“ਜੇ ਫਿਰ ਵੀ ਕਿਸੇ ਨੂੰ ਇਸ ਤਿਓਹਾਰ ’ਤੇ ਇਤਰਾਜ਼ ਹੈ ਤਾਂ ਮੈਂ ਉਸ ਨੂੰ ਸਲਾਹ ...”
(27 ਅਗਸਤ 2026)
ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਓਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਰਿਹਾ ਹੈ। ਤਿਓਹਾਰ ਦੇ ਆਉਂਦਿਆਂ ਹੀ ਕੁਝ ਸਵਾਲ ਵੀ ਖੜ੍ਹੇ ਹੋ ਰਹੇ ਹਨ। ਉਹ ਸਵਾਲ, ਜੋ ਅਕਸਰ ਇਸ ਤਿਓਹਾਰ ਦੇ ਨੇੜੇ ਕੁਝ ਵਰਗਾਂ ਵੱਲੋਂ ਇਸ ਤਿਓਹਾਰ ਨੂੰ ਮਨਾਉਣ ਜਾਂ ਨਾ ਮਨਾਉਣ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕੀਤੇ ਜਾਂਦੇ ਹਨ। ਦੇਖਿਆ ਜਾਵੇ ਤਾਂ ਰੱਖੜੀ ਸ਼ਬਦ ਦੋ ਸ਼ਬਦਾਂ ‘ਰੱਖ’ ਅਤੇ ‘ੜੀ’ ਦੇ ਮੇਲ ਤੋਂ ਬਣਿਆ ਹੈ। ਇਸ ਤਿਓਹਾਰ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਮੁਸੀਬਤ ਵਿੱਚ ਫਸੀ ਇੱਕ ਭੈਣ ਵੱਲੋਂ ਕਿਸੇ ਬਹਾਦਰ ਨੌਜਵਾਨ ਨੂੰ ਭਰਾ ਮੰਨ ਕੇ ਉਸ ਤੋਂ ਵਚਨ ਲਿਆ ਗਿਆ। ਰਿਸ਼ਤੇ ਦੀ ਰਸਮ ਵਜੋਂ ਭੈਣ ਵੱਲੋਂ ਨੌਜਵਾਨ ਦੇ ਗੁੱਟ ’ਤੇ ਚੁੰਨੀ ਦਾ ਲੜ ਪਾੜ ਕੇ ਬੰਨ੍ਹ ਦਿੱਤਾ ਗਿਆ। ਇਸਦੇ ਦੋ ਫਾਇਦੇ ਸਨ, ਇੱਕ ਤਾਂ ਇਸ ਰੱਖ ਨਾਲ ਉਸ ਨੌਜਵਾਨ ਅਤੇ ਲੜਕੀ ਨੂੰ ਸਮਾਜ ਵਿੱਚ ਭੈਣ-ਭਰਾ ਦਾ ਪਵਿੱਤਰ ਦਰਜਾ ਮਿਲ ਜਾਂਦਾ ਸੀ ਤੇ ਦੂਜਾ ਇਸ ਰੱਖ ਨੂੰ ਦੇਖ ਕੇ ਭਰਾ ਨੂੰ ਭੈਣ ਨਾਲ ਕੀਤਾ ਵਚਨ ਯਾਦ ਰਹਿੰਦਾ ਸੀ।
ਯੁੱਧ ਸਮੇਂ ਇਹ ਰੱਖ ਰਾਣੀਆਂ ਵੱਲੋਂ ਮਦਦ ਲਈ ਭਰਾ ਬਣਾ ਕੇ ਗੁਆਂਢੀ ਦੇਸ਼ਾਂ ਦੇ ਰਾਜਿਆਂ ਨੂੰ ਭੇਜੀ ਜਾਣ ਲੱਗੀ। ਹੌਲੀ-ਹੌਲੀ ਹਰ ਭੈਣ ਆਪਣੇ ਭਰਾ ਦੇ ਇਹ ਰੱਖ ਬੰਨ੍ਹਣ ਲੱਗ ਪਈ। ਸਮੇਂ ਦੇ ਨਾਲ ਚੁੰਨੀ ਦਾ ਲੜ, ਸਧਾਰਨ ਧਾਗੇ ਤੋਂ ਹੁੰਦਾ ਹੋਇਆ ਅੱਜ ਮਹਿੰਗੀ ਰੱਖੜੀ ਵਿੱਚ ਤਬਦੀਲ ਹੋ ਚੁੱਕਾ ਹੈ ਤੇ ਹੈਸੀਅਤ ਦੇ ਅਨੁਸਾਰ ਖਰੀਦ ਕੇ ਬੰਨ੍ਹੀ ਜਾਂਦੀ ਹੈ, ਜੋ ਕਿ ਇੱਕ ਗਲਤ ਧਾਰਨਾ ਹੈ।
