“ਥਾਣੇਦਾਰ ਕਹਿਣ ਲੱਗਾ, “ਬਈ ਕਮਾਲ ਹੋ ਗਈ, ਲੱਭਦੇ ਕੀ ਸਾਂ ਤੇ ਮਿਲ ਕੀ ਗਿਆ? ਸੁਰਜੀਤ ਤੂੰ ਇੰਜ ਕਰ ...”
(17 ਅਪਰੈਲ 2011)
ਮਹਿਮਾਨ: 473.
31 ਮਾਰਚ ਦਾ ਦਿਨ ਸੀ। ਮੈਨੂੰ ਸਰਹੱਦੀ ਜ਼ਿਲ੍ਹੇ ਤੋਂ ਘਰ ਪਰਤਦਿਆਂ ਗੂੜ੍ਹਾ ਹਨੇਰਾ ਹੋ ਗਿਆ। ਫਿਰੋਜ਼ਪੁਰ ਲਾਗੇ ਇੱਕ ਥਾਣੇ ਸਾਹਮਣੇ ਖੜ੍ਹੇ ਪੁਲੀਸ ਕਰਮੀਆਂ ਨੇ ਅਚਾਨਕ ਰੁਕਣ ਦਾ ਇਸ਼ਾਰਾ ਕੀਤਾ। ਰੁਕਿਆ ਤਾਂ ਇੱਕ ਨੌਜਵਾਨ ਪੁਲਿਸ ਕਰਮੀ ਨੇ ਮੈਨੂੰ ਅਦਬ ਨਾਲ ਬੁਲਾ ਕਾਰ ਦੀ ਡਿੱਗੀ ਖੋਲ੍ਹਣ ਲਈ ਆਖਿਆ। ਉਹ ਸਾਰੇ ਡਿੱਗੀ ਦੀ ਤਲਾਸ਼ੀ ਲੈਣ ਲਈ ਕਾਰ ਦੇ ਦੁਆਲੇ ਆ ਖੜ੍ਹੇ। ਉਹਨਾਂ ਦੀ ਬੈਟਰੀ ਡਿੱਗੀ ਵਿੱਚ ਪਏ ਸਮਾਨ ’ਤੇ ਲਿਸ਼ਕਣ ਲੱਗੀ। ਫੋਲਾ ਫਾਲੀ ਕਰਦਿਆਂ ਚਾਨਣ ਰੰਗੀਆਂ ਪੁਸਤਕਾਂ ਦੇ ਮੁਖੜਿਆਂ ਨੇ ਖਿੜੇ ਮੱਥੇ ਉਹਨਾਂ ਦਾ ਸਵਾਗਤ ਕੀਤਾ। “ਟੁੱਟ ਰਹੇ, ਬਣ ਰਹੇ ਘਰ”, “ਏਹੁ ਹਮਾਰਾ ਜੀਵਣਾ”, “ਦੇਵ ਪੁਰਸ਼ ਹਾਰ ਗਏ”, “ਪਹਿਲਾ ਅਧਿਆਪਕ”, “ਸ਼ਹੀਦਾਂ ਦੇ ਅੰਗ ਸੰਗ”, “ਮਨ, ਮਾਹੌਲ ਤੇ ਮਨੋਰੋਗ” ਆਦਿ ਕਿੰਨੀਆਂ ਹੀ ਪੁਸਤਕਾਂ ਉਹਨਾਂ ਦੀ ਨਜ਼ਰ ਚੜ੍ਹੀਆਂ। ਥਾਣੇਦਾਰ ਕਹਿਣ ਲੱਗਾ, “ਬਈ ਕਮਾਲ ਹੋ ਗਈ, ਲੱਭਦੇ ਕੀ ਸਾਂ ਤੇ ਮਿਲ ਕੀ ਗਿਆ? ਸੁਰਜੀਤ ਤੂੰ ਇੰਜ ਕਰ, ਜਲਦੀ ਨਾਲ ਤਸਵੀਰ ਖਿੱਚ, ਰਿਕਾਰਡ ਵਾਸਤੇ। ਮੈਂ ਤਾਂ ਪਹਿਲੀ ਵਾਰ ਕਾਰ ਦੀ ਡਿੱਗੀ ਵਿੱਚ ਘਰੇਲੂ ਸਮਾਨ ਤੇ ਸ਼ਰਾਬ ਦੀ ਥਾਂ ਇੰਨੀਆਂ ਪੁਸਤਕਾਂ ਵੇਖੀਆਂ ਨੇ। ਇੱਕ ਕਰਮੀ ਨੇ ਡਿੱਗੀ ਵਿੱਚੋਂ “ਤਰਕਸ਼ੀਲ” ਦਾ ਅੰਕ ਚੁੱਕਿਆ। ਉਸ ਨੂੰ ਮੈਂ ਖੁਸ਼ੀ ਨਾਲ ਮੈਗਜ਼ੀਨ ਤੇ ਪੁਸਤਕਾਂ ਨੂੰ ਨੀਝ ਨਾਲ ਵੇਖ ਰਹੇ ਦੂਸਰੇ ਕਰਮੀ ਨੂੰ “ਪਹਿਲਾ ਅਧਿਆਪਕ” ਪੜ੍ਹਨ ਲਈ ਦੇ ਕੇ ਉੱਥੋਂ ਰਵਾਨਗੀ ਲਈ।
ਤੁਰਦਿਆਂ ਹੀ ਮੈਨੂੰ ਅਖਬਾਰਾਂ ਦਾ ਕੰਮ ਕਰਦੇ ਇੱਕ ਸਨੇਹੀ ਦਾ ਕਥਨ ਯਾਦ ਆਇਆ, ਜਿਹੜਾ ਲੋਕਾਂ ਵਿੱਚ ਪੜ੍ਹਨ ਪ੍ਰਤੀ ਘਟ ਰਹੀ ਰੁਚੀ ਤੇ ਫ਼ਿਕਰ ਕਰਦਾ ਆਖ ਰਿਹਾ ਸੀ ਕਿ ਹੁਣ ਸੋਸ਼ਲ ਮੀਡੀਆ ਦੇ ਦੌਰ ਵਿੱਚ ਪੁਸਤਕਾਂ ਪੜ੍ਹਨ ਪੜ੍ਹਾਉਣ ਦਾ ਕੰਮ ਬਹੁਤਾ ਚਿਰ ਨਹੀਂ ਚੱਲਣਾ। ਉਸ ਵਕਤ ਮੇਰੇ ਮਸਤਕ ਤੇ ਸੁਖਦ ਅਹਿਸਾਸ ਦੇਣ ਵਾਲੇ ਉਹ ਨਵੇਂ ਭਰਤੀ ਹੋਏ ਪੁਲੀਸ ਕਰਮੀ ਦਸਤਕ ਦੇਣ ਲੱਗੇ, ਜਿਹੜੇ ਸੰਗਰੂਰ ਤੋਂ ਮੁਕਤਸਰ ਦੇ ਮਾਘੀ ਮੇਲੇ ਵਿੱਚ ਡਿਊਟੀ ’ਤੇ ਆਏ ਲਗਾਤਾਰ ਦੋ ਦਿਨ ਪੁਸਤਕਾਂ ਦੀ ਸਟਾਲ ’ਤੇ ਹਾਜ਼ਰੀ ਭਰਦੇ ਰਹੇ। ਤੀਸਰੇ ਦਿਨ ਉਹ ਜਾਂਦੇ ਸਮੇਂ ਪਾਸ਼, ਪਾਤਰ ਤੇ ਬਾਬਾ ਨਜ਼ਮੀ ਦੀਆਂ ਕਾਵਿ ਪੁਸਤਕਾਂ ਖਰੀਦ ਕੇ ਲੈ ਗਏ। ਪੁਲੀਸ ਮਹਿਕਮੇ ਵਿੱਚ ਕੰਮ ਕਰਦਿਆਂ ਕਲਮ, ਕਲਾ ਨਾਲ ਵਫ਼ਾ ਕਰਨ ਵਾਲੇ ਸੱਜਣ, ਸਨੇਹੀਆਂ ਨੂੰ ਪੁਸਤਕਾਂ ਤੋਹਫ਼ੇ ਵਜੋਂ ਦੇਣ ਵਾਲੇ ਤੇ ਪੜ੍ਹਨ ਦਾ ਮੱਸ ਰੱਖਦੇ ਹੋਰ ਅਨੇਕਾਂ ਪੁਲੀਸ ਕਰਮੀ ਵੀ ਇਸ ਸਕੂਨ ਵਿੱਚ ਆ ਸ਼ਾਮਲ ਹੋਏ। ਚੇਤੇ ਦੀ ਅਜਿਹੀ ਅਵਸਥਾ ਸਮੇਂ ਮੈਨੂੰ ਅਨੇਕਾਂ ‘ਸਟਾਰਾਂ ਵਾਲੇ’, ਸੁਖ ਸਹੂਲਤਾਂ ਮਾਣਦੇ ਛੋਟੇ, ਵੱਡੇ ਪੁਲੀਸ ਅਧਿਕਾਰੀ ਇਹਨਾਂ ਕਰਮੀਆਂ ਦੇ ਮੁਕਾਬਲੇ ‘ਵਿਚਾਰੇ’ ਲੱਗੇ ਜਿਹੜੇ ਪੁਸਤਕ ਸਾਥ ਤੋਂ ਦੂਰ ਜ਼ਿੰਦਗੀ ਦੇ ਸੁਹਜ ਤੇ ਵਰਤ-ਵਿਹਾਰ ਵਾਲੇ ਅਦਬ ਤੋਂ ਸੱਖਣੇ ਰਹਿੰਦੇ ਹਨ।
ਪੁਲੀਸ ਮੁਲਾਜ਼ਮਾਂ ਤੋਂ ਤੁਰੀ ਪੁਸਤਕ ਸਾਥ ਦੀ ਕਿਰਨ ਮਾਂ ਬੋਲੀ ਦੇ ਮੋਤੀਆਂ ਰੂਪੀ ਸ਼ਬਦਾਂ ਨਾਲ ਸਾਹਿਤ ਰਚਨ ਵਾਲੇ ਕਲਮਕਾਰਾਂ ਕੋਲ ਆ ਰੁਕੀ, ਜਿਨ੍ਹਾਂ ਨੂੰ ਅਕਸਰ ਦਾ ਇਹ ਗਿਲਾ ਰਹਿੰਦਾ ਹੈ ਕਿ ਪੰਜਾਬੀ ਵਿੱਚ ਪਾਠਕਾਂ ਦੀ ਘਾਟ ਨਿਰਾਸ਼ਾਜਨਕ ਹੈ। ਉਂਜ ਉਹ ਆਪ ਪੁਸਤਕਾਂ ਦਾ ਪਾਠਕਾਂ ਨਾਲ ਮੇਲ ਕਰਵਾਉਣ ਵਿੱਚ ਬਹੁਤੀ ਰੁਚੀ ਨਹੀਂ ਰੱਖਦੇ, ਸਵੈ ਪ੍ਰਸ਼ੰਸਾ ਦੀ ਆਸ ਮਨ ਦੇ ਕਿਸੇ ਕੋਨੇ ਵਿੱਚ ਛੁਪਾ ਸਾਹਿਤ ਸਭਾਵਾਂ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਦੇ ਹਨ। ਪੁਸਤਕ ਨੂੰ ਮੁੱਲ ਖਰੀਦ ਕੇ ਪੜ੍ਹਨਾ ਉਹਨਾਂ ਨੂੰ ਗਵਾਰਾ ਨਹੀਂ, ਪੜ੍ਹਨ ਲਈ ਮੁਫਤ ਭੇਂਟ ਕੀਤੀ ਪੁਸਤਕ ਉਹਨਾਂ ਦਾ ਪਸੰਦੀਦਾ ਰੁਝਾਨ ਹੈ। ਪੁਸਤਕਾਂ ਸੰਗ ਦੋਸਤੀ ਦੀ ਮਹਿਕ ਬਿਖੇਰਨ ਲਈ ਉਹ ਵਿਦਿਆਰਥੀਆਂ, ਅਧਿਆਪਕਾਂ ਤਕ ਰਸਾਈ ਨਹੀਂ ਕਰਦੇ। ਇਹ ਵਰਤਾਰਾ ਮਨ ਨੂੰ ਨਹੀਂ ਭਾਉਂਦਾ ਤਾਂ ਉਸਦੀ ਰਵਾਨਗੀ ਸੁਖਾਵੇਂ ਰੁਖ ਤੁਰਨ ਲਗਦੀ ਹੈ।
