ਦਿਖਦੀ। ਇਨ੍ਹਾਂ ਤਿੰਨਾਂ ਦੋਸਤਾਂ ਨੇ ਮਿਲ ਕੇ ਘਰ ਦੀ ਗਰੀਬੀ ਕੱਢੀ।”
ਜਦੋਂ ਮੈਂ ਟਰੰਕ ਵਿੱਚ ਤਰਤੀਬਵਾਰ ਸਾਮਾਨ ਰੱਖ ਰਿਹਾ ਸੀ ਤਾਂ ਇਹ ਸਾਰੀਆਂ ਗੱਲਾਂ ਪਤਾ ਨਹੀਂ ਕਿਉਂ ਚੇਤੇ ਆ ਰਹੀਆਂ ਸਨ। ਦਾਦੀ ਨੂੰ ਗੁਜ਼ਰੇ ਤਿੰਨ ਦਹਾਕੇ ਹੋ ਗਏ ਹਨ। ਸਾਮਾਨ ਰੱਖਣ ਮਗਰੋਂ ਜਦੋਂ ਟਰੰਕ ਬੰਦ ਕੀਤਾ ਤਾਂ ਕਈ ਦਹਾਕੇ ਪਹਿਲਾਂ ਵਾਲੀ ਘਟਨਾ ਯਾਦ ਆ ਗਈ।
ਇੱਕ ਦਿਨ ਬਰਸੀਮ ਵੱਢਣ ਲਈ ਪਿਤਾ ਜੀ ਮੈਂਨੂੰ ਪਿੰਡ ਦੀ ਵਿਚਕਾਰਲੀ ਗਲੀ ਵਿੱਚੋਂ ਲੈ ਕੇ ਜਾ ਰਹੇ ਸਨ। ਮੇਰੇ ਹੱਥ ਵਿੱਚ ਪੱਲੀ ਤੇ ਦਾਤੀ ਸੀ। ਪਹਿਲਾਂ ਅਸੀਂ ਅਕਸਰ ਹੀ ਪਲਸੌਰੇ ਦੀ ਫਿਰਨੀ ਵੱਲ ਨੂੰ ਜਾਂਦੇ ਹੋਏ ਭਗਤਾਂ ਦੇ ਖੇਤਾਂ ਵਿੱਚ ਜਾਂਦੇ ਸਾਂ, ਅੱਜ ਪਤਾ ਨਹੀਂ ਕਿਉਂ ਉਹ ਇੱਧਰ ਨੂੰ ਤੁਰ ਪਏ। ਮੈਂ ਉਨ੍ਹਾਂ ਦੇ ਮਗਰ-ਮਗਰ ਤੁਰਿਆ ਜਾ ਰਿਹਾ ਸੀ। ਮਹਿੰਮੇ ਦੇ ਘਰ ਕੋਲ ਪਹੁੰਚ ਕੇ ਉਹ ਮੈਂਨੂੰ ਅੰਦਰ ਲੈ ਗਏ।
ਇੱਕ ਛੋਟੇ ਜਿਹੇ ਕਮਰੇ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, “ਇਸ ਕਮਰੇ ਵਿੱਚ ਮੈਂ ਤੇ ਤੇਰੇ ਮਾਤਾ ਜੀ ਕਿਰਾਏ ’ਤੇ ਦੋ ਸਾਲ ਰਹੇ। ਜਦੋਂ ਕੋਈ ਰਿਸ਼ਤੇਦਾਰ ਆ ਜਾਣਾ ਤਾਂ ਗੁਆਂਢੀ ਤੋਂ ਮੰਜਾ ਤੇ ਬਿਸਤਰਾ ਮੰਗਣਾ ਪੈਂਦਾ ਸੀ।” ਉਸ ਸਮੇਂ ਪਿਤਾ ਜੀ ਦੀਆਂ ਇਹ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ। ਨਿਆਣ ਮੱਤ ਹੋਣ ਕਾਰਨ ਇਹ ਪਤਾ ਨਹੀਂ ਸੀ ਕਿ ਪਿਤਾ ਜੀ ਅਜਿਹਾ ਦਿਖਾ ਕੇ ਮੈਨੂੰ ਕੀ ਦੱਸਣਾ ਚਾਹੁੰਦੇ ਸਨ। ਮੈਂ ਬਰਸੀਮ ਵੱਢਣ ਲੱਗ ਪਿਆ ਤੇ ਪਿਤਾ ਜੀ ਸਾਗ ਤੋੜਨ। ਥੋੜ੍ਹੀ ਦੇਰ ਬਾਅਦ ਇੱਕ ਭਰੀ ਬਰਸੀਮ ਵੱਢ ਕੇ ਪੱਲੀ ਵਿੱਚ ਪਾ ਲਈ। ਪੱਲੀ ਨੂੰ ਗੱਠ ਪਿਤਾ ਜੀ ਨੇ ਮਾਰੀ। ਮੈਂ ਚੁੱਕਣ ਲਈ ਕਿਹਾ ਪਰ ਉਨ੍ਹਾਂ ਆਪਣੇ ਸਿਰ ’ਤੇ ਭਰੀ ਰੱਖ ਲਈ। ਹੌਲੀ-ਹੌਲੀ ਤੁਰਦਿਆਂ ਪਿਤਾ ਜੀ ਨੇ ਮੈਂਨੂੰ ਕਿਹਾ, “ਆਪਣੀ ਮਿਹਨਤ ਨਾਲ ਕਮਾਇਆ ਪੈਸਾ ਖਾ ਕੇ ਅਨੰਦ ਵੱਖਰਾ ਹੀ ਆਉਂਦਾ ਹੈ। ਇਸ ਲਈ ਵੱਡੇ ਹੋ ਕੇ ਅਜਿਹਾ ਕਰਕੇ ਦੇਖਿਓ।”
ਅਜਿਹੀਆਂ ਗੱਲਾਂ ਉਹ ਕਈ ਵਾਰ ਕਰਦੇ। ਗੱਲਾਂ ਕਰਦੇ ਅਸੀਂ ਘਰ ਪਹੁੰਚ ਗਏ। ਭਰੀ ਮਸ਼ੀਨ ਨੇੜੇ ਸੁੱਟ ਦਿੱਤੀ ਤੇ ਸਾਗ ਮੈਂ ਮੰਜੇ ’ਤੇ ਰੱਖ ਦਿੱਤਾ। ਥੋੜ੍ਹਾ ਚਿਰ ਆਰਾਮ ਕਰਨ ਤੋਂ ਬਾਅਦ ਮੈਂ ਮਾਂ ਨੂੰ ਰੁਗ ਲਾਉਣ ਲਈ ਕਿਹਾ ਤੇ ਖੁਦ ਮਸ਼ੀਨ ਚਲਾਉਣ ਲੱਗ ਪਿਆ। ਟੋਕਾ ਕਰਨ ਮਗਰੋਂ ਮੈਂ ਖੇਡਣ ਲਈ ਘਰੋਂ ਬਾਹਰ ਨਿਕਲ ਗਿਆ। ਅਸਲ ਵਿੱਚ ਖੇਡਣ ਦੇ ਚਾਅ ਵਿੱਚ ਮੈਂ ਹਮੇਸ਼ਾ ਘਰ ਦੇ ਕੰਮ ਛੇਤੀ ਨਿਬੇੜ ਕੇ ਭੱਜਣਾ ਚਾਹੁੰਦਾ ਹੁੰਦਾ ਸੀ। ਮਾਂ ਨੇ ਬਥੇਰੀਆਂ ਹਾਕਾਂ ਮਾਰਨੀਆਂ, ਨਾ ਪਿਤਾ ਜੀ ਦੀਆਂ ਗੱਲਾਂ ਵੱਲ ਧਿਆਨ ਦੇਣਾ ਤੇ ਨਾ ਹੀ ਮਾਤਾ ਦੀ ਕੋਈ ਗੱਲ ਸੁਣਨੀ।
ਪਿੰਡ ਵਿੱਚ ਪਿਤਾ ਜੀ ਦਾ ਵਧੀਆ ਰਸੂਖ਼ ਸੀ। ਉਹ ਪਸ਼ੂ ਪਾਲਣ ਵਿਭਾਗ ਵਿੱਚ ਮੁਲਾਜ਼ਮ ਸਨ। ਪਿੰਡ ਦੇ ਕੀ, ਨੇੜਲੇ ਪਿੰਡਾਂ ਦੇ ਵਾਸੀ ਵੀ ਉਨ੍ਹਾਂ ਕੋਲ ਪਸ਼ੂਆਂ ਦੇ ਇਲਾਜ ਲਈ ਆਉਂਦੇ ਰਹਿੰਦੇ ਸਨ। ਹੁਣ ਸਾਡਾ ਆਪਣਾ ਘਰ ਸੀ।