ਕਿਸੇ ਵੀ ਤਿਓਹਾਰ ਨੂੰ ਮਨਾਉਣਾ ਜਾਂ ਨਾ ਮਨਾਉਣਾ ਹਰ ਇੱਕ ਦੀ ਆਪਣੀ ਮਰਜ਼ੀ ’ਤੇ ਨਿਰਭਰ ਕਰਦਾ ਹੈ ਪਰ ਜੇਕਰ ਇਸ ਤਿਓਹਾਰ ਦੀ ਗੱਲ ਕਰੀਏ ਤਾਂ ਇਹ ਮਹਿਜ਼ ਇੱਕ ਰਸਮੀ ਤਿਓਹਾਰ ਨਾ ਹੋ ਕੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੈ। ਸਾਲ ਬਾਅਦ ਜਦੋਂ ਭੈਣ ਆਪਣੇ ਭਰਾ ਦੇ ਗੁੱਟ ’ਤੇ ਧਾਗਾ (ਰੱਖੜੀ) ਬੰਨ੍ਹਦੀ ਹੈ ਤਾਂ ਕਈ ਪੁਰਾਣੇ ਗਿਲੇ-ਸ਼ਿਕਵੇ ਦੂਰ ਹੋ ਜਾਂਦੇ ਹਨ ਤੇ ਪਿਆਰ ਨੂੰ ਹੋਰ ਵੀ ਗੂੜ੍ਹੀ ਪਾਣ ਚੜ੍ਹ ਜਾਂਦੀ ਹੈ। ਭੈਣਾਂ ਦੀ ਬਦੌਲਤ ਕਈ ਰੁੱਸੇ ਭਰਾਵਾਂ ਦਾ ਮਨ-ਮੁਟਾਵ ਦੂਰ ਹੋ ਜਾਂਦਾ ਹੈ।
ਕੋਈ ਵੀ ਭੈਣ ਭਰਾ ਦੇ ਦੋ-ਚਾਰ ਛਿੱਲੜਾਂ ਦੀ ਭੁੱਖੀ ਨਹੀਂ ਹੁੰਦੀ। ਇਹ ਰਸਮ ਤਾਂ ਭਰਾ ਨੂੰ ਯਾਦ ਕਰਾਉਣ ਲਈ ਬਣਾਈ ਗਈ ਸੀ ਕਿ ਭੈਣ ਦੇ ਪਿਆਰ ਪ੍ਰਤੀ ਉਸਦੇ ਵੀ ਕੁਝ ਫਰਜ਼ ਹਨ। ਜੇਕਰ ਭਰਾ ਸਰਦਾ-ਪੁੱਜਦਾ ਹੈ ਤਾਂ ਬਹਾਨੇ ਨਾਲ ਭੈਣ ਨੂੰ ਤੋਹਫੇ ਦੇ ਰੂਪ ਵਿੱਚ ਸੂਟ ਜਾਂ ਕੁਝ ਰੁਪਏ ਦੇ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਉਸਦੀ ਕੁਝ ਆਰਥਿਕ ਮਦਦ ਵੀ ਹੋ ਜਾਂਦੀ ਹੈ ਅਤੇ ਟੌਹਰ ਵੀ ਬਣ ਜਾਂਦੀ ਹੈ।
ਦੇਖਿਆ ਜਾਵੇ ਤਾਂ ਭੈਣ ਨੂੰ ਮਿਲਦਾ ਵੀ ਕੀ ਹੈ? ਮਾਂ-ਬਾਪ, ਘਰ-ਬਾਰ, ਜ਼ਮੀਨ-ਜਾਇਦਾਦ ਸਭ ਕੁਝ ਛੱਡ ਕੇ ਬਿਗਾਨੇ ਘਰ ਜਾਣਾ ਕੋਈ ਮਾੜੀ-ਮੋਟੀ ਗੱਲ ਨਹੀਂ। ਜੇ ਇਹ ਜੱਗ ਦੀ ਰੀਤ ਹੈ ਤਾਂ ਭਰਾ ਵੱਲੋਂ ਭੈਣ ਦੀ ਰੱਖਿਆ ਕਰਨੀ ਵੀ ਤਾਂ ਜਗ ਦੀ ਰੀਤ ਹੀ ਹੈ। ਫਿਰ ਜੇ ਉਸੇ ਰੀਤ ਦੀ ਯਾਦ ਵਿੱਚ ਸਾਲ ਬਾਅਦ ਭੈਣ, ਧਾਗੇ ਦਾ ਇੱਕ ਟੁਕੜਾ ਬੰਨ੍ਹ ਦੇਵੇ ਤਾਂ ਹਰਜ਼ ਵੀ ਕੀ ਹੈ? ਦੱਸੋ ਇਸ ਨਾਲ ਸਿਹਤ ਨੂੰ, ਮਾਨਵਤਾ ਨੂੰ, ਧਰਮ ਨੂੰ ਜਾਂ ਵਾਤਾਵਰਣ ਨੂੰ ਕਿਹੜਾ ਨੁਕਸਾਨ ਪਹੁੰਚਦਾ ਹੈ?