ਮਨ ਸੁਪਨਿਆਂ ਦੀ ਪਰਵਾਜ਼ ਭਰਨ ਲਗਦਾ ਹੈ। ਪੁਸਤਕਾਂ ਤੋਂ ਗਿਆਨ, ਸੰਜਮ ਤੇ ਜੀਵਨ ਜਾਂਚ ਸਿੱਖਣ ਦੇ ਪੰਨੇ ਪਲਟਦੇ ਹਨ। ਜ਼ਿੰਦਗੀ ਦੇ ਚਮਨ ਵਿੱਚ ਨਵੇਕਲੀਆਂ ਪੈੜਾਂ ਪਾ ਰਹੇ ਅਨੇਕਾਂ ਪਾਤਰ ਸਾਹਵੇਂ ਆਉਣ ਲਗਦੇ ਹਨ, ਜਿਹੜੇ ਆਪਣੇ ਘਰਾਂ, ਦਫਤਰਾਂ, ਸਕੂਲਾਂ ਤੇ ਉੱਚ ਵਿੱਦਿਅਕ ਅਦਾਰਿਆਂ ਵਿੱਚ ਪੁਸਤਕ ਪਿਆਰ ਦਾ ਸੂਹਾ ਰੰਗ ਬਿਖੇਰਦੇ ਹਨ ਜਿਨ੍ਹਾਂ ਅੰਦਰ “ਮੇਰਾ ਦਾਗਿਸਤਾਨ” ਰੂਪੀ ਦਰਿਆ ਵਗਦਾ ਹੈ। ਜਿਹੜੇ ’ਪੂਰਨਮਾਸ਼ੀ” ਤੋਂ ਤੁਰ ਕੇ ’ਸੱਚ ਨੂੰ ਫਾਂਸੀ” ਤਕ ਦਾ ਸਫਰ ਤੈਅ ਕਰਦੇ ਹਨ। ਜਿਨ੍ਹਾਂ ਦੇ ਜਜ਼ਬਿਆਂ ਵਿੱਚ “ਲੂਣਾ” ਤੁਰਦੇ, ਜਗਦੇ ਰਹਿਣ ਦਾ ਦਮ ਭਰਦੀ ਹੈ। ਉਹ “ਮੇਰਾ ਪਿੰਡ” ਤੋਂ ਤੁਰਦੇ ਹੋਏ ‘ “ਵੋਲਗਾ ਤੋਂ ਗੰਗਾ ਤਕ” ਦੇ ਲੰਬੇ ਸਫਰ ’ਤੇ “ਅਸਲੀ ਇਨਸਾਨ ਦੀ ਕਹਾਣੀ” ਬਣ ਤੁਰਦੇ ਹਨ। “ਮੜ੍ਹੀ ਦਾ ਦੀਵਾ” ਉਹਨਾਂ ਧੁਆਂਖੇ ਘਰਾਂ ਤੇ ਹਨੇਰੇ ਦਰਾਂ ਵਿੱਚ ਜਗਮਗ ਕਰਦਾ ਹੈ। “ਛਾਂਗਿਆ ਰੁੱਖ” ਉਹਨਾਂ ਦਾ ਰਾਹ ਰੁਸ਼ਨਾਉਂਦਾ ਹੈ ਤੇ ਉਹ “ਪਗਡੰਡੀਆਂ’ ’ਤੇ ਸਾਬਤ ਕਦਮੀਂ ਤੁਰਦੇ ਹਨ। “ਲਹੂ ਭਿੱਜੇ ਬੋਲ” ਤੋਂ ਤੁਰ ਉਹ “ਲੋਹ ਕਥਾ” ਦੀ “ਸਰਜ਼ਮੀਨ” ਤਕ ਜਾ ਪੁੱਜਦੇ ਹਨ। “ਸਤਲੁਜ ਵਹਿੰਦਾ ਰਿਹਾ” ਉਹਨਾਂ ਨੂੰ ਵਹਿੰਦੇ ਪਾਣੀਆਂ ਦੇ ਉਲਟ ਤੁਰਨ ਦੀ ਜਾਂਚ ਦੱਸਦਾ ਹੈ। ਆਪਣੇ ਨਾਇਕਾਂ ਤੋਂ ਪ੍ਰੇਰਨਾ ਲੈ ਉਹ “ਖੇਤਾਂ ਦੇ ਪੁੱਤ” ਬਣ ਜ਼ਿੰਦਗੀ ਦੇ ਬਿੱਖੜੇ ਰਾਹਾਂ ’ਤੇ ਚਲਦੇ ਹਨ। ਅਜਿਹੇ ਜਾਂਬਾਜ਼ ਪਾਤਰਾਂ ਦੀ ਸੰਗਤ ਮਨ ਨੂੰ ਬੁਲੰਦੀ ਵੱਲ ਲੈ ਤੁਰਦੀ ਹੈ।
ਹਨੇਰੇ ਵਿੱਚ ਸੜਕ ’ਤੇ ਦੂਰ ਤਕ ਪਸਰਦੇ ਚਾਨਣ ਵਿੱਚੋਂ ਪੰਜਾਬੀ ਰੰਗਮੰਚ ਦੇ ਸੂਰਜ ਦਾ ਪਰਛਾਵਾਂ ਨਜ਼ਰ ਆਉਂਦਾ ਹੈ ਜਿਸਨੇ ਨਾਟਕਾਂ ਦੇ ਸਫ਼ਰ ਨਾਲ ਪੁਸਤਕਾਂ ਨੂੰ ਪਿੰਡਾਂ ਵਿੱਚ ਵਸਦੇ ਅੰਨਦਾਤਿਆਂ ਤਕ ਪੁੱਜਦਾ ਕੀਤਾ। ਉਸਦੇ ਨਾਟਕਾਂ ਦੇ ਪਾਤਰ ਪੁਸਤਕਾਂ ਦੇ ਹਰਕਾਰੇ ਬਣੇ। ਅੱਜ ਧਾਰਮਿਕ ਮੇਲਿਆਂ, ਸਕੂਲਾਂ, ਕਾਲਿਜਾਂ, ਪੁਸਤਕ ਮੇਲਿਆਂ ਵਿੱਚ ਪੁਸਤਕਾਂ ਲੋਕਾਂ ਨਾਲ ਸੰਵਾਦ ਰਚਾਉਂਦੀਆਂ ਹਨ। ਸਾਹਿਤ ਵੈਨਾਂ ਵੱਲੋਂ ਸੱਥਾਂ ਅਤੇ ਸਕੂਲਾਂ ਵਿੱਚ ਦਿੱਤਾ ਜਾ ਰਿਹਾ ਪੁਸਤਕ ਸਾਥ ਸੁਨੇਹਾ ਰੰਗਮੰਚ ਦੇ ਉਸ ਬਾਬੇ ਬੋਹੜ ਦਾ ਹੀ “ਪ੍ਰਤਾਪ” ਹੈ। ਘਰ ਪਹੁੰਚ ਦਰਾਂ ਤੋਂ ਲੰਘਦਿਆਂ ਸਾਹਮਣੇ ਪ੍ਰਵਾਜ਼ ਭਰਦੀਆਂ ਪੁਸਤਕਾਂ ਇਹ ਕਹਿੰਦੀਆਂ ਜਾਪਦੀਆਂ ਹਨ, ਜਿੱਤਣ, ਜਾਗਣ ਦਾ ਰਾਜ਼ ਤੇ ਮਾਣਮੱਤੀ ਜ਼ਿੰਦਗੀ ਦਾ ਸਾਥ ਸਾਡੇ ਪਾਸ ਰਹਿੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3509)
(ਸਰੋਕਾਰ ਨਾਲ ਸੰਪਰਕ ਲਈ: