RamSLakhewali7“ਜਿੰਨੇ ਮੂੰਹ, ਉੰਨੀਆਂ ਗੱਲਾਂ ...  ਪਰਿਵਾਰ ਚੱਕਰਾਂ ਵਿੱਚ ਪੈ ਗਿਆ ...”
(29 ਮਈ 2020)

 

ਜ਼ਿੰਦਗੀ ਦੀ ਤੋਰ ਤੇ ਘਰ ਦੀ ਸੁਖ ਸ਼ਾਂਤੀ ਨੂੰ ਗੰਢੀਆਂ ਨੇ ਉਲਝਾ ਲਿਆ ਸਰਹੱਦੀ ਇਲਾਕੇ ਇੱਕ ਪਿੰਡ ਵਿੱਚ ਨੰਬਰਦਾਰਾਂ ਦਾ ਵਸਦਾ ਰਸਦਾ ਘਰ ਸੀ ਕਰੀਬ ਦਹਾਕਾ ਪਹਿਲਾਂ ਘਰ ਵਿੱਚ ਇੱਕ ਨਵੀਂ ਆਫਤ ਆ ਪਈ ਘਰ ਦੀ ਸੁਆਣੀ ਅਕਸਰ ਹੀ ਚੌਂਕੇ ਵਿੱਚ ਲਸਣ ਦੀ ਗੰਢੀ ਵੇਖਦੀ ਉਹ ਇਹ ਸੋਚ ਕਿ ਇਸ ਨੂੰ ਅੱਖੋਂ ਪਰੋਖੇ ਕਰ ਦਿੰਦੀ, ਸ਼ਾਇਦ ਸਬਜ਼ੀ ਬਣਾਉਂਦਿਆਂ ਬਾਹਰ ਡਿੱਗ ਪਈ ਹੋਵੇਗੀ ਇੱਕ ਦਿਨ ਜਦ ਸੁਆਣੀ ਭਾਂਡੇ ਧੋਣ ਲਈ ਗਈ ਤਾਂ ਸਾਫ਼ ਪਾਣੀ ਨਾਲ ਭਰੇ ਬੱਠਲ ਵਿੱਚ ਲਸਣ ਦੀਆਂ ਗੰਢੀਆਂ ਤੈਰ ਰਹੀਆਂ ਸਨ ਤੇ ਪਾਣੀ ਵਿੱਚ ਖੂਨ ਵਰਗੀ ਕੋਈ ਚੀਜ਼ ਘੁਲੀ ਹੋਈ ਸੀ ਸੁਆਣੀ ਘਬਰਾ ਗਈ ਤੇ ਉਸ ਨੇ ਪਾਣੀ ਦਾ ਭਰਿਆ ਬੱਠਲ ਡੋਲ੍ਹ ਦਿੱਤਾ ਉਸ ਰਾਤ ਬੇਚੈਨੀ ਵਿੱਚ ਉਸ ਨੂੰ ਨੀਂਦ ਨਹੀਂ ਆਈ ਅਗਲੇ ਦਿਨ ਤੋਂ ਗੰਢੀਆਂ ਅਕਸਰ ਹੀ ਵਿਹੜੇ ਵਿੱਚ ਦਿਸਣ ਲੱਗੀਆਂ ਜਦ ਸੁਆਣੀ ਰਾਹੀਂ ਇਹ ਗੱਲ ਬਾਕੀ ਪਰਿਵਾਰ ਦੇ ਮੈਬਰਾਂ ਨੂੰ ਪਤਾ ਲੱਗੀ ਤਾਂ ਕਿਸੇ ਅਣਹੋਣੀ ਬਾਰੇ ਸੋਚ ਕੇ ਉਹ ਡਰ ਗਏ

ਘਰਦਿਆਂ ਸੋਚਿਆ ਘਰ ਕੋਈ ਬਾਲ ਬੱਚਾ ਨਾ ਸ਼ਰਾਰਤ ਕਰਦਾ ਹੋਵੇ, ਪਰ ਅਜਿਹਾ ਨਹੀਂ ਸੀ ਘਰ ਦੇ ਬਾਲ ਤਾਂ ਸਵੇਰੇ ਸਵਖਤੇ ਹੀ ਸਕੂਲ ਚਲੇ ਜਾਂਦੇ ਸਨ, ਵਿਹੜੇ ਵਿੱਚ ਗੰਢੀਆਂ ਤਾਂ ਬਾਅਦ ਵਿੱਚ ਡਿਗਦੀਆਂ ਸਨ ਹੁਣ ਇਹ ਗੰਢੀਆਂ ਡਰਾਉਣ ਦੇ ਨਾਲ ਨਾਲ ਨੁਕਸਾਨ ਵੀ ਕਰਨ ਲੱਗ ਪਈਆਂ ਇੱਕ ਦਿਨ ਸਵੇਰੇ ਜਦ ਸੁਆਣੀ ਮੱਝਾਂ ਨੂੰ ਪਾਣੀ ਪਿਲਾਉਣ ਲੱਗੀ ਤਾਂ ਪਾਣੀ ਵਾਲੇ ਚੁਬੱਚੇ ਵਿੱਚ ਕੁਝ ਗੰਢੀਆਂ ਦੇ ਨਾਲ ਪਾਣੀ ਵਿੱਚ ਸਵਾਹ ਵਰਗੀ ਕੋਈ ਚੀਜ਼ ਮਿਲੀ ਜਾਪੀ ਉਸਨੇ ਚੁਬੱਚੇ ਵਾਲਾ ਸਾਰਾ ਪਾਣੀ ਡੋਲ੍ਹ ਦਿੱਤਾ ਪਰ ਅਗਲੀ ਸਵੇਰ ਨੂੰ ਹੀ ਮੱਝ ਦਾ ਕੁਝ ਦਿਨਾਂ ਦਾ ਕਟੜੂ ਮਰਿਆ ਪਿਆ ਮਿਲਿਆ ਸਾਰਿਆਂ ਦੀ ਇਹ ਵੇਖ ਕੇ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਮਰੇ ਹੋਏ ਕਟੜੂ ਦੇ ਮੂੰਹ ਕੋਲੇ ਲਸਣ ਦੀਆਂ ਦੋ ਗੰਢੀਆਂ ਵੀ ਮਿਲੀਆਂ ਘਰ ਦਾ ਨੁਕਸਾਨ ਹੁੰਦਾ ਵੇਖ ਕੇ ਪਰਿਵਾਰ ਦੇ ਮੁਖੀ ਨੂੰ ਵੀ ਫਿਕਰ ਪੈ ਗਿਆ ਸਾਰੇ ਜੀਅ ਇਸ ਘਟਨਾ ਦੇ ਹੱਲ ਬਾਰੇ ਸੋਚਣ ਲੱਗੇ ਸੁਆਣੀਆਂ ਨੂੰ ਤਾਂ ਪਹਿਲਾ ਸ਼ੱਕ ਆਂਢ-ਗਵਾਂਢ ਅਤੇ ਸ਼ਰੀਕੇ ਉੱਤੇ ਹੀ ਹੋਇਆ ਕਿ ਜ਼ਰੂਰ ਹੀ ਉਹਨਾਂ ਵਿੱਚੋਂ ਕੋਈ ਪਰਿਵਾਰ ਦਾ ਮਾੜਾ ਕਰ ਰਿਹਾ ਹੈ

ਘਰ ਦੀ ਇਹ ਨਵੀਂ ਆਫਤ ਆਂਢ-ਗਵਾਂਢ ਰਾਹੀਂ ਸਾਰੇ ਪਿੰਡ ਵਿੱਚ ਫੈਲ ਗਈ ਪਰਿਵਾਰ ਦੇ ਰਿਸ਼ਤੇਦਾਰ ਤੇ ਹਮਦਰਦ ਘਰ ਆ ਕੇ ਸਲਾਹਾਂ ਦੇਣ ਲੱਗ ਪਏ ਘਰਾਂ ਦੀ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਤੁਹਾਡੇ ਵਡੇਰਿਆਂ ਵਿੱਚੋਂ ਗਾਮੇ ਨਾਂ ਦਾ ਇੱਕ ਬੰਦਾ ਔਤ ਮਰਿਆ ਸੀ ਤੁਹਾਡੇ ਘਰ ’ਤੇ ਉਸ ਦੀ ਕ੍ਰੋਪੀ ਨਾ ਹੋਵੇ ਕਿਤੇ, ਤੁਸੀਂ ਪਤਾ ਕਰਵਾ ਲਵੋ ਨਹੀਂ ਤਾਂ ਘਰ ਦਾ ਕੋਈ ਵੱਡਾ ਨੁਕਸਾਨ ਹੋ ਜੂ ਫਿਰ ਕੀ ਸੀ, ਜਿੰਨੇ ਮੂੰਹ, ਉੰਨੀਆਂ ਗੱਲਾਂ ਪਰਿਵਾਰ ਚੱਕਰਾਂ ਵਿੱਚ ਪੈ ਗਿਆ ਸੁਆਣੀਆਂ ਨੂੰ ਪਹਿਲਾ ਸ਼ੱਕ ਆਂਢ ਗਵਾਂਢ ’ਤੇ ਹੀ ਸੀ ਆਪਸ ਵਿੱਚ ਸ਼ੁਰੂ ਹੋਇਆ ਬੋਲ ਬੁਲਾਰਾ, ਮੰਦੇ-ਚੰਗੇ ਬੋਲਾਂ ਤੋਂ ਝਗੜੇ ਤਕ ਪਹੁੰਚ ਗਿਆ ਇਹ ਬੋਲ-ਕੁਬੋਲ ਫਿਰ ਟੂਣੇਹਾਰਾਂ ਰਾਹੀਂ ਕੀਤੇ-ਕਰਾਏ ਨੂੰ ਰੋਕਣ ਵਿੱਚ ਲੱਗ ਗਏ

ਜਦ ਘਰਦਿਆਂ ਨੇ ਗਾਮੇ ਔਤ ਦੀ ਪੁੱਛ ਪਵਾਈ ਤਾਂ ਕਾਲੇ ਇਲਮ ਦਾ ਦਾਅਵਾ ਕਰਨ ਵਾਲਿਆਂ ਵੱਲੋਂ ਉਪਾਅ ਲਈ ਦੱਸਿਆ ਖਰਚਾ ਘਰ ਤੇ ਭਾਰੀ ਪੈਣ ਲੱਗਾ ਪਰ ਉਹ ਮਰਦੇ ਕੀ ਨਾ ਕਰਦੇ ਹੁਣ ਘਰ ਵਿੱਚ ਛੋਟਾ-ਮੋਟਾ ਨੁਕਸਾਨ ਵੀ ਹੋ ਜਾਂਦਾ ਤਾਂ ਸਾਰੇ ਸਹਿਮ ਜਾਂਦੇ ਜੇਕਰ ਸਕੂਲੋਂ ਬੱਚਿਆਂ ਦੇ ਪੜ੍ਹਾਈ ਵੱਲ ਧਿਆਨ ਦੇਣ ਦਾ ਸੁਨੇਹਾ ਮਿਲਦਾ ਜਾਂ ਘਰ ਦੀ ਕੋਈ ਮਸ਼ੀਨਰੀ ਵੀ ਖਰਾਬ ਹੋ ਜਾਂਦੀ ਤਾਂ ਉਹ ਸਿਰ ਫੜ ਕੇ ਬੈਠ ਜਾਂਦੇ ਉਹਨਾਂ ਆਪਣੇ ਵੱਲੋਂ ਉਪਾਅ ਕਰਵਾਉਣ ਦੀ ਕੋਈ ਕਸਰ ਬਾਕੀ ਨਾ ਛੱਡੀ ਪਰ ਘਰ ਵਿੱਚ ਗੰਢੀਆਂ ਡਿੱਗਣੋ ਨਾ ਹਟੀਆਂ ਉਹਨਾਂ ਆਪਣੇ ਵਡੇਰੇ ਗਾਮੇ ਔਤ ਦੀ ਗਤੀ ਵਾਸਤੇ ਦੱਸੇ ਗਏ ਧਰਮ-ਕਰਮ ਦੇ ਕਾਰਜ ਵੀ ਕਰਵਾ ਦਿੱਤੇ ਪਰ ਗੰਢੀਆਂ ਦਾ ਡਿੱਗਣਾ ਫਿਰ ਜਾਰੀ ਰਿਹਾ

ਘਰ ਦਾ ਮੁਖੀ, ਨੰਬਰਦਾਰ, ਬਾਹਰ ਤੁਰਦਾ ਫਿਰਦਾ ਆਦਮੀ ਸੀ ਉਸਨੇ ਆਪਣੇ ਵੱਲੋਂ ਆਪਣੇ ਘਰ ਦੇ ਜੀਆਂ ’ਤੇ ਨਜ਼ਰ ਰੱਖੀ ਤੇ ਆਪਣੇ ਘਰ ਕੰਮ ਕਰਨ ਵਾਲੀਆਂ ਮਜ਼ਦੂਰ ਔਰਤਾਂ ਉੱਤੇ ਵੀ, ਪਰ ਉਸ ਨੂੰ ਗੱਲ ਦਾ ਕੋਈ ਲੜੀ-ਸਿਰਾ ਨਾ ਲੱਭਿਆ ਨਾਲੇ ਕੀਹਦੇ ਕੋਲ ਵਕਤ ਸੀ ਕਿ ਉਹ ਘਰ ਦੇ ਚੌਂਕੇ ਤੇ ਪਸ਼ੂਆਂ ਦੇ ਵਾੜੇ ਵਿੱਚ ਲਸਣ ਦੀਆਂ ਗੰਢੀਆਂ ਖਿਲਾਰਦਾ ਫਿਰੂ? ਇੱਕ ਦਿਨ ਸੱਥ ਵਿੱਚ ਬੈਠਿਆਂ ਜਦ ਪਿੰਡ ਦੇ ਕਾਲਜ ਪੜ੍ਹਦੇ ਨੌਜਵਾਨ ਨੇ ਚੋਹਲੇ ਦੇ ਤਰਕਸ਼ੀਲਾਂ ਦੀ ਮਦਦ ਲੈਣ ਬਾਰੇ ਆਖਿਆ ਤਾਂ ਨੰਬਰਦਾਰ ਨੂੰ ਆਸ ਦੀ ਕਿਰਨ ਦਿਸੀ ਅਗਲੇ ਹੀ ਦਿਨ ਮੁਖਵਿੰਦਰ ਚੋਹਲਾ ਤੇ ਚਾਰ ਤਰਕਸ਼ੀਲ ਕਾਮੇ ਆਏ, ਉਹਨਾਂ ਘਰ ਦੇ ਸਾਰੇ ਜੀਆਂ ਨਾਲ ਗੱਲਬਾਤ ਕੀਤੀ, ਮੌਕਾ ਵੇਖਿਆ ਤੇ ਘਰ ਦੇ ਮੁਖੀ ਨਾਲ ਚਰਚਾ ਕਰਕੇ ਵਾਪਸ ਆ ਗਏ ਉਹ ਸਾਰਾ ਮਾਜਰਾ ਉਹ ਨੰਬਰਦਾਰ ਨੂੰ ਸਮਝਾ ਗਏ ਸਨ ਉਸੇ ਸ਼ਾਮ ਨੂੰ ਉਹ ਆਪਣੇ ਘਰ ਦੇ ਵਿਹੜੇ ਵਿੱਚ ਬੈਠਾ ਘਰ ਦੇ ਸਾਰੇ ਜੀਆਂ ਨੂੰ ਮੁਖ਼ਾਤਿਬ ਸੀ, “ਔਹ ਕੱਪੜਿਆਂ ਵਾਲੀ ਤਾਰ ’ਤੇ ਬੈਠੀ ਗਟਾਰ ਦਿਖਦੀ ਏ ਨਾ? ਇਹੋ ਏ ਗੰਢੀ ਚੋਰ, ਜਿਸ ਨੂੰ ਆਪਾਂ ਵੱਡੇ ਵਡੇਰੇ ਗਾਮੇ ਦੀ ਕ੍ਰੋਪੀ ਸਮਝਦੇ ਰਹੇ ਇਹੋ ਰੋਜ ਸਵੇਰੇ ਆਪਣੀ ਪਿਛਲੀ ਸਵਾਤ ਵਿੱਚ ਪਏ ਲਸਣ ਦੇ ਟੋਕਰੇ ਵਿੱਚੋਂ ਇੱਕ-ਇੱਕ ਕਰਕੇ ਗੰਢੀਆਂ ਚੁੱਕ ਕੇ ਲਿਆਉਂਦੀ ਸੀ ਜਦ ਕਦੇ ਉਸ ਦੀ ਚੁੰਝ ਨੂੰ ਖੂਨ ਲੱਗਾ ਹੁੰਦਾ ਤਾਂ ਜਦ ਉਹ ਨੂੰ ਲੱਗ ਕੇ ਪਾਣੀ ਨੂੰ ਲਾਲ ਕਰ ਦਿੰਦਾ ਸੀ ਜਦੋਂ ਚੁੰਝ ਨੂੰ ਮਿੱਟੀ ਗਾਰਾ ਲੱਗਿਆ ਹੁੰਦਾ ਤਾਂ ਗੰਢੀ ਨੂੰ ਲੱਗ ਕੇ ਪਾਣੀ ਦਾ ਰੰਗ ਬਦਲ ਜਾਂਦਾ ਸੀ ਆਪਣੀ ਤਾਂ ਬੁੱਧ ਫਿਰ ਗਈ ਸੀ ਕਦੇ ਆਂਢ-ਗਵਾਂਢ ਦਾ ਕੀਤਾ ਕਰਾਇਆ ਆਖ ਕਲੇਸ਼ ਖੜ੍ਹਾ ਕਰਦੇ ਰਹੇ ਹਜ਼ਾਰਾਂ ਰੁਪਏ ਤਾਂ ਉਜਾੜੇ ਹੀ, ਨਾਲ ਮਾਨਸਿਕ ਪੀੜਾ ਵੀ ਝੇਲੀ ਕਟੜੂ ਦੇ ਮਰਨ ਤੇ ਹੋਰ ਨੁਕਸਾਨ ਦੀਆਂ ਘਟਨਾਵਾਂ ਕੁਦਰਤੀ ਸਨ ਆਪਣਾ ਸੋਚਣ ਢੰਗ ਠੀਕ ਨਹੀਂ ਸੀ ਜੇ ਉਹ ਭਲੇ ਬੰਦੇ ਆ ਕੇ ਮਸਲਾ ਹੱਲ ਨਾ ਕਰਦੇ, ਆਪਾਂ ਉੱਜੜ ਜਾਣਾ ਸੀ ਅਗਾਂਹ ਤੋਂ ਇਹ ਗੱਲ ਪੱਲੇ ਬੰਨ੍ਹ ਲਵੋ ਕਿ ਆਪਣੀ ਬੁੱਧੀ ਤੋਂ ਕੰਮ ਲੈਣਾ ਹੈ, ਲਾਈਲੱਗ ਬਣ ਕੇ ਭਰਮ ਭੁਲੇਖਿਆਂ ਵਿੱਚ ਕਦੇ ਨੀਂ ਪੈਣਾ

ਇਹ ਗੱਲਾਂ ਸੁਣ ਕੇ ਘਰ ਦੀਆਂ ਸੁਆਣੀਆਂ ਦੇ ਚਿਹਰਿਆਂ ’ਤੇ ਖੁਸ਼ੀ ਪਸਰ ਗਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2163) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author