RanjitSinghDr7ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਾਪਤੀਆਂ ਉੱਤੇ ਮਾਣ ਕਰਨਾ ਚਾਹੀਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਭਵਿੱਖ ਦੀਆਂ ਚੁਣੌਤੀਆਂ ...
(9 ਨਵੰਬਰ 2023)


ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਪਣੇ ਸ਼ਾਨਾਮੱਤੇ 60 ਸਾਲ ਪੂਰੇ ਕਰ ਲਏ ਹਨ
ਇਸ ਵਰ੍ਹੇ ਇਸ ਸੰਸਥਾ ਦੀ ਡਾਇਮੰਡ ਜੁਬਲੀ ਮਨਾਈ ਜਾ ਰਹੀ ਹੈਇਹ ਸੰਸਥਾ ਸੰਸਾਰ ਦੀਆਂ ਉਨ੍ਹਾਂ ਕੁਝ ਕੁ ਚੋਟੀ ਦੀਆਂ ਖੇਤੀ ਸੰਸਥਾਵਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਖੇਤੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈਯੂਨੀਵਰਸਿਟੀ ਨੇ ਕੇਵਲ ਖੋਜ ਵਿੱਚ ਹੀ ਮੱਲਾਂ ਨਹੀਂ ਮਾਰੀਆਂ ਸਗੋਂ ਇਸ ਨੂੰ ਕਿਸਾਨਾਂ ਤਕ ਪਹੁੰਚਾਇਆ ਅਤੇ ਇਸ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਹਰ ਤਰ੍ਹਾਂ ਦੀ ਸਹਾਇਤਾ ਵੀ ਕੀਤੀਭਾਰਤ ਵਿੱਚ ਤਾਂ ਕੀ ਸੰਸਾਰ ਵਿੱਚ ਵੀ ਕੋਈ ਹੋਰ ਅਜਿਹੀ ਸੰਸਥਾ ਨਹੀਂ ਹੋਵੇਗੀ ਜਿਸਦੇ ਕਿਸਾਨਾਂ ਨਾਲ ਇਸ ਵਾਂਗ ਨੇੜਲੇ ਸੰਬੰਧ ਹੋਣਪੰਜਾਬ ਦਾ ਕੋਈ ਅਜਿਹਾ ਕਿਸਾਨ ਨਹੀਂ ਹੈ ਜਿਹੜਾ ਇਸ ਤੋਂ ਜਾਣੂ ਨਾ ਹੋਵੇ ਅਤੇ ਇੱਥੋਂ ਵਿਕਸਿਤ ਹੋਏ ਢੰਗ ਤਰੀਕਿਆਂ ਨੂੰ ਨਾ ਅਪਣਾਇਆ ਹੋਵੇਹਰੇਕ ਸਾਲ ਲੱਖਾਂ ਕਿਸਾਨ ਤੇ ਕਿਸਾਨ ਬੀਬੀਆਂ ਇਸਦੇ ਖੇਤਾਂ ਵਿੱਚ ਗੇੜਾ ਲਾਉਂਦੇ ਹਨ ਵਿੱਦਿਆ ਦੇ ਖੇਤਰ ਵਿੱਚ ਇੱਥੋਂ ਦੇ ਵਿਦਿਆਰਥੀਆਂ ਦੀ ਅਹਿਮ ਪ੍ਰਾਪਤੀਆਂ ਹਨਸੰਸਾਰ ਦੀਆਂ ਪ੍ਰਮੁੱਖ ਖੇਤੀ ਸੰਸਥਾਵਾਂ ਵਿੱਚ ਇੱਥੋਂ ਦੇ ਪਾੜ੍ਹੇ ਬਤੌਰ ਵਿਗਿਆਨੀ ਕੰਮ ਕਰ ਰਹੇ ਹਨਖੇਡਾਂ, ਸਾਹਿਤ, ਪ੍ਰਬੰਧਕੀ ਅਫ਼ਸਰੀਆਂ ਤੇ ਫੌਜ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨਯੂਨੀਵਰਸਿਟੀ ਦੀਆਂ ਪ੍ਰਾਪਤੀ ਦਾ ਸਿਹਰਾ ਜਿੱਥੇ ਇੱਥੋਂ ਦੇ ਮਿਹਨਤੀ ਅਤੇ ਸੂਝਵਾਨ ਵਿਗਿਆਨੀਆਂ ਨੂੰ ਜਾਂਦਾ ਹੈ, ਉੱਥੇ ਇਸਦੇ ਪ੍ਰਬੰਧਕਾਂ ਦਾ ਵੀ ਵਿਸ਼ੇਸ਼ ਯੋਗਦਾਨ ਹੈਇਸ ਯੂਨੀਵਰਸਿਟੀ ਦੀ ਸਥਾਪਨਾ 1962 ਵਿੱਚ ਹੋਈ ਪਰ ਰਸਮੀ ਉਦਘਾਟਨ ਉਦੋਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਹੋਰਾਂ ਅੱਠ ਜੁਲਾਈ 1963 ਨੂੰ ਕੀਤਾ ਸੀਦੇਸ਼ ਵਿੱਚ ਬਣਨ ਵਾਲੀ ਇਹ ਦੂਜੀ ਖੇਤੀ ਯੂਨੀਵਰਸਿਟੀ ਸੀਪਿਛਲ 60 ਸਾਲਾਂ ਵਿੱਚ ਦੇਸ਼ ਦੀਆਂ ਸਾਰੀਆਂ ਖੇਤੀ ਯੂਨੀਵਰਸਿਟੀਜ਼ ਵਿੱਚ ਇਸ ਆਪਣਾ ਪਹਿਲਾ ਸਥਾਨ ਬਣਾਈ ਰੱਖਿਆ ਹੈ

ਯੂਨੀਵਰਸਿਟੀ ਦੀ ਸਫ਼ਲਤਾ ਦਾ ਸਭ ਤੋਂ ਵੱਧ ਹਿੱਸਾ ਉਦੋਂ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੂੰ ਜਾਂਦਾ ਹੈਉਨ੍ਹਾਂ ਬਿਨਾਂ ਕਿਸੇ ਰਾਜਸੀ ਦਖਲਅੰਦਾਜ਼ੀ ਦੇ ਇਸਦੀ ਸਥਾਪਤੀ ਲਈ ਹਰ ਤਰ੍ਹਾਂ ਨਾਲ ਖੁੱਲ੍ਹ ਕੇ ਸਹਾਇਤਾ ਕੀਤੀਉਨ੍ਹਾਂ ਨੇ ਸ੍ਰੀ ਪੀ ਐੱਨ ਥਾਪਰ ਆਈ ਸੀ ਐੱਸ ਨੂੰ ਪਹਿਲਾ ਵਾਈਸ ਚਾਂਸਲਰ ਬਣਾਇਆਥਾਪਰ ਸਾਹਿਬ, ਕਾਬਲ, ਦੂਰਅੰਦੇਸ਼ ਤੇ ਅਨੁਸ਼ਾਸਨ ਵਿੱਚ ਵਿਸ਼ਵਾਸ ਰੱਖਣ ਵਾਲੇ ਅਧਿਕਾਰੀ ਸਨਵਾਈਸ ਚਾਂਸਲਰ ਦਾ ਦਫਤਰ ਚੰਡੀਗੜ੍ਹ ਸੀ ਕਿਉਂਕਿ ਉਦੋਂ ਯੂਨੀਵਰਸਿਟੀ ਦੇ ਤਿੰਨ ਕੈਂਪਸ ਲੁਧਿਆਣਾ, ਹਿਸਾਰ ਅਤੇ ਪਾਲਮਪੁਰ ਸਨ ਅਤੇ ਸਾਰੇ ਸੂਬੇ ਵਿੱਚ ਹੀ ਖੋਜ ਤੇ ਪਸਾਰ ਕੇਂਦਰ ਹਨਉਨ੍ਹਾਂ ਦਾ ਦਬਦਬਾ ਇੰਨਾ ਸੀ ਕਿ ਕਦੇ ਕਿਸੇ ਅਧਿਆਪਕ ਜਾ ਕਰਮਚਾਰੀ ਨੇ ਪੰਜ ਮਿੰਟ ਵੀ ਪਛੜ ਕੇ ਆਉਣ ਦਾ ਹੌਸਲਾ ਨਹੀਂ ਸੀ ਕੀਤਾਸਾਰੇ ਹੀ ਪੂਰੀ ਇਮਾਨਦਾਰੀ ਨਾਲ ਵਧ ਚੜ੍ਹ ਕੇ ਕੰਮ ਕਰਦੇ ਸਨਥਾਪਰ ਨੇ ਨਿਰੋਲ ਮੈਰਿਟ ਦੇ ਆਧਾਰ ਉੱਤੇ ਸਾਰੇ ਦੇਸ਼ ਵਿੱਚੋਂ ਲੱਭ ਕੇ ਵਧੀਆ ਮਾਹਿਰ ਭਰਤੀ ਕੀਤੇਇੰਝ ਇੱਕ ਮਜ਼ਬੂਤ ਸੰਸਥਾ ਦੀ ਨੀਂਹ ਰੱਖੀ ਗਈ ਡਾ. ਥਾਪਰ ਪਿੱਛੋਂ ਡਾ. ਮਹਿੰਦਰ ਸਿੰਘ ਰੰਧਾਵਾ ਆਈ ਸੀ ਐੱਸ ਦੂਜੇ ਵਾਈਸ ਚਾਂਸਲਰ ਬਣੇ ਅਤੇ ਉਨ੍ਹਾਂ ਵੀ ਇਸੇ ਪ੍ਰੰਪਰਾ ਨੂੰ ਜਾਰੀ ਰੱਖਿਆ ਜਿਸ ਕਰਕੇ ਯੂਨੀਵਰਸਿਟੀ ਨੇ ਨਵੀਆਂ ਬੁਲੰਦੀਆਂ ਛੋਹੀਆਂਉਨ੍ਹਾਂ ਕੇਵਲ ਵਧੀਆ ਕੰਮਕਾਰੀ ਮਾਹੌਲ ਹੀ ਨਹੀਂ ਬਣਾਈ ਰੱਖਿਆ ਸਗੋਂ ਚੌਗਿਰਦੇ ਨੂੰ ਵੀ ਸੁੰਦਰ ਬਣਾਇਆਇਸ ਸੰਸਥਾ ਦੀ ਕੀਰਤੀ ਸਾਰੇ ਸੰਸਾਰ ਵਿੱਚ ਫੈਲੀ ਅਤੇ ਦੂਰੋਂ ਦੂਰੋਂ ਲੋਕੀਂ ਇਸ ਨੂੰ ਵੇਖਣ ਆਉਣ ਲੱਗੇਯੂਨੀਵਰਸਿਟੀ ਨੇ ਪੰਜਾਬ ਦੇ ਕਿਸਾਨਾਂ ਵਿੱਚ ਕੇਵਲ ਵਿਗਿਆਨਕ ਸੋਚ ਨੂੰ ਹੀ ਵਿਕਸਿਤ ਨਹੀਂ ਕੀਤਾ ਸਗੋਂ ਵਿਗਿਆਨਕ ਖੋਜਾਂ ਉੱਤੇ ਭਰੋਸਾ ਵੀ ਕਰਵਾਇਆਜਿਸ ਤੇਜ਼ੀ ਨਾਲ ਸੱਤਰਵਿਆਂ ਵਿੱਚ ਪੰਜਾਬ ਦਾ ਖੇਤੀ ਵਿਕਾਸ ਹੋਇਆ, ਉਸੇ ਤੇਜ਼ੀ ਨਾਲ ਸੰਸਾਰ ਦੇ ਹੋਰ ਕਿਸੇ ਖਿੱਤੇ ਵਿੱਚ ਖੇਤੀ ਵਿਕਾਸ ਨਹੀਂ ਹੋਇਆਇਸੇ ਕਰਕੇ ਇਸ ਨੂੰ ਹਰੇ ਇਨਕਲਾਬ ਦਾ ਨਾਮ ਦਿੱਤਾ ਗਿਆਇਹ ਵੀ ਮਾਣ ਵਾਲੀ ਗੱਲ ਹੈ ਕਿ ਰੰਧਾਵਾ ਸਾਹਿਬ ਪਿੱਛੋਂ ਜਿੰਨੇ ਵੀ ਵਾਈਸ ਚਾਂਸਲਰ ਬਣੇ, ਉਹ ਸਾਰੇ ਇੱਥੋਂ ਦੇ ਖੇਤੀ ਕਾਲਜ ਦੇ ਵਿਦਿਆਰਥੀ ਹੀ ਰਹੇ ਹਨਸਾਰਿਆਂ ਨੇ ਹੀ ਆਪਣੀ ਸਮਰੱਥਾ ਅਤੇ ਲੋੜ ਅਨੁਸਾਰ ਅਹਿਮ ਯੋਗਦਾਨ ਪਾਇਆ ਹੈਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਜਿੱਥੇ ਆਪ ਉੱਚ ਕੋਟੀ ਦੇ ਵਿਗਿਆਨੀ ਹਨ ਉੱਥੇ ਇੱਕ ਇਮਾਨਦਾਰ, ਮਿਠਬੋਲੜੇ ਅਤੇ ਕੁਸ਼ਲ ਪ੍ਰਬੰਧਕ ਵੀ ਹਨਉਨ੍ਹਾਂ ਆਉਂਦਿਆਂ ਹੀ ਯੂਨੀਵਰਸਿਟੀ ਦਾ ਮੂੰਹ ਮੱਥਾ ਮੁੜ ਸ਼ਿੰਗਾਰਨਾ ਸ਼ੁਰੂ ਕੀਤਾ ਹੈ ਅਤੇ ਖੋਜ ਦੇ ਪ੍ਰੋਗਰਾਮ ਨੂੰ ਸੂਬੇ ਦੀਆਂ ਮੌਜੂਦਾ ਲੋੜਾਂ ਅਨੁਸਾਰ ਢਾਲਣ ਦਾ ਯਤਨ ਕੀਤਾ ਜਾ ਰਿਹਾ ਹੈਪੰਜਾਬ ਸਰਕਾਰ ਵੱਲੋਂ ਸੂਬੇ ਦੀ ਨਵੀਂ ਖੇਤੀ ਵਿਕਾਸ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਵਿੱਚ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾ ਰਹੀ ਹੈ

ਡਾਇਮੰਡ ਜੁਬਲੀ ਮੌਕੇ ਸੰਚਾਰ ਕੇਂਦਰ ਵੱਲੋਂ ਇੱਕ ਖੂਬਸੂਰਤ ਕੌਫ਼ੀ ਟੇਬਲ ਬੁੱਕ ‘ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦਾ ਅਟੁੱਟ ਰਿਸ਼ਤਾ - ਪੀ ਏ ਯੂ ਦੀ ਅਹਿਮ ਪ੍ਰਾਪਤੀ’ ਨਾਮ ਹੇਠ ਅੰਗ੍ਰੇਜ਼ੀ ਅਤੇ ਪੰਜਾਬੀ ਵਿੱਚ ਛਾਪੀ ਗਈ ਹੈ ਜਿਸ ਨੂੰ ਸ਼ੀਤਲ ਚਾਵਲਾ, ਸਹਾਇਕ ਨਿਰਦੇਸ਼ਕ ਵੱਲੋਂ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈਇਸ ਵਿੱਚ ਜਿੱਥੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੀ ਝਲਕ ਮਿਲਦੀ ਹੈ, ਉੱਥੇ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਵੀ ਦਰਸਾਉਂਦੀ ਹੈਦੇਸ਼ ਦੀ ਅਜ਼ਾਦੀ ਸਮੇਂ ਪੰਜਾਬ ਦੀ ਵੰਡ ਤੋਂ ਲੈ ਕੇ ਹਰੇ ਇਨਕਲਾਬ ਦੀ ਸਿਰਜਣਾ ਤਕ ਦਾ ਸਚਿੱਤਰ ਇਤਿਹਾਸ ਇਸ ਵਿੱਚ ਅੰਕਿਤ ਕਰਨ ਦਾ ਸਫ਼ਲ ਯਤਨ ਕੀਤਾ ਗਿਆ ਹੈਯੂਨੀਵਰਸਿਟੀ ਵੱਲੋਂ ਹੁਣ ਤਕ ਕਣਕ ਦੀਆਂ 78 ਕਿਸਮਾਂ ਕਾਸ਼ਤ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 39 ਕੌਮੀ ਪੱਧਰ ਉੱਤੇ ਸਾਰੇ ਦੇਸ਼ ਵਿੱਚ ਕਾਸ਼ਤ ਦੀ ਸਿਫਾਰਸ਼ ਵਾਲੀਆਂ ਕਿਸਮਾਂ ਹਨਇਸੇ ਤਰ੍ਹਾਂ ਝੋਨੇ ਦੀਆਂ 30 ਅਤੇ ਬਾਸਮਤੀ ਦੀਆਂ 18 ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨਮੱਕੀ ਵਿੱਚ ਵਧੀਆ ਕੰਮ ਹੋਇਆ ਹੈਹੁਣ ਤਕ 51 ਕਿਸਮਾਂ ਦੀ ਕਾਸ਼ਤ ਦੀ ਸਿਫਾਰਸ਼ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 25 ਕੌਮੀ ਪੱਧਰ ਉੱਤੇ ਰੀਲੀਜ਼ ਕੀਤੀਆਂ ਗਈਆਂ ਹਨਕਪਾਹ ਵਿੱਚ ਵੀ ਵਧੀਆ ਖੋਜਾਂ ਹੋਈਆਂ ਹਨਨਰਮੇ ਅਤੇ ਦੇਸੀ ਕਪਾਹ ਦੀਆਂ 40 ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਦੋਗਲੀਆਂ ਕਿਸਮਾਂ ਵੀ ਸ਼ਾਮਿਲ ਹਨ

ਦਾਲਾਂ ਹੇਠ ਭਾਵੇਂ ਪੰਜਾਬ ਵਿੱਚ ਰਕਬਾ ਘੱਟ ਹੈ ਪਰ ਯੂਨੀਵਰਸਿਟੀ ਵੱਲੋਂ 64 ਕਿਸਮਾਂ ਦੀ ਕਾਸ਼ਤ ਲਈ ਸਿਫਾਰਸ਼ ਕੀਤੀ ਗਈ ਹੈਤੇਲ ਬੀਜਾਂ ਸੰਬੰਧੀ ਵੀ ਵਧੀਆ ਕੰਮ ਹੋਇਆ ਹੈਹੁਣ ਤਕ ਕੋਈ 59 ਕਿਸਮਾਂ ਦੀ ਸਿਫਾਰਸ਼ ਹੋਈ ਹੈਗੰਨੇ ਦੀ ਕਾਸ਼ਤ ਸੰਬੰਧੀ ਵੀ ਵਧੀਆ ਖੋਜ ਹੋਈਕਾਸ਼ਤ ਦੇ ਢੰਗ ਤਰੀਕਿਆਂ ਦੇ ਨਾਲੋ ਨਾਲ 31 ਨਵੀਆਂ ਕਿਸਮਾਂ ਵੀ ਕਾਸ਼ਤ ਲਈ ਜਾਰੀ ਕੀਤੀਆਂ ਗਈਆਂ ਹਨਪੀ ਏ ਯੂ ਵਿੱਚ ਪਹਿਲੀ ਵਾਰ ਦੋਗਲੇ ਬਾਜਰੇ ਦੀ ਕਿਸਮ ਤਿਆਰ ਕੀਤੀ ਗਈ ਸੀਹੁਣ ਤਕ ਬਾਜਰੇ ਦੀਆਂ 15 ਕਿਸਮਾਂ ਤਿਆਰ ਹੋਈਆਂ ਹਨ ਪਰ ਸੂਬੇ ਵਿੱਚ ਹੁਣ ਬਾਜਰੇ ਦੀ ਕਾਸ਼ਤ ਆਮ ਕਰਕੇ ਚਾਰੇ ਲਈ ਹੀ ਕੀਤੀ ਜਾਂਦੀ ਹੈਚਾਰੇ ਦੀਆਂ ਦੂਜੀਆਂ ਫ਼ਸਲਾਂ ਜਿਵੇਂ ਬਰਸੀਮ, ਜਵੀਂ, ਚਰ੍ਹੀ, ਰਾਈ ਗ੍ਰਾਸ, ਮੱਕੀ ਆਦਿ ਦੀਆਂ ਵੱਧ ਝਾੜ ਦੇਣ ਵਾਲੀਆਂ 64 ਨਵੀਆਂ ਕਿਸਮਾਂ ਤਿਆਰ ਗਈਆਂ ਹਨਸੂਬੇ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਦੇ ਵੀ ਯਤਨ ਜਾਰੀ ਹਨਪੰਜਾਬ ਵਿੱਚ ਕਾਸ਼ਤ ਕੀਤੇ ਜਾ ਸਕਣ ਵਾਲੇ ਸਾਰੇ ਫ਼ਲਾਂ ਲਈ ਉਨਤ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈਕਿੰਨੋ, ਅਮਰੂਦ, ਅੰਬ, ਬੇਰ, ਨਾਖ਼ ਹੇਠ ਰਕਬੇ ਵਿੱਚ ਵਾਧਾ ਹੋਇਆ ਹੈ

ਪੰਜਾਬ ਵਿੱਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਅਤੇ ਸਾਰੀ ਧਰਤੀ ਸੇਂਜੂ ਹੋਣ ਕਰਕੇ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਵਲ ਵਧੇਰੇ ਧਿਆਨ ਦੇਣ ਦੀ ਲੋੜ ਹੈਇਸੇ ਲਈ ਬਾਗਬਾਨੀ ਦਾ ਇੱਕ ਨਵਾਂ ਕਾਲਜ ਖੋਲ੍ਹਿਆ ਗਿਆ ਹੈਯੂਨੀਵਰਸਿਟੀ ਨੇ ਟਮਾਟਰ, ਖਰਬੂਜਾ, ਮਿਰਚਾਂ, ਮਟਰ, ਪਿਆਜ਼, ਗਾਜਰ ਆਦਿ ਦੀਆਂ ਵਧੀਆ ਕਿਸਮਾਂ ਤਿਆਰ ਕੀਤੀਆਂ ਹਨ

ਪੰਜਾਬ ਵਿੱਚ ਫ਼ੁਲਾਂ ਦੀ ਕਾਸ਼ਤ ਨੂੰ ਪ੍ਰਚਲਿਤ ਕਰਨ ਲਈ ਵੱਖਰਾ ਵਿਭਾਗ ਬਣਾਇਆ ਗਿਆ ਹੈਖੇਤੀ ਜੰਗਲਾਤ ਦੇ ਵਿਕਾਸ ਲਈ ਵੀ ਵੱਖਰਾ ਵਿਭਾਗ ਬਣਾਇਆ ਗਿਆ ਹੈਰੁੱਖਾਂ ਹੇਠ ਧਰਤੀ ਵਿੱਚ ਵਾਧਾ ਕਰਨ ਲਈ ਇਸ ਵਿਭਾਗ ਵੱਲੋਂ ਢੁਕਵੇਂ ਰੁੱਖਾਂ ਦੀ ਕਿਸਮਾਂ ਤਿਆਰ ਕੀਤੀਆਂ ਜਾ ਰਹੀਆਂ ਹਨਸ਼ਹਿਦ ਦੀਆਂ ਮੱਖੀਆਂ ਦਾ ਪਾਲਣ ਅਤੇ ਖੁੰਬਾਂ ਦੀ ਕਾਸ਼ਤ ਵਿੱਚ ਹੁਣ ਪੰਜਾਬ ਮੋਹਰੀ ਸੂਬਾ ਬਣ ਗਿਆ ਹੈਪਾਣੀ ਦੀ ਬੱਚਤ, ਜੈਵਿਕ ਖੇਤੀ ਅਤੇ ਧਰਤੀ ਦੀ ਉਪਜਾਊ ਸ਼ਕਤੀ ਦੀ ਰਖਵਾਲੀ ਲਈ ਵਿਸ਼ੇਸ਼ ਯਤਨ ਹੋ ਰਹੇ ਹਨਪੰਜਾਬ ਵਿੱਚ ਖੇਤੀ ਦਾ ਪੂਰਾ ਮਸ਼ੀਨੀਕਰਨ ਹੋ ਚੁੱਕਿਆ ਹੈਸੂਬੇ ਦੀ ਲੋੜ ਅਨੁਸਾਰ ਮਸ਼ੀਨਾਂ ਵਿਕਸਿਤ ਕਰਨ ਵਿੱਚ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਹੈਖੇਤੀ ਉਪਜ ਦੇ ਪਦਾਰਥੀਕਰਨ ਸੰਬੰਧੀ ਵਿਭਾਗ ਵਧੀਆ ਖੋਜ ਕਰ ਰਹੇ ਹਨ ਅਤੇ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ

ਯੂਨੀਵਰਸਿਟੀ ਦੇ ਖੇਤੀ ਸਨਅਤ ਨਾਲ ਵੀ ਵਧੀਆ ਸੰਬੰਧ ਹਨ ਇੱਥੋਂ ਦੀਆਂ ਵਿਕਸਿਤ ਤਕਨੀਕਾਂ ਨੂੰ ਅਪਣਾਉਣ ਲਈ ਬਹੁਤ ਸਾਰੀਆਂ ਫ਼ਰਮਾਂ ਨਾਲ ਸਮਝੌਤੇ ਕੀਤੇ ਗਏ ਹਨਕਿਸਾਨਾਂ, ਕਿਸਾਨ ਬੀਬੀਆਂ ਅਤੇ ਪਸਾਰ ਕਰਮਚਾਰੀਆਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨਮੁੱਖ ਕੈਂਪਸ ਦੇ ਨਾਲੋ ਨਾਲ 18 ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਖੋਲ੍ਹੇ ਗਏ ਹਨਸੂਬੇ ਵਿੱਚ ਸੱਤ ਖੇਤਰੀ ਖੋਜ ਕੇਂਦਰ, ਤਿੰਨ ਫਲ਼ ਖੋਜ ਕੇਂਦਰ, ਇੱਕ ਸਬਜ਼ੀ ਖੋਜ ਕੇਂਦਰ, ਚਾਰ ਬੀਜ ਫਾਰਮ ਅਤੇ ਫਾਰਮ ਸਲਾਹਕਾਰ ਸੇਵਾ ਦੇ 15 ਕੇਂਦਰ ਹਨਸੂਬੇ ਦੀ ਖੇਤੀ ਨਾਲ ਸੰਬੰਧਿਤ ਸਮੁੱਚੀ ਖੋਜ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਕੋਲ ਹੈਪਸ਼ੂ ਪਾਲਣ ਯੂਨੀਵਰਸਿਟੀ ਵੱਖਰੀ ਬਣਨ ਤੋਂ ਪਹਿਲਾਂ ਪਸ਼ੂਆਂ ਸੰਬੰਧੀ ਖੋਜ ਵੀ ਇਸੇ ਯੂਨੀਵਰਸਿਟੀ ਕੋਲ ਸੀਯੂਨੀਵਰਸਿਟੀ ਵੱਲੋਂ ਵਧੀਆ ਮੱਝਾਂ, ਗਾਵਾਂ, ਮੁਰਗੀਆਂ, ਸੂਰ, ਬੱਕਰੀਆਂ ਆਦਿ ਦੇ ਵੱਗ ਵਿਕਸਿਤ ਕੀਤੇ ਗਏ ਹਨ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਾਪਤੀਆਂ ਉੱਤੇ ਮਾਣ ਕਰਨਾ ਚਾਹੀਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਭਵਿੱਖ ਦੀਆਂ ਚੁਣੌਤੀਆਂ ਬਾਰੇ ਵੀ ਵਿਚਾਰ ਕੀਤਾ ਜਾਵੇਪੰਜਾਬ ਦੀ ਖੇਤੀ ਵਿੱਚ ਕਈ ਵਰ੍ਹਿਆਂ ਤੋਂ ਖੜੋਤ ਆ ਗਈ ਹੈਸਮੇਂ ਦੇ ਬੀਤਣ ਨਾਲ ਮਾਲਕੀ ਜ਼ਮੀਨਾਂ ਬਹੁਤ ਘਟ ਗਈਆਂ ਹਨ ਮਹਿੰਗਾਈ ਵਿੱਚ ਵਾਧੇ ਨਾਲ ਗੁਜ਼ਾਰਾ ਔਖਾ ਹੋ ਗਿਆ ਹੈ ਕਿਉਂਕਿ ਉਪਜ ਦੀਆਂ ਕੀਮਤਾਂ ਵਿੱਚ ਉਸੇ ਦਰ ਨਾਲ ਵਾਧਾ ਨਹੀਂ ਹੋਇਆ ਹੈਧਰਤੀ ਹੇਠਲਾ ਪਾਣੀ ਘਟ ਰਿਹਾ ਹੈਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਘੱਟ ਕਰਨ ਦੀ ਲੋੜ ਹੈਮੌਜੂਦਾ ਫ਼ਸਲ ਚੱਕਰ ਵਿੱਚ ਵਿਹਲ ਬਹੁਤ ਹੈਇਸੇ ਵਿਹਲ ਕਰਕੇ ਸਮਾਜਿਕ ਬੁਰਾਈਆਂ ਵਿੱਚ ਵਾਧਾ ਹੋ ਰਿਹਾ ਹੈਨਵੀਂ ਪੀੜ੍ਹੀ ਖੇਤੀ ਤੋਂ ਦੂਰ ਹੋ ਰਹੀ ਹੈਨਵੀਂ ਪੀੜ੍ਹੀ ਨੂੰ ਖੇਤੀ ਨਾਲ ਜੋੜਨਾ ਜ਼ਰੂਰੀ ਹੈ ਕਿਉਂਕਿ ਭਵਿੱਖ ਵਿੱਚ ਉਹ ਕੌਮਾਂ ਹੀ ਖੁਸ਼ਹਾਲ ਹੋਣਗੀਆਂ ਜਿਨ੍ਹਾਂ ਦੀ ਖੇਤੀ ਵਧੀਆ ਹੋਵੇਗੀਯੂਨੀਵਰਸਿਟੀ ਨੂੰ ਇਨ੍ਹਾਂ ਮਸਲਿਆਂ ਦੇ ਹੱਲ ਲੱਭਣ ਲਈ ਸਮਾਂਬੱਧ ਖੋਜ ਨੀਤੀ ਬਣਾਉਣ ਦੀ ਲੋੜ ਹੈਕਿਸਾਨ ਦੀ ਆਮਦਨ ਵਿੱਚ ਵਾਧਾ ਕਰਨਾ, ਅਜਿਹੇ ਫ਼ਸਲ ਚੱਕਰ ਵਿਕਸਿਤ ਕਰਨੇ ਜਿਸ ਅਨੁਸਾਰ ਸਾਰਾ ਸਾਲ ਹੀ ਸਾਰਾ ਟੱਬਰ ਕੰਮਾਂ ਵਿੱਚ ਰੁੱਝਿਆ ਰਹੇਕਿਸਾਨਾਂ ਨੂੰ ਉਪਜ ਦੇ ਪਦਾਰਥੀਕਰਨ ਲਈ ਉਤਸ਼ਾਹਿਤ ਕਰਨਾ ਅਤੇ ਮੰਡੀ ਸੰਬੰਧੀ ਜਾਣਕਾਰੀ ਦੇਣਾ ਜ਼ਰੂਰੀ ਹੈ ਅਜਿਹੀਆਂ ਕਿਸਮਾਂ ਵਿਕਸਿਤ ਕਰਨਾ ਜਿਨ੍ਹਾਂ ਦੀਆਂ ਪਾਣੀ ਲੋੜਾਂ ਘੱਟ ਹੋਣ ਅਤੇ ਬਿਮਾਰੀਆਂ ਤੇ ਕੀੜਿਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੋਵੇਮੀਂਹ ਦੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਵਿੱਚ ਵਾਧੇ ਲਈ ਢੰਗ ਤਰੀਕੇ ਵਿਕਸਿਤ ਕਰਨੇਜੈਵਿਕ ਖੇਤੀ, ਨਦੀਨ ਨਾਸ਼ਕਾਂ ਦੀ ਵਰਤੋਂ ਬਗੈਰ ਨਦੀਨਾਂ ਦੀ ਰੋਕਥਾਮ ਬਾਰੇ ਵਿੱਚ ਖੋਜ ਦੀ ਲੋੜ ਹੈਕਿਸਾਨ ਸਿਖਲਾਈ ਪ੍ਰੋਗਰਾਮ ਨੂੰ ਨਵੀਂ ਸੇਧ ਦਿੱਤੀ ਜਾਵੇਕਲਾਸ ਰੂਮ ਤੋਂ ਬਾਹਰ ਆ ਕੇ ਖੇਤਾਂ ਵਿੱਚ ਅਮਲੀ ਸਿਖਲਾਈ ਵਲ ਵਧੇਰੇ ਧਿਆਨ ਦਿੱਤਾ ਜਾਵੇਯੂਨੀਵਰਸਿਟੀ ਅੰਦਰ ਨਵੀਂ ਹਿਲਜੁਲ ਸ਼ੁਰੂ ਹੋਈ ਹੈ ਪਰ ਇਸਦੀ ਗਤੀ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈਵਿਦਿਆਰਥੀ ਖੋਜ ਨੂੰ ਵਿਭਾਗੀ ਖੋਜ ਨਾਲ ਜੋੜਿਆ ਜਾਵੇ ਤਾਂ ਜੋ ਇਸਦਾ ਲਾਹਾ ਲਿਆ ਜਾ ਸਕੇਉਮੀਦ ਹੈ ਪਹਿਲਾਂ ਵਾਂਗ ਹੀ ਪੀ ਏ ਯੂ ਦੇ ਵਿਗਿਆਨੀ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਦੀ ਖੇਤੀ ਨੂੰ ਨਵਾਂ ਮੋੜ ਦੇਣ ਵਿੱਚ ਜ਼ਰੂਰ ਸਫ਼ਲ ਹੋਣਗੇ

ਖੇਤੀ ਇੱਕੋ ਥਾਂ ਖੜ੍ਹੀ ਹੈ, ਉਦਾਸੀ ਦੀ ਗਹਿਰ ਚੜ੍ਹੀ ਹੈ
ਨਵੀਂ ਕ੍ਰਾਂਤੀ ਲੋੜੇ ਖੇਤੀ ਜ਼ਿੰਮੇਵਾਰੀ ਮੁੜ ਬੜੀ ਹੈ

ਆਵੋ ਰਲ ਮਿਹਨਤ ਕਰੀਏ ਪਰਖ ਦੀ ਘੜੀ ਹੈ ਆਈ

ਉਸੇ ਨੂੰ ਸੁਰਜੀਤ ਕਰੀਏ
, ਪਹਿਲਾਂ ਜਿਹੜੀ ਪਿਰਤ ਹੈ ਪਾਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4462)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author