“ਜਿਨ੍ਹਾਂ ਨਾਇਕਾਂ ਦੀ ਵਿਰਾਸਤ ਦੀ ਛਾਂ ਮਾਣੀ, ਉਨ੍ਹਾਂ ਦੀਆਂ ਸੋਚਾਂ, ਸੁਫ਼ਨਿਆਂ ਨੂੰ ਅੱਖੋਂ ਪਰੋਖੇ ਕਰਨਾ ...”
(3 ਦਸੰਬਰ 2023)
ਇਸ ਸਮੇਂ ਪਾਠਕ: 490.
ਆਪਣੇ ਮਿੱਤਰ ਦੇ ਪਿੰਡ ਜਾਣ ਦਾ ਸਬੱਬ ਬਣਿਆ। ਰਸਤੇ ਵਿੱਚ ਖ਼ੇਤਾਂ ਵਿੱਚ ਝੂਮਦੀਆਂ ਫ਼ਸਲਾਂ। ਮੋਟਰਾਂ ਵਿੱਚੋਂ ਕਲ ਕਲ ਵਹਿੰਦਾ ਪਾਣੀ। ਵੱਟਾਂ ਬੰਨਿਆਂ ’ਤੇ ਫਿਰਦੇ ਕਿਰਤੀ ਕਾਮੇ। ਦੂਰ ਤਕ ਹਰਿਆਲੀ ਦੀ ਵਿਛੀ ਚਾਦਰ। ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ। ਉੱਪਰ ਛਤਰੀ ਤਾਣੀ ਖੜ੍ਹਾ ਨੀਲਾ ਅੰਬਰ। ਇਹ ਦ੍ਰਿਸ਼ ਖ਼ੇਤਾਂ ਦੇ ਜੀਵਨ ਨੂੰ ਰੂਪਮਾਨ ਕਰਦੇ ਨਜ਼ਰ ਆਏ। ਰੁੱਖਾਂ ਦੇ ਪੀਲੇ, ਚਿੱਟੇ ਫੁੱਲਾਂ ਦੀ ਸੰਗਤ ਨੇ ਮਨ ਮੋਹਿਆ। ਵਗਦੀ ਪੌਣ ਵਿੱਚ ਮਿਲੀ ਫ਼ਸਲਾਂ, ਫੁੱਲਾਂ ਦੀ ਮਹਿਕ। ਪਿੰਡ ਦੀ ਜੂਹ ਵਿੱਚ ਹਰੇ ਭਰੇ ਰੁੱਖ ਸਵਾਗਤ ਕਰਦੇ ਦਿਖੇ। ਕੁਦਰਤ ਦਾ ਸੰਗ ਸਾਥ ਮਾਣਦਿਆਂ ਮਿੱਤਰ ਦੇ ਪਿੰਡ ਪਹੁੰਚੇ।
ਪਿੰਡ ਦੇ ਵਿਚਕਾਰ ਖੁੱਲ੍ਹਾ ਡੁੱਲ੍ਹਾ ਘਰ। ਰੁੱਖਾਂ ਤੇ ਫੁੱਲਾਂ ਨੂੰ ਕਲਾਵੇ ਵਿੱਚ ਸਾਂਭੀ ਬੈਠਾ। ਇੱਕ ਪਾਸੇ ਮੱਝਾਂ, ਗਾਵਾਂ ਬੈਠੀਆਂ। ਨਾਲ ਦੇ ਵੱਡੇ ਬਰਾਂਡੇ ਵਿੱਚ ਖੇਤੀ ਵਰਤੋਂ ਦੇ ਸੰਦ। ਹਰ ਚੀਜ਼ ਥਾਂ ਸਿਰ ਸਾਂਭੀ ਨਜ਼ਰ ਆਈ। ਦੂਸਰੇ ਪਾਸੇ ਹਰੇ ਰੰਗ ਵਿੱਚ ਸਜੀ ਸਬਜ਼ੀਆਂ ਦੀ ਕਿਆਰੀ। ਘਰ ਦਾ ਮੂੰਹ ਮੁਹਾਂਦਰਾ ਮਨ ਨੂੰ ਭਾਇਆ। ਬੈਠਕ ਵਿੱਚ ਜਾ ਬੈਠੇ। ਘਰ ਦੇ ਜੀਆਂ ਨਾਲ ਮੇਲ ਮੁਲਾਕਾਤ। ਚਾਹ ਪਾਣੀ ਪੀਤਾ। ਬੈਠਕ ਵਿੱਚ ਹੀ ਸਾਹਵੇਂ ਬਣੀ ਅਲਮਾਰੀ ਵਿੱਚੋਂ ਤੱਕਦੀਆਂ ਪੁਸਤਕਾਂ ਮਨ ਦਾ ਸਕੂਨ ਬਣੀਆਂ। ਮਾਂ ਬਾਪ ਦੀ ਛਾਂ ਹੇਠ ਪਲਿਆ ਪੁੱਤਰ ਪੁਸਤਕਾਂ ਨਾਲ ਵਫਾ ਕਰਕੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਤੋਰਦਾ ਜਾਪਿਆ। ਘਰ ਬਾਰ ਦੇ ਸੁਹਜ ਸਲੀਕੇ ਦੀ ਜਾਚ ਸਮਝ ਵਿੱਚ ਆਈ।
ਗੱਲਾਂ ਵਿੱਚ ਮਿਠਾਸ ਸੀ, ਸਲੀਕੇ ਵਿੱਚ ਮੁਹੱਬਤ। ਸਾਦ ਮੁਰਾਦੇ, ਸੁੱਚੀ ਜੀਵਨ ਜਾਚ, ਚਿਹਰਿਆਂ ਉੱਤੇ ਸੰਤੁਸ਼ਟੀ ਦੀ ਝਲਕ। ਨਾ ਕੋਈ ਵਲ਼ ਨਾ ਫੇਰ। ਕੁਦਰਤ, ਜ਼ਿੰਦਗੀ ’ਤੇ ਕੰਮ ਦੇ ਉਪਾਸ਼ਕ। ਦੁਪਹਿਰ ਦੇ ਖਾਣੇ ਦਾ ਵਕਤ ਹੋਇਆ। ਪਿੰਡ ਦੀਆਂ ਨਿਆਮਤਾਂ ਨਾਲ ਬਣਿਆ ਖਾਣਾ। ਨਾ ਕੋਈ ਵਿਖਾਵਾ ਨਾ ਉਚੇਚ। ਖਾਣਾ ਖਾਂਦਿਆਂ ਮਾਂ ਦਾ ਚੁੱਲ੍ਹਾ ਚੌਂਕਾ ਅੱਖਾਂ ਸਾਹਵੇਂ ਨਜ਼ਰੀਂ ਪਿਆ। ਰੋਟੀ ਦੀ ਉਡੀਕ ਵਿੱਚ ਬੈਠੇ ਸਾਰੇ ਭੈਣ ਭਰਾ ... ਮਾਂ ਦੇ ਹੱਥਾਂ ਦਾ ਸੁਹਜ ਤੱਕਦੇ। ਇੱਕ ਇਕੱਲੀ ਜਾਨ ਸਾਰੇ ਕੰਮ ਨੂੰ ਸਾਂਭੀ ਰੱਖਦੀ। ਅਸੀਂ ਮਿਲ ਬੈਠ ਕੇ ਖਾਂਦਿਆਂ ਮਾਂ ਦੇ ਹੱਥਾਂ ਦੇ ਸੁਹਜ ਦਾ ਅਹਿਸਾਸ ਸਾਲਾਂ ਬਾਅਦ ਮਾਣਿਆ।
ਘਰਦਿਆਂ ਤੋਂ ਵਾਪਸ ਪਰਤਣ ਦੀ ਆਗਿਆ ਲਈ। ਰਾਹ ਵਿੱਚ ਆਉਂਦੇ ਖੇਤ ਆ ਰੁਕੇ। ਆਪਣੇ ਖੇਤਾਂ ਵਿੱਚ ਦੂਰ ਤਕ ਨਜ਼ਰ ਮਾਰਦਾ ਮਿੱਤਰ ਬੋਲਿਆ, “ਇਨ੍ਹਾਂ ਵਿੱਚ ਸਾਡੀ ਜਾਨ ਹੈ। ਰਿਜ਼ਕ ਹੈ। ਰਿਸ਼ਤਿਆਂ ਦੀ ਜੜ੍ਹ ਹੈ। ਧੀਆਂ ਪੁੱਤਰਾਂ ਦਾ ਭਵਿੱਖ ਹੈ। ਸੁਫ਼ਨਿਆਂ ਦੀ ਥਾਹ ਹੈ। ਸਾਡੇ ਸਾਹਾਂ ਦੀ ਤੰਦ ਹੈ। ਜਿਊਣ ਦੀ ਚਾਹ ਹੈ। ਇਹ ਸਿਦਕ, ਸਬਰ ਤੇ ਆਪਾ ਵਾਰੂ ਭਾਵਨਾ ਦੇ ਦਾਤੇ। ਇੱਥੋਂ ਹੀ ਮਿਲਦਾ ਸੰਘਰਸ਼ਾਂ ਦਾ ਸਬਕ। ਕਿਰਤ ਦੀ ਰਾਖੀ ਦਾ ਬੁਲੰਦ ਜਜ਼ਬਾ। ਦੇਸ਼ ਦੇ ਭੰਡਾਰ ਭਰਨ ਵਾਲੇ। ਕੁੱਲ ਲੋਕਾਈ ਦੇ ਖ਼ੈਰ ਖੁਆਹ, ਅੰਨ ਦਾਤੇ, ਇਹ ਖੇਤ ਹੀ ਤਾਂ ਹਨ। ਇੱਥੇ ਖ਼ੂਨ ਪਸੀਨਾ ਵਹਾਉਂਦੇ, ਇਨ੍ਹਾਂ ਨਾਲ ਮਿੱਟੀ ਹੁੰਦੇ, ਆਪਣੇ ਕਿਰਤੀ ਪੁੱਤਰ ਧੀਆਂ ਦੇ ਸਿਰਾਂ ’ਤੇ ਹੱਥ ਰੱਖਣਾ ਖੇਤਾਂ ਦੀ ਫਿਤਰਤ ਹੈ।
ਉਹ ਮੁੜ ਬੋਲਣ ਲੱਗਾ, “ਆਪਾਂ ਪਿੰਡਾਂ ਨੂੰ ਛੱਡ, ਬਹੁਤ ਕੁਝ ਗੁਆ ਲਿਆ ਹੈ। ਸਾਂਝ, ਸਨੇਹ ਤੋਂ ਸੱਖਣੇ ਹੋ ਗਏ ਹਾਂ। ਆਪਣੇ ਕੰਮ ਨਾਲ ਮਤਲਬ ਰੱਖਦੇ ਹਾਂ। ਇੱਕ ਦੂਜੇ ਦੇ ਕੰਮ ਆਉਣ ਵਾਲੀ ਵਿਰਾਸਤ ਭੁੱਲ ਗਏ ਹਾਂ। ਚੰਦ ਸੁਖ ਸਹੂਲਤਾਂ ਬਦਲੇ ਚੈਨ ਗਵਾ ਬੈਠੇ ਹਾਂ। ਸਹਿਜਤਾ ਸਾਡੇ ਨਾਲ ਰੁੱਸ ਗਈ ਜਾਪਦੀ ਹੈ। ਮਾਵਾਂ ਦੀ ਛਾਂ ਸਾਥੋਂ ਖੁੱਸ ਗਈ ਹੈ। ਆਪੋ ਆਪਣੇ ਘਰਾਂ ਵਿੱਚ ਸੁਖ ਤਾਂ ਮਾਣਦੇ ਹਾਂ ਪਰ ਇਕੱਠ ਦੇ ਸੁਖਦ ਅਹਿਸਾਸ ਤੋਂ ਸੱਖਣੇ ਹੋ ਗਏ ਹਾਂ। ਵਿਖਾਵੇ ਨਾਲ ਵੱਡੇ ਹੋਣ ਦੇ ਭਰਮ ਦਾ ਸ਼ਿਕਾਰ ਬਣ ਗਏ ਹਾਂ। ਇਕੱਲੇ ਇਕੱਲੇ ਅੱਗੇ ਵਧਣਾ ਚਾਹੁੰਦੇ ਹਾਂ। ਨਾਂ ਕਮਾਉਣਾ ਲੋਚਦੇ ਹਾਂ। ਖੇਤਾਂ ਦੇ ਪੁੱਤਰਾਂ ਨੇ ਏਕੇ ਨਾਲ ਹੱਕ ਹਾਸਲ ਕਰਨ ਦਾ ਸਬਕ ਦੇ ਕੇ ਸਾਨੂੰ ਹਲੂਣਿਆ ਹੈ।” ਗੱਲਾਂ ਕਰਦਿਆਂ ਖੇਤੋਂ ਘਰ ਵਾਪਸੀ ਦਾ ਰਾਹ ਫੜਿਆ।
ਮਸਤਕ ਸੋਚਾਂ ਦੀ ਤੰਦ ਬੁਣਨ ਲੱਗਾ,
“ਇਹ ਕੇਹਾ ਵਕਤ ਦਾ ਵਹਿਣ ਹੋਇਆ! ਪਿੰਡਾਂ ਤੋਂ ਸ਼ਹਿਰਾਂ ਵਿੱਚ ਨਿਵਾਸ। ਬਾਲ ਬੱਚੇ ਸੁਖ ਸਹੂਲਤਾਂ ਵਿੱਚ ਪੜ੍ਹੇ। ਮਾਪਿਆਂ ਦੀ ਸੋਚ ਤੋਂ ਅਗਾਂਹ ਤੁਰੇ। ਵਿਦੇਸ਼ਾਂ ਲਈ ਜਹਾਜ਼ ਚੜ੍ਹ ਗਏ। ਬੇਗਾਨੀ ਧਰਤੀ ਦੇ ਨਾਗਰਿਕ ਬਣੇ। ਸਵਰਗ ਜਿਹੇ ਦਿਨ ਵੇਖੇ। ਮਾਪਿਆਂ ਤੋਂ ਦੂਰ ਮਸ਼ੀਨਾਂ ਬਣ ਜੀਉਣ ਲੱਗੇ। ਮੋਹ, ਮੁਹੱਬਤ ਤੇ ਸਾਝਾਂ ਦੀ ਪੀਂਘ ਤੋਂ ਉੱਤਰ ਗਏ। ਪੂੰਜੀ ਦੇ ਸਾਏ ਵਿੱਚ ਮਨੁੱਖ ਹੋਣ ਦਾ ਮਤਲਬ ਭੁੱਲ ਬੈਠੇ। ਸਭ ਕੁਝ ਪਾਉਣ ਦੀ ਲਾਲਸਾ ਲੈ ਬੈਠੀ। ਜਿਊਣ ਦੇ ਮਕਸਦ ਤੋਂ ਕੀ ਖੁੰਝੇ, ਜ਼ਿੰਦਗੀ ਦੀ ਝੋਲੀ ਵਿੱਚੋਂ ਸਾਂਝ, ਸਨੇਹ, ਮਿਲਾਪ, ਖੁਸ਼ੀ ਤੇ ਸਬਰ ਦੇ ਮੋਤੀ ਬਿਖਰ ਗਏ।
“ਆਪਣੇ ਲਈ ਜਿਊਣਾ ਚੰਗਾ ਹੈ। ਜੀਵਨ ਵਿੱਚ ਮਿਹਨਤ ਦੇ ਬਲਬੂਤੇ ਬੁਲੰਦੀਆਂ ਛੂਹਣਾ ਉਸ ਤੋਂ ਵੀ ਚੰਗਾ। ਆਪਣੀ ਸਮਝ, ਸਿੱਖਿਆ ਅਨੁਸਾਰ ਵਿਚਰਨਾ ਮਨੁੱਖ ਦਾ ਹੱਕ ਹੁੰਦਾ ਹੈ। ਜੇਕਰ ਜ਼ਿੰਦਗੀ ਉਚੇਰੇ ਉਦੇਸ਼ ਦੇ ਲੇਖੇ ਲੱਗੀ ਹੋਵੇ ਤਾਂ ਉੱਤਮ। ਹੋਰਾਂ ਦੇ ਜਿਊਣ ਵਿੱਚ ਰੰਗ ਭਰੇ ਤਾਂ ਹੀ ਜਿਊਣਾ ਸਾਰਥਕ ਬਣਦਾ। ਉਂਜ ਵੀ ਜਿਸ ਧਰਤੀ ਦੇ ਪੌਣ ਪਾਣੀ ਵਿੱਚ ਰਹਿਣਾ, ਜਿਸ ਸਮਾਜ, ਸੱਭਿਆਚਾਰ ਦਾ ਅੰਗ ਬਣਨਾ, ਉਸਦੀ ਬਿਹਤਰੀ ਵਿੱਚ ਸੀਰ ਪਾਉਣਾ ਲਾਜ਼ਮੀ ਹੁੰਦਾ। ਜਿਨ੍ਹਾਂ ਨਾਇਕਾਂ ਦੀ ਵਿਰਾਸਤ ਦੀ ਛਾਂ ਮਾਣੀ, ਉਨ੍ਹਾਂ ਦੀਆਂ ਸੋਚਾਂ, ਸੁਫ਼ਨਿਆਂ ਨੂੰ ਅੱਖੋਂ ਪਰੋਖੇ ਕਰਨਾ ਸਾਰਥਕ ਜੀਵਨ ਹਰਗਿਜ਼ ਨਹੀਂ ਹੁੰਦਾ। ਨਾ ਹੀ ਜੀਵਨ ਦੀ ਪ੍ਰਾਪਤੀ ਦਾ ਹਿੱਸਾ ਬਣਦਾ।
“ਜੀਵਨ ਵਿੱਚ ਬਰਾਬਰੀ ਦੇ ਸੰਕਲਪ ਨੂੰ ਜਿਊਣ ਦਾ ਮਕਸਦ ਬਣਾ ਤੁਰਦੇ। ਹਰ ਪਲ ਚੰਗੇਰੀ ਜ਼ਿੰਦਗੀ ਲਈ ਸੰਘਰਸ਼ ਕਰਦੇ। ਨਿੱਤ ਨਵੇਂ ਉਤਸ਼ਾਹ ਨਾਲ ਮੰਜ਼ਿਲ ਵੱਲ ਸਾਬਤ ਕਦਮੀਂ ਵਧਦੇ। ਰਾਹ ਦੀਆਂ ਔਕੜਾਂ ਨੂੰ ਖਿੜੇ ਮੱਥੇ ਟੱਕਰਦੇ। ਕਿਰਤ ਨੂੰ ਉਚਿਆਉਂਦੇ, ਡਿਗਿਆਂ ਨੂੰ ਉਠਾਉਂਦੇ, ਸੁੱਤਿਆਂ ਨੂੰ ਜਗਾਉਂਦੇ। ਚੇਤਨਾ ਦਾ ਚਾਨਣ ਵੰਡਦੇ। ਕਲਮ, ਕਲਾ ਨਾਲ ਜਿਊਣ ਰਾਹਾਂ ਨੂੰ ਰੌਸ਼ਨ ਕਰਦੇ। ਸਭਨਾਂ ਨੂੰ ਨਾਲ ਲੈ ਕੇ ਚਲਦੇ। ਹੱਕਾਂ ਹਿਤਾਂ ਲਈ ਸੰਘਰਸ਼ਾਂ ਦੇ ਪਿੜ ਮਘਾਉਂਦੇ। ਸਿਰੜ, ਸਿਦਕ ਤੇ ਲਗਨ ਦੇ ਕਲਾਵੇ ਵਿੱਚ ਰਹਿੰਦੇ। ਅਜਿਹੇ ਜਾਗਦੇ, ਜੂਝਦੇ ਮਨੁੱਖ ਜ਼ਿੰਦਗੀ ਦੇ ਸ਼ਾਹ ਸਵਾਰ ਬਣਦੇ। ਹੋਰਾਂ ਲਈ ਪ੍ਰੇਰਨਾ ਸ੍ਰੋਤ ਹੁੰਦੇ। ਉਹ ਜ਼ਿੰਦਗੀ ਦੇ ਬੁਲੰਦ ਸਿਤਾਰਿਆਂ ਦੀ ਕਤਾਰ ਵਿੱਚ ਆਉਂਦੇ।”
ਬਿੱਖੜੇ ਪੈਂਡਿਆਂ ਦੇ ਸਿਦਕਵਾਨ ਪਾਂਧੀ। ਜ਼ਿੰਦਗੀ ਦੇ ਹਰ ਮੋੜ ’ਤੇ ਲੋਕਾਈ ਲਈ ਰੌਸ਼ਨੀ ਬਣ ਬਿਖਰਦੇ। ‘ਸੁਨਹਿਰੇ ਭਵਿੱਖ’ ਦਾ ਪ੍ਰਤੀਕ ਬਣੇ ਅਜਿਹੇ ‘ਚਾਨਣ ਦੇ ਜਾਇਆਂ’ ਦੀ ਕਰਨੀ ਨੂੰ ਨਤਮਸਤਕ ਹੁੰਦਾ ਮੈਂ ਘਰ ਪਰਤਦਾ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4519)
(ਸਰੋਕਾਰ ਨਾਲ ਸੰਪਰਕ ਲਈ: (