ਟਰੰਕ ਵਿੱਚੋਂ ਮੈਂ ਨੁਸਖ਼ਿਆਂ ਦੀਆਂ ਕਟਿੰਗਾਂ ਕੱਢ ਕੇ ਬਾਹਰ ਰੱਖ ਲਈਆਂ ਤੇ ਟਰੰਕ ਫੇਰ ਪੁਰਾਣੀ ਥਾਂ ’ਤੇ ਰੱਖ ਦਿੱਤਾ। ਉਸ ਵਿੱਚੋਂ ਕੋਈ ਅਜਿਹੀ ਚੀਜ਼ ਨਾ ਮਿਲੀ, ਜਿਸ ਨੂੰ ਬੇਕਾਰ ਸਮਝ ਕੇ ਸੁੱਟ ਸਕਾਂ। ਪਿਤਾ ਜੀ ਨੇ ਸਖ਼ਤ ਮਿਹਨਤ ਕਰਕੇ ਸਾਰੀ ਉਮਰ ਸਾਨੂੰ ਕਿਸੇ ਚੀਜ਼ ਦੀ ਤੋਟ ਨਾ ਆਉਣ ਦਿੱਤੀ। ਉਸ ਸਮੇਂ ਅਸੀਂ ਮਾਪਿਆਂ ਦੀ ਪ੍ਰਵਾਹ ਨਹੀਂ ਕੀਤੀ, ਹੁਣ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਵੇਲੇ ਪਤਾ ਲਗਦਾ ਹੈ ਕਿ ਮਾਪੇ ਕੀ ਹੁੰਦੇ ਹਨ।
ਅੱਜ ਜਦੋਂ ਪਿੰਡ ਜਾਣ ’ਤੇ ਸਾਨੂੰ ਕੋਈ ਡਾਕਟਰ ਦੇ ਨਿਆਣੇ ਕਹਿ ਕੇ ਬੁਲਾਉਂਦਾ ਹੈ ਤਾਂ ਮਾਣ ਮਹਿਸੂਸ ਹੁੰਦਾ ਹੈ। ਜਿਵੇਂ ਮੇਰੇ ਸਿਰ ’ਤੇ ਭਾਰ ਪਾਉਣ ਦੀ ਥਾਂ ਪਿਤਾ ਜੀ ਬਰਸੀਮ ਜਾਂ ਚਰੀ ਦੀ ਪੰਡ ਚੁੱਕ ਲੈਂਦੇ ਸਨ, ਅੱਜ ਸਾਨੂੰ ਸੁਖਾਲੇ ਕਰਨ ਲਈ ਉਹ ਕਰਜ਼ਿਆਂ ਦੀ ਪੰਡ ਚੁੱਕੀ ਵਾਰ-ਵਾਰ ਚੇਤੇ ਆਉਂਦੇ। ਹੁਣ ਜਦੋਂ ਬੱਚੇ ਆਪਣੀ ਮਿਹਨਤ ਨਾਲ ਕੁਝ ਲੈਣ-ਦੇਣ ਦੀ ਗੱਲ ਕਰਦੇ ਹਨ, ਤਾਂ ਮਨ ਨੂੰ ਤਸੱਲੀ ਹੁੰਦੀ ਹੈ ਕਿ ਪਿਤਾ ਜੀ ਦਾ ਅਸਲ ਖ਼ਜ਼ਾਨਾ ਸਾਡੇ ਕੋਲ ਹੈ। ਉਨ੍ਹਾਂ ਦੀ ਘਾਲਣਾ ਨੂੰ ਵਾਰ-ਵਾਰ ਪ੍ਰਣਾਮ ਕਰਨ ਨੂੰ ਮਨ ਕਰਦਾ ਹੈ। ਪਰ ਜਾਪਦਾ ਹੈ, ਜਿਵੇਂ ਬਹੁਤ ਦੇਰ ਹੋ ਗਈ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2795)
(ਸਰੋਕਾਰ ਨਾਲ ਸੰਪਰਕ ਲਈ: