RanjitSinghDr7ਸੰਸਾਰ ਵਿੱਚ ਗਰੀਬ ਦੇਸ਼ਾਂ ਦੀ ਬਹੁਗਿਣਤੀ ਹੈ ਇੱਥੋਂ ਦੀ ਬਹੁਤੀ ਵਸੋਂ ਦੀਆਂ ਜੀਵਨ ਦੀਆਂ ਮੁਢਲੀਆਂ ...
(6 ਸਤੰਬਰ 2023)


ਇਸ ਸੰਸਾਰ ਵਿੱਚ ਮਨੁੱਖ ਨੂੰ ਸਾਰੇ ਜੀਵਾਂ ਤੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ
ਉਸ ਕੋਲ ਬਾਣੀ ਦੀ ਸ਼ਕਤੀ ਹੈ, ਉਸ ਨੂੰ ਹੱਸਣਾ ਆਉਂਦਾ ਹੈ, ਵਿਕਸਤ ਦਿਮਾਗ ਕਰਕੇ ਰਿਸ਼ਤਿਆਂ ਦੀ ਪਹਿਚਾਣ ਹੈਪਰ ਇਹ ਵੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਗੁਣਾਂ ਦੀ ਵਰਤੋਂ ਕਰਦਿਆਂ ਮਨੁੱਖ ਆਪੋ ਵਿੱਚ ਪ੍ਰੇਮ ਨਾਲ ਰਹਿਣ ਦੀ ਥਾਂ ਉਸ ਵਿੱਚ ਹਉਮੈਂ, ਈਰਖਾ, ਗੁੱਸਾ ਅਤੇ ਨਫ਼ਰਤ ਵਧੇਰੇ ਪ੍ਰਬਲ ਹੋ ਜਾਂਦੇ ਹਨਇਸੇ ਕਰਕੇ ਪਰਿਵਾਰ, ਭਾਈਚਾਰਿਆਂ ਅਤੇ ਦੇਸ਼ਾਂ ਵਿਚਕਾਰ ਝਗੜੇ ਹੁੰਦੇ ਹਨਸੰਸਾਰ ਦੇ ਸਾਰੇ ਦੇਸ਼ ਆਪਣੀ ਆਮਦਨ ਦਾ ਬਹੁਤਾ ਹਿੱਸਾ ਜੰਗੀ ਤਿਆਰੀ ਅਤੇ ਫ਼ੌਜਾਂ ਉੱਤੇ ਖਰਚ ਕਰਦੇ ਹਨਅਸੀਂ ਇਹ ਭੁੱਲ ਜਾਂਦੇ ਹਾਂ ਕਿ ਜੀਵਨ ਤਾਂ ਬਹੁਤ ਥੋੜ੍ਹਾ ਹੈ, ਕੋਈ ਭਾਗਾਂ ਵਾਲਾ ਹੀ ਉਮਰ ਦੇ ਸੌ ਸਾਲ ਪੂਰੇ ਕਰਦਾ ਹੈਸੰਸਾਰ ਵਿੱਚ ਨਫ਼ਰਤ ਤੇ ਈਰਖਾ ਨੂੰ ਤਿਆਗ ਆਪੋ ਵਿੱਚ ਦੋਸਤੀਆਂ ਮਜ਼ਬੂਤ ਕੀਤਿਆਂ ਹੀ ਇਹ ਸੰਸਾਰ ਸਵਰਗ ਬਣ ਸਕਦਾ ਹੈ ਕਿਉਂਕਿ ਕੁਦਰਤ ਨੇ ਸਾਰੇ ਪ੍ਰਾਣੀਆਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਮਨੁੱਖ ਵਿੱਚ ਲਾਲਚ, ਹੋਰ ਤੇ ਹੋਰ ਪ੍ਰਾਪਤ ਕਰਨ ਦੀ ਲਾਲਸਾ ਨੇ ਆਪਸੀ ਪਿਆਰ ਦੀ ਥਾਂ ਝਗੜਿਆਂ ਨੂੰ ਵਧੇਰੇ ਉਤਸ਼ਾਹਿਤ ਕੀਤਾ ਹੈਅਸੀਂ ਇਹ ਜਾਣਦੇ ਹਾਂ ਕਿ ਲੜਾਈ, ਝਗੜੇ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਸਗੋਂ ਆਪੋ ਵਿੱਚ ਮਿਲ ਬੈਠ ਵਿਚਾਰ ਵਟਾਂਦਰੇ ਰਾਹੀਂ ਹੀ ਝਗੜੇ ਅਤੇ ਆਪਸੀ ਮਤਭੇਦ ਦੂਰ ਕੀਤੇ ਜਾ ਸਕਦੇ ਹਨਪਰ ਫਿਰ ਵੀ ਅਸੀਂ ਝਗੜੇ ਕਰਦੇ ਹਾਂ

ਪਰਿਵਾਰ, ਰਿਸ਼ਤਿਆਂ ਅਤੇ ਭਾਈਚਾਰਿਆਂ ਨੂੰ ਆਪੋ ਵਿਚਲੀ ਕੁੜੱਤਣ ਨੂੰ ਤਿਆਗ ਦੋਸਤੀ ਕੀਤਿਆਂ ਸਾਰੇ ਮਸਲੇ ਹੱਲ ਹੋ ਸਕਦੇ ਹਨਇਸੇ ਮੰਤਵ ਦੀ ਪੂਰਤੀ ਲਈ ਸੰਯੁਕਤ ਰਾਸ਼ਟਰ ਵੱਲੋਂ 30 ਜੁਲਾਈ ਨੂੰ ਸਾਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਦੋਸਤੀ ਦਿਵਸ ਮਨਾਉਣ ਦਾ ਫ਼ੈਸਲਾ 2011 ਵਿੱਚ ਕੀਤਾ ਗਿਆ ਸੀ ਇਸਦਾ ਮੰਤਵ ਲੋਕਾਈ ਨੂੰ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਨਫ਼ਰਤ ਅਤੇ ਝਗੜੇ ਦੀ ਥਾਂ ਦੋਸਤੀਆਂ ਦਾ ਸਬਕ ਸਿਖਾਉਣਾ ਹੈਇਸ ਦਿਨ ਭਾਈਚਾਰਿਆਂ ਅਤੇ ਕੌਮਾਂ ਵਿਚਕਾਰ, ਧਰਮ, ਜਾਤ, ਰੰਗ, ਇਲਾਕਾਈ ਸੋਚ ਆਧਾਰਿਤ ਫ਼ੈਲੀ ਨਫ਼ਰਤ ਨੂੰ ਦੂਰ ਕਰਕੇ ਆਪੋ ਵਿੱਚ ਦੋਸਤੀਆਂ ਦੇ ਪੁਲ ਬਣਾਉਣ ਦਾ ਯਤਨ ਕੀਤਾ ਜਾਂਦਾ ਹੈਸਾਰੀ ਵਸੋਂ, ਵਿਸ਼ੇਸ਼ ਕਰਕੇ ਨਵੀਂ ਪੀੜ੍ਹੀ ਨੂੰ ਪਿਆਰ ਦਾ ਸਬਕ ਸਿਖਾਇਆ ਜਾਂਦਾ ਹੈਇਹ ਪ੍ਰਚਾਰਿਆ ਜਾਂਦਾ ਹੈ ਕਿ ਆਪਸੀ ਗੱਲਬਾਤ ਰਾਹੀਂ ਸਾਰੇ ਮਸਲਿਆਂ ਨੂੰ ਹੱਲ ਕੀਤਾ ਜਾ ਸਕਦਾ ਹੈ ਵਿੱਦਿਆ ਰਾਹੀਂ ਸ਼ਾਂਤੀ ਦਾ ਪਾਠ ਪੜ੍ਹਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਜੋ ਸਥਾਈ ਸਮਾਜਿਕ ਅਤੇ ਆਰਥਿਕ ਵਿਕਾਸ ਹੋ ਸਕੇਮਨੁੱਖ ਨੂੰ ਮਨੁੱਖ ਨਾਲ ਨਫ਼ਰਤ ਕਰਨ ਦੀ ਥਾਂ ਇੱਕ ਦੂਜੇ ਦੇ ਹੱਕਾਂ ਦੀ ਇੱਜ਼ਤ ਕੀਤੀ ਜਾਵੇਸਾਰੇ ਮਸਲੇ ਆਪਸੀ ਗੱਲਬਾਤ ਰਾਹੀਂ ਸੁਲਝਾਏ ਜਾਣ ਤਾਂ ਜੋ ਸੰਸਾਰ ਵਿੱਚ ਸਦੀਵੀ ਸ਼ਾਂਤੀ ਅਤੇ ਸੁਰੱਖਿਆ ਬਣੀ ਰਹੇ

ਸਮਾਜ ਵਿੱਚ ਹਰ ਪਾਸੇ ਵਧ ਰਹੀ ਹਿੰਸਾ ਅਤੇ ਸਰਹੱਦਾਂ ਉੱਤੇ ਲੱਗੇ ਬਾਰੂਦ ਦੇ ਢੇਰ ਇਸ ਸਵਰਗ ਵਰਗੇ ਸੰਸਾਰ ਨੂੰ ਨਰਕ ਬਣਾ ਰਹੇ ਹਨਇਹ ਜੀਵਨ ਬਹੁਤ ਛੋਟਾ ਹੈਇਸ ਵਿੱਚ ਤਾਂ ਦੋਸਤੀਆਂ ਪਾਲਣ ਜੋਗਾ ਵੀ ਸਮਾਂ ਨਹੀਂ ਹੈ, ਫਿਰ ਦੁਸ਼ਮਣੀਆਂ ਕਿਉਂ ਵਧਾਈਆਂ ਜਾਂਦੀਆਂ ਹਨ? ਜੇਕਰ ਸੰਸਾਰ ਵਿੱਚੋਂ ਦੁਸ਼ਮਣੀ ਦੀ ਸੋਚ ਦਾ ਅੰਤ ਹੋ ਜਾਵੇ ਫਿਰ ਆਪਸੀ ਝਗੜਿਆਂ ਦਾ ਵੀ ਅੰਤਰ ਹੋ ਜਾਵੇਗਾਜਦੋਂ ਆਪਸੀ ਝਗੜੇ ਖਤਮ ਹੋ ਜਾਣ ਤਾਂ ਫਿਰ ਨਫ਼ਰਤਾਂ ਦਾ ਵੀ ਅੰਤ ਹੋ ਜਾਂਦਾ ਹੈ, ਹਉਮੈਂ ਦੀ ਮੈਲ ਲੱਥ ਜਾਂਦੀ ਹੈ ਅਤੇ ਹਰ ਪਾਸੇ ਪਿਆਰ ਹੀ ਪਿਆਰ ਬਿਖਰ ਜਾਂਦਾ ਹੈਨਫ਼ਰਤ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਸਗੋਂ ਦੁਸ਼ਮਣੀ ਵਿੱਚ ਵਾਧਾ ਹੁੰਦਾ ਹੈਇਹ ਬਰਬਾਦੀ ਦੀ ਨਿਸ਼ਾਨੀ ਹੈ ਜਦੋਂ ਕਿ ਪ੍ਰੇਮ ਕਰਨ ਵਾਲੇ ਤਾਂ ਰੱਬ ਨੂੰ ਵੀ ਪ੍ਰਾਪਤ ਕਰ ਲੈਂਦੇ ਹਨਜੇਕਰ ਮਨੁੱਖ ਦੀ ਪਿਆਰ ਭੁੱਖ ਪੂਰੀ ਹੋ ਜਾਵੇ ਤਾਂ ਸੰਸਾਰ ਵਿੱਚੋਂ ਹਿੰਸਾ ਖਤਮ ਹੋ ਜਾਵੇਗੀ ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਮਤਲਬ ਜਾਂ ਲੋਭ ਦੀ ਖਾਤਰ ਦੁਸ਼ਮਣੀਆਂ ਨਾ ਪਾਲੀਆਂ ਜਾਣ ਸਗੋਂ ਸਾਰੇ ਪਾਸੇ ਦੋਸਤੀ ਦਾ ਹੱਥ ਵਧਾਈਏ ਅਜਿਹੇ ਸੱਜਣ ਬਣਾਈਏ ਅਤੇ ਬਣੀਏ, ਜਿਨ੍ਹਾਂ ਨੂੰ ਮਿਲਿਆਂ ਰੂਹ ਖਿੜ ਜਾਵੇ, ਬੁਰੇ ਵਿਚਾਰ ਨਸ਼ਟ ਹੋ ਜਾਣ ਅਤੇ ਸਚਾਈ ਦੇ ਰਾਹ ਉੱਤੇ ਤੁਰਨ ਦੀ ਪ੍ਰੇਰਨਾ ਮਿਲੇ

ਮਨੁੱਖ ਇੱਕ ਸਮਾਜਿਕ ਜੀਵ ਹੈਆਪਸੀ ਸਾਂਝ ਅਤੇ ਰਿਸ਼ਤੇਦਾਰੀ ਹੀ ਸਮਾਜ ਦਾ ਅਧਾਰ ਹੈਸਾਂਝ ਅਤੇ ਰਿਸ਼ਤੇਦਾਰੀਆਂ ਦੀ ਨੀਂਹ ਤਾਂ ਪਿਆਰ ਉੱਤੇ ਹੀ ਰੱਖੀ ਜਾਂਦੀ ਹੈ ਇੱਕ ਦੂਜੇ ਦੇ ਕੰਮ ਆਉਣਾ, ਆਪਸੀ ਪ੍ਰੇਮ ਨਿਭਾਉਣਾ ਅਤੇ ਰਲਮਿਲ ਕੇ ਰਹਿਣਾ ਹੀ ਸੁਚੱਜੇ ਸਮਾਜ ਦੀ ਨਿਸ਼ਾਨੀ ਹੈ

ਸਮਾਜਿਕ ਰਿਸ਼ਤਿਆਂ ਦੀ ਜਿੰਦ ਜਾਨ ਆਪਸੀ ਪਿਆਰ ਹੁੰਦਾ ਹੈਰਿਸ਼ਤੇਦਾਰੀ ਦੇ ਨਾਲੋ ਨਾਲ ਦੋਸਤੀ ਹੋਣੀ ਜ਼ਰੂਰੀ ਹੈ, ਕਿਉਂਕਿ ਪ੍ਰੇਮ ਹੀ ਦੋਸਤੀ ਦੀ ਬੁਨਿਆਦ ਹੁੰਦਾ ਹੈਪਿਆਰ ਅਤੇ ਸਾਥ ਤੋਂ ਬਿਨਾਂ ਜੀਵਨ ਅਧੂਰਾ ਅਤੇ ਨੀਰਸ ਹੋ ਜਾਂਦਾ ਹੈਇਕੱਲਤਾ ਮਨੁੱਖ ਲਈ ਸਰਾਪ ਹੈ ਜਦੋਂ ਕਿ ਦੋਸਤਾਂ ਦਾ ਸਾਥ ਵਰਦਾਨ ਹੈਇਸੇ ਕਰਕੇ ਆਖਿਆ ਜਾਂਦਾ ਹੈ ਕਿ ਇਕੱਲਾ ਤਾਂ ਜੰਗਲ ਵਿੱਚ ਰੁੱਖ ਵੀ ਨਹੀਂ ਹੋਣਾ ਚਾਹੀਦਾਰਿਸ਼ਤੇਦਾਰੀ, ਸਾਥੀਆਂ ਅਤੇ ਗਵਾਂਢ ਦਾ ਅਨੰਦ ਵੀ ਉਦੋਂ ਹੀ ਮਾਣਿਆ ਜਾ ਸਕਦਾ ਹੈ ਜਦੋਂ ਉਸ ਵਿੱਚ ਦੋਸਤੀ ਦੀ ਮਿਠਾਸ ਹੋਵੇਦੋਸਤੀ ਦੀਆਂ ਤੰਦਾਂ ਨਾਲ ਹੀ ਪਿਉ-ਪੁੱਤਰ ਅਤੇ ਮਾਂ-ਧੀ ਵਿੱਚ ਨਜ਼ਦੀਕੀਆਂ ਬਣਦੀਆਂ ਹਨਜਦੋਂ ਪਰਿਵਾਰ ਵਿੱਚ ਅਜਿਹੀਆਂ ਨਜ਼ਦੀਕੀਆਂ ਹੋਣ ਉਦੋਂ ਹੀ ਉਸ ਨੂੰ ਸੁਖੀ ਪਰਿਵਾਰ ਅਤੇ ਜੀਵਨ ਨੂੰ ਸਫ਼ਲ ਸੁਖਾਵਾਂ ਆਖਿਆ ਜਾ ਸਕਦਾ ਹੈਇਸੇ ਹੀ ਤਰ੍ਹਾਂ ਜਦੋਂ ਸਮਾਜ ਵਿੱਚ ਈਰਖਾ ਦੀ ਥਾਂ ਪਿਆਰ ਦੀ ਗੰਗਾ ਵਗਦੀ ਹੋਵੇ ਤਾਂ ਉਹ ਸਮਾਜ ਅਤੇ ਕੌਮ ਖੁਸ਼ਹਾਲ ਅਤੇ ਸੁਖੀ ਹੁੰਦੀ ਹੈਗਵਾਂਢੀਆਂ ਨਾਲ ਪਿਆਰ ਦੀ ਸਾਂਝ ਹੀ ਮਾਹੌਲ ਨੂੰ ਸੁਖਾਵਾਂ ਬਣਾਉਂਦੀ ਹੈਗਵਾਂਢੀ ਭਾਵੇਂ ਨਾਲ ਦੇ ਘਰ ਦੇ ਰੂਪ ਵਿੱਚ ਜਾਂ ਨਾਲ ਲਗਦੇ ਦੇਸ਼ ਦੇ ਰੂਪ ਵਿੱਚ ਹੋਵੇ

ਜੀਵਨ ਵਿੱਚ ਹਰਿਆਵਲ ਲਈ ਪਿਆਰ ਰੂਪੀ ਪਾਣੀ ਦੀ ਲੋੜ ਪੈਂਦੀ ਹੈਪਿਆਰ ਵਿਹੂਣੀ ਜ਼ਿੰਦਗੀ ਨੀਰਸ ਹੀ ਰਹਿੰਦੀ ਹੈਪਿਆਰ ਅਤੇ ਦੋਸਤੀ ਅਜਿਹੀਆਂ ਸ਼ਕਤੀਆਂ ਹਨ ਜਿਨ੍ਹਾਂ ਸਦਕਾ ਮਨੁੱਖ ਉੱਚੀਆਂ ਉਡਾਰੀਆਂ ਮਾਰਦਾ ਹੈ ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਮਨੁੱਖ ਈਰਖਾ ਅਤੇ ਹਊਮੈਂ ਤੋਂ ਮੁਕਤ ਹੋਵੇਦੋਸਤੀ ਅੰਤਰ ਆਤਮਾ ਦੇ ਮਿਲਾਪ ਦਾ ਨਾਮ ਹੈ ਜਿਸਦੇ ਅੰਦਰ ਪਿਆਰ ਦੀ ਨਦੀ ਵਗਦੀ ਹੈ, ਉਹ ਹੀ ਰੱਬ ਦੇ ਨੇੜੇ ਹੋ ਸਕਦਾ ਹੈ ਰੱਬ ਦਾ ਵਾਸਾ ਤਾਂ ਹਰੇਕ ਜੀਵ ਵਿੱਚ ਹੈ ਰੱਬ ਨਾਲ ਮੇਲ ਲਈ ਉਸ ਦੀ ਕਾਇਨਾਤ ਨਾਲ ਪ੍ਰੇਮ ਕਰਨਾ ਜ਼ਰੂਰੀ ਹੈ ਜਾਂ ਆਖ ਲਵੋ ਕਿ ਮੁਢਲੀ ਲੋੜ ਹੈਪਿਆਰ ਦੀ ਸਿਖਰ ਉਦੋਂ ਹੀ ਹੁੰਦੀ ਹੈ ਜਦੋਂ ‘ਮੈਂ’ ਅਤੇ ‘ਤੂੰ’ ਦਾ ਅੰਤਰ ਖਤਮ ਹੋ ਜਾਵੇਦੋਸਤੀ ਜਾਂ ਪ੍ਰੇਮ ਦੀ ਖਿੱਚ ਜਦੋਂ ਆਪਣੇ ਸਿਖਰ ਉੱਤੇ ਪੁੱਜ ਜਾਂਦੀ ਹੈ ਤਾਂ ਕੇਵਲ ਦੋਸਤ ਹੀ ਨਹੀਂ ਸਗੋਂ ਸਾਰੀ ਲੋਕਾਈ ਹੀ ਆਪਣੀ ਜਾਪਣ ਲੱਗ ਪੈਂਦੀ ਹੈਜਦੋਂ ਅਜਿਹੀ ਅਵਸਥਾ ਆ ਜਾਵੇ ਤਾਂ ਨਫ਼ਰਤ, ਈਰਖਾ ਅਤੇ ਕੁੜੱਤਣ ਦਾ ਅੰਤ ਹੋ ਜਾਂਦਾ ਹੈਹਰ ਪਾਸੇ ਅਪਣੱਤ, ਅਨੰਦ ਤੇ ਖੇੜਾ ਨਜ਼ਰ ਆਉਂਦਾ ਹੈ

ਸੰਸਾਰ ਵਿੱਚੋਂ ਨਫ਼ਰਤ, ਈਰਖਾ ਅਤੇ ਕੁੜਤਣ ਦੂਰ ਕਰਨ ਲਈ ਸਮੇਂ ਸਿਰ ਅਵਤਾਰੀ ਪੁਰਸ਼ਾਂ ਨੇ ਇੱਥੇ ਜਨਮ ਲਿਆਇੰਝ ਕਈ ਧਰਮ ਹੋਂਦ ਵਿੱਚ ਆਏਬਦਕਿਸਮਤੀ ਸਵਾਰਥੀ ਪੁਰਸ਼ਾਂ ਨੇ ਧਰਮ ਨੂੰ ਸੰਪ੍ਰਦਾਇਕ ਦਾ ਰੂਪ ਦੇ ਕੇ ਸਗੋਂ ਨਫ਼ਰਤ ਵਿੱਚ ਹੋਰ ਵਾਧਾ ਕੀਤਾਧਰਮ ਜਿਹੜੇ ਪ੍ਰੇਮ ਦੇ ਪ੍ਰਚਾਰ ਪਸਾਰ ਲਈ ਬਣੇ ਸਨ, ਉਹ ਹੀ ਝਗੜਿਆਂ ਦਾ ਕਾਰਨ ਬਣੇਸੰਸਾਰ ਵਿੱਚ ਸਭ ਤੋਂ ਵੱਧ ਝਗੜੇ ਅਤੇ ਲੜਾਈਆਂ ਧਰਮ ਦੇ ਨਾਲ ਉੱਤੇ ਹੀ ਹੋਈਆਂ ਹਨਕੋਈ ਵੀ ਧਰਮ ਨਫ਼ਰਤ ਦਾ ਪਾਠ ਨਹੀਂ ਪੜ੍ਹਾਉਂਦਾ ਸਗੋਂ ਸਭਨਾਂ ਨੂੰ ਗਲੇ ਲਗਾਉਂਦਾ ਹੈਜੇਕਰ ਬੱਚਿਆਂ ਨੂੰ ਘਰੇ ਅਤੇ ਸਕੂਲ ਵਿੱਚ ਆਪਸੀ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦਾ ਪਾਠ ਪੜ੍ਹਾਇਆ ਜਾਵੇ ਤਾਂ ਉਨ੍ਹਾਂ ਵਿੱਚੋਂ ਨਫ਼ਰਤ ਘਟ ਜਾਵੇਗੀਉਹ ਆਪਣੇ ਸੰਗੀ ਸਾਥੀਆਂ ਨਾਲ ਈਰਖਾ ਕਰਨ ਦੀ ਥਾਂ ਦੋਸਤੀਆਂ ਪਾਲਣਗੇਇੰਝ ਘਰ, ਸਕੂਲ ਅਤੇ ਭਾਈਚਾਰੇ ਵਿੱਚ ਨਫ਼ਰਤ ਦੀ ਥਾਂ ਆਪਸੀ ਸਾਂਝ ਵਧੇਗੀ ਅਤੇ ਹਰ ਪਾਸੇ ਸਕੂਨ ਅਤੇ ਖੁਸ਼ੀ ਦਾ ਮਾਹੌਲ ਬਣ ਜਾਵੇਗਾਲੋਕਾਂ ਨੂੰ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਨਫ਼ਰਤ ਅਤੇ ਝਗੜਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈਇਹ ਸੰਸਾਰ ਬਹੁਤ ਖੂਬਸੂਰਤ ਹੈ, ਜੀਵਨ ਬਹੁਤ ਛੋਟਾ ਹੈਇਸ ਜੀਵਨ ਦਾ ਪੂਰਨ ਅਨੰਦ ਉਦੋਂ ਹੀ ਪ੍ਰਾਪਤ ਹੋ ਸਕਦਾ ਹੈ ਜਦੋਂ ਨਫ਼ਰਤ, ਈਰਖਾ ਅਤੇ ਹਊਮੈਂ ਨੂੰ ਤਿਆਗ ਪਿਆਰ ਦੀ ਜੋਤ ਜਗਾਈ ਜਾਵੇ

ਸੰਸਾਰ ਵਿੱਚ ਗਰੀਬ ਦੇਸ਼ਾਂ ਦੀ ਬਹੁਗਿਣਤੀ ਹੈ ਇੱਥੋਂ ਦੀ ਬਹੁਤੀ ਵਸੋਂ ਦੀਆਂ ਜੀਵਨ ਦੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ ਪਰ ਇਨ੍ਹਾਂ ਦੇਸ਼ਾਂ ਦਾ ਬਹੁਤਾ ਬੱਜਟ ਫ਼ੌਜ ਉੱਤੇ ਹੀ ਖਰਚ ਹੁੰਦਾ ਹੈਜੇਕਰ ਇਹ ਖਰਚ ਲੋਕ ਭਲਾਈ ਲਈ ਕੀਤਾ ਜਾਵੇ ਤਾਂ ਸੰਸਾਰ ਵਿੱਚੋਂ ਗਰੀਬੀ ਸਹਿਜੇ ਹੀ ਦੂਰ ਕੀਤੀ ਜਾ ਸਕਦੀ ਹੈਵਿਸ਼ਵ ਦੀ ਸਾਰੀ ਵਸੋਂ ਜੀਵਨ ਦੀਆਂ ਮੁਢਲੀਆਂ ਲੋੜਾਂ ਲਈ ਨਹੀਂ ਤਰਸੇਗੀ ਸਗੋਂ ਸਾਰੇ ਲੋਕ ਖੁਸ਼ਹਾਲ ਜੀਵਨ ਬਤੀਤ ਕਰ ਸਕਣਗੇਇਹ ਸਦੀ ਸੂਚਨਾ ਤਕਨਾਲੋਜੀ ਅਤੇ ਮੀਡੀਏ ਦੀ ਸਦੀ ਹੈਪਹੁੰਚ ਦੀਆਂ ਵਧੀਆਂ ਸਹੂਲਤਾਂ ਕਾਰਨ ਸੰਸਾਰ ਇੱਕ ਪਿੰਡ ਹੀ ਜਾਪਣ ਲੱਗ ਪਿਆ ਹੈਜਦੋਂ ਦੂਰੀਆਂ ਘਟ ਹੀ ਗਈਆਂ ਹਨ ਫਿਰ ਆਪੋ ਵਿੱਚ ਦੂਰੀਆਂ ਕਿਉਂ ਹਨ? ਸਾਰੇ ਇੱਕੋ ਨੂਰ ਵਿੱਚੋਂ ਹੀ ਆਏ ਹਨ, ਫਿਰ ਨਫ਼ਰਤ ਕਿਉਂ? ਅਸੀਂ ਆਪੋ ਵਿੱਚ ਵੰਡੀਆਂ ਪਾ ਕੇ ਕਾਣੀ ਵੰਡ ਨੂੰ ਉਤਸ਼ਾਹਿਤ ਕਰ ਰਹੇ ਹਾਂ ਇੱਕ ਦੂਜੇ ਦਾ ਹੱਕ ਮਾਰਨਾ, ਲੋੜ ਤੋਂ ਵੱਧ ਕੁਦਰਤੀ ਦਾਤਾਂ ਦੀ ਵਰਤੋਂ ਕਰਨਾ, ਨਫ਼ਰਤਾਂ ਨੂੰ ਉਤਸ਼ਾਹਿਤ ਕਰਨਾ ਇਨਸਾਨੀਅਤ ਨਹੀਂ ਹੈਜਨ ਸੰਚਾਰ ਦੀ ਇਸ ਸਦੀ ਵਿੱਚ ਜਨ ਸੰਚਾਰ ਸਾਧਨ ਨਫ਼ਰਤਾਂ ਨੂੰ ਦੂਰ ਕਰਨ ਅਤੇ ਪਿਆਰ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨਪਰ ਵੇਖਣ ਵਿੱਚ ਆਇਆ ਹੈ ਕਿ ਇਹ ਸਾਧਨ ਲੜਾਈ ਝਗੜਿਆਂ ਦੀਆਂ ਖ਼ਬਰਾਂ ਵਧੇਰੇ ਉਛਾਲਦੇ ਹਨਇੰਝ ਨਫ਼ਰਤ ਘੱਟ ਹੋਣ ਦੀ ਥਾਂ ਇਸ ਵਿੱਚ ਵਾਧਾ ਹੁੰਦਾ ਹੈ

ਆਵੋ ਸਾਰੇ ਪ੍ਰਣ ਕਰੀਏ ਕਿ ਅੱਗੇ ਤੋਂ ਅਸੀਂ ਨਫ਼ਰਤ ਦੀ ਥਾਂ ਪ੍ਰੇਮ ਦਾ ਪ੍ਰਚਾਰ ਕਰਾਂਗੇਦੁਸ਼ਮਣੀਆਂ ਦੀ ਥਾਂ ਦੋਸਤੀਆਂ ਪਾਲਾਂਗੇ ਅਤੇ ਈਰਖਾ ਦੀ ਥਾਂ ਆਪਸੀ ਸਹਿਯੋਗ ਕਰਾਂਗੇਇੰਝ ਸੰਸਾਰ ਸਵਰਗ ਬਣ ਜਾਵੇਗਾ, ਵਿਤਕਰੇ ਅਤੇ ਨਫ਼ਰਤ ਦਾ ਅੰਤ ਹੋ ਜਾਵੇਗਾ ਸਾਨੂੰ ਗੁਰੂ ਅਰਜਨ ਸਾਹਿਬ ਜੀ ਦੇ ਇਸ ਹੁਕਮ ਨੂੰ ਮਨ ਵਿੱਚ ਵਸਾ ਕੇ ਇਸ ਉੱਤੇ ਪੂਰੀ ਇਮਾਨਦਾਰੀ ਨਾਲ ਅਮਲ ਕਰਨਾ ਚਾਹੀਦਾ ਹੈ:

ਸਭ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (671)

ਆਵੋ ਸਭਨਾਂ ਦੇ ਸਾਜਨ ਬਣੀਏ ਆਪਣੇ ਘਰ, ਸਮਾਜ, ਦੇਸ਼ ਅਤੇ ਸਮਾਜ ਨੂੰ ਸਵਰਗ ਬਣਾਈਏਚਿਹਰੇ ਉੱਤੇ ਮੁਸਕਾਨ ਦੋਸਤੀਆਂ ਵਿੱਚ ਵਾਧਾ ਕਰਦੀ ਹੈ ਤੇ ਆਪਸੀ ਝਗੜਿਆਂ ਨੂੰ ਦੂਰ ਕਰਦੀ ਹੈਇਸੇ ਕਰਕੇ ਆਖਿਆ ਜਾਂਦਾ ਹੈ ਕਿ ‘ਹੱਸਦਿਆਂ ਦੇ ਘਰ ਵਸਦੇ’ ਇਸੇ ਤਰ੍ਹਾਂ ਬੋਲ ਬਾਣੀ ਦੀ ਵਰਤੋਂ ਆਪਸੀ ਪਿਆਰ ਵਧਾਉਣ ਲਈ ਕਰਨੀ ਚਾਹੀਦੀ ਹੈ, ਨਫ਼ਰਤਾਂ ਵਿੱਚ ਵਾਧੇ ਲਈ ਨਹੀਂਜੀਭ ਇੱਕ ਅਜਿਹੀ ਦੋ ਧਾਰੀ ਤਲਵਾਰ ਹੈ ਜਿਹੜੀ ਟੁੱਟੇ ਰਿਸ਼ਤਿਆਂ ਨੂੰ ਜੋੜ ਸਕਦੀ ਹੈ ਅਤੇ ਮਜ਼ਬੂਤ ਤੋਂ ਮਜ਼ਬੂਤ ਰਿਸ਼ਤਿਆਂ ਨੂੰ ਆਪਣੇ ਦੋਂਹ ਬੋਲਾਂ ਨਾਲ ਤੋੜ ਵੀ ਸਕਦੀ ਹੈ

ਆਵੋ ਹਮੇਸ਼ਾ ਮੁਸਕੁਰਾਈਏ, ਮਿੱਠੇ ਬੋਲ ਬੋਲੀਏ ਤੇ ਦੋਸਤੀਆਂ ਬਣਾਈਏ ਤੇ ਨਿਭਾਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4202)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author