“ਘਰੋਂ ਸ਼ਰਾਬ ਕੀ ਗਈ, ਘਰ ਪਰਿਵਾਰ ਵਿੱਚ ਖੁਸ਼ੀ, ਬਰਕਤ ਤੇ ਜੀਆਂ ਦਾ ਹਾਸਾ ਪਰਤ ਆਇਆ ...”
(12 ਫਰਵਰੀ 2022)
ਇਸ ਸਮੇਂ ਮਹਿਮਾਨ: 39.
ਰਾਜਧਾਨੀ ਤੋਂ ਵਾਪਸ ਮੁੜਦਿਆਂ ਮਿੱਤਰ ਨੇ ਗੱਡੀ ਭੂਆ ਦੇ ਪਿੰਡ ਵੱਲ ਮੋੜ ਲਈ। ਭੂਆ ਸ਼ਬਦ ਸੁਣਦਿਆਂ ਹੀ ਰਿਸ਼ਤਿਆਂ ਦੀ ਸੱਚੀ ਸੁੱਚੀ ਮਹਿਕ ਸੁਖ਼ਦ ਅਹਿਸਾਸ ਬਣ ਮਨ ਦੇ ਅੰਬਰ ’ਤੇ ਬਿਖ਼ਰ ਗਈ। ਬਚਪਨ ਦੇ ਦਿਨ ਮਨ ਦੀ ਦਹਿਲੀਜ਼ ਤੇ ਦਸਤਕ ਦੇਣ ਲੱਗੇ। ਭੂਆ ਦੀ ਗੋਦ ਚੋਂ ਮਿਲੇ ਪਿਆਰ ਦੀ ਦਾਤ ਸਿਰ ਪਲੋਸਦੀ ਜਾਪੀ। ਸਿੱਖਿਆ, ਨਸੀਹਤਾਂ ਤੇ ਬਾਤਾਂ ਯਾਦਾਂ ਰੂਪੀ ਪੁਸਤਕ ਦੇ ਪੰਨੇ ਪਲਟਣ ਲੱਗੀਆਂ। ਵਕਤ ਦੇ ਵਹਾਅ ਵਿੱਚ ਗੁਆਚੇ ਉਹ ਬੇਸ਼ਕੀਮਤੀ ਪਲ ਜੀਵਨ ਦਾ ਸਰਮਾਇਆ ਬਣ ਦਿਸੇ। ਸੋਚਾਂ ਦਾ ਰਾਹ ਘਰਾਚੋਂ ਪਿੰਡ ਨੂੰ ਜਾਣ ਵਾਲੀ ਸੜਕ ਨੇ ਰੋਕ ਲਿਆ। ਗੱਡੀ ਭੂਆ ਦੇ ਪਿੰਡ ਦਾ ਰਸਤਾ ਨਾਪਣ ਲੱਗੀ।
ਪਿੰਡ ਦਾਖ਼ਲ ਹੁੰਦਿਆਂ ਹੀ ਘਰਾਂ ਤੇ ਝੂਲਦੇ ਹਰੇ, ਬਸੰਤੀ ਕਿਸਾਨੀ ਝੰਡਿਆਂ ਨੇ ਸੁਆਗਤ ਕੀਤਾ। ਚੇਤਨਾ ਰੰਗੇ ਇਹ ਦ੍ਰਿਸ਼ ਦਿਨ ਦਾ ਹਾਸਲ ਜਾਪੇ। ਘਰ ਪਹੁੰਚੇ ਤਾਂ ਭੂਆ ਦੀ ਖੁਸ਼ੀ ਨੇ ਕਲਾਵੇ ਵਿੱਚ ਲੈ ਲਿਆ। ਘਰ ਦੇ ਖੁੱਲ੍ਹੇ ਵਿਹੜੇ ਵਿੱਚ ਪਏ ਲੱਕੜ ਦੇ ਤਖਤਪੋਸ਼ ’ਤੇ ਬੈਠੀਆਂ ਬਸੰਤੀ ਚੁੰਨੀਆਂ ਵਾਲੀਆਂ ਕਈ ਬੀਬੀਆਂ ਚਾਹ ਪੀ ਰਹੀਆਂ ਸਨ। ਇੱਕ ਹੱਥ ਝੰਡਾ ਦੂਜੇ ਹੱਥ ਚਾਹ ਦੀ ਬਾਟੀ। ਚਿਹਰਿਆਂ ਉੱਤੇ ਹੌਸਲੇ ਅਤੇ ਜਿੱਤ ਦਾ ਜਲੌਅ। ਚਾਹ ਪੀ ਕੇ ਬੀਬੀਆਂ ਆਪੋ ਆਪਣੇ ਘਰਾਂ ਨੂੰ ਪਰਤੀਆਂ ਤਾਂ ਭੂਆ ਸਾਨੂੰ ਬੈਠਕ ਵੱਲ ਲੈ ਤੁਰੀ।
ਪੁਰਾਣੀ ਬੈਠਕ ਵਿੱਚ ਸਲ੍ਹਾਬ ਵਾਲ਼ੀਆਂ ਕੰਧਾਂ ਤੋਂ ਪ੍ਰੇਰਨਾ ਚਿੱਟੇ ਦਿਨ ਵਾਂਗ ਨਜ਼ਰ ਆਈ। ਆਜ਼ਾਦੀ ਦੇ ਸੰਗਰਾਮ ਵਿੱਚ ਕੁਰਬਾਨ ਹੋਏ ਨਾਇਕਾਂ ਦੀਆਂ ਟੰਗੀਆਂ ਤਸਵੀਰਾਂ ਬੋਲਦੀਆਂ ਪ੍ਰਤੀਤ ਹੋਈਆਂ। ਪੁਰਾਣੀ ਸ਼ੈਲਫ ’ਤੇ ਪੁਸਤਕਾਂ ਸਜੀਆਂ ਵੇਖੀਆਂ। ਮਨ ਨੂੰ ਸਕੂਨ ਦਾ ਹੁਲਾਰਾ ਮਿਲਿਆ। ਸਲ੍ਹਾਬੀਆਂ ਸ਼ੈਲਫਾਂ ਉੱਪਰ ਪਈਆਂ ਪੁਸਤਕਾਂ ਵਿੱਚ ਭਗਤ, ਸਰਾਭੇ ਜਿਹੇ ਮਹਾਂ ਨਾਇਕ ਨਜ਼ਰ ਆਏ। ‘ਅਸਲੀ ਇਨਸਾਨ’ ਤੇ ‘ਪਹਿਲਾ ਅਧਿਆਪਕ’ ਵੀ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਨਾਲ ਵੇਖੇ। ਭੂਆ ਕਹਿਣ ਲੱਗੀ, ਆਹ ਸ਼ੈਲਫ ਵਾਲੀਆਂ ਪੁਸਤਕਾਂ ਦਿੱਲੀ ਮੋਰਚੇ ’ਚੋਂ ਲਿਆਂਦੀਆਂ ਨੇ। ਤਰਕਸ਼ੀਲ ਟਰਾਲੀ ਘਰਾਂ ਵਿੱਚ ਵੰਡ ਕੇ ਗਏ ਸੀ।
ਗੱਲਾਂ ਤੁਰੀਆਂ ਤਾਂ ਭੂਆ ਦੇ ਬੋਲ ਸੱਚੇ ਕਰਮ ਦੀ ਗਾਥਾ ਬਣਨ ਲੱਗੇ, “ਪੁੱਤ ਆਪਣੀਆਂ ਭੈਣਾਂ, ਧੀਆਂ ਨਾਲ ਟੋਲ ਪਲਾਜ਼ੇ ਦੇ ਧਰਨੇ ਤੋਂ ਆਈ ਹਾਂ। ਨਿੱਤ ਰੋਜ਼ ਪਿੰਡ ਦੀਆਂ ਬੀਬੀਆਂ ਦੀ ਉੱਥੇ ਡਿਊਟੀ ਹੁੰਦੀ ਆ। ਸਾਰੀ ਉਮਰ ਗੁਜ਼ਾਰ ਕੇ ਹੁਣ ਜਿਉਣ ਦਾ ਚੱਜ ਆਇਆ। ਹੁਣ ਤੱਕ ਤਾਂ ਮੇਲੇ, ਮੱਸਿਆ ਤੇ ਭੋਗਾਂ, ਮੰਗਣਿਆਂ ਵਿੱਚ ਹੀ ਭਟਕਦੇ ਰਹੇ। ਖੇਤਾਂ ਦੇ ਘੋਲ਼ ਨੇ ਜਿਉਣ ਦਾ ਮਕਸਦ ਦੇ ਦਿੱਤਾ। ਜਿਉਂਦੇ ਰਹਿਣ ਆਹ ਯੂਨੀਅਨ ਆਲ਼ੇ, ਜਿਨ੍ਹਾਂ ਸਾਡੇ ਵਰਗੀਆਂ ਬੁੜ੍ਹੀਆਂ ਨੂੰ ਵੀ ਜਗਾ ’ਤਾ, ਆਪਣੇ ਬੇਗਾਨਿਆਂ ਦੀ ਪਛਾਣ ਕਰਵਾ ਦਿੱਤੀ। ਇਹ ਵੀ ਸਮਝਾਇਆ ਕਿ ਸੰਘਰਸ਼ਾਂ ਨਾਲ ਹੀ ਸਭ ਕੁਸ਼ ਮਿਲਣਾ।” ਭੂਆ ਦੀਆਂ ਸਹਿਜ ਭਾਅ ਕਹੀਆਂ ਗੱਲਾਂ ਬਹੁਤ ਕੁਝ ਸਮਝਾ ਗਈਆਂ।
ਨੂੰਹ ਰਾਣੀ ਦੀ ਨਿਮਰ ਆਵਾਜ਼ ਸੁਣ ਭੂਆ ਰੋਟੀ ਪਾਣੀ ਦੇ ਪ੍ਰਬੰਧ ਲਈ ਅੰਦਰ ਚਲੀ ਗਈ। ਮਿੱਤਰ ਨੇ ਉਸ ਦੇ ਜੀਵਨ ਸੰਘਰਸ਼ ਦੀ ਗਾਥਾ ਛੋਹ ਲਈ, “ਇਹ ਮੇਰੀ ਵੱਡੀ ਭੂਆ ਹੈ। ਸਖ਼ਤ ਜਾਨ, ਸਿਦਕਵਾਨ। ਇਸ ਘਰ ਆ ਕੇ ਇਹਨੇ ਘਰ ਨੂੰ ਪੈਰਾਂ ਸਿਰ ਕਰਨ ਲਈ ਬਥੇਰੇ ਪਾਪੜ ਵੇਲੇ। ਘਰ ਹੀ ਨਹੀਂ, ਖੇਤਾਂ ਵਿੱਚ ਮਿਹਨਤ ਦੇ ਬੂਟੇ ਲਾਏ। ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦਿਆਂ ਆਪਣੇ ਬਾਲ ਬੱਚਿਆਂ ਉੱਪਰ ਵੀ ਮਮਤਾ ਦੀ ਛਤਰੀ ਤਾਣੀ ਰੱਖੀ। ਦੁੱਖ ਸੁਖ ਝੇਲਦਿਆਂ ਵੀ ਸਾਰਿਆਂ ਨਾਲ ਨਿਭਦੀ ਰਹੀ। ਕਦੇ ਕਿਸੇ ਨਾਲ ਕੋਈ ਗਿਲਾ, ਸ਼ਿਕਵਾ ਨਹੀਂ ਕੀਤਾ। ਪੁੱਤ, ਦੋਹਤਿਆਂ, ਪੋਤਿਆਂ ਵਾਲੀ ਹੋ ਕੇ ਹੁਣ ਖੇਤਾਂ ਦੀ ਪਹਿਰੇਦਾਰ ਬਣ ਬੈਠੀ ਹੈ। ਕਿਸਾਨਾਂ ਦੇ ਹਰ ਧਰਨੇ, ਮੁਜ਼ਾਹਰੇ ਵਿੱਚ ਸਾਥਣਾਂ ਸਮੇਤ ਸ਼ਾਮਲ ਹੁੰਦੀ ਹੈ। ਮੈਂ ਅਕਸਰ ਸੋਚਦਾਂ ਇਸ ਭੂਆ ਨੇ ਸਾਨੂੰ ਵੀ ਰਾਹ ਵਿਖਾਇਆ ਹੈ। ਆਪਣੇ ਕਰਮ ਨਾਲ਼ ਦਰਸਾਇਆ ਹੈ ਕਿ ਸਾਂਝੇ ਮਕਸਦ ਲਈ ਜੀਵੀ ਜ਼ਿੰਦਗੀ ਹੀ ਸਾਰਥਕ ਹੁੰਦੀ ਹੈ।”
