“ਆਪਣੇ ਆਪ ਨੂੰ ਅਸੀਂ ਸੰਸਾਰ ਦੇ ਸਭ ਤੋਂ ਵੱਧ ਧਾਰਮਿਕ ਰੁਚੀ ...”
(29 ਜਨਵਰੀ 2025)
ਲੋਕਰਾਜ ਦੀ ਸਫ਼ਲਤਾ ਜਿੱਥੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਨਿਰਭਰ ਕਰਦੀ ਹੈ, ਉੱਥੇ ਲੋਕਾਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ। ਪੰਜ ਸਾਲ ਪਿੱਛੋਂ ਵੋਟ ਪਾਉਣ ਨਾਲ ਸਾਡੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ ਸਗੋਂ ਆਪਣੀ ਸਰਕਾਰ ਅਤੇ ਆਪਣੇ ਚੌਗਿਰਦੇ ਉੱਤੇ ਨਜ਼ਰ ਰੱਖਣਾ ਵੀ ਸ਼ਹਿਰੀਆਂ ਦੀ ਜ਼ਿੰਮੇਵਾਰੀ ਹੈ। ਚੌਗਿਰਦੇ ਨੂੰ ਸਾਫ਼ ਰੱਖਣਾ, ਮਿਲਾਵਟਖੋਰੀ ਨਾ ਕਰਨਾ, ਇਮਾਨਦਾਰੀ ਅਤੇ ਕਾਨੂੰਨ ਦੀ ਸੰਜੀਦਗੀ ਨਾਲ ਪਾਲਣਾ ਕਰਨਾ ਹਰੇਕ ਨਾਗਰਿਕ ਲਈ ਜ਼ਰੂਰੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡਾ ਦੇਸ਼ ਪ੍ਰਾਚੀਨ ਸੱਭਿਅਤਾ ਦਾ ਮਾਲਕ ਹੈ। ਇਸ ਉੱਤੇ ਅਸੀਂ ਮਾਣ ਵੀ ਬਹੁਤ ਕਰਦੇ ਹਾਂ ਪਰ ਇਹ ਵੀ ਸੱਚ ਹੈ ਕਿ ਸਾਡੇ ਦੇਸ਼ ਦਾ ਨਾਂ ਸਭ ਤੋਂ ਗੰਦੇ ਦੇਸ਼ਾਂ ਵਿੱਚ ਸ਼ੁਮਾਰ ਹੈ। ਹਰ ਪਾਸੇ ਗੰਦਗੀ ਦੇ ਢੇਰ ਸਵਾਗਤ ਕਰਦੇ ਹਨ। ਸਦੀਆਂ ਦੀ ਗੁਲਾਮੀ ਨੇ ਸਾਡੇ ਵਿੱਚੋਂ ਆਪਣੇ ਆਪ ਅਤੇ ਆਪਣੇ ਦੇਸ਼ ਉੱਤੇ ਮਾਣ ਕਰਨਾ ਭੁਲਾ ਦਿੱਤਾ ਸੀ। ਵਿਦੇਸ਼ਾਂ ਦੇ ਮੁਕਾਬਲੇ ਅਸੀਂ ਆਪਣੇ ਦੇਸ਼, ਬੋਲੀ ਅਤੇ ਸੱਭਿਅਤਾ ਨੂੰ ਘਟੀਆ ਸਮਝਣ ਲੱਗ ਪਏ ਹਾਂ। ਸੰਸਾਰ ਨੂੰ ਸਲੀਕੇ ਦਾ ਪਾਠ ਪੜ੍ਹਾਉਣ ਵਾਲਾ ਦੇਸ਼ ਆਪ ਸਲੀਕਾ ਵਿਹੂਣਾ ਹੋ ਗਿਆ ਹੈ। ਲੋਕਰਾਜ ਵਿੱਚ ਸਰਕਾਰ ਤੋਂ ਵੀ ਵੱਧ ਜ਼ਿੰਮੇਵਾਰੀ ਲੋਕਾਂ ਦੀ ਹੁੰਦੀ ਹੈ। ਕਾਇਦੇ ਕਾਨੂੰਨ ਦੀ ਪਾਲਣਾ ਕਰਾਉਣਾ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੋ ਜਾਂਦਾ ਹੈ। ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣਾ, ਸੜਕ ਸਲੀਕੇ ਦੀ ਪਾਲਣਾ ਕਰਨਾ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਦੋਂ ਤਕ ਲੋਕ ਆਪਣਾ ਯੋਗਦਾਨ ਨਹੀਂ ਪਾਉਂਦੇ, ਉਦੋਂ ਤਕ ਸਵੱਛ ਭਾਰਤ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ।
ਪੰਜਾਬ ਨੂੰ ਦੇਸ਼ ਦਾ ਵਿਕਸਿਤ ਸੂਬਾ ਮੰਨਿਆ ਜਾਂਦਾ ਹੈ। ਸ਼ਹਿਰਾਂ ਅਤੇ ਪਿੰਡਾਂ ਵਿੱਚ ਸਾਰੇ ਪਾਸੇ ਪੱਕੇ ਮਕਾਨ, ਬਿਜਲੀ, ਪਾਣੀ ਦੀ ਸਹੂਲਤ ਅਤੇ ਪੱਕੀਆਂ ਸੜਕਾਂ, ਵਧੀਆ ਦਿੱਖ ਪ੍ਰਦਾਨ ਕਰਦੇ ਹਨ ਪਰ ਚੌਗਿਰਦੇ ਦੀ ਸਾਫ ਸਫਾਈ ਦੀ ਘਾਟ ਇੱਥੇ ਵੀ ਰੜਕਦੀ ਹੈ। ਗਲੀਆਂ ਅਤੇ ਸੜਕਾਂ ਕੰਢੇ ਕੂੜੇ ਦੇ ਢੇਰ ਨਜ਼ਰ ਆਉਂਦੇ ਹਨ। ਜਿੱਥੇ ਕਿਸੇ ਦਾ ਮਨ ਕਰੇ ਖਾਲੀ ਲਿਫਾਫੇ, ਕਾਗਜ਼, ਫਲਾਂ ਦੇ ਛਿਲਕੇ ਸੁੱਟ ਦਿੰਦਾ ਹੈ ਤੇ ਥੁੱਕ ਸੁੱਟ ਦਿੰਦਾ ਹੈ। ਚੌਗਿਰਦੇ ਦੀ ਗੰਦਗੀ ਨਾਲ ਇੱਥੋਂ ਦਾ ਵਾਤਾਵਰਣ ਵੀ ਪਲੀਤ ਹੋ ਗਿਆ ਹੈ। ਪਵਨ, ਪਾਣੀ ਅਤੇ ਧਰਤੀ ਪ੍ਰਦੂਸ਼ਿਤ ਹੋ ਰਹੇ ਹਨ। ਕੁਦਰਤ ਦੇ ਰੂਪ ਵਿੱਚ ਕਾਦਰ ਦੀ ਇਸ ਸੰਸਾਰ ਨੂੰ ਸਭ ਤੋਂ ਵੱਡੀ ਦੇਣ ਹਵਾ, ਪਾਣੀ ਅਤੇ ਧਰਤੀ ਦੀ ਹੈ। ਅਸਲ ਵਿੱਚ ਇਨ੍ਹਾਂ ਤਿੰਨਾਂ ਬਗੈਰ ਜੀਵਨ ਅਸੰਭਵ ਹੈ। ਇਸੇ ਕਰਕੇ ਮੁੱਢ ਕਦੀਮ ਤੋਂ ਮਨੁੱਖ ਇਨ੍ਹਾਂ ਨੂੰ ਪਵਿੱਤਰ ਮੰਨਦਾ ਆ ਰਿਹਾ ਹੈ ਅਤੇ ਇਨ੍ਹਾਂ ਦੀ ਪੂਜਾ ਕਰਦਾ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਪਵਨੁ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ।
ਇਸੇ ਕਰਕੇ ਸਾਡੇ ਵਡੇਰੇ ਇਨ੍ਹਾਂ ਦੀ ਪੂਜਾ ਕਰਦੇ ਸਨ। ਆਧੁਨਿਕਤਾ ਦੇ ਪ੍ਰਭਾਵ ਹੇਠ ਅਸੀਂ ਇਸ ਨੂੰ ਅੰਧ-ਵਿਸ਼ਵਾਸ ਆਖਣਾ ਸ਼ੁਰੂ ਕਰ ਦਿੱਤਾ ਹੈ। ਚੌਗਿਰਦੇ ਦੀ ਸਾਂਭ-ਸੰਭਾਲ, ਹਵਾ, ਪਾਣੀ ਤੇ ਧਰਤੀ ਦੀ ਸ਼ੁੱਧਤਾ ਬਣਾਈ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਸੀਂ ਇਹ ਆਖਣ ਲੱਗ ਪਏ ਹਾਂ ਕਿ ਇਹ ਕੰਮ ਸਰਕਾਰ, ਨਗਰ ਕਾਊਂਸਲ ਜਾਂ ਪਿੰਡ ਦੀ ਪੰਚਾਇਤ ਦਾ ਹੈ। ਲੋਕ ਰਾਜ ਵਿੱਚ ਜਿੱਥੇ ਸ਼ਹਿਰੀਆਂ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ, ਉੱਥੇ ਉਨ੍ਹਾਂ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਹਨ। ਸਭ ਤੋਂ ਵੱਡੀ ਜ਼ਿੰਮੇਵਾਰੀ ਚੌਗਿਰਦੇ ਦੀ ਸਾਂਭ-ਸੰਭਾਲ ਕਰਨਾ ਹੈ ਅਤੇ ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਵਿੱਚ ਯੋਗਦਾਨ ਪਾਉਣਾ ਹੈ। ਇਸਦਾ ਫਾਇਦਾ ਸਾਨੂੰ ਸਾਰਿਆਂ ਨੂੰ ਹੈ। ਸਾਫ ਸੁਥਰੇ ਚੌਗਿਰਦੇ ਵਿੱਚ ਰਹਿਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਸਾਹ ਲੈਣ ਲਈ ਸਾਫ ਹਵਾ ਪ੍ਰਾਪਤ ਹੋਵੇਗੀ ਅਤੇ ਵਧੀਆ ਚੌਗਿਰਦਾ ਮਨ ਨੂੰ ਅਨੰਦਿਤ ਕਰੇਗਾ, ਉਤਸ਼ਾਹ ਵਿੱਚ ਵਾਧਾ ਹੋਵੇਗਾ ਤੇ ਚੜ੍ਹਦੀ ਕਲਾ ਦਾ ਅਹਿਸਾਸ ਹੋਵੇਗਾ। ਮਨੁੱਖ ਦੀ ਕਾਰਗੁਜ਼ਾਰੀ ਵੱਧ ਤੇ ਵਧੀਆ ਹੋ ਸਕੇਗੀ।
ਗੰਦੇ ਚੌਗਿਰਦੇ ਅਤੇ ਪ੍ਰਦੂਸ਼ਿਤ ਵਾਤਾਵਰਣ ਕਾਰਨ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਇੱਕ ਅੰਦਾਜ਼ੇ ਅਨੁਸਾਰ ਹਰ ਸਾਲ 40 ਹਜ਼ਾ ਲੋਕ ਅਜਿਹੀਆਂ ਬਿਮਾਰੀਆਂ ਨਾਲ ਮਰਦੇ ਹਨ, ਜਿਹੜੀਆਂ ਪ੍ਰਦੂਸ਼ਣ ਨਾਲ ਫੈਲਦੀਆਂ ਹਨੲ। ਕੋਈ ਦੋ ਕਰੋੜ ਲੋਕ ਇਨ੍ਹਾਂ ਦਾ ਸ਼ਿਕਾਰ ਹਨ। ਇਹ ਆਮ ਵੇਖਿਆ ਜਾਂਦਾ ਹੈ ਕਿ ਬਹੁਤੇ ਲੋਕ ਆਪਣੇ ਘਰ ਨੂੰ ਸਾਫ ਕਰਕੇ ਕੂੜਾ ਬਾਹਰ ਗਲੀ ਜਾਂ ਸੜਕ ’ਤੇ ਸੁੱਟ ਦਿੰਦੇ ਹਨ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਬਾਹਰ ਦੀ ਗੰਦਗੀ ਦੇ ਢੇਰਾਂ ਵਿੱਚੋਂ ਬਿਮਾਰੀਆਂ, ਬਦਬੂ ਅਤੇ ਨਿਰਾਸ਼ਤਾ ਸਾਡੇ ਪੱਲੇ ਵੀ ਪੈਂਦੀ ਹੈ। ਰਾਹ ਚਲਦੇ ਫਲ਼ ਖਾ ਕੇ ਛਿਲਕੇ ਰਾਹ ਵਿੱਚ ਆਮ ਸੁੱਟੇ ਜਾਂਦੇ ਹਨ। ਖਾਲੀ ਲਿਫਾਫਿਆਂ ਅਤੇ ਕਾਗਜ਼ਾਂ ਨਾਲ ਵੀ ਇਹੋ ਕੁਝ ਹੁੰਦਾ ਹੈ। ਰਾਹ ਵਿੱਚ ਥੁੱਕਣਾ ਤੇ ਜਿੱਥੇ ਜੀ ਕੀਤਾ ਆਪਣੇ ਆਪ ਨੂੰ ਹਲਕਾ ਕਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਿਆ ਜਾਂਦਾ ਹੈ।
ਆਪਣੇ ਆਪ ਨੂੰ ਅਸੀਂ ਸੰਸਾਰ ਦੇ ਸਭ ਤੋਂ ਵੱਧ ਧਾਰਮਿਕ ਰੁਚੀ ਵਾਲੇ ਮੰਨਦੇ ਹਾਂ। ਇਸੇ ਅਕੀਦੇ ਅਧੀਨ ਸਾਲ ਵਿੱਚ ਕਈ ਵਾਰ ਨਗਰ ਕੀਰਤਨ ਸ਼ੋਭਾ ਯਾਤਰਾ ਦਾ ਪ੍ਰਬੰਧ ਹੁੰਦਾ ਹੈ। ਇਨ੍ਹਾਂ ਵਿੱਚ ਸ਼ਾਮਿਲ ਸੰਗਤ ਦੀ ਖੂਬ ਸੇਵਾ ਕੀਤੀ ਜਾਂਦੀ ਹੈ। ਥਾਂ ਥਾਂ ਲੰਗਰ ਲਗਾਏ ਜਾਂਦੇ ਹਨ। ਪਰ ਜਦੋਂ ਉੱਥੋਂ ਸੰਗਤ ਅੱਗੇ ਲੰਘ ਜਾਂਦੀ ਹੈ ਤਾਂ ਪਿੱਛੇ ਸੜਕ ਪੇਪਰ ਪਲੇਟਾਂ। ਕੱਪ ਤੇ ਖਾਣ-ਪੀਣ ਦੀਆਂ ਵਸਤਾਂ ਦੀ ਜੂਠ ਨਾਲ ਭਰ ਜਾਂਦੀ ਹੈ। ਇੰਝ ਪੁੰਨ ਕਮਾਉਣ ਦੀ ਥਾਂ ਅਸੀਂ ਗੰਦਗੀ ਖਿਲਾਰ ਦਿੰਦੇ ਹਾਂ। ਸਮਝਦਾਰੀ ਤਾਂ ਇਸ ਵਿੱਚ ਹੈ ਕਿ ਜਿਸ ਸ਼ਰਧਾ ਨਾਲ ਅਸੀਂ ਨਗਰ ਕੀਰਤਨ ਦੇ ਅੱਗੇ ਸਫਾਈ ਕਰਦੇ ਜਾਂਦੇ ਹਾਂ, ਉਸੇ ਤਰ੍ਹਾਂ ਪਿੱਛੇ ਵੀ ਸਫਾਈ ਕਰਦੇ ਜਾਂਈਏ।
ਅਮੀਰ ਗਰੀਬ, ਪੜ੍ਹੇ ਲਿਖੇ ਅਤੇ ਅਨਪੜ੍ਹ ਸਾਰੇ ਹੀ ਚੌਗਿਰਦੇ ਨੂੰ ਗੰਦਾ ਕਰਨ ਵਿੱਚ ਸ਼ਾਮਿਲ ਹਨ। ਕਾਰਖਾਨਿਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਧੂੰਆਂ ਜਿੱਥੇ ਹਵਾ ਨੂੰ ਗੰਧਲਾ ਕਰਦਾ ਹੈ, ਉੱਥੇ ਕਾਰਖਾਨਿਆਂ ਦਾ ਗੰਦਾ ਪਾਣੀ ਦਰਿਆਵਾਂ ਨੂੰ ਗੰਧਲਾ ਕਰਦਾ ਹੈ। ਜਿਹੜੇ ਦਰਿਆਵਾਂ ਵਿੱਚ ਇਸ਼ਨਾਨ ਕਰਨ ਨਾਲ ਸਿਰਫ ਤਨ ਹੀ ਨਹੀਂ, ਮਨ ਵੀ ਸ਼ੁੱਧ ਹੋ ਜਾਂਦਾ ਸੀ, ਉੱਥੇ ਹੁਣ ਮੱਛੀਆਂ ਨੂੰ ਵੀ ਸਾਹ ਲੈਣਾ ਔਖਾ ਹੋ ਗਿਆ ਹੈ। ਜੇਕਰ ਸਾਡਾ ਵਾਹਨ ਧੂੰਆਂ ਮਾਰਦਾ ਹੈ ਤਾਂ ਅਸੀਂ ਇਸ ਨੂੰ ਠੀਕ ਕਰਵਾਉਣ ਦਾ ਯਤਨ ਨਹੀਂ ਕਰਦੇ। ਹੁਣ ਤਾਂ ਕਿਸਾਨ ਵੀ ਪਿੱਛੇ ਨਹੀਂ ਰਹੇ। ਕਣਕ-ਝੋਨੇ ਦੀ ਕਟਾਈ ਮਸ਼ੀਨਾਂ ਨਾਲ ਹੋਣ ਲੱਗ ਪਈ ਹੈ। ਖੇਤ ਵਿੱਚ ਖੜ੍ਹੇ ਨਾੜ ਨੂੰ ਕਾਨੂੰਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਅੱਗ ਲਗਾਈ ਜਾਂਦੀ ਹੈ। ਵਾਤਾਵਰਣ ਵਿੱਚ ਸਾਰੇ ਪਾਸੇ ਧੂੰਆਂ ਫੈਲ ਜਾਂਦਾ ਹੈ।
ਜਨਤਕ ਜਾਇਦਾਦ ਨੂੰ ਲੋਕ ਹੀ ਸਭ ਤੋਂ ਵੱਧ ਗੰਦਾ ਕਰਦੇ ਹਨ। ਜੇਕਰ ਸਾਰੇ ਨਾਗਰਿਕ ਚਾਹੁਣ ਤਾਂ ਦੇਸ਼ ਨੂੰ ਸਵੱਛ ਬਣਾਇਆ ਜਾ ਸਕਦਾ ਹੈ। ਇਹ ਕੋਈ ਮੁਸ਼ਕਿਲ ਕਾਰਜ ਨਹੀਂ ਹੈ। ਲੋੜ ਸਿਰਫ ਆਪਣੇ ਫਰਜ਼ਾਂ ਨੂੰ ਪਛਾਣਨ ਦੀ ਹੈ। ਸਾਫ ਸੁਥਰਾ ਚੌਗਿਰਦਾ ਸਾਡੇ ਲਈ ਹੀ ਗੁਣਕਾਰੀ ਹੈ। ਜੇਕਰ ਚੌਗਿਰਦਾ ਸਾਫ ਸੁਥਰਾ ਹੋਵੇਗਾ ਤਾਂ ਸੈਲਾਨੀ ਵੀ ਵੱਡੀ ਗਿਣਤੀ ਵਿੱਚ ਆਉਣਗੇ। ਇਸ ਨਾਲ ਰੁਜ਼ਗਾਰ ਵਿੱਚ ਵਾਧਾ ਹੋਵੇਗਾ। ਆਪਣੇ ਮੁਹੱਲੇ ਨੂੰ ਸਾਫ ਸੁਥਰਾ ਰੱਖਣ ਦੀ ਜ਼ਿੰਮੇਵਾਰੀ ਮੁਹੱਲਾ ਕਮੇਟੀ ਦੀ ਹੋਣੀ ਚਾਹੀਦੀ ਹੈ। ਮਹੀਨੇ ਵਿੱਚ ਇੱਕ ਵਾਰ ਮੁਹੱਲਾਵਾਸੀਆਂ ਨੂੰ ਰਲ ਕੇ ਮੁਹੱਲੇ ਦੀ ਸਫਾਈ ਕਰਨੀ ਚਾਹੀਦੀ ਹੈ। ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਕੇ ਪੈਸਾ ਕਮਾਉਣਾ ਆਮ ਹੋ ਗਿਆ ਹੈ। ਇਮਾਨਦਾਰੀ ਤੋਂ ਅਸੀਂ ਦੂਰ ਹੋ ਰਹੇ ਹਾਂ ਅਤੇ ਰਾਤੋ ਰਾਤ ਅਮੀਰ ਬਣਨ ਲਈ ਕੋਈ ਗਲਤ ਕੰਮ ਕਰਨ ਤੋਂ ਝਿਜਕਦੇ ਨਹੀਂ ਹਾਂ।
ਕਈ ਸਕੂਲ, ਕਾਲਜ ਤੇ ਦਫਤਰ ਅੰਦਰੋਂ ਬਾਹਰੋਂ ਸਾਫ ਸੁਥਰੇ ਨਜ਼ਰ ਆਉਂਦੇ ਹਨ ਪਰ ਬਹੁਤਿਆਂ ਵਿੱਚ ਸਫਾਈ ਵਲ ਧਿਆਨ ਨਹੀਂ ਦਿੱਤਾ ਜਾਂਦਾ। ਇੱਥੇ ਵੀ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਤੇ ਦਫਤਰ ਦੇ ਕਾਰਮਚਾਰੀਆਂ ਨੂੰ ਰਲ ਕੇ ਸਾਲ ਵਿੱਚ ਘੱਟੋ ਘੱਟ ਦੋ ਵਾਰ ਸਫਾਈ ਕਰਨੀ ਚਾਹੀਦੀ ਹੈ। ਇਹੋ ਜਿਹਾ ਬਹੁਤ ਸਾਰੇ ਦੇਸ਼ਾਂ ਵਿੱਚ ਕੀਤਾ ਜਾਂਦਾ ਹੈ। ਬਾਹਰ ਸਜਾਵਟੀ ਰੁੱਖ ਲਗਾਏ ਜਾਣ, ਜਿਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਨੂੰ ਸੌਂਪੀ ਜਾਵੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸੰਬੰਧਤ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਵਾਏ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਵਿੱਚ ਦੇਸ਼ਭਗਤੀ ਦੀ ਘਾਟ ਹੈ। ਬਹੁਤੇ ਕਰਮਚਾਰੀ ਅਤੇ ਲੀਡਰ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ। ਉਹ ਭੁੱਲ ਜਾਂਦੇ ਹਨ ਕਿ ਜਦੋਂ ਦੂਜੇ ਡੁੱਬਣਗੇ ਤਾਂ ਅਸੀਂ ਕਿਵੇਂ ਬਚ ਸਕਾਂਗੇ।
ਕਾਰਖਾਨਿਆਂ ਦੇ ਮਾਲਕ ਪੜ੍ਹੇ ਲਿਖੇ ਤੇ ਅਮੀਰ ਵਿਅਕਤੀ ਹਨ। ਉਹ ਖੁਦ ਨੂੰ ਦੇਸ਼ ਦੇ ਜ਼ਿੰਮੇਵਾਰ ਵਿਅਕਤੀ ਮੰਨਦੇ ਹਨ ਪਰ ਹਵਾ ਤੇ ਪਾਣੀ ਨੂੰ ਗੰਧਲਾ ਕਰਨ ਵੱਲੋਂ ਉਨ੍ਹਾਂ ਕਦੇ ਸੰਕੋਚ ਨਹੀਂ ਕੀਤਾ। ਬੱਸਾਂ ਅਤੇ ਟਰੱਕਾਂ ਦੇ ਮਾਲਕ ਵੀ ਸੁਲਝੇ ਹੋਏ ਲੋਕ ਹੁੰਦੇ ਹਨ ਪਰ ਉਹ ਵੀ ਇਸ ਪਾਸੇ ਕੋਈ ਬਹੁਤਾ ਧਿਆਨ ਨਹੀਂ ਦਿੰਦੇ। ਆਮ ਤੌਰ ’ਤੇ ਅਸੀਂ ਇਹ ਆਖ ਕੇ ਬਰੀ ਹੋ ਜਾਂਦੇ ਹਾਂ ਕਿ ਮੇਰੇ ਇਕੱਲੇ ਦੇ ਯਤਨਾਂ ਨਾਲ ਕੀ ਹੋ ਸਕਦਾ ਹੈ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਸਾਰੇ ਇਸੇ ਤਰ੍ਹਾਂ ਸੋਚਦੇ ਹਨ। ਆਉ ਫ਼ਰਜ਼ਾਂ ਨੂੰ ਪਛਾਣੀਏ ਤੇ ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਵਿੱਚ ਪੂਰਾ ਯੋਗਦਾਨ ਪਾਈਏ। ਲੁਧਿਆਣੇ ਵਿੱਚੋਂ ਲੰਘਦਾ ਬੁੱਢਾ ਦਰਿਆ ਹੁਣ ਗੰਦਾ ਨਾਲ਼ਾ ਬਣ ਗਿਆ ਹੈ ਜਿਹੜਾ ਮਾਲਵੇ ਤੇ ਰਾਜਿਸਤਾਨ ਵਿੱਚ ਕੈਂਸਰ ਲਈ ਜ਼ਿੰਮੇਵਾਰੀ ਹੈ।
ਵਾਤਾਰਨ ਦੀ ਸ਼ੁੱਧਤਾ ਅਤੇ ਵਧ ਰਹੀ ਤਪਸ਼ ਨੂੰ ਘੱਟ ਕਰਨ ਲਈ ਸਾਰਾ ਸੰਸਾਰ ਹੀ ਯਤਨਸ਼ੀਲ ਹੈ। ਜਿੱਥੇ ਅਸੀਂ ਹਵਾ ਪਾਣੀ ਅਤੇ ਧਰਤੀ ਨੂੰ ਪਲੀਤ ਕੀਤਾ ਹੈ, ਉੱਥੇ ਆਲਮੀ ਤਪਸ਼ ਵਿੱਚ ਵੀ ਵਾਧਾ ਕੀਤਾ ਹੈ। ਆਮ ਤੌਰ ਉੱਤੇ ਇਸ ਸਭ ਲਈ ਅਸੀਂ ਕਿਸਾਨਾਂ ਦੇ ਸਿਰ ਦੋਸ਼ ਮੜ੍ਹਕੇ ਪੱਲਾ ਝਾੜ ਲੈਂਦੇ ਹਾਂ। ਇਹ ਗਲਤ ਹੈ, ਕਿਸਾਨ ਤਾਂ ਅੰਨਦਾਤਾ ਹੈ, ਉਹ ਹਵਾ, ਪਾਣੀ ਤੇ ਧਰਤੀ ਦੀ ਵਰਤੋਂ ਲੋਕਾਈ ਦਾ ਢਿੱਡ ਭਰਨ ਲਈ ਕਰਦਾ ਹੈ ਪਰ ਅਸੀਂ ਇਨ੍ਹਾਂ ਨੂੰ ਗੰਦਾ ਆਪਣੀ ਸੁਖ ਸੁਵਿਧਾ ਲਈ ਕਰਦੇ ਹਾਂ। ਆਲਮੀ ਤਪਸ਼ ਲਈ ਵੀ ਗੱਡੀਆਂ ਦੀ ਭਰਮਾਰ, ਹਰੇਕ ਘਰ, ਦਫਤਰ, ਦੁਕਾਨ, ਸਭ ਵਿੱਚ ਏ ਸੀ ਤੇ ਫਰਿੱਜ ਇਸੇ ਤਪਸ਼ ਵਿੱਚ ਵਾਧਾ ਕਰਦੇ ਹਨ। ਰੁੱਖਾਂ ਦੀ ਬੇਰਹਿਮੀ ਨਾਲ ਕਟਾਈ ਦੇ ਅਸੀਂ ਆਪ ਜ਼ਿੰਮੇਵਾਰ ਹਾਂ। ਸੜਕਾਂ ਕੰਢੇ ਜਿਹੜੇ ਰੁੱਖ ਸਨ, ਉਹ ਸੜਕਾਂ ਚੌੜੀਆਂ ਕਰਨ ਦੀ ਭੇਟ ਚੜ੍ਹ ਰਹੇ ਹਨ।
ਲੋਕਰਾਜ ਵਿੱਚ ਜਿੱਥੇ ਲੋਕਾਂ ਦੀ ਜ਼ਿੰਮੇਵਾਰੀ ਸਾਫ ਸੁਥਰੇ ਅਕਸ ਵਾਲੇ ਇਮਾਨਦਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਆਗੂਆਂ ਦੀ ਚੋਣ ਕਰਨਾ ਹੈ, ਉੱਥੇ ਆਪਣੇ ਫ਼ਰਜ਼ਾਂ ਦੀ ਵੀ ਪਾਲਣਾ ਕਰਨੀ ਜ਼ਰੂਰੀ ਹੋ ਜਾਂਦੀ ਹੈ। ਜੇਕਰ ਸਾਰੇ ਨਾਗਰਿਕ ਆਪਣੇ ਫ਼ਰਜਾਂ ਦੀ ਪੂਰਤੀ ਪੂਰੀ ਇਮਾਨਦਾਰੀ ਨਾਲ ਕਰਨਗੇ ਤਾਂ ਨੇਤਾ ਜਾਂ ਅਫਸਰਸ਼ਾਹੀ ਵੀ ਗਲਤ ਰਾਹ ਅਪਣਾਉਣ ਤੋਂ ਗੁਰੇਜ਼ ਕਰੇਗੀ। ਸਮਾਜ ਸੇਵਕ ਅਤੇ ਧਾਰਮਿਕ ਆਗੂ ਇਸ ਪਾਸੇ ਅਹਿਮ ਭੂਮਿਕਾ ਨਿਭਾ ਸਕਦੇ ਹਨ। ਜਦੋਂ ਤਕ ਨਾਗਰਿਕ ਇਮਾਨਦਾਰੀ ਨਾਲ ਆਪਣੇ ਫ਼ਰਜਾਂ ਦੀ ਪੂਰਤੀ ਨਹੀਂ ਕਰਦੇ, ਉਦੋਂ ਤਕ ਸਾਡਾ ਦੇਸ਼ ਕਦੇ ਵੀ ਵਿਕਸਿਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਹੋ ਸਕਦਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































