SupinderSRana7ਉਹ ਕਾਫ਼ੀ ਗੁੱਸੇ ਵਿੱਚ ਆਪਣੇ ਘਰ ਵੜਿਆ ਤੇ ਹੱਥ ਵਿੱਚ ਕਾਗਜ਼ ਤੇ ਪੈੱਨ ...
(5 ਮਈ 2018)

 

ਹੋਲੀ ਦਾ ਦਿਨ ਸੀ। ਵਿਦੇਸ਼ ਤੋਂ ਭਰਾ ਆਇਆ ਹੋਇਆ ਸੀ ਇਸੇ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਅਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਚਲੇ ਗਏ। ਘਰ ਵਿੱਚ ਮੈਂ ਇਕੱਲਾ ਹੀ ਸਾਂ। ਅਸਲ ਵਿੱਚ ਅੱਜ ਘਰ ਦੀ ਰਾਖੀ ਕਰਨ ਵੇਲੇ ਮੈਨੂੰ ਮੇਰੇ ਮਾਪਿਆਂ ਤੇ ਘਰਵਾਲੀ ਦੀ ਯਾਦ ਆਈ ਕਿ ਉਹ ਕਿਵੇਂ ਘਰ ਵਿੱਚ ਇੰਨੀ ਦੇਰ ਇਕੱਲੇ ਰਹਿ ਲੈਂਦੇ ਸਨ। ਇਕੱਲੇ ਵਿਅਕਤੀ ਦਾ ਸਮਾਂ ਵੀ ਬਹੁਤ ਔਖਾ ਨਿਕਲਦਾ ਹੈ। ਦੋ ਤਿੰਨ ਘੰਟੇ ਅਖ਼ਬਾਰਾਂ ਤੇ ਕਿਤਾਬ ਪੜ੍ਹਨ ਮਗਰੋਂ ਮੈਂ ਬਾਹਰ ਵਿਹੜੇ ਵਿੱਚ ਜਾ ਬੈਠਾ। ਸੜਕਾਂ ’ਤੇ ਬੱਚੇ ਤੇ ਨੌਜਵਾਨ ਰੌਲਾ ਪਾਉਂਦੇ ਜਾ ਰਹੇ ਸਨ। ਕਦੇ ਮੋਟਰਸਾਈਕਲਾਂ ਦਾ ਰੌਲਾ ਤੇ ਕਦੇ ਕਾਰਾਂ ਵਿੱਚ ਬੈਠੇ ਨੌਜਵਾਨ ਵਾਜੇ, ਪੀਪਣੀਆਂ ਵਜਾਉਂਦੇ ਜਾ ਰਹੇ ਸਨ। ਇਸ ਦੌਰਾਨ ਆਪਣੇ ਘਰਾਂ ਦੇ ਬਾਹਰ ਖੜ੍ਹੇ ਬੱਚੇ ਰਾਹ ਜਾਂਦਿਆਂ ’ਤੇ ਪਾਣੀ ਦੇ ਗੁਬਾਰੇ ਭਰ ਭਰ ਕੇ ਸੁੱਟ ਰਹੇ ਸਨ। ਇੱਕ ਦੂਜੇ ’ਤੇ ਰੰਗ ਸੁੱਟਣਾ ਮੈਨੂੰ ਬਚਪਨ ਤੋਂ ਹੀ ਚੰਗਾ ਨਹੀਂ ਸੀ ਲਗਦਾ। ਰੌਲਾ ਦੇਖ ਕੇ ਦੁਪਹਿਰੇ ਮੈਂ ਅੰਦਰ ਆਰਾਮ ਕਰਨ ਲਈ ਮੰਜੇ ’ਤੇ ਪੈ ਗਿਆ। ਅਜੇ ਅੱਖ ਲੱਗੀ ਹੀ ਹੋਣੀ ਹੈ ਕਿ ਨਾਲ ਦੇ ਗੁਆਂਢੀ ਦਾ ਫੋਨ ਆ ਗਿਆ। ਉਹ ਆਖਣ ਲੱਗਿਆ ਕਿ ਤੁਸੀਂ ਕਿੱਥੇ ਹੋ? ਮੈਂ ਕਿਹਾ ਕਿ ਮੈਂ ਘਰੇ ਹੀ ਹਾਂ। ਉਸ ਨੇ ਕਿਹਾ ਕਿ ਬਾਹਰ ਆ ਕੇ ਦੇਖੋ, ਐਕਸੀਡੈਂਟ ਹੋਇਆ ਹੈ। ਮੈਂ ਸਿਰ ’ਤੇ ਪਰਨਾ ਲਪੇਟ ਕੇ ਛੇਤੀ ਦੇਣੇ ਘਰੋਂ ਬਾਹਰ ਨਿਕਲ ਗਿਆ

ਘਰ ਦੇ ਨੇੜੇ ਮੋੜ ’ਤੇ ਲੋਕ ਇਕੱਠੇ ਹੋਏ ਖੜ੍ਹੇ ਸਨ। ਮੈਂ ਵੀ ਉਨ੍ਹਾਂ ਕੋਲ ਜਾ ਖੜ੍ਹਿਆ। ਸਾਡੇ ਘਰ ਦੇ ਨੇੜੇ ਰਹਿਣ ਵਾਲਾ ਇੱਕ ਵਿਅਕਤੀ ਕੁਰਸੀ ’ਤੇ ਬੈਠਾ ਸੀ। ਸਕੂਟਰ ਦੀ ਕਾਫ਼ੀ ਮਾੜੀ ਹਾਲਤ ਕੀਤੀ ਹੋਈ ਸੀ। ਪੁੱਛਣ ’ਤੇ ਪਤਾ ਲੱਗਿਆ ਕਿ ਕਾਰ ਨੇ ਸਕੂਟਰ ਵਿੱਚ ਟੱਕਰ ਮਾਰ ਦਿੱਤੀ ਸੀ, ਇਸ ਕਾਰਨ ਸਕੂਟਰ ਸਵਾਰ ਦੂਰ ਜਾ ਡਿੱਗਿਆ ਤੇ ਟੱਕਰ ਵੱਜਣ ਕਾਰਨ ਸਕੂਟਰ ਨੁਕਸਾਨਿਆ ਗਿਆਕਾਰ ਨਾਲ ਵੱਜਣ ਕਰਕੇ ਸਕੂਟਰ ਸਾਡੇ ਗੁਆਂਢੀ ਦੀ ਕਾਰ ਨਾਲ ਟਕਰਾ ਗਿਆ ਜਾਪਦਾ ਸੀ। ਇਸ ਕਾਰਨ ਕਾਰ ਦਾ ਬੰਪਰ ਨੁਕਸਾਨਿਆ ਗਿਆ ਸੀ।

ਕੁਰਸੀ ’ਤੇ ਬੈਠਾ ਵਿਅਕਤੀ ਪਾਣੀ ਪੀ ਰਿਹਾ ਸੀ ਤੇ ਨਾਲ ਹੀ ਆਪਣੀਆਂ ਲੱਤਾਂ ਤੇ ਪਿੱਠ ’ਤੇ ਹੱਥ ਫੇਰ ਰਿਹਾ ਸੀ। ਕਾਰ ਬਾਰੇ ਪੁੱਛਣ ’ਤੇ ਪਤਾ ਲੱਗਿਆ ਕਿ ਮੁਹੱਲੇ ਦੇ ਲੜਕੇ ਹੀ ਵਾਹਨ ਚਲਾ ਰਹੇ ਸਨ। ਜੋ ਮੌਕੇ ਤੋਂ ਗੱਡੀ ਸਣੇ ਫ਼ਰਾਰ ਹੋ ਗਏ। ਕਿਸੇ ਨੇ ਪੁਲੀਸ ਨੂੰ ਫੋਨ ਕਰ ਦਿੱਤਾ ਸੀ। ਇੱਕ ਬੱਚਾ ਕਹਿ ਰਿਹਾ ਸੀ ਕਿ ਟੱਕਰ ਮਾਰਨ ਵਾਲੀ ਕਾਰ ਕਵਾਟਰਾਂ ਦੇ ਅੱਗੇ ਖੜ੍ਹੀ ਹੈ।

ਥੋੜ੍ਹੀ ਦੇਰ ਬਾਅਦ ਪੁਲੀਸ ਦੀ ਗੱਡੀ ਆ ਗਈ। ਦੂਜੇ ਪਾਸਿਓਂ ਪੰਜ ਸੱਤ ਵਿਅਕਤੀ ਤੁਰੇ ਆ ਰਹੇ ਸਨ। ਪੁਲੀਸ ਮੁਲਾਜ਼ਮਾਂ ਨੇ ਆਉਂਦਿਆਂ ਹੀ ਐਕਸੀਡੈਂਟ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਸਕੂਟਰ ਚਾਲਕ ਤੋਂ ਸਕੂਟਰ ਦੇ ਕਾਗਜ਼ ਮੰਗੇ। ਸਕੂਟਰ ਚਾਲਕ ਵੱਲੋਂ ਰਜਿਸਟਰੇਸ਼ਨ ਗੁੰਮ ਹੋਣ ਤੇ ਉਸ ਬਾਬਤ ਐੱਫਆਈਆਰ ਦੀ ਕਾਪੀ ਦਿਖਾਈ ਗਈ। ਪੁਲੀਸ ਮੁਲਾਜ਼ਮ ਸਕੂਟਰ ਚਾਲਕ ਨਾਲ ਬੋਲਚਾਲ ਦੌਰਾਨ ਇੰਜ ਵਰਤਾਓ ਕਰ ਰਹੇ ਸਨ ਜਿਵੇਂ ਹਾਦਸੇ ਦੌਰਾਨ ਇਸ ਨੇ ਗਲਤੀ ਕੀਤੀ ਹੋਵੇ ਤੇ ਇਹ ਹੀ ਕਸੂਰਵਾਰ ਹੋਵੇ।

ਇੰਨੇ ਨੂੰ ਪੰਜ ਸੱਤ ਵਿਅਕਤੀ ਤੁਰੇ ਆਉਂਦੇ ਸਾਡੇ ਕੋਲ ਆ ਗਏ। ਆਉਂਦਿਆਂ ਹੀ ਉਨ੍ਹਾਂ ਵਿੱਚੋਂ ਇੱਕ ਮੋਟਾ ਜਿਹਾ ਵਿਅਕਤੀ ਹੱਥ ਜੋੜ ਕੇ ਖੜ੍ਹ ਗਿਆ ਤੇ ਕਹਿਣ ਲੱਗਿਆ ਕਿ ਮੇਰਾ ਬੱਚਾ ਕਾਰ ਚਲਾ ਰਿਹਾ ਸੀ। ਉਸ ਦੀ ਗਲਤੀ ਦੀ ਮੁਆਫ਼ੀ ਮੈਂ ਤੁਹਾਡੇ ਸਾਰਿਆਂ ਕੋਲੋਂ ਮੰਗਦਾ ਹਾਂ। ਕਈ ਵਿਅਕਤੀ ਕਹਿ ਰਹੇ ਸਨ ਕਿ ਇਹ ਤਾਂ ਗੱਲ ਠੀਕ ਹੈ ਪਰ ਬੱਚੇ ਮੌਕੇ ਤੋਂ ਭੱਜੇ ਕਿਉਂ। ਕੀ ਉਨ੍ਹਾਂ ਦਾ ਫਰਜ਼ ਨਹੀਂ ਬਣਦਾ ਸੀ ਕਿ ਉਹ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲੈ ਕੇ ਜਾਂਦੇ। ਹੱਥ ਜੋੜਨ ਵਾਲਾ ਵਿਅਕਤੀ ਕਹਿਣ ਲੱਗਿਆ ਕਿ ਉਹ ਬੱਚੇ ਸਨ ਤੇ ਡਰ ਗਏ। ਡਰ ਕਾਰਨ ਉਹ ਮੌਕੇ ਤੋਂ ਭੱਜ ਗਏ ਪਰ ਉਨ੍ਹਾਂ ਘਰ ਜਾ ਕੇ ਸਾਰੀ ਗੱਲ ਦੱਸ ਦਿੱਤੀ। ਇਸੇ ਕਾਰਨ ਅਸੀਂ ਇੱਥੇ ਆਏ ਹਾਂ।

