GurjinderSSahdara7“ਅੱਜ ਦਿਵਾਲੀ ਖੁਸ਼ੀ ਤੋਂ ਵੱਧ ਦਿਖਾਵਾ ਬਣ ਗਈ ਹੈ। ਕੌਣ ਕਿੰਨੇ ਜ਼ਿਆਦਾ ਪਟਾਕੇ ...”DiwaliA2
(8 ਨਵੰਬਰ 2026)


DiwaliA2
ਆਪਸੀ ਮਿਲਵਰਤਣ
, ਪਿਆਰ ਅਤੇ ਸਾਂਝ ਦਾ ਸੁਨੇਹਾ ਦੇਣ ਵਾਲੇ ਤਿਉਹਾਰ ਦਿਵਾਲੀ ਦੀਆਂ ਸਭਨਾਂ ਨੂੰ ਮੁਬਾਰਕਾਂ। ਹੋਰ ਕਈ ਤਿਉਹਾਰਾਂ ਦੀ ਤਰ੍ਹਾਂ ਇਹ ਤਿਉਹਾਰ ਵੀ ਕਿਸੇ ਇੱਕ ਧਰਮ ਜਾਂ ਜਾਤ ਦਾ ਨਾ ਰਹਿ ਕੇ ਸਭ ਦਾ ਸਾਂਝਾ ਤਿਉਹਾਰ ਬਣ ਚੁੱਕਾ ਹੈ। ਖੁਸ਼ੀਆਂ ਦੇ ਰੂਪ ਵਿੱਚ ਤੋਹਫੇ ਲੈਣ ਅਤੇ ਦੇਣ ਦੇ ਰਿਵਾਜ਼ ਵਿੱਚ ਬਦਲ ਚੁੱਕਾ ਹੈ। ਆਉ ਇਸ ਤਿਉਹਾਰ ਨੂੰ ਮਨਾਉਣ ਤੋਂ ਪਹਿਲਾਂ ਇਸ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰੀਏ ਅਤੇ ਇਸ ਨੂੰ ਸਮਝੀਏ।

ਕਥਾਵਾਂ ਅਨੁਸਾਰ ਜਿਸ ਤਿਉਹਾਰ ਦੀ ਸ਼ੁਰੂਆਤ ਆਪਣੇ ਰਾਜੇ ਰਾਮ ਚੰਦਰ ਦੀ ਜਿੱਤ ਤੋਂ ਬਾਅਦ ਘਰ ਪਰਤਣ ਦੀ ਖੁਸ਼ੀ ਵਿੱਚ ਸਵਾਗਤ ਅਤੇ ਰਾਹ ਦਿਖਾਉਣ ਲਈ ਦੇਸੀ ਘਿਓ ਦੇ ਦੀਵੇ ਬਾਲਣ ਵਜੋਂ ਹੋਈ ਸੀ, ਅੱਜ ਉਹ ਤਿਉਹਾਰ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਬਣ ਚੁੱਕਾ ਹੈ। ਅੱਗ, ਦੀਵੇ, ਪਟਾਕੇ, ਧੂੰਆਂ, ਸ਼ੋਰ; ਕਿੰਨਾ ਕੁਝ ਸਾਫ ਇਸ ਦਿਨ ਵਾਤਾਵਰਣ ਨੂੰ ਗੰਧਲਾ ਕਰਦਾ ਹੈ। ਸਾਡੇ ਪੰਜਾਬ ਲਈ ਤਾਂ ਇਹ ਦਿਨ ਹੋਰ ਵੀ ਖਾਸ ਹੈ, ਕਿਉਂਕਿ ਇਸੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਨਾਲ ਲੈ ਕੇ ਰਿਹਾ ਹੋ ਕੇ ਅੰਮ੍ਰਿਤਸਰ ਪੁੱਜੇ ਸਨ। ਇਸੇ ਕਰਕੇ ਇਸ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਸੋ ਇਹ ਤਿਉਹਾਰ ਸਿਰਫ ਰੋਸ਼ਨੀ ਦਾ ਨਹੀਂ, ਕੈਦ ਵਿੱਚੋਂ ਅਜ਼ਾਦੀ ਦਾ, ਹਨੇਰੇ ਵਿੱਚੋਂ ਚਾਨਣ ਦਾ ਪ੍ਰਤੀਕ ਹੈ।

ਕੋਈ ਸਮਾਂ ਸੀ ਜਦੋਂ ਦੀਵਾ ਸੂਰਜ ਅਤੇ ਚੰਦ ਤੋਂ ਬਾਅਦ ਚਾਨਣ ਦਾ ਮੁੱਖ ਸਰੋਤ ਸੀ। ਰਾਤ ਨੂੰ ਰਸਤਾ ਦਿਖਾਉਣ ਲਈ, ਰੋਸ਼ਨੀ ਕਰਨ ਲਈ ਇਸ ਨੂੰ ਵਰਤਿਆ ਜਾਂਦਾ ਸੀ ਅਤੇ ਇਸ ਵਿੱਚ ਬਾਲਣ ਦੇ ਰੂਪ ਵਿੱਚ ਤੇਲ ਵਰਤ ਹੁੰਦਾ ਸੀ। ਕਦੇ-ਕਦੇ ਮਹਿਕ ਖਿੰਡਾਉਣ ਲਈ ਤੇਲ ਦੀ ਥਾਂ ਦੇਸੀ ਘਿਓ ਵੀ ਵਰਤ ਲਿਆ ਜਾਂਦਾ ਸੀ। ਪਰ ਅੱਜ ਜਦੋਂ ਸਾਡੇ ਕੋਲ ਰੋਸ਼ਨੀ ਲਈ ਬਿਜਲਈ ਸਾਧਨ ਉਪਲਬਧ ਹਨ ਤਾਂ ਕਿਉਂ ਨਾ ਸਮੇਂ ਦੇ ਹਿਸਾਬ ਨਾਲ ਅਸੀਂ ਵੀ ਬਦਲੀਏ! ਬਿਹਤਰ ਹੈ ਦੀਵੇ ਦੀ ਥਾਂ ਸਾਇੰਸ ਦੀ ਸਭ ਤੋਂ ਵੱਡੀ ਖੋਜ ਬਲਬ ਦੀ ਵਰਤੋਂ ਕਰੀਏ। ਦੇਸੀ ਘਿਓ ਤਾਂ ਵੈਸੇ ਵੀ ਖਾਣ ਨੂੰ ਨਹੀਂ ਮਿਲਦਾ ਅੱਜ-ਕੱਲ੍ਹ, ਦੀਵਿਆਂ ਵਿੱਚ ਤਾਂ ਕਿਹਨੇ ਪਾਉਣਾ। ਉਹਦੀ ਥਾਂ ਵਰਤਿਆ ਦੇਸੀ ਤੇਲ ਜਦੋਂ ਬਲਦਾ ਹੈ ਤਾਂ ਧੂੰਏਂ ਦੇ ਰੂਪ ਵਿੱਚ ਖਤਰਨਾਕ ਗੈਸ ਪੈਦਾ ਕਰਦਾ ਹੈ ਜੋ ਪ੍ਰਦੂਸ਼ਣ ਦਾ ਮੁੱਖ ਕਾਰਨ ਬਣਦੀ ਹੈ। ਉੱਪਰੋਂ ਪਟਾਕੇ, ਇਹ ਪਤਾ ਨਹੀਂ ਇਸ ਤਿਉਹਾਰ ਨਾਲ ਕਿਹਨੇ ਅਤੇ ਕਦੋਂ ਜੋੜ ਦਿੱਤੇ। ਪਟਾਕੇ ਜਦੋਂ ਚਲਦੇ ਹਨ, ਵਾਤਾਵਰਣ ਤਾਂ ਗੰਧਲਾ ਕਰਦੇ ਹੀ ਹਨ, ਪਰ ਨਾਲ ਹੀ ਇਹ ਨੁਕਸਾਨ ਪਹੁੰਚਾਉਂਦੇ ਹਨ ਮਨੁੱਖੀ ਕੰਨਾਂ ਨੂੰ ਅਤੇ ਡਰਾਉਂਦੇ ਹਨ ਹਜ਼ਾਰਾਂ ਬੇਜ਼ਬਾਨ, ਬੇਕਸੂਰ ਜਾਨਵਰਾਂ-ਪਰਿੰਦਿਆਂ ਨੂੰ।

ਅੱਜ ਦਿਵਾਲੀ ਖੁਸ਼ੀ ਤੋਂ ਵੱਧ ਦਿਖਾਵਾ ਬਣ ਗਈ ਹੈ। ਕੌਣ ਕਿੰਨੇ ਜ਼ਿਆਦਾ ਪਟਾਕੇ ਚਲਾਉਂਦਾ ਹੈ, ਕੌਣ ਕਿੰਨੀ ਮਹਿੰਗੀ ਲਾਈਟਿੰਗ ਕਰਦਾ ਹੈ, ਕੌਣ ਕਿੰਨੇ ਮਹਿੰਗੇ ਤੋਹਫੇ ਦਿੰਦਾ ਹੈ; ਇਹੀ ਮੁਕਾਬਲਾ ਚੱਲ ਰਿਹਾ ਹੈ। ਜਿਹੜਾ ਪੈਸਾ ਅਸੀਂ ‘ਅਕਲਮੰਦ’ ਲੋਕ ਪਟਾਕਿਆਂ ਦੇ ਧੂੰਏਂ ਵਿੱਚ ਉਡਾ ਦਿੰਦੇ ਹਾਂ, ਜੇ ਉਹੀ ਪੈਸਾ ਕਿਸੇ ਲੋੜਵੰਦ ਬੱਚੇ ਦੀ ਕਾਪੀ-ਕਿਤਾਬ ’ਤੇ ਲੱਗ ਜਾਵੇ, ਕਿਸੇ ਗਰੀਬ ਦੇ ਘਰ ਦੀਵਾ ਜਗ ਜਾਵੇ ਤਾਂ ਉਹੀ ਅਸਲੀ ਦਿਵਾਲੀ ਹੈ।

ਬੱਚਿਆਂ ਨੂੰ ਸੰਦੇਸ਼: ਪਿਆਰੇ ਬੱਚਿਓ, ਦਿਵਾਲੀ ਪਟਾਕੇ ਚਲਾਉਣ ਲਈ ਨਹੀਂ, ਆਪਸੀ ਪਿਆਰ ਅਤੇ ਸਾਂਝ ਵਧਾਉਣ ਲਈ ਹੈ। ਪਟਾਕੇ ਚਲਾ ਕੇ ਤੁਸੀਂ ਪੰਜ ਦਸ ਮਿੰਟ ਖੁਸ਼ ਲਵੋਗੇ, ਪਰ ਉਨ੍ਹਾਂ ਦਾ ਧੂੰਆਂ ਤੁਹਾਡੇ ਦਾਦਾ-ਦਾਦੀ, ਨਾਨਾ-ਨਾਨੀ ਦੇ ਫੇਫੜਿਆਂ ਨੂੰ ਤਕਲੀਫ ਦੇਵੇਗਾ। ਇਸ ਵਾਰ ਪਟਾਕਿਆਂ ਦੀ ਥਾਂ ਰੰਗੋਲੀ ਬਣਾਓ, ਦੀਵੇ ਜਗਾਓ, ਆਪਣੇ ਦੋਸਤਾਂ ਨੂੰ ਮਠਿਆਈ ਵੰਡੋ। ਜਿਹੜਾ ਬੱਚਾ ਧੂੰਏਂ ਤੋਂ ਬਿਨਾਂ ਦਿਵਾਲੀ ਮਨਾਉਂਦਾ ਹੈ, ਉਹੀ ਸੱਚ-ਮੁੱਚ ਸਿਆਣਾ ਬੱਚਾ ਹੈ।

ਅੰਤ ਵਿੱਚ ਗੁਜ਼ਾਰਿਸ਼ ਹੈ ਕਿ ਇਸ ਲੇਖ ਨੂੰ ਦਿਵਾਲੀ ਮਨਾਉਣ ਦੇ ਵਿਰੁੱਧ ਨਾ ਸਮਝਿਆ ਜਾਵੇ। ਦਿਵਾਲੀ ਇੱਕ ਪਵਿੱਤਰ ਅਤੇ ਭਾਈਚਾਰਕ ਸਾਂਝ ਦਾ ਤਿਉਹਾਰ ਹੈ। ਆਉ ਇਸ ਨੂੰ ਤਿਉਹਾਰ ਦੀ ਤਰ੍ਹਾਂ ਹੀ ਮਨਾਈਏ। ਰੰਗੋਲੀ ਬਣਾਓ, ਸ਼ਗਨ ਕਰੋ, ਪਰ ਨਾਲ ਹੀ ਛੋਟੇ ਬੱਚੇ, ਬਜ਼ੁਰਗ ਅਤੇ ਹੋਰ ਭੈਣ-ਭਾਈ, ਜੋ ਸਾਹ ਰੋਗ ਨਾਲ ਪੀੜਿਤ ਨੇ, ਉਨ੍ਹਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਸਾਫ-ਸੁਥਰੀ ਅਤੇ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਓ। ਬਾਹਰ ਰੋਸ਼ਨੀ ਕਰਨ ਦੇ ਨਾਲ-ਨਾਲ ਆਪਣੇ ਅੰਦਰ ਵਾਲੇ ਬਲਬ ਵੀ ਜਗਾਓ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਗੁਰਜਿੰਦਰ ਸਿੰਘ ਸਾਹਦੜਾ

ਗੁਰਜਿੰਦਰ ਸਿੰਘ ਸਾਹਦੜਾ

Whatsapp: (91 - 98153 - 02341)
Email: (gurjinder.1979@icloud.com)

More articles from this author