RanjitSinghDr7ਜੇਕਰ ਤਕਰੀਬਨ 25 ਲੱਖ ਕਾਮੇ ਦੂਜੇ ਸੂਬਿਆਂ ਤੋਂ ਆ ਕੇ ਆਪਣੀ ਗਰੀਬੀ ਦੂਰ ਕਰ ਸਕਦੇ ਹਨ ਤਾਂ ਕੀ ਪੰਜਾਬੀ ਮੁੜ ...
(1 ਨਵੰਬਰ 2023)


ਪੰਜਾਬ ਇਸ ਸਮੇਂ ਨਾਜ਼ੁਕ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ
ਜਿਹੜਾ ਸੂਬਾ ਕਦੇ ਦੇਸ਼ ਦਾ ਮੋਹਰੀ ਸੀ, ਉਹ ਨਿਵਾਣ ਵਲ ਜਾ ਰਿਹਾ ਹੈਪੰਜਾਬ ਦਿਵਸ ਨੂੰ ਨਿਰਾ ਸਮਾਗਮਾਂ ਤਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਹੈ ਸਗੋਂ ਸੂਬੇ ਦੇ ਭਵਿੱਖ ਬਾਰੇ ਗੰਭੀਰ ਚਿੰਤਨ ਦੀ ਲੋੜ ਹੈਸਾਰੀਆਂ ਰਾਜਸੀ ਪਾਰਟੀਆਂ, ਵਿਦਵਾਨਾਂ ਅਤੇ ਧਾਰਮਿਕ ਆਗੂਆਂ ਨੂੰ ਇੱਕ ਦੂਜੇ ਉੱਤੇ ਚਿੱਕੜ ਸੁੱਟਣ ਦੀ ਥਾਂ ਗੰਭੀਰ ਵਿਚਾਰ ਵਟਾਂਦਰੇ ਰਾਹੀਂ ਕੋਈ ਭਵਿੱਖੀ ਯੋਜਨਾ ਬਣਾਉਣ ਦੀ ਲੋੜ ਹੈਬਹਿਸ ਵਿੱਚੋਂ ਕੁਝ ਪ੍ਰਾਪਤ ਨਹੀਂ ਹੁੰਦਾ ਸਗੋਂ ਇੱਕ ਦੂਜੇ ਉੱਤੇ ਚਿੱਕੜ ਹੀ ਸੁੱਟਿਆ ਜਾਂਦਾ ਹੈ, ਜਿਸ ਨਾਲ ਆਪਸੀ ਨਫ਼ਰਤਾਂ ਵਿੱਚ ਹੋਰ ਵਾਧਾ ਹੁੰਦਾ ਹੈਪਿਛਲੇ ਸਮਿਆਂ ਵਿੱਚ ਕਿਸੇ ਕੀ ਕੀਤਾ, ਇਹ ਵੇਖਣ ਦੀ ਥਾਂ ਭਵਿੱਖ ਵਿੱਚ ਕੀ ਕੀਤਾ ਜਾ ਸਕਦਾ ਹੈ, ਇਸ ਬਾਰੇ ਚਿੰਤਨ ਦੀ ਲੋੜ ਹੈ

ਇਸ ਸਮੇਂ ਪੰਜਾਬ ਦੀ ਖੇਤੀ ਅਤੇ ਸਨਅਤ ਵਿੱਚ ਖੜੋਤ ਆ ਗਈ ਹੈਕਦੇ ਗੁਰਦਾਸਪੁਰ ਤੋਂ ਲੈ ਕੇ ਰਾਜਪੁਰੇ ਤਕ ਛੋਟੇ ਅਤੇ ਦਰਮਿਆਨੇ ਕਾਰਖਾਨੇ ਨਜ਼ਰ ਆਉਂਦੇ ਸਨ, ਹੁਣ ਬਹੁਤਿਆਂ ਨੂੰ ਤਾਲੇ ਲੱਗ ਗਏ ਹਨਬਹੁਤੀ ਸਨਅਤ ਲੁਧਿਆਣੇ ਹੀ ਇਕੱਠੀ ਹੋ ਗਈ ਹੈ, ਜਿਸ ਨੇ ਇੱਥੋਂ ਦੇ ਸੌ ਤੋਂ ਵੱਧ ਪਿੰਡ ਖਾ ਲਏ ਹਨਇਨ੍ਹਾਂ ਪਿੰਡਾਂ ਦੇ ਵਾਸੀ ਦੂਰ ਦੁਰਾਡੇ ਚਲੇ ਗਏ ਹਨਖਾਲੀ ਘਰਾਂ ਵਿੱਚ ਹੁਣ ਦੂਜੇ ਸੂਬਿਆਂ ਤੋਂ ਆਏ ਕਾਮੇ ਰਹਿੰਦੇ ਹਨ ਤੇ ਉਹ ਹੀ ਕਾਰਖਾਨਿਆਂ ਵਿੱਚ ਕੰਮ ਕਰਦੇ ਹਨਇਸੇ ਤਰ੍ਹਾਂ ਖੇਤੀ ਵਿੱਚ ਵੀ ਪਿਛਲੇ ਤਿੰਨ ਦਹਾਕਿਆਂ ਤੋਂ ਖੜੋਤ ਆ ਗਈ ਹੈਕਣਕ, ਝੋਨਾ ਹੀ ਮੁੱਖ ਫ਼ਸਲ ਚੱਕਰ ਹੈ। ਇਸਦਾ ਝਾੜ ਵੀ ਲਗਭਗ ਇੱਕ ਥਾਂ ਟਿਕਿਆ ਹੋਇਆ ਹੈਮਹਿੰਗਾਈ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈਪਰ ਉਸੇ ਅਨੁਪਾਤ ਨਾਲ ਜਿਣਸਾਂ ਦੇ ਮੁੱਲ ਵਿੱਚ ਵਾਧਾ ਨਹੀਂ ਹੋਇਆਇਸ ਕਰਕੇ ਕਿਸਾਨ ਦੀ ਆਮਦਨ ਘਟੀ ਹੈ ਤੇ ਕੁਦਰਤੀ ਮਾਰ ਵੀ ਪੈ ਰਹੀ ਹੈਬਹੁਤੇ ਕਿਸਾਨ ਹੁਣ ਕਰਜ਼ਾਈ ਹਨ

ਪੰਜਾਬ ਦੀ ਖੁਸ਼ਹਾਲੀ ਵੇਖ ਵਿੱਦਿਆ ਦੇ ਵਿਉਪਾਰੀਆਂ ਇੱਥੇ ਸ਼ਾਨਦਾਰ ਸਕੂਲ ਬਣਾਏ, ਅੰਗਰੇਜ਼ੀ ਪੜ੍ਹਾਉਣ ਦੇ ਸਬਜ਼ਬਾਗ ਵਿਖਾਏਹਰੇਕ ਪੰਜਾਬੀ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਵੇਇੰਝ ਬੱਚੇ ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਹਨਉਨ੍ਹਾਂ ਵਿੱਚ ਆਪਣੀ ਮਿੱਟੀ ਦਾ ਮੋਹ ਖਤਮ ਹੋ ਰਿਹਾ ਹੈਸਰਕਾਰ ਦਾ ਧਿਆਨ ਆਪਣੇ ਆਪ ਹੀ ਸਰਕਾਰੀ ਸਕੂਲਾਂ ਤੋਂ ਦੂਰ ਹੋਣਾ ਹੀ ਸੀਹੁਣ ਬਹੁਤੇ ਸਰਕਾਰੀ ਸਕੂਲਾਂ ਵਿੱਚ ਦੂਜੇ ਸੂਬਿਆਂ ਤੋਂ ਆਏ ਬੱਚੇ ਪੜ੍ਹਦੇ ਹਨਪੰਜਾਬੀ ਵਿੱਚ ਪੜ੍ਹਾਈ ਉਹ ਹੀ ਕਰਦੇ ਹਨ ਅਤੇ ਪੰਜਾਬੀ ਬੋਲਦੇ ਹਨਇੰਝ ਬਹੁਤੀਆਂ ਛੋਟੀਆਂ ਨੌਕਰੀਆਂ ਉੱਤੇ ਉਹ ਹੀ ਕੰਮ ਕਰਦੇ ਹਨ ਅੰਗਰੇਜ਼ੀ ਸਕੂਲਾਂ ਵਿੱਚ ਜਾਣ ਨਾਲ ਬੱਚੇ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਪਏ ਹਨ ਜਿਸ ਕਰਕੇ ਉਹ ਕਿਰਤ ਤੋਂ ਦੂਰ ਹੋ ਹਰੇ ਹਨਬੱਚੇ ਤਾਂ ਕੀ ਮਾਪੇ ਵੀ ਕਿਰਤ ਤੋਂ ਦੂਰ ਹੋ ਰਹੇ ਹਨਬਹੁਤੇ ਘਰਾਂ ਦੇ ਕੰਮ ਵੀ ਦੂਜੇ ਸੂਬਿਆਂ ਤੋਂ ਆਈਆਂ ਔਰਤਾਂ ਹੀ ਕਰਦੀਆਂ ਹਨ

ਸਾਡੇ ਵਿੱਦਿਅਕ ਅਦਾਰਿਆਂ ਵਿੱਚ ਬੱਚਿਆਂ ਨੂੰ ਹੁਨਰੀ ਬਣਾਉਣ ਵਲ ਧਿਆਨ ਨਹੀਂ ਦਿੱਤਾ ਗਿਆਜਿਹੜੇ ਹੁਨਰੀ ਕੇਂਦਰ ਖੋਲ੍ਹੇ ਗਏ ਸਨ, ਉਨ੍ਹਾਂ ਵਲ ਵੀ ਧਿਆਨ ਨਹੀਂ ਦਿੱਤਾ ਗਿਆਬੱਚਿਆਂ ਵਿੱਚ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਦੀ ਚੇਟਕ ਨਹੀਂ ਲਗਾਈ ਜਾਂਦੀਵਿਰਲੇ ਟਾਵੇਂ ਹੀ ਕੇਂਦਰ ਹਨ, ਜਿੱਥੇ ਅਜਿਹੀ ਸਿਖਲਾਈ ਦਿੱਤੀ ਜਾਂਦੀ ਹੋਵੇਪੰਜਾਬ ਵਿੱਚ ਇਸ ਸਮੇਂ ਹੁਨਰੀ ਕਾਮਿਆਂ ਵਿੱਚ ਬਹੁਗਿਣਤੀ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਦੀ ਹੈਪੰਜਾਬੀ ਤਾਂ ਕੇਵਲ ਮੋਟਰ ਮਕੈਨਕੀ ਵਿੱਚ ਹੀ ਨਜ਼ਰ ਆਉਂਦੇ ਹਨ

ਸਿਹਤ ਸਹੂਲਤਾਂ ਦਾ ਵੀ ਇਹੋ ਹਾਲ ਹੈ ਨਿੱਜੀ ਹਸਪਤਾਲਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਕਾਰੀ ਹਸਪਤਾਲਾਂ ਵਿੱਚ ਖੜੋਤ ਹੈ ਇੱਥੇ ਭੀੜ, ਗੰਦਗੀ, ਲਾਪਰਵਾਹੀ ਹੀ ਨਜ਼ਰ ਆਉਂਦੇ ਹਨ ਨਿੱਜੀ ਹਸਪਤਾਲਾਂ ਵਿੱਚ ਇਲਾਜ ਇੰਨਾ ਮਹਿੰਗਾ ਹੈ ਕਿ ਆਮ ਆਦਮੀ ਦਾ ਦਿਵਾਲੀਆ ਨਿਕਲ ਜਾਂਦਾ ਹੈਇਹੋ ਹੀ ਹਾਲ ਸਰਕਾਰੀ ਦਫਤਰਾਂ ਦਾ ਹੈ

ਰਿਸ਼ਵਤ ਦਾ ਹਰ ਪਾਸੇ ਬੋਲਬਾਲਾ ਹੈ, ਨਸ਼ਿਆਂ ਦੀ ਵਰਤੋਂ ਵਧ ਰਹੀ ਹੈ ਅਤੇ ਮਿਲਾਵਟ ਦਾ ਜ਼ੋਰ ਹੈਕਿਰਤ ਤੋਂ ਦੂਰੀ ਹੋ ਰਹੀ ਹੈ ਪਰ ਵਿਖਾਵੇ ਵਿੱਚ ਵਾਧਾ ਹੋ ਰਿਹਾ ਹੈਧਾਰਮਿਕ ਸਥਾਨਾਂ ਅਤੇ ਪ੍ਰਚਾਰਕਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਉਸੇ ਤੇਜ਼ੀ ਨਾਲ ਧਰਮ ਲੋਕਾਈ ਤੋਂ ਦੂਰ ਹੋਇਆ ਹੈਆਗੂ ਰਾਤੋ ਰਾਤ ਅਮੀਰ ਬਣੇ ਹਨ। ਉਨ੍ਹਾਂ ਦੇ ਪੈਰੋਕਾਰ ਵੀ ਅਜਿਹਾ ਹੀ ਲੋਚਦੇ ਹਨਇੰਝ ਨੈਤਿਕ ਕਦਰਾਂ ਕੀਮਤਾਂ ਨੂੰ ਖੋਰਾ ਲੱਗ ਰਿਹਾ ਹੈ

ਲੋਕਾਂ ਵਿੱਚ ਮਾਯੂਸੀ ਹੈ ਪੰਜਾਬ ਦੀ ਜਵਾਨੀ ਨੂੰ ਸਿਆਸੀ ਆਗੂ ਆਪਣੇ ਪਿੱਛੇ ਲਗਾ ਕੇ ਭਟਕਾ ਰਹੇ ਹਨਰੈਲੀਆਂ ਪਿੱਛੋਂ ਉਨ੍ਹਾਂ ਦੀ ਥਕਾਵਟ ਲਾਹੁਣ ਦੇ ਬਹਾਨੇ ਆਗੂ ਨਸ਼ਿਆਂ ਦੇ ਲੜ ਲਾ ਰਹੇ ਹਨਗਰੀਬ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈਉਹ ਮਜਬੂਰ ਹੋ ਕੇ ਖੁਦਕੁਸ਼ੀ ਦੇ ਰਾਹ ਵੀ ਪੈ ਜਾਂਦਾ ਹੈ

ਆਵੋ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਦੇ ਪੰਜਾਬ ਵਲ ਵੇਖੀਏ। ਉਦੋਂ ਇਹ ਸੂਬਾ ਦੇਸ਼ ਦੇ ਪਹਿਲੇ ਸਥਾਨ ਉੱਤੇ ਸੀਆਪਣੀ ਨਵੀਂ ਰਾਜਧਾਨੀ ਸੀਭਾਖੜਾ ਯੋਜਨਾ ਨਾਲ ਬਿਜਲੀ ਅਤੇ ਪਾਣੀ ਦੀ ਕਮੀ ਦੂਰ ਹੋਈ ਸੀਸਾਰੇ ਸੂਬੇ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਗਿਆ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਖੇਤੀ ਦੇ ਨਾਲ ਸਨਅਤੀ ਵਿਕਾਸ ਵੀ ਹੋ ਰਿਹਾ ਸੀਸ. ਪ੍ਰਤਾਪ ਸਿੰਘ ਕੈਰੋਂ ਨੇ ਮੁਰੱਬੇਬੰਦੀ ਕਰਵਾਈਸਿੱਧੀਆਂ ਸੜਕਾਂ ਬਣੀਆਂਸਕੂਲਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣੀਇਸੇ ਤਰ੍ਹਾਂ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਣਾਈ ਗਈਦੋਵੇਂ ਸੰਸਥਾਵਾਂ ਦੇਸ਼ ਵਿੱਚੋਂ ਮੋਹਰੀ ਬਣੀਆਂਭਾਸ਼ਾ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲੇ ਅਤੇ ਸੰਸਕ੍ਰਿਤ ਯੂਨੀਵਰਸਿਟੀ ਕੁਰੂਕਸ਼ੇਤਰ ਬਣਾਈਹਿੰਦੀ ਬੋਲਦੇ ਇਲਾਕੇ ਵੀ ਪੰਜਾਬੀ ਬੋਲਦੇ ਬਣਾਉਣ ਲਈ ਫ਼ਰੀਦਾਬਾਦ ਸਨਅਤੀ ਕੇਂਦਰ ਬਣਾਇਆ ਤੇ ਪੰਜਾਬੀਆਂ ਨੂੰ ਉੱਥੇ ਵਸਾਇਆਦਿੱਲੀ ਵਿੱਚ ਵੀ ਪੰਜਾਬੀਆਂ ਦਾ ਹੀ ਬੋਲਬਾਲਾ ਸੀਦਸਵੀਂ ਵਿੱਚ ਪੰਜਾਬੀ ਅਤੇ ਹਿੰਦੀ ਪੜ੍ਹਾਈ ਲਾਜ਼ਮੀ ਕੀਤੀ। ਇੰਝ ਸਾਰੇ ਪੰਜਾਬੀਆਂ ਨੂੰ ਪੰਜਾਬੀ ਦੇ ਲੜ ਲਾਇਆ ਦੇਸ਼ ਦੀ ਵੰਡ ਸਮੇਂ ਉੱਜੜ ਕੇ ਆਏ ਬਹੁਤ ਸਾਰੇ ਪੰਜਾਬੀ ਦਿੱਲੀ ਅਤੇ ਹਰਿਆਣੇ ਵਿੱਚ ਵਸੇਇੰਝ ਪੰਜਾਬੀ ਸਾਰੇ ਸੂਬੇ ਵਿੱਚ ਫੈਲੇਇਹ ਪੰਜਾਬੀ ਬੋਲਦੇ ਤੇ ਗੁਰੂ ਨਾਨਕ ਦੀ ਬਾਣੀ ਦਾ ਪਾਠ ਕਰਦੇ ਸਨਹੁਣ ਹਰਿਆਣਾ ਬਣਨ ਪਿੱਛੋਂ ਇਨ੍ਹਾਂ ਪੰਜਾਬੀਆਂ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਹੋਣਾ ਪਿਆਹੁਣ ਇਹ ਵੀ ਹਿੰਦੀ ਹੀ ਬੋਲਦੇ ਹਨਇੰਝ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਘਟ ਗਈਇਹੋ ਹਾਲ ਦਿੱਲੀ ਵਿੱਚ ਹੋਇਆ

ਬੇਰੁਜ਼ਗਾਰੀ, ਨਸ਼ੇ ਅਤੇ ਗੈਂਗਸਟਰਾਂ ਦੇ ਵਾਧੇ ਤੋਂ ਡਰਦੇ ਅਤੇ ਵਧੀਆ ਜੀਵਨ ਜੀਉਣ ਦੇ ਸੁਪਨੇ ਲੈਂਦੇ ਪੰਜਾਬੀ ਮੁੰਡੇ ਕੁੜੀਆਂ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨਪੰਜਾਬ ਵਿੱਚ ਪਗੜੀ ਵਾਲਿਆਂ ਦੀ ਗਿਣਤੀ ਘਟ ਰਹੀ ਹੈਸੋਚਿਆ ਤਾਂ ਇਹ ਸੀ ਕਿ ਪੰਜਾਬੀ ਸੂਬਾ ਬਣਨ ਨਾਲ ਪੰਜਾਬ ਹੋਰ ਤਰੱਕੀ ਕਰੇਗਾ; ਜਿੱਥੇ ਖੇਤੀ, ਫ਼ੌਜ, ਟਰਾਂਸਪੋਰਟ ਵਿੱਚ ਇਨ੍ਹਾਂ ਦੀ ਸਰਦਾਰੀ ਹੈ ਉੱਥੇ ਸਨਅਤ ਅਤੇ ਅਫਸਰਸ਼ਾਹੀ ਵਿੱਚ ਵੀ ਇਨ੍ਹਾਂ ਦਾ ਕਬਜ਼ਾ ਹੋਵੇਗਾਪਰ ਹੋਇਆ ਇਸਦੇ ਉਲਟ ਹੈਸਾਡੀ ਖੇਤੀ ਅਤੇ ਸਨਅਤ ਵਿੱਚ ਖੜੋਤ ਆ ਗਈ ਹੈਅਫਸਰੀਆਂ ਵੱਲੋਂ ਮੁੰਡਿਆਂ ਨੇ ਮੂੰਹ ਮੋੜ ਲਿਆ ਹੈਹੁਣ ਕਿਸੇ ਵੀ ਦਫਤਰ ਵਿੱਚ ਚਲੇ ਜਾਵੋ, ਕੋਈ ਵਿਰਲਾ ਹੀ ਪਗੜੀ ਵਾਲਾ ਨਜ਼ਰ ਆਉਂਦਾ ਹੈਜਿਸ ਸੂਬੇ ਲਈ ਅਸੀਂ ਆਪਣੇ ਲਗਭਗ ਅੱਧੇ ਹਿੱਸੇ ਦੀ ਕੁਰਬਾਨੀ ਦਿੱਤੀ, ਆਪਣੀ ਰਾਜਧਾਨੀ ਅਤੇ ਭਾਖੜੇ ਤੋਂ ਕਬਜ਼ਾ ਹਟਾਇਆ, ਪਾਣੀ ਗੁਆਇਆ; ਉਹ ਸੂਬਾ ਹੁਣ ਨਿਵਾਣ ਵਲ ਚਲਾ ਗਿਆ ਹੈਇਸ ਭੈੜੀ ਸਥਿਤੀ ਲਈ ਕੇਵਲ ਸਾਡੇ ਰਾਜਸੀ ਆਗੂ ਹੀ ਨਹੀਂ, ਸਗੋਂ ਧਾਰਮਿਕ ਆਗੂ ਵੀ ਜ਼ਿੰਮੇਵਾਰ ਹਨਆਪਣੇ ਘਰਾਂ ਨੂੰ ਭਰਨ ਅਤੇ ਰਾਤੋ ਰਾਤ ਅਮੀਰ ਬਣਨ ਲਈ ਇਨ੍ਹਾਂ ਕੇਵਲ ਆਪਣੇ ਬਾਰੇ ਹੀ ਸੋਚਿਆਸਮਾਜਿਕ ਕਦਰਾਂ ਕੀਮਤਾਂ ਨੂੰ ਆਪ ਵੀ ਤੋੜਿਆ ਤੇ ਦੂਜਿਆਂ ਨੂੰ ਕੁਰਾਹੇ ਪਾਇਆ ਲੋਕ ਬੈਚੇਨ ਹਨਇਸੇ ਲਈ ਉਨ੍ਹਾਂ ਰਵਾਇਤੀ ਪਾਰਟੀਆਂ ਦੀ ਥਾਂ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਹੈ

ਇਸ ਪਾਰਟੀ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਦਾ ਸੁਨਹਿਰੀ ਮੌਕਾ ਮਿਲਿਆ ਹੈਪੰਜਾਬ ਦਿਵਸ ਮੌਕੇ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਬਾਰੇ ਵਿਚਾਰਿਆ ਜਾਵੇਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹੇ ਕਰਨ ਲਈ ਸੋਚਿਆ ਜਾਵੇ ਅਤੇ ਸੰਜੀਦਗੀ ਨਾਲ ਉਸ ਉੱਤੇ ਅਮਲ ਕੀਤਾ ਜਾਵੇਮੁੱਖ ਮੰਤਰੀ ਕੋਲ ਮੈਂਬਰਾਂ ਦੀ ਬਹੁਗਿਣਤੀ ਹੈ, ਇਸ ਕਰਕੇ ਕੁਰਸੀ ਨੂੰ ਕੋਈ ਖਤਰਾ ਨਹੀਂ ਹੈ,ਸਖ਼ਤ ਫ਼ੈਸਲੇ ਲਏ ਜਾਣਲੋਕ ਨਾਰਾਜ ਨਹੀਂ ਹੋਣਗੇ, ਸਗੋਂ ਉਹ ਸ਼ਕਤੀ ਤਬਦੀਲੀ ਦੇ ਆਪਣੇ ਫ਼ੈਸਲੇ ਉੱਤੇ ਖੁਸ਼ ਹੋਣਗੇਸੂਬੇ ਦੇ ਵਸੀਲਿਆਂ ਦੀ ਸਾਰਥਿਕ ਵਰਤੋਂ ਕਰਕੇ ਵਿੱਦਿਆ ਅਤੇ ਸਿਹਤ ਸਹੂਲਤਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇਫੋਕਲ ਪੁਆਇੰਟ ਸਕੀਮ ਨੂੰ ਮੁੜ ਚਲਾਇਆ ਜਾਵੇ। ਇਸ ਨਾਲ ਸੂਬੇ ਵਿੱਚ ਰੁਜ਼ਗਾਰ ਦੇ ਵਸੀਲਿਆਂ ਵਿੱਚ ਵਾਧਾ ਹੋਵੇਗਾ ਅਤੇ ਗਰੀਬੀ ਦੂਰ ਹੋਵੇਗੀ

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਦੇ ਨਾਲੋ ਨਾਲ ਪਿੰਡ ਵਾਸੀਆਂ ਨੂੰ ਵੀ ਉਪਰਾਲੇ ਕਰਨ ਦੀ ਲੋੜ ਹੈਕਿਰਤ ਦਾ ਸਤਿਕਾਰ ਵਧਾਇਆ ਜਾਵੇਆਗੂਆਂ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਆਪਣੇ ਪਿੱਛੇ ਲਗਾਉਣ ਦੀ ਥਾਂ ਉਨ੍ਹਾਂ ਨੂੰ ਵਿਕਾਸ ਦਾ ਰਾਹ ਵਿਖਾਇਆ ਜਾਵੇਜੇਕਰ ਤਕਰੀਬਨ 25 ਲੱਖ ਕਾਮੇ ਦੂਜੇ ਸੂਬਿਆਂ ਤੋਂ ਆ ਕੇ ਆਪਣੀ ਗਰੀਬੀ ਦੂਰ ਕਰ ਸਕਦੇ ਹਨ ਤਾਂ ਕੀ ਪੰਜਾਬੀ ਮੁੜ ਪੰਜਾਬ ਨੂੰ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਨਹੀਂ ਬਣਾ ਸਕਦੇ? ਵਿਦੇਸ਼ਾਂ ਵਿੱਚ ਪੰਜਾਬੀ ਵੱਡੀਆਂ ਮੱਲਾਂ ਮਾਰ ਰਹੇ ਹਨ। ਜੇਕਰ ਉਨ੍ਹਾਂ ਨੂੰ ਆਪਣੇ ਸੂਬੇ ਵਿੱਚ ਹੀ ਮੌਕਾ ਮਿਲੇ ਤਾਂ ਉਹ ਇਸ ਨੂੰ ਰੰਗਲਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4439)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author