ਜੇ ਕੋਈ ਬਦਲੇ ਵਿੱਚ ਭੈਣ ਨੂੰ ਆਰਥਿਕ ਤੌਰ ’ਤੇ ਕੁਝ ਨਹੀਂ ਦੇ ਸਕਦਾ ਤਾਂ ਨਾ ਦੇਵੇ, ਪਰ ਦੁੱਖ-ਸੁਖ ਵਿੱਚ ਨਾਲ ਖੜ੍ਹਨ ਦਾ ਵਚਨ ਤਾਂ ਦੇਵੇ। ਦੋ-ਦੋ ਘਰ ਹੋਣ ਦੇ ਬਾਵਜੂਦ ਵੀ ਦੋਹਾਂ ਘਰਾਂ ਵੱਲੋਂ ਹਮੇਸ਼ਾ ਬਿਗਾਨੀ ਕਹਾਉਣ ਵਾਲੀ ਭੈਣ ਦਾ ਕੀ ਇੰਨਾ ਵੀ ਹੱਕ ਨਹੀਂ ਕਿ ਉਸ ਨੂੰ ਆਪਣੇ ਸਹੁਰੇ ਘਰ ਵਿੱਚ ਕਦੇ ਇਹ ਮਹਿਸੂਸ ਨਾ ਹੋਵੇ ਕਿ ਉਸਦੇ ਅੱਗੇ-ਪਿੱਛੇ ਕੋਈ ਹੈ ਨਹੀਂ?
ਅੱਜ ਜਦੋਂ ਕੁਝ ਲੋਕ ਰੱਖੜੀ ਦੇ ਤਿਓਹਾਰ ਦਾ ਵਿਰੋਧ ਕਰ ਰਹੇ ਹਨ ਤਾਂ ਕਹਿਣਾ ਬਣਦਾ ਹੈ, ਪਵਿੱਤਰ ਤਿਓਹਾਰ ਦਾ ਵਿਰੋਧ ਕਿਉਂ? ਵਿਰੋਧ ਕਰਨਾ ਹੈ ਤਾਂ ਇਸ ਨਾਲ ਜੁੜੇ ਅਡੰਬਰਾਂ ਦਾ ਕਰੋ। ਦਿਖਾਵੇ ਲਈ ਮਹਿੰਗੀਆਂ ਰੱਖੜੀਆਂ ਅਤੇ ਮਹਿੰਗੇ ਤੋਹਫਿਆਂ ਦਾ ਵਿਰੋਧ ਕਰੋ। ਸਮਾਜ ਵਿੱਚ ਫੈਲੀਆਂ ਹੋਰ ਬਹੁਤ ਕੁਰੀਤੀਆਂ ਹਨ, ਉਨ੍ਹਾਂ ਦਾ ਵਿਰੋਧ ਕਰੋ। ਅੱਜ ਦੇ ਸਮੇਂ ਵਿੱਚ ਤਾਂ ਭੈਣਾਂ ਅਤੇ ਭਰਾਵਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਭੈਣਾਂ ਨੂੰ ਚਾਹੀਦਾ ਹੈ ਕਿ ਉਹ ਭਰਾਵਾਂ ਤੋਂ ਨਸ਼ਿਆਂ ਦਾ ਤਿਆਗ ਕਰਨ ਦਾ ਵਚਨ ਲੈਣ, ਸੱਚ ਦੇ ਰਾਹ ’ਤੇ ਤੁਰਨ ਦਾ ਵਚਨ ਲੈਣ। ਬਲਾਤਕਾਰ, ਤੇਜ਼ਾਬ ਸੁੱਟਣ, ਬਲੈਕਮੇਲਿੰਗ ਵਰਗੇ ਘਿਨਾਉਣੇ ਜੁਰਮਾਂ ਤੋਂ ਦੂਰ ਰਹਿਣ ਦਾ ਵਚਨ ਲੈਣ। ਔਰਤਾਂ ਦੀ ਇੱਜ਼ਤ ਕਰਨ ਦਾ ਵਚਨ ਲੈਣ। ਭਰਾ ਅਤੇ ਭੈਣਾਂ, ਦੋਵੇਂ ਇਹ ਵਚਨ ਨਿਭਾਉਣ ਕਿ ਉਹ ਮਾਪਿਆਂ ਦੀ ਇੱਜ਼ਤ ਦੇ ਰਾਖੇ ਬਣਨਗੇ।
ਹਾਂ, ਸਮੇਂ ਦੇ ਨਾਲ ਬਾਕੀ ਤਿਓਹਾਰਾਂ ਦੀ ਤਰ੍ਹਾਂ ਇਸ ਤਿਓਹਾਰ ਵਿੱਚ ਵੀ ਕੁਝ ਖਾਮੀਆਂ ਆਈਆਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਸਾਡਾ ਫਰਜ਼ ਹੈ ਅਤੇ ਉਹ ਖਾਮੀਆਂ ਹਨ ਵਹਿਮ-ਭਰਮ, “ਅੱਜ ਪੰਚਕਾਂ ਹਨ”, “ਰੱਖੜੀ ਇੰਨੇ ਵਜੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਬੰਨ੍ਹੋ।” ਇਨ੍ਹਾਂ ਚੀਜ਼ਾਂ ਤੋਂ ਖੁਦ ਵੀ ਬਚੋ ਅਤੇ ਬਾਕੀ ਸਮਾਜ ਨੂੰ ਵੀ ਜਾਗ੍ਰਿਤ ਕਰੋ। ਭਾਈਚਾਰਕ ਸਾਂਝ ਵਧਾਓ ਅਤੇ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਓ।
ਜੇ ਫਿਰ ਵੀ ਕਿਸੇ ਨੂੰ ਇਸ ਤਿਓਹਾਰ ’ਤੇ ਇਤਰਾਜ਼ ਹੈ ਤਾਂ ਮੈਂ ਉਸ ਨੂੰ ਸਲਾਹ ਦਿਆਂਗਾ ਕਿ ਵਿਰੋਧ ਕਰਨ ਤੋਂ ਪਹਿਲਾਂ ਭੈਣਾਂ ਨੂੰ ਪੁਸ਼ਤੈਨੀ ਜਾਇਦਾਦ ਅਤੇ ਘਰ-ਬਾਰ ਵਿੱਚੋਂ ਬਣਦਾ ਹਿੱਸਾ ਜ਼ਰੂਰ ਦੇ ਦਿਓ।
ਇੱਕ ਗੱਲ ਜੋ ਲਿਖਣੋ ਰਹਿ ਗਈ, ਮੇਰੇ ਕੁਝ ਵੀਰ, ਜਿਹੜੇ ਮਹਿਜ਼ ਇਸ ਅਧਾਰ ’ਤੇ ਇਸ ਤਿਓਹਾਰਾਂ ਦਾ ਵਿਰੋਧ ਕਰਦੇ ਹਨ ਕਿ ਇਹ ਸਾਡੇ ਧਰਮ ਜਾਂ ਸੱਭਿਆਚਾਰ ਦਾ ਹਿੱਸਾ ਨਹੀਂ, ਤਾਂ ਭਾਈ ਜਨਮ ਦਿਨਾਂ ਅਤੇ ਵਿਆਹਾਂ-ਸ਼ਾਦੀਆਂ ਵਿੱਚ ਕੇਕ ਕੱਟਣ ਲੱਗੇ ਵੀ ਜ਼ਰਾ ਇਸ ਗੱਲ ਦੀ ਵਿਚਾਰ ਕਰ ਲਿਆ ਕਰੋ ਕਿ ਇਹ ਰਸਮ ਵੀ ਸਾਡੀ ਨਹੀਂ, ਯੂਰਪੀ ਸੱਭਿਆਚਾਰ ਦੀ ਹੀ ਦੇਣ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