ਰੋਟੀ ਖਾਂਦਿਆਂ ਸੋਚ ਉਡਾਰੀ ਭੂਆ ਦੀ ਸਖ਼ਤ ਜਾਨ ਜ਼ਿੰਦਗੀ ਦੇ ਇਰਦ ਗਿਰਦ ਰਹੀ। ਭੂਆ ਦੇ ਚਿਹਰੇ ਦੀਆਂ ਝੁਰੜੀਆਂ ਬੀਤੇ ਦੀ ਬਾਤ ਸੁਣਾਉਂਦੀਆਂ ਸਨ। ਅੱਟਣਾਂ ਭਰੇ ਹੱਥ-ਪੈਰ ਉਸਦੀ ਮਿਹਨਤ ਦੀ ਗਾਥਾ ਬਿਆਨਦੇ ਸਨ। ਇਨ੍ਹਾਂ ਸੋਚਾਂ, ਸੁਪਨਿਆਂ ਵਿੱਚ ਭੂਆ ਧਰਤੀ ਮਾਂ ਦੀ ਸੱਚੀ ਧੀ ਨਜ਼ਰ ਆਈ। ਰੋਟੀ ਪਾਣੀ ਛਕ ਕੇ ਮੁੜ ਭੂਆ ਦੇ ਬੋਲਾਂ ਵਿੱਚੋਂ ਸੰਘਰਸ਼ ਦੇ ਸਫ਼ਰ ਨੂੰ ਜਾਣਿਆ, “ਪੁੱਤ, ਹੁਣ ਮੈਨੂੰ ਆਪਣਾ ਜਿਉਣਾ ਚੰਗਾ ਲਗਦਾ ਹੈ। ਇਸ ਘਰ ਨੂੰ ਉਠਾਉਣ ਲਈ ਜਾਨ ਹੂਲਦੀ ਰਹੀ। ਥੋਡੇ ਫੁੱਫੜ ਨੇ ਸਹਾਰਾ ਨੀਂ ਦਿੱਤਾ। ਨਸ਼ੇ ਨੂੰ ਹੀ ਸਭ ਕੁਸ਼ ਮੰਨ ਲਿਆ। ਕੰਮ ਤੋਂ ਮੂੰਹ ਮੋੜਿਆ ਤਾਂ ਜ਼ਮੀਨ ਗਹਿਣੇ ਹੋਣ ਲੱਗੀ। ਪੁੱਤ ਤੋਂ ਆਸ ਜਾਗੀ, ਪਰ ਉਹ ਵੀ ਬਾਪ ਦੇ ਰਾਹ ਤੁਰਨ ਲੱਗਾ। ਆਖ਼ਰ ‘ਗਰਾਹਾਂ ਯੂਨੀਅਨ’ ਸਾਡੀ ਢਾਲ ਬਣੀ। ਸਾਨੂੰ ਗਲ਼ ਨਾਲ ਲਾਇਆ, ਸਹੀ ਰਾਹ ਵਿਖਾਇਆ। ਜ਼ਮੀਨ ਦੀ ਕੁਰਕੀ ਬਚਾਉਣ ਲਈ ਅਸੀਂ ਏਹਨਾਂ ਕੋਲ ਗਏ। ਕੁਰਕੀ ਰੋਕੀ ਤੇ ਨਾਲ ਵੀ ਰਲਾਇਆ। ਇਨ੍ਹਾਂ ਦੇ ਵਰਤ ਵਰਤਾਓ ਨੇ ਸਾਨੂੰ ਆਪਣਾ ਬਣਾ ਲਿਆ। ਪਿਉ ਪੁੱਤ ਯੂਨੀਅਨ ਨਾਲ ਤੁਰਨ ਲੱਗੇ। ਸੋਚ ਵੀ ਬਦਲਣ ਲੱਗੀ। ਚੰਗੀ ਗੱਲ ਇਹ ਹੋਈ ਕਿ ਮੈਂ ਪਤੀ ਤੇ ਪੁੱਤ ਨੂੰ ਜਿਸ ਦਾਰੂ ਦੇ ਪ੍ਰਕੋਪ ਤੋਂ ਬਚਾਉਣ ਲਈ ਮੰਦਰ, ਗੁਰਦੁਆਰੇ, ਡੇਰੇ ਮੱਥਾ ਟੇਕਿਆ, ਸੌ ਸੁੱਖਣਾਂ ਸੁੱਖੀਆਂ, ਨੱਕ ਰਗੜੇ ਉਹ ‘ਗਰਾਹਾਂ ਵਾਲ਼ਿਆਂ ਦੇ ਸਾਥ ਨੇ ਸਹਿਜੇ ਹੀ ਛੁਡਵਾ ਦਿੱਤੀ। ਘਰੋਂ ਸ਼ਰਾਬ ਕੀ ਗਈ, ਘਰ ਪਰਿਵਾਰ ਵਿੱਚ ਖੁਸ਼ੀ, ਬਰਕਤ ਤੇ ਜੀਆਂ ਦਾ ਹਾਸਾ ਪਰਤ ਆਇਆ। ਘਰ ਵਿੱਚ ਕਿਤਾਬਾਂ ਆਉਣ ਲੱਗੀਆਂ। ਚਾਨਣ ਤੇ ਸਿਆਣਪ ਵੀ ਨਾਲ ਆਈ। ਘਰ ਵਸਣ ਰਸਣ ਵੱਲ ਤੁਰ ਪਿਆ। ਸੰਘਰਸ਼ਾਂ ਵਿੱਚ ਜਾਂਦਿਆਂ, ਭਾਈਚਾਰੇ ਵਿੱਚ ਮਿਲ ਬੈਠਦਿਆਂ, ਲਗਦਾ ਹੈ ਕਿ ਹੁਣ ਜਿਉਂਦਿਆਂ ਵਿੱਚ ਹਾਂ। ਨਾਲ ਖੜ੍ਹੀਆਂ ਬਾਹਵਾਂ, ਭੈਣ ਭਰਾਵਾਂ ਨੂੰ ਵੇਖ ਕੇ ਲਗਦਾ ਹੁਣ ਸਹੀ ਰਾਹ ’ਤੇ ਚੜ੍ਹ ਗਏ ਹਾਂ, ਤੁਰਦਿਆਂ ਮੰਜ਼ਿਲ ਵੀ ਮਿਲ ਜਾਵੇਗੀ।”
ਵਾਪਸੀ ਤੇ ਭੂਆ ਨੂੰ ਪ੍ਰਣਾਮ ਕਰਦਿਆਂ ਮੈਨੂੰ ਉਸ ਵਿੱਚੋਂ ਮਾਂ ਜਿਹੀ ਸੋਨੇ ਰੰਗੀ ਛਾਂ ਨਜ਼ਰ ਆਈ, ਜਿਸਦੇ ਕਦਮਾਂ ਵਿੱਚ ਸਿਦਕ, ਮਾਣ ਤੇ ਜਿੱਤ ਜਿਹੀਆਂ ਨਿਆਮਤਾਂ ਨੇ। ਮੰਜ਼ਿਲ ਵੱਲ ਤੁਰਦੇ ਰਹਿਣ ਦਾ ਬਲ ਹੈ। ਉਸਦੇ ਅਜਿਹੇ ਅਮਲਾਂ ’ਚੋਂ ਸੋਹਣੀ, ਸੁਖਾਵੀਂ, ਜ਼ਿੰਦਗੀ ਦਾ ਬਿੰਬ ਨਜ਼ਰ ਆਇਆ। ਉਸਦੇ ਜੀਵਨ-ਕਰਮ ਨੂੰ ਨਤਮਸਤਕ ਹੁੰਦਾ ਸੋਚ ਰਿਹਾ ਸਾਂ, ਕਾਸ਼! ਪੰਜਾਬ ਦੀ ਹਰੇਕ ਮਾਂ, ਧੀ, ਭੈਣ ਨੂੰ ਭੂਆ ਦੇ ਸੁਪਨਿਆਂ ਦੀ ਜਾਗ ਲੱਗ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3354)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)