“ਮਾਪਿਆਂ ਨੇ ਹੌਸਲਾ ਨਹੀਂ ਹਾਰਿਆ। ਪਰਿਵਾਰ ਦੀ ਸੁਤੰਤਰਤਾ ਸੈਨਾਨੀ ਵਿਰਾਸਤ ਨੇ ਰਾਹ ਵਿਖਾਇਆ। ਉਨ੍ਹਾਂ ਮਿਲ ਬੈਠ ...”
(2 ਜੁਲਾਈ 2023)
ਜ਼ਿੰਦਗੀ ਬੇਸ਼ਕੀਮਤੀ ਹੈ। ਇਸਦਾ ਇੱਕ ਇੱਕ ਪਲ ਅਮੁੱਲਾ ਹੈ। ਇਸਦੀ ਬੁੱਕਲ ਵਿੱਚ ਸੁਪਨਿਆਂ ਦੇ ਮੋਤੀ ਬਿਖਰੇ ਹੋਏ ਹਨ। ਜੀਣ-ਥੀਣ ਦੀ ਲੋਚਾ ਦਿਲ ਦੀ ਧੜਕਣ ਹੈ। ਉੱਠਦਾ ਬਹਿੰਦਾ ਮਨ ਸੋਚਾਂ ਦੀ ਦਹਿਲੀਜ਼ ਵੱਲ ਅਹੁਲਦਾ ਹੈ; ਤੁਰਨ, ਅੱਗੇ ਵਧਣ ਦਾ ਅਹਿਦ ਕਰਦਾ ਹੈ। ਖ਼ੁਸ਼ੀਆਂ ਨੂੰ ਕਲਾਵੇ ਵਿੱਚ ਲੈਣਾ ਲੋਚਦਾ ਹੈ, ਜਿੱਤ ਨੂੰ ਜੀਵਨ ਦਾ ਆਦਰਸ਼ ਮੰਨਦਾ ਹੈ। ਖ਼ੁਸ਼ੀਆਂ ਦੇ ਅੰਬਾਰ ਨੂੰ ਆਪਣੇ ਅੰਦਰ ਸਮੋਅ ਲੈਣ ਦੀ ਤਾਂਘ ਰੱਖਦਾ ਹੈ। ਜੀਵਨ ਰਾਹ ’ਤੇ ਬਿਖਰੇ ਕੰਡੇ ਤੁਰਨ ਤੋਂ ਰੋਕਦੇ ਹਨ, ਰਾਹ ਦੀ ਰੁਕਾਵਟ ਬਣਦੇ ਹਨ, ਹੌਸਲੇ ਅਤੇ ਸਬਰ ਨੂੰ ਪਰਖਦੇ ਹਨ, ਇਰਾਦਿਆਂ ਅਤੇ ਸਿਦਕ ਦੀ ਪ੍ਰੀਖਿਆ ਲੈਂਦੇ ਹਨ।
ਬਚਪਨ ਦੇ ਅੰਗ ਸੰਗ ਪਲਦੀ ਜ਼ਿੰਦਗੀ ਪੁਲਾਘਾਂ ਤੋਂ ਕਦਮਾਂ ਦਾ ਸਫ਼ਰ ਤੈਅ ਕਰਦੀ ਹੈ। ਹਾਸੇ, ਕਿਲਕਾਰੀਆਂ ਤੋਤਲੇ ਬੋਲਾਂ ਵਿੱਚ ਬਦਲਣ ਲਗਦੇ ਹਨ। ਮਾਂ ਦੀ ਗੋਦ ਦਾ ਨਿੱਘ ਜਿਊਣ ਦੀ ਤਾਂਘ ਬਣਦਾ ਹੈ। ਨਜ਼ਰਾਂ ਘਰ ਪਰਿਵਾਰ ਦੇ ਜੀਆਂ ਨੂੰ ਪਛਾਣਨ ਲੱਗਦੀਆਂ ਹਨ। ਲਾਡ, ਪਿਆਰ ਖੁਸ਼ੀ ਦੀ ਇਬਾਰਤ ਲਿਖਦਾ ਹੈ। ਮਾਂ ਤੋਂ ਮਿਲੇ ਸ਼ਬਦ ਬੋਲਾਂ ਵਿੱਚ ਬਦਲਦੇ ਹਨ। ਖੇਡਣਾ, ਮੱਲਣਾ ਆਨੰਦ ਦਿੰਦਾ ਹੈ। ਮਾਪਿਆਂ ਦੀ ਛਤਰ ਛਾਇਆ, ਭੈਣਾਂ ਭਰਾਵਾਂ ਦਾ ਅਮੁੱਲਾ ਲਾਡ ਪਿਆਰ ਮਿਲਦਾ ਹੈ। ਬੇਫ਼ਿਕਰੀ ਬਚਪਨ ਵਿੱਚ ਖ਼ੁਸ਼ੀਆਂ ਦੇ ਰੰਗ ਭਰਦੀ ਹੈ। ਨਾ-ਬਰਾਬਰੀ ਦੇ ਮਾਰਿਆਂ ਦਾ ਬਚਪਨ ਵੀ ਔਕੜਾਂ ਝੇਲਦਾ ਹੈ। ਮਾਪੇ ਆਪਣੇ ਬੱਚਿਆਂ ਨੂੰ ਜੀਵਨ ਦੀ ਬੁਲੰਦੀ ’ਤੇ ਜਾਂਦਿਆਂ ਵੇਖਣਾ ਲੋਚਦੇ ਹਨ, ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਕਿ ਬੱਚੇ ਮਾਣਮੱਤੀ ਜ਼ਿੰਦਗੀ ਦੇ ਸ਼ਾਹ ਸਵਾਰ ਬਣਨ।
ਸਕੂਲ ਦਾ ਸਫ਼ਰ ਆਰੰਭ ਹੁੰਦਾ ਹੈ। ਸਕੂਲੀ ਗਿਆਨ ਬੱਚਿਆਂ ਨੂੰ ਚਾਨਣ ਵੱਲ ਤੋਰਦਾ ਹੈ। ਅਧਿਆਪਕਾਂ ਦੀ ਸਿੱਖਿਆ, ਮਾਪਿਆਂ ਦੀ ਹੱਲਾਸ਼ੇਰੀ, ਸੁਹਿਰਦ ਵਿਦਿਆਰਥੀਆਂ ਦੀ ਸੰਗਤ ਜ਼ਿੰਦਗੀ ਦੇ ਨਕਸ਼ ਉਘਾੜਨ ਲੱਗਦੀ ਹੈ। ਜਮਾਤਾਂ ਚੜ੍ਹਦੇ ਵਿਦਿਆਰਥੀ ਸੁਹਜ ਸਲੀਕਾ ਸਿੱਖਣ ਲਗਦੇ ਜਨ। ਜ਼ਿੰਮੇਵਾਰੀ ਦਾ ਅਹਿਸਾਸ ਸਮਝ ਆਉਣ ਲਗਦਾ ਹੈ। ਮਿਹਨਤ ਨਾਲ ਜ਼ਿੰਦਗੀ ਸੰਵਾਰਨ ਦੇ ਸੁਪਨਿਆਂ ਦੀ ਮਨਾਂ ’ਤੇ ਦਸਤਕ ਸੁਣਾਈ ਦੇਣ ਲੱਗਦੀ ਹੈ। ਸਮਾਜਕ ਪ੍ਰਬੰਧ ਦਾ ਕੁਹਜ ਸਾਹਮਣੇ ਆਉਂਦਾ ਹੈ। ਥੁੜਾਂ ਮਾਰਿਆਂ ਲਈ ਪੜ੍ਹਾਈ ਵੀ ਚੁਣੌਤੀ ਹੁੰਦੀ ਹੈ। ਸਕੂਲ ਦੇ ਨਾਲ ਨਾਲ ਘਰ, ਖੇਤ ਦਾ ਕੰਮ। ਇਹ ਮਿਹਨਤ ਕਦਮਾਂ ਨੂੰ ਥਿੜਕਣ ਨਹੀਂ ਦਿੰਦੀ। ਗਿਆਨ ਦੀ ਇਹ ਯਾਤਰਾ ਇੱਕ ਸਾਰ ਨਹੀਂ ਹੁੰਦੀ। ਨਾ ਬਰਾਬਰੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਦੀ ਹੈ। ਸਾਡੇ ਦੇਸ਼ ਦੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀ ਰਾਹਾਂ ਵਿੱਚ ਰਹਿ ਜਾਂਦੇ ਹਨ। ਘਰਾਂ ਦੀ ਮਜਬੂਰੀ ਉਨ੍ਹਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਡੋਬ ਦਿੰਦੀ ਹੈ। ਕੋਈ ਬਾਂਹ ਨਹੀਂ ਫੜਦਾ, ਸੁਪਨਿਆਂ ਦੀ ਪ੍ਰਵਾਜ਼ ਮੁੱਕ ਜਾਂਦੀ ਹੈ।
ਮਾਪਿਆਂ ਦੇ ਆਸਾਂ ਦੇ ਸੂਰਜ ਡੁੱਬ ਜਾਂਦੇ ਹਨ, ਵਿਤਕਰਿਆਂ ਦੀ ਮਾਰ ਨਾ ਮੁੱਕਦੀ। ਪਰ ਜ਼ਿੰਦਗੀ ਸਬਰ ਦਾ ਪੱਲਾ ਨਹੀਂ ਛੱਡਦੀ, ਮਿਹਨਤ ਦੇ ਅੰਗ ਸੰਗ ਰਹਿੰਦੀ ਹੈ। ਔਕੜਾਂ ਝੇਲਦੀ ਵੀ ਅੱਗੇ ਤੁਰਦੀ ਰਹਿੰਦੀ ਹੈ। ਸਫ਼ਲ ਕਦਮਾਂ ਨੂੰ ਸੁਖ ਸਹੂਲਤਾਂ ਦਾ ਆਨੰਦ ਮਿਲਦਾ ਹੈ। ਨਿੱਜ, ਸਵਾਰਥ ਅਤੇ ਗਰਜਾਂ ਜ਼ਿੰਦਗੀ ਨੂੰ ਕਲਾਵੇ ਵਿੱਚ ਲੈ ਲੈਂਦੀਆਂ ਹਨ। ਜ਼ਿੰਦਗੀ ਆਪਣੇ ਆਪ ਤਕ ਸੀਮਤ ਹੋ ਜਾਂਦੀ ਹੈ। ਘਰ ਤੋਂ ਸਕੂਲ, ਦਫਤਰ ਤੇ ਖੇਤ, ਉਨ੍ਹਾਂ ਦਾ ਨਿੱਤ ਰੋਜ਼ ਦਾ ਕਰਮ ਬਣ ਜਾਂਦਾ ਹੈ। ਧਨ ਦੌਲਤ ਤੇ ਜਾਇਦਾਦ ਪਹਿਲ ਪਸੰਦ ਬਣਦੇ। ਮਨ ਸਮਾਜਿਕ ਜ਼ਿੰਮੇਵਾਰੀ ਦੇ ਅਹਿਸਾਸ ਤੋਂ ਦੂਰ ਰਹਿੰਦਾ ਹੈ, ਆਪਣੀ ਖੁਸ਼ੀ ਤੇ ਜਿਊਣ ਵਿੱਚ ਰੁੱਝਿਆ। ਜੀਵਨ ਰਾਹ ’ਤੇ ਆਉਂਦੀਆਂ ਔਕੜਾਂ ਅੱਖਾਂ ਖੋਲ੍ਹਦੀਆਂ ਹਨ। ਦੌਲਤ ਤੋਂ ਪਹਿਲਾਂ ਮਿੱਤਰ, ਰਿਸ਼ਤੇਦਾਰ ਬਾਂਹ ਫੜਦੇ ਹਨ, ਸੰਗੀ ਸਾਥੀ ਨਾਲ ਆ ਖੜ੍ਹਦੇ ਹਨ, ਜ਼ਿੰਦਗੀ ਦੀ ਬਾਤ ਸਮਝਾਉਂਦੇ ਹਨ - ਨਿੱਜ ਨਾਲੋਂ ਸਾਂਝ ਉੱਤਮ ਹੁੰਦੀ ਹੈ। ਮਨੁੱਖ ਆਪਣਿਆਂ ਨਾਲ ਮਿਲ ਕੇ ਹੀ ਵੱਡਾ ਹੁੰਦਾ ਹੈ। ਇੱਕ ਦੂਜੇ ਦੇ ਕੰਮ ਆਉਣਾ ਜ਼ਿੰਦਗੀ ਦਾ ਸੱਚਾ ਕਰਮ ਹੈ। ਇਸ ਰਾਹ ਤੁਰਦਿਆਂ ਜ਼ਿੰਦਗੀ ਦੀ ਬੁੱਕਲ ਵਿੱਚ ਸਨੇਹ, ਸਵੈਮਾਣ, ਸੰਤੁਸ਼ਟੀ ਤੇ ਸਬਰ ਜਿਹੇ ਮੋਤੀ ਆਉਂਦੇ ਹਨ। ਸੋਚਾਂ ਕਰਵਟ ਲੈਂਦੀਆਂ ਹਨ ਤੇ ਜਿਊਣ ਦਾ ਨਵਾਂ ਰਾਹ ਖੁੱਲ੍ਹਦਾ ਹੈ।
ਜ਼ਿੰਦਗੀ ਦਾ ਇਹ ਰੂਪ ਚਾਨਣ ਵਾਂਗ ਪ੍ਰੇਰਨਾ ਵੰਡਦਾ ਹੈ, ਮਨ ਮਸਤਕ ਉੱਤੇ ਸਬਕ ਦੀ ਇਬਾਰਤ ਲਿਖਦਾ ਹੈ। ਲੋਭ ਲਾਲਚ ਤੋਂ ਕੋਹਾਂ ਦੂਰ, ਉੱਚੇ ਸੁੱਚੇ ਵਿਚਾਰਾਂ ਨਾਲ ਜਿਊਂਦਾ ਜਗਦਾ ਹੈ। ਸਾਵੇਂ ਸੁਖਾਵੇਂ ਰਾਹਾਂ ਦਾ ਮੁਸਾਫ਼ਰ ਹੋਰਾਂ ਨੂੰ ਨਾਲ ਲੈ ਕੇ ਤੁਰਦਾ ਹੈ, ਔਕੜਾਂ ਨੂੰ ਖਿੜੇ ਮੱਥੇ ਟੱਕਰਦਾ ਹੈ। ਕਦਮ ਮਿਲਾ ਕੇ ਤੁਰਦਾ ਮੰਜ਼ਿਲ ਵੱਲ ਵਧਦਾ ਹੈ। ਅਜਿਹੀ ਜ਼ਿੰਦਗੀ ਦਾ ਇੱਕ ਸੁਨਹਿਰੀ ਪੰਨਾ ਖੁੱਲ੍ਹਿਆ। ਲਿਖੀ ਇਬਾਰਤ ਮਨ ਰੁਸ਼ਨਾਉਣ ਲੱਗੀ। ਇੱਕ ਪੜ੍ਹਿਆ ਲਿਖਿਆ ਪਰਿਵਾਰ -ਸਰਦਾ ਪੁੱਜਦਾ, ਸਮਾਜ ਵਿੱਚ ਰੁਤਬਾ ਰੱਖਦਾ। ਘਰ ਵਿੱਚ ਖ਼ੁਸ਼ੀਆਂ ਨੇ ਦਸਤਕ ਦਿੱਤੀ, ਨੰਨ੍ਹੀ ਪਰੀ ਦੀ ਆਮਦ ਹੋਈ। ਮਾਪਿਆਂ ਦੀ ਇੱਛਾ ਨੂੰ ਪ੍ਰਵਾਜ਼ ਮਿਲੀ। ਸਾਰੇ ਪਰਿਵਾਰ ਨੇ ਚਾਵਾਂ ਨਾਲ ਚੰਨ ਧੀ ਦਾ ਸਵਾਗਤ ਕੀਤਾ, ਨਾਂ ਰੱਖਿਆ ਅਬਾਬਤ ਕੌਰ। ਮਾਪੇ ਫੁੱਲਾਂ ਜਿਹੀ ਧੀ ਨੂੰ ਵੇਖ ਵੇਖ ਜਿਉਂਦੇ। ਜ਼ਿੰਦਗੀ ਨੇ 24ਵੇਂ ਦਿਨ ਵਿੱਚ ਪੈਰ ਧਰਿਆ। ਅਬਾਬਤ ਨੂੰ ਗੰਭੀਰ ਬੀਮਾਰੀ ਨੇ ਦਬੋਚ ਲਿਆ। ਇਲਾਜ ਲਈ ਰਾਜਧਾਨੀ ਦੇ ਵੱਡੇ ਹਸਪਤਾਲ ਪਹੁੰਚੇ। ਡਾਕਟਰਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ। 39 ਵੇ ਦਿਨ ਅਬਾਬਤ ਦੀ ਜੀਵਨ ਡੋਰ ਟੁੱਟ ਗਈ। ਮਾਪਿਆਂ ਦੇ ਸੁਪਨੇ ਬਿਖਰ ਗਏ। ਨੰਨ੍ਹੀ ਧੀ ਦਾ ਮੁੱਕਿਆ ਜੀਵਨ ਪੰਧ ਅਥਾਹ ਗਮ ਦੇ ਗਿਆ।
ਮਾਪਿਆਂ ਨੇ ਹੌਸਲਾ ਨਹੀਂ ਹਾਰਿਆ। ਪਰਿਵਾਰ ਦੀ ਸੁਤੰਤਰਤਾ ਸੈਨਾਨੀ ਵਿਰਾਸਤ ਨੇ ਰਾਹ ਵਿਖਾਇਆ। ਉਨ੍ਹਾਂ ਮਿਲ ਬੈਠ ਰਾਇ ਮਸ਼ਵਰਾ ਕੀਤਾ। ਦੁੱਖ ਨੂੰ ਪ੍ਰੇਰਨਾ ਵਿੱਚ ਬਦਲਣ ਦਾ ਮਨ ਬਣਾਇਆ। ਉਨ੍ਹਾਂ ਡਾਕਟਰਾਂ ਨੂੰ ਅਬਾਬਤ ਦੇ ਅੰਗ ਦਾਨ ਕਰਨ ਦਾ ਆਪਣਾ ਫ਼ੈਸਲਾ ਸੁਣਾਇਆ। ਆਪਣੇ ਮਾਪਿਆਂ ਦੇ ਸਿਦਕ ਤੇ ਉਚੇਰੀ ਸੋਚ ਸਦਕਾ ਅਬਾਬਤ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਅੰਗ ਦਾਨੀ ਬਣੀ। ਉਸਦੇ ਗੁਰਦੇ 16 ਸਾਲਾ ਨੌਜਵਾਨ ਨੂੰ ਨਵਾਂ ਜੀਵਨ ਦੇ ਗਏ। ਇਹ ਛੋਟੀ ਜ਼ਿੰਦਗੀ ਦਾ ਵੱਡਾ ਸਬਕ ਸੀ। ਸਾਹਾਂ ਦੀ ਤੰਦ ਟੁੱਟਣ ਮਗਰੋਂ ਵੀ ਹੋਰਾਂ ਨੂੰ ਜ਼ਿੰਦਗੀ ਦੇ ਗਏ - ਅਨੇਕਾਂ ਚੰਨ ਤਾਰੇ ਨਜ਼ਰ ਆਉਣ ਲੱਗੇ। ਦੋ ਦਹਾਕੇ ਪਹਿਲਾਂ ਮੈਡੀਕਲ ਖੋਜ ਕਾਰਜਾਂ ਲਈ ਸਰੀਰ ਭੇਂਟ ਕਰਨ ਵਾਲਾ ਤਰਕਸ਼ੀਲ ਲਹਿਰ ਦਾ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀ। ਉੱਤਰੀ ਭਾਰਤ ਵਿੱਚ ਸਰੀਰ ਤੇ ਅੰਗ ਦਾਨ ਕਰਨ ਦਾ ਮੋਹਰੀ। ਅਮਰੀਕਾ ਪੜ੍ਹਨ ਗਈ ਡਾ. ਜਸਲੀਨ ਕੌਰ। ਦਿਮਾਗ਼ੀ ਮੌਤ ਹੋਣ ’ਤੇ ਪਰਿਵਾਰ ਨੇ ਲਾਡਲੀ ਧੀ ਦੀ ਮੌਤ ਨੂੰ ਮਾਤ ਦਿੱਤੀ। ਜਸਲੀਨ ਦੇ 37 ਅੰਗ ਲੋੜਵੰਦਾਂ ਨੂੰ ਲਗਾਏ ਗਏ। ਸਰਕਾਰ ਨੇ ਜਸਲੀਨ ਨੂੰ ਮੌਤ ਉਪਰੰਤ ‘ਲਾਈਫ ਡੋਨਰ’ ਦੇ ਸਨਮਾਨ ਨਾਲ ਨਿਵਾਜਿਆ। ਕੈਨੇਡਾ ਪੜ੍ਹਨ ਗਏ ਹੋਣਹਾਰ ਵਿਵੇਕ ਪੰਧੇਰ ਦੀ ਬੇਵਕਤੀ ਮੌਤ ਉਪਰੰਤ ਉਸਦੇ 5 ਅੰਗ ਲੋੜਵੰਦ ਮਰੀਜ਼ਾਂ ਨੂੰ ਨਵਾਂ ਜੀਵਨ ਦੇ ਗਏ। ਉਸ ਦੀ ਯਾਦ ਕੈਨੇਡਾ ਵਿੱਚ ਅੰਗ ਦਾਨ ਲਹਿਰ ਨਾਲ ਇੱਕਮਿੱਕ ਹੋਈ।
ਜਿਉਂਦੇ ਜੀਅ ਚੰਗੇਰੇ ਚੌਗਿਰਦੇ ਲਈ ਸਭਨਾਂ ਦੇ ਸੰਗ ਸਾਥ ਤੁਰਨਾ, ਦੁਨੀਆਂ ਤੋਂ ਚਲੇ ਜਾਣ ਬਾਅਦ ਵੀ ਹੋਰਨਾਂ ਜ਼ਿੰਦਗੀਆਂ ਦੀ ਧੜਕਣ ਬਣਨਾ, ਵੱਖ ਵੱਖ ਅੰਗਾਂ ਵਿੱਚ ਰਚ ਮਿਚ ਜ਼ਿੰਦਗੀ ਨੂੰ ਸਾਬਤ ਕਦਮੀਂ ਤੋਰਨਾ, ਆਪਾ ਵਾਰ ਕੇ ਨਵੇਕਲੇ ਰਾਹਾਂ ਦੀ ਪੈੜ ਬਣਨਾ, ਇਹ ਜ਼ਿੰਦਗੀ ਦੀ ਕਦੇ ਨਾ ਮੁੱਕਣ, ਨਾ ਟੁੱਟਣ ਵਾਲੀ ਵਸੀਅਤ ਹੈ, ਜਿਸ ਉੱਤੇ ਸਾਂਝ, ਸਹਿਯੋਗ, ਸਿਦਕ, ਸਬਰ ਤੇ ਸਮਰਪਣ ਦੇ ਸੁਨਹਿਰੀ ਅੱਖਰ ਉੱਕਰੇ ਹੋਏ ਹਨ। ਉਚੇਰੇ ਆਦਰਸ਼ ਦੇ ਲੇਖੇ ਲੱਗੀ, ਮਾਨਵਤਾ ਦੇ ਭਲੇ ਨੂੰ ਪ੍ਰਣਾਈ, ਧਨ ਦੌਲਤ ਤੋਂ ਕੀਮਤੀ ਇਹ ਸੱਚੀ ਸੁੱਚੀ ਵਸੀਅਤ ਜੀਵਨ ਰਾਹਾਂ ’ਤੇ ਪ੍ਰੇਰਨਾ ਅਤੇ ਸਬਕ ਬਣ ਬਿਖਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4063)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)