ਪੁਲੀਸ ਮੁਲਾਜ਼ਮ ਕਹਿਣ ਲੱਗਿਆ ਕਿ ਦੇਖੋ, ਬੱਚੇ ਦਾ ਪਿਤਾ ਹੱਥ ਜੋੜ ਕੇ ਮਾਫੀ ਮੰਗ ਰਿਹਾ ਹੈ। ਇਹ ਹੀ ਬਹੁਤ ਵੱਡੀ ਗੱਲ ਹੈ। ਜੇ ਭਲਾ ਕਾਰ ਵਾਲਾ ਹਿੱਟ ਕੇ ਭੱਜ ਜਾਂਦਾ ਤੇ ਮਗਰੋਂ ਉਸ ਦਾ ਪਤਾ ਹੀ ਨਾ ਲਗਦਾ ਤਾਂ ਫੇਰ ਕੀ ਕਰਦੇ। ਪੁਲੀਸ ਮੁਲਾਜ਼ਮ ਕਹਿਣ ਲੱਗਿਆ ਕਿ ਤੁਸੀਂ ਕਾਰਵਾਈ ਚਾਹੁੰਦੇ ਹੋ। ਪੁਲੀਸ ਚੌਕੀ ਵਿੱਚ ਜਾ ਕੇ ਵੀ ਖੱਜਲਖੁਆਰੀ ਹੀ ਹੋਣੀ ਹੈ। ਜੇ ਕਹੋਂ ਤਾਂ ਤੁਹਾਡਾ ਆਪਸ ਵਿੱਚ ਰਾਜ਼ੀਨਾਮਾ ਕਰਵਾ ਦਿੰਦੇ ਹਾਂ। ਜਿੰਨਾ ਤੁਹਾਡਾ ਨੁਕਸਾਨ ਹੋਇਆ ਹੈ, ਉਹ ਕਾਰ ਵਾਲੇ ਤੋਂ ਦਿਵਾ ਦਿੰਦੇ ਹਾਂ।

ਸਕੂਟਰ ਚਾਲਕ ਨੂੰ ਪਹਿਲਾਂ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ

ਇੰਨੇ ਨੂੰ ਸਕੂਟਰ ਵਾਲੇ ਦੀ ਘਰਵਾਲੀ ਵੀ ਆ ਗਈ ਸੀ। ਉਹ ਵੀ ਆਪਣੇ ਘਰਵਾਲੇ ਤੋਂ ਪੁੱਛ ਰਹੀ ਸੀ ਕਿ ਤੁਸੀਂ ਠੀਕ ਹੋ? ਸਕੂਟਰ ਚਾਲਕ ਨਾਲੇ ਪਿੱਠ ਨੂੰ ਹੱਥ ਨਾਲ ਦਬਾ ਰਿਹਾ ਸੀ ਤੇ ਨਾਲ ਹੀ ਆਖ ਰਿਹਾ ਸੀ ਕਿ ਮੇਰਾ ਤਾਂ ਸਕੂਟਰ ਠੀਕ ਕਰਵਾ ਦਿਓ।

ਭੀੜ ਵਿੱਚੋਂ ਇੱਕ ਹੋਰ ਆਵਾਜ਼ ਆਈ, “ਅੰਕਲ ਜੀ, ਇਹ ਤਾਂ ਲੋਹਾ ਹੈ, ਕੁੱਟ ਕੇ ਠੀਕ ਹੋ ਜਾਵੇਗਾ, ਤੁਸੀਂ ਦੱਸੋ, ਪਹਿਲਾਂ ਤੁਹਾਨੂੰ ਹਸਪਤਾਲ ਲੈ ਕੇ ਚੱਲੀਏ?”

ਇਹ ਸੁਣ ਕੇ ਪੁਲੀਸ ਵਾਲਾ ਵੀ ਹਸਪਤਾਲ ਜਾਣ ਦੀ ਹਾਮੀ ਭਰਨ ਲੱਗਿਆ ਪਰ ਦੂਜਾ ਪੁਲੀਸ ਵਾਲਾ ਬੋਲਿਆ ਕਿ ਜੇ ਤੁਸੀਂ ਠੀਕ ਹੋ ਤਾਂ ਰਾਜ਼ੀਨਾਮਾ ਕਰ ਲਵੋਸਕੂਟਰ ਚਾਲਕ ਦੀ ਪਤਨੀ ਆਖਣ ਲੱਗੀ ਕਿ ਅਸੀਂ ਹੋਰ ਕੁਝ ਨਹੀਂ ਚਾਹੁੰਦੇ, ਤੁਸੀਂ ਸਾਡਾ ਸਕੂਟਰ ਠੀਕ ਕਰਵਾ ਦਿਓ।

ਪੁਲੀਸ ਵਾਲੇ ਰਾਜ਼ੀਨਾਮੇ ਦੀਆਂ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਸਾਡਾ ਗੁਆਂਢੀ ਆਪਣੇ ਵਾਹਨ ਦੇ ਨੁਕਸਾਨ ਦੀ ਗੱਲ ਕਰਨ ਲੱਗ ਪਿਆ। ਉਸ ਨੂੰ ਕਈਆਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਕਾਰ ਦਾ ਨੁਕਸਾਨ ਭਾਵੇਂ ਦੇਖਣ ਵਾਲੇ ਨੂੰ ਥੋੜ੍ਹਾ ਹੀ ਜਾਪਦਾ ਸੀ ਪਰ ਅਸਲ ਖਰਚ ਬਾਰੇ ਉਹੀ ਜਾਣਦਾ ਸੀ। ਉਹ ਕਹਿਣ ਲੱਗਿਆ ਕਿ ਤੁਸੀਂ ਸਕੂਟਰ ਦੇ ਨੁਕਸਾਨ ਦੀ ਤਾਂ ਗੱਲ ਕਰ ਰਹੋ ਪਰ ਮੇਰੇ ਵਾਹਨ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਉਹ ਕਾਫ਼ੀ ਗੁੱਸੇ ਵਿੱਚ ਆਪਣੇ ਘਰ ਵੜਿਆ ਤੇ ਹੱਥ ਵਿੱਚ ਕਾਗਜ਼ ਤੇ ਪੈੱਨ ਲੈ ਆਇਆ। ਉਸ ਨੇ ਕਿਹਾ ਕਿ ਜੇ ਹੋਰ ਕੋਈ ਸ਼ਿਕਾਇਤ ਨਹੀਂ ਕਰਦਾ ਤਾਂ ਮੈਂ ਲਿਖ ਕੇ ਦੇਣ ਲਈ ਤਿਆਰ ਹਾਂ।

ਸਭ ਉਸ ਉੱਤੇ ਦਬਾਅ ਪਾਉਣ ਲੱਗੇ। ਹਰ ਕੋਈ ਕਹਿ ਰਿਹਾ ਸੀ ਕਿ ਛੱਡੋ ਜੀ, ਤੁਹਾਡੇ ਵਾਹਨ ਦੇ ਨੁਕਸਾਨ ਦੀ ਭਰਪਾਈ ਕਰਵਾ ਦੇਵਾਂਗੇ। ਹੁਣ ਤੁਸੀਂ ਰਾਜ਼ੀਨਾਮੇ ਦੀ ਗੱਲ ਕਰੋ, ਬੱਸ। ਸਾਡਾ ਗੁਆਂਢੀ ਕਹਿਣ ਲੱਗਿਆ ਕਿ ਕਿਸੇ ਨੇ ਮੌਕੇ ’ਤੇ ਉਨ੍ਹਾਂ ਬੱਚਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਇਹ ਗਲਤੀ ਕੀਤੀ ਹੈ? ਸਗੋਂ ਉਸ ਦਾ ਪਿਤਾ ਹੱਥ ਜੋੜ ਕੇ ਮੁਆਫ਼ੀ ਮੰਗ ਰਿਹਾ ਹੈ। ਘੱਟੋ ਘੱਟ ਬੱਚਿਆਂ ਨੂੰ ਮੌਕੇ ’ਤੇ ਬੁਲਾਓ ਤਾਂ ਜੋ ਉਨ੍ਹਾਂ ਨੂੰ ਮਹਿਸੂਸ ਹੋਵੇ ਕਿ ਉਨ੍ਹਾਂ ਦੀ ਬਦੌਲਤ ਅੱਜ ਉਨ੍ਹਾਂ ਦੇ ਪਿਤਾ ਨੂੰ ਸਾਰਿਆਂ ਸਾਹਮਣੇ ਹੱਥ ਜੋੜ ਕੇ ਖੜ੍ਹਨਾ ਪੈ ਰਿਹਾ ਹੈ।

ਉਸਦੀਆਂ ਗੱਲਾਂ ਭੀੜ ਨੇ ਅਣਸੁਣੀਆਂ ਕਰ ਦਿੱਤੀਆਂ। ਥੋੜ੍ਹੀ ਦੇਰ ਬਾਅਦ ਰਾਜ਼ੀਨਾਮਾ ਹੋ ਗਿਆ। ਪੁਲੀਸ ਮੁਲਾਜ਼ਮ ਸਾਡੇ ਗੁਆਂਢੀ ਨੂੰ ਚੰਗਾ ਨਹੀਂ ਸਮਝ ਰਹੇ ਸਨ। ਭੀੜ ਵੀ ਰਾਜ਼ੀਨਾਮੇ ਨੂੰ ਚੰਗਾ ਸਮਝ ਰਹੀ ਸੀ।

ਰਾਜ਼ੀਨਾਮੇ ਮਗਰੋਂ ਸਾਰੇ ਆਪੋ ਆਪਣੇ ਘਰਾਂ ਨੂੰ ਤੁਰ ਪਏ।

ਹੁਣ ਜਦੋਂ ਗਲੀ ਮੁਹੱਲੇ ਦੀਆਂ ਸੜਕਾਂ ’ਤੇ ਛੋਟੇ-ਛੋਟੇ ਬੱਚੇ ਵਾਹਨਾਂ ਨੂੰ ਤੇਜ਼ ਭਜਾਈ ਜਾਂਦੇ ਹਨ ਤਾਂ ਮੈਨੂੰ ਜਾਪਦਾ ਇਸ ਸਭ ਕਾਸੇ ਲਈ ਆਪਾਂ ਸਾਰੇ ਕਸੂਰਵਾਰ ਹਾਂਜੇ ਕੋਈ ਇਸ ਨੂੰ ਸੁਧਾਰਨਾ ਚਾਹੁੰਦਾ ਹੈ ਤਾਂ ਉਸ ਦੀ ਹਮਾਇਤ ਲਈ ਸਾਡੇ ਵਿੱਚੋਂ ਕੋਈ ਅੱਗੇ ਨਹੀਂ ਆਉਂਦਾ।

*****

(1140)